Skip to content

Skip to table of contents

ਮੁਲਾਕਾਤ | ਫੈਨ ਯੂ

ਇਕ ਸਾਫਟਵੇਅਰ ਡੀਜ਼ਾਈਨਰ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ

ਇਕ ਸਾਫਟਵੇਅਰ ਡੀਜ਼ਾਈਨਰ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ

ਡਾਕਟਰ ਫੈਨ ਯੂ ਨੇ ਆਪਣਾ ਕੈਰੀਅਰ ਬੀਜਿੰਗ ਸ਼ਹਿਰ ਨੇੜੇ ਇਕ ਯੂਨੀਵਰਸਿਟੀ ਵਿਚ ਗਣਿਤ ਦੇ ਖੋਜਕਾਰ ਵਜੋਂ ਸ਼ੁਰੂ ਕੀਤਾ। ਉਹ ਉਸ ਸਮੇਂ ਨਾਸਤਿਕ ਸੀ ਅਤੇ ਵਿਕਾਸਵਾਦ ਨੂੰ ਮੰਨਦਾ ਸੀ। ਪਰ ਹੁਣ ਡਾਕਟਰ ਯੂ ਵਿਸ਼ਵਾਸ ਕਰਦਾ ਹੈ ਕਿ ਜ਼ਿੰਦਗੀ ਦੀ ਸ਼ੁਰੂਆਤ ਰੱਬ ਨੇ ਕੀਤੀ। ਜਾਗਰੂਕ ਬਣੋ! ਨੇ ਉਸ ਨੂੰ ਉਸ ਦੇ ਧਾਰਮਿਕ ਵਿਸ਼ਵਾਸਾਂ ਬਾਰੇ ਪੁੱਛਿਆ।

ਸਾਨੂੰ ਆਪਣੇ ਪਿਛੋਕੜ ਬਾਰੇ ਕੁਝ ਦੱਸੋ।

ਮੇਰਾ ਜਨਮ 1959 ਵਿਚ ਚੀਨ ਦੇ ਜਾਂਗਸ਼ੀ ਪ੍ਰਾਂਤ ਦੇ ਫੂਚੋ ਸ਼ਹਿਰ ਵਿਚ ਹੋਇਆ। ਜਦੋਂ ਮੈਂ ਅੱਠਾਂ ਸਾਲਾਂ ਦਾ ਸੀ, ਉਦੋਂ ਪੂਰੇ ਦੇਸ਼ ’ਤੇ ਸਭਿਆਚਾਰਕ ਕ੍ਰਾਂਤੀ ਦਾ ਅਸਰ ਸੀ। ਮੇਰੇ ਡੈਡੀ, ਜੋ ਸਿਵਲ ਇੰਜੀਨੀਅਰ ਸਨ, ਨੂੰ ਇਕ ਦੂਰ-ਦੁਰਾਡੇ ਉਜਾੜ ਇਲਾਕੇ ਵਿਚ ਰੇਲਵੇ ਲਾਈਨਾਂ ਵਿਛਾਉਣ ਦਾ ਹੁਕਮ ਮਿਲਿਆ। ਕਈ ਸਾਲਾਂ ਤਕ ਉਹ ਸਾਨੂੰ ਸਾਲ ਵਿਚ ਸਿਰਫ਼ ਇਕ ਵਾਰ ਹੀ ਮਿਲਣ ਆਉਂਦੇ ਸਨ। ਉਸ ਸਮੇਂ ਦੌਰਾਨ ਮੈਂ ਆਪਣੇ ਮੰਮੀ ਜੀ ਨਾਲ ਰਹਿੰਦਾ ਸੀ ਜੋ ਐਲੀਮੈਂਟਰੀ ਸਕੂਲ ਵਿਚ ਪੜ੍ਹਾਉਂਦੇ ਸਨ। ਅਸੀਂ ਉਸੇ ਸਕੂਲ ਵਿਚ ਹੀ ਰਹਿੰਦੇ ਸੀ ਜਿੱਥੇ ਮੰਮੀ ਪੜ੍ਹਾਉਂਦੇ ਸਨ। ਅਸੀਂ 1970 ਵਿਚ ਵਾਇਓਫੈਂਗ ਨਾਂ ਦੇ ਪਿੰਡ ਵਿਚ ਚਲੇ ਗਏ ਜੋ ਲਿਉਨਚਿਨ ਪ੍ਰਾਂਤ ਵਿਚ ਹੈ। ਉਸ ਸਮੇਂ ਇਹ ਪਿੰਡ ਬਹੁਤ ਗ਼ਰੀਬ ਅਤੇ ਪਛੜਿਆ ਹੋਇਆ ਸੀ ਜਿੱਥੇ ਖਾਣੇ ਦੀ ਵੀ ਘਾਟ ਸੀ।

ਤੁਹਾਡਾ ਪਰਿਵਾਰ ਕਿਸ ’ਤੇ ਵਿਸ਼ਵਾਸ ਕਰਦਾ ਸੀ?

ਮੇਰੇ ਡੈਡੀ ਨੂੰ ਧਰਮ ਜਾਂ ਰਾਜਨੀਤੀ ਵਿਚ ਕੋਈ ਦਿਲਚਸਪੀ ਨਹੀਂ ਸੀ। ਮੇਰੇ ਮੰਮੀ ਬੁੱਧ ਧਰਮ ਨੂੰ ਮੰਨਦੇ ਸਨ। ਸਕੂਲ ਵਿਚ ਮੈਨੂੰ ਸਿਖਾਇਆ ਗਿਆ ਕਿ ਜ਼ਿੰਦਗੀ ਦੀ ਸ਼ੁਰੂਆਤ ਆਪਣੇ ਆਪ ਹੋਈ ਸੀ ਅਤੇ ਮੈਂ ਅਧਿਆਪਕਾਂ ਦੀਆਂ ਗੱਲਾਂ ’ਤੇ ਵਿਸ਼ਵਾਸ ਕਰਨ ਲੱਗ ਪਿਆ।

ਤੁਸੀਂ ਗਣਿਤ ਵਿਚ ਦਿਲਚਸਪੀ ਕਿਉਂ ਲੈਣੀ ਸ਼ੁਰੂ ਕੀਤੀ?

ਮੈਨੂੰ ਗਣਿਤ ਇਸ ਕਰਕੇ ਵਧੀਆ ਲੱਗਦਾ ਸੀ ਕਿਉਂਕਿ ਇਸ ਵਿਚ ਸਹੀ ਨਤੀਜੇ ’ਤੇ ਪਹੁੰਚਣ ਲਈ ਤਰਕ ਕੀਤਾ ਜਾਂਦਾ ਹੈ। 1976 ਵਿਚ ਮੈਂ ਯੂਨੀਵਰਸਿਟੀ ਜਾਣਾ ਲੱਗਾ। ਮੈਂ ਗਣਿਤ ਨੂੰ ਆਪਣਾ ਮੁੱਖ ਵਿਸ਼ਾ ਚੁਣਿਆ। ਮਾਸਟਰ ਡਿਗਰੀ ਲੈਣ ਤੋਂ ਬਾਅਦ ਮੇਰਾ ਪਹਿਲਾ ਕੰਮ ਗਣਿਤ ਦੀ ਮਦਦ ਨਾਲ ਨਿਊਕਲੀ ਰੀਐਕਟਰਾਂ ਦੇ ਡੀਜ਼ਾਈਨ ਦੀ ਰਿਸਰਚ ਕਰਨਾ ਸੀ।

ਪਹਿਲੀ ਵਾਰ ਬਾਈਬਲ ਪੜ੍ਹਨ ’ਤੇ ਕਿੱਦਾਂ ਲੱਗਾ?

ਮੈਂ 1987 ਵਿਚ ਟੈਕਸਸ, ਅਮਰੀਕਾ ਦੀ ਯੂਨੀਵਰਸਿਟੀ ਵਿਚ ਡਾਕਟਰ ਦੀ ਡਿਗਰੀ ਕਰਨ ਆ ਗਿਆ। ਮੈਨੂੰ ਪਤਾ ਸੀ ਕਿ ਅਮਰੀਕਾ ਵਿਚ ਬਹੁਤ ਸਾਰੇ ਲੋਕ ਰੱਬ ’ਤੇ ਵਿਸ਼ਵਾਸ ਕਰਦੇ ਹਨ ਅਤੇ ਬਾਈਬਲ ਪੜ੍ਹਦੇ ਹਨ। ਨਾਲੇ ਮੈਂ ਇਹ ਵੀ ਸੁਣਿਆ ਸੀ ਕਿ ਬਾਈਬਲ ਵਿਚ ਬੁੱਧੀ ਦੀਆਂ ਗੱਲਾਂ ਹਨ। ਇਸ ਲਈ ਮੈਂ ਸੋਚਿਆ ਕਿ ਇਸ ਨੂੰ ਪੜ੍ਹਨਾ ਚਾਹੀਦਾ ਹੈ।

ਬਾਈਬਲ ਦੀਆਂ ਸਿੱਖਿਆਵਾਂ ਮੈਨੂੰ ਫ਼ਾਇਦੇਮੰਦ ਲੱਗੀਆਂ। ਪਰ ਮੈਨੂੰ ਬਾਈਬਲ ਦੇ ਕਈ ਹਿੱਸੇ ਸਮਝਣੇ ਔਖੇ ਲੱਗੇ। ਇਸ ਕਰਕੇ ਮੈਂ ਜਲਦੀ ਹੀ ਇਸ ਨੂੰ ਪੜ੍ਹਨਾ ਬੰਦ ਕਰ ਦਿੱਤਾ।

ਤੁਸੀਂ ਬਾਈਬਲ ਵਿਚ ਦੁਬਾਰਾ ਦਿਲਚਸਪੀ ਕਿਉਂ ਲਈ?

ਸਿਰਜਣਹਾਰ ਬਾਰੇ ਜਾਣਨਾ ਮੇਰੇ ਲਈ ਨਵੀਂ ਗੱਲ ਸੀ। ਇਸ ਲਈ ਮੈਂ ਇਸ ਵਿਸ਼ੇ ’ਤੇ ਖ਼ੁਦ ਖੋਜਬੀਨ ਕਰਨ ਦਾ ਫ਼ੈਸਲਾ ਕੀਤਾ

1990 ਵਿਚ ਯਹੋਵਾਹ ਦੀ ਇਕ ਗਵਾਹ ਸਾਡੇ ਘਰ ਆਈ ਅਤੇ ਉਸ ਨੇ ਬਾਈਬਲ ਵਿੱਚੋਂ ਦਿਖਾਇਆ ਕਿ ਇਹ ਮਨੁੱਖਜਾਤੀ ਦੇ ਵਧੀਆ ਭਵਿੱਖ ਬਾਰੇ ਦੱਸਦੀ ਹੈ। ਉਸ ਨੇ ਇਕ ਵਿਆਹੇ ਜੋੜੇ ਦਾ ਪ੍ਰਬੰਧ ਕੀਤਾ ਜੋ ਮੈਨੂੰ ਆ ਕੇ ਬਾਈਬਲ ਦੀਆਂ ਗੱਲਾਂ ਸਮਝਾ ਸਕੇ। ਬਾਅਦ ਵਿਚ ਮੇਰੀ ਪਤਨੀ ਲਿਪਿੰਗ ਨੇ ਵੀ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਉਹ ਚੀਨ ਦੇ ਸਕੂਲ ਵਿਚ ਭੌਤਿਕ-ਵਿਗਿਆਨ ਪੜ੍ਹਾਉਂਦੀ ਸੀ ਅਤੇ ਉਹ ਵੀ ਨਾਸਤਿਕ ਸੀ। ਅਸੀਂ ਜਾਣਿਆ ਕਿ ਬਾਈਬਲ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਕੀ ਕਹਿੰਦੀ ਹੈ। ਸਿਰਜਣਹਾਰ ਬਾਰੇ ਜਾਣਨਾ ਮੇਰੇ ਲਈ ਨਵੀਂ ਗੱਲ ਸੀ। ਇਸ ਲਈ ਮੈਂ ਇਸ ਵਿਸ਼ੇ ’ਤੇ ਖ਼ੁਦ ਖੋਜਬੀਨ ਕਰਨ ਦਾ ਫ਼ੈਸਲਾ ਕੀਤਾ।

ਤੁਸੀਂ ਇਹ ਕਿਵੇਂ ਕੀਤਾ?

ਗਣਿਤ-ਸ਼ਾਸਤਰੀ ਹੋਣ ਕਰਕੇ ਮੈਂ ਹਿਸਾਬ ਲਾ ਸਕਦਾ ਸੀ ਕਿ ਕਿਸੇ ਘਟਨਾ ਦੇ ਹੋਣ ਦੀ ਸੰਭਾਵਨਾ ਹੈ ਕਿ ਨਹੀਂ। ਮੈਂ ਇਹ ਵੀ ਸਿੱਖਿਆ ਸੀ ਕਿ ਜ਼ਿੰਦਗੀ ਦੀ ਸ਼ੁਰੂਆਤ ਆਪਣੇ ਆਪ ਹੋਈ ਸੀ। ਇਸ ਦਾ ਮਤਲਬ ਸੀ ਕਿ ਜ਼ਿੰਦਗੀ ਦੀ ਸ਼ੁਰੂਆਤ ਹੋਣ ਲਈ ਪ੍ਰੋਟੀਨ ਪਹਿਲਾਂ ਤੋਂ ਹੀ ਹੋਣੇ ਚਾਹੀਦੇ ਸਨ। ਇਸ ਲਈ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪ੍ਰੋਟੀਨ ਆਪਣੇ ਆਪ ਕਿਵੇਂ ਬਣ ਗਏ। ਪ੍ਰੋਟੀਨ ਅਣੂਆਂ ਵਿਚ ਸਭ ਤੋਂ ਜ਼ਿਆਦਾ ਗੁੰਝਲਦਾਰ ਮੰਨੇ ਜਾਂਦੇ ਹਨ ਅਤੇ ਜੀਉਂਦੇ ਸੈੱਲਾਂ ਵਿਚ ਹਜ਼ਾਰਾਂ ਹੀ ਤਰ੍ਹਾਂ ਦੇ ਪ੍ਰੋਟੀਨ ਹੋ ਸਕਦੇ ਹਨ ਜੋ ਇਕ-ਦੂਜੇ ਨਾਲ ਮਿਲ ਕੇ ਸਹੀ ਤਰੀਕੇ ਨਾਲ ਕੰਮ ਕਰਦੇ ਹਨ। ਹੋਰਨਾਂ ਦੀ ਤਰ੍ਹਾਂ ਮੈਨੂੰ ਵੀ ਅਹਿਸਾਸ ਹੋਇਆ ਕਿ ਪ੍ਰੋਟੀਨ ਦਾ ਆਪਣੇ ਆਪ ਬਣਨਾ ਨਾਮੁਮਕਿਨ ਹੈ। ਮੈਂ ਵਿਕਾਸਵਾਦ ਦੀ ਥਿਊਰੀ ਵਿਚ ਕਿਤੇ ਵੀ ਨਹੀਂ ਪੜ੍ਹਿਆ ਜੋ ਇਹ ਸਮਝਾ ਸਕੇ ਕਿ ਇੰਨੇ ਗੁੰਝਲਦਾਰ ਅਣੂ ਆਪਣੇ ਆਪ ਕਿਵੇਂ ਬਣ ਗਏ। ਇਹ ਅਣੂ ਸਾਰੀਆਂ ਜੀਉਂਦੀਆਂ ਚੀਜ਼ਾਂ ਦਾ ਅਹਿਮ ਹਿੱਸਾ ਹਨ। ਇਨ੍ਹਾਂ ਗੱਲਾਂ ਤੋਂ ਮੈਨੂੰ ਪਤਾ ਲੱਗਾ ਕਿ ਕੋਈ ਸ੍ਰਿਸ਼ਟੀਕਰਤਾ ਹੈ।

ਤੁਹਾਨੂੰ ਕਿਵੇਂ ਯਕੀਨ ਹੋਇਆ ਕਿ ਬਾਈਬਲ ਰੱਬ ਵੱਲੋਂ ਹੈ?

ਯਹੋਵਾਹ ਦੇ ਗਵਾਹਾਂ ਦੀ ਮਦਦ ਨਾਲ ਮੈਂ ਸਟੱਡੀ ਕਰਦਿਆਂ ਸਿੱਖਿਆ ਕਿ ਬਾਈਬਲ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ। ਨਾਲੇ ਮੈਂ ਖ਼ੁਦ ਬਾਈਬਲ ਦੇ ਅਸੂਲ ਲਾਗੂ ਕਰਨ ਦੇ ਫ਼ਾਇਦੇ ਵੀ ਦੇਖ ਰਿਹਾ ਸੀ। ਮੈਂ ਸੋਚਿਆ, ‘ਹਜ਼ਾਰਾਂ ਸਾਲ ਪਹਿਲਾਂ ਰਹਿਣ ਵਾਲੇ ਬਾਈਬਲ ਦੇ ਲਿਖਾਰੀ ਬੁੱਧੀ ਦੀਆਂ ਗੱਲਾਂ ਕਿਵੇਂ ਲਿਖ ਸਕਦੇ ਸਨ ਜੋ ਅੱਜ ਵੀ ਇੰਨੀਆਂ ਫ਼ਾਇਦੇਮੰਦ ਹਨ?’ ਹੌਲੀ-ਹੌਲੀ ਮੈਨੂੰ ਯਕੀਨ ਹੋ ਗਿਆ ਕਿ ਬਾਈਬਲ ਰੱਬ ਦਾ ਬਚਨ ਹੈ।

ਕਿਹੜੀਆਂ ਗੱਲਾਂ ਤੋਂ ਤੁਹਾਨੂੰ ਯਕੀਨ ਹੁੰਦਾ ਹੈ ਕਿ ਕੋਈ ਸਿਰਜਣਹਾਰ ਹੈ?

ਜਦੋਂ ਮੈਂ ਕੁਦਰਤ ਵਿਚ ਬਹੁਤ ਸਾਰੀਆਂ ਚੀਜ਼ਾਂ ਦੇਖਦਾ ਹਾਂ, ਤਾਂ ਮੈਂ ਮੰਨਣ ਲਈ ਮਜਬੂਰ ਹੋ ਜਾਂਦਾ ਹਾਂ ਕਿ ਸਿਰਜਣਹਾਰ ਹੈ। ਹੁਣੇ ਜਿਹੇ ਮੈਂ ਕੰਪਿਊਟਰ ਲਈ ਸਾਫਟਵੇਅਰ ਬਣਾਇਆ ਹੈ। ਮੈਂ ਅਕਸਰ ਹੈਰਾਨ ਹੁੰਦਾ ਹਾਂ ਕਿ ਸਾਡੇ ਦਿਮਾਗ਼ ਕੰਪਿਊਟਰਾਂ ਤੋਂ ਵੀ ਕਿਵੇਂ ਤੇਜ਼ ਚੱਲਦੇ ਹਨ। ਮਿਸਾਲ ਲਈ, ਸਾਡੇ ਦਿਮਾਗ਼ ਦੀ ਗੱਲਾਂ ਸਮਝਣ ਦੀ ਕਾਬਲੀਅਤ ਵੀ ਚਕਰਾ ਦੇਣ ਵਾਲੀ ਹੈ। ਸਾਡੇ ਵਿੱਚੋਂ ਜ਼ਿਆਦਾਤਰ ਜਣੇ ਗੱਲ ਸਮਝ ਲੈਂਦੇ ਹਨ ਭਾਵੇਂ ਵਾਕ ਅਧੂਰਾ ਹੋਵੇ, ਮਜ਼ਾਕ ਹੋਵੇ, ਕੋਈ ਖੰਘਦਾ ਹੋਵੇ, ਥਥਲਾਉਂਦਾ ਹੋਵੇ, ਗੱਲ ਕਰਨ ਦਾ ਲਹਿਜਾ ਵੱਖਰਾ ਹੋਵੇ, ਗੂੰਜ, ਰੌਲ਼ਾ-ਰੱਪਾ ਜਾਂ ਟੈਲੀਫ਼ੋਨ ਵਿਚ ਕੋਈ ਗੜਬੜ ਹੋਵੇ। ਤੁਸੀਂ ਸ਼ਾਇਦ ਸੋਚੋ ਕਿ ਇਸ ਵਿਚ ਕਿਹੜੀ ਹੈਰਾਨ ਕਰਨ ਵਾਲੀ ਗੱਲ ਹੈ। ਪਰ ਸਾਫਟਵੇਅਰ ਡੀਜ਼ਾਈਨਰ ਇੱਦਾਂ ਨਹੀਂ ਸੋਚਦੇ। ਇਨਸਾਨਾਂ ਦਾ ਦਿਮਾਗ਼ ਗੱਲਾਂ ਸਮਝਣ ਦੇ ਸਭ ਤੋਂ ਵਧੀਆ ਸਾਫਟਵੇਅਰ ਨਾਲੋਂ ਕਿਤੇ ਜ਼ਿਆਦਾ ਵਧੀਆ ਹੈ।

ਜ਼ਿਆਦਾਤਰ ਗੁੰਝਲਦਾਰ ਕੰਪਿਊਟਰਾਂ ਤੋਂ ਉਲਟ, ਸਾਡਾ ਦਿਮਾਗ਼ ਭਾਵਨਾਵਾਂ ਨੂੰ ਸਮਝ ਸਕਦਾ ਹੈ, ਗੱਲ ਕਰਨ ਦੇ ਲਹਿਜੇ ਅਤੇ ਅਲੱਗ-ਅਲੱਗ ਲੋਕਾਂ ਦੀਆਂ ਆਵਾਜ਼ਾਂ ਪਛਾਣ ਸਕਦਾ ਹੈ। ਸਾਫਟਵੇਅਰ ਡੀਜ਼ਾਈਨਰ ਖੋਜ ਕਰ ਰਹੇ ਹਨ ਕਿ ਗੱਲਾਂ ਸਮਝਣ ਦੀ ਇਨਸਾਨ ਦੇ ਦਿਮਾਗ਼ ਦੀ ਕਾਬਲੀਅਤ ਦੀ ਨਕਲ ਕਰ ਕੇ ਉੱਦਾਂ ਦੇ ਕੰਪਿਊਟਰ ਕਿਵੇਂ ਬਣਾਉਣ। ਮੈਨੂੰ ਪੂਰਾ ਯਕੀਨ ਹੋ ਗਿਆ ਹੈ ਇੱਦਾਂ ਦੀਆਂ ਖੋਜਾਂ ਕਰਕੇ ਇਨਸਾਨ ਅਸਲ ਵਿਚ ਰੱਬ ਦੀਆਂ ਬਣਾਈਆਂ ਚੀਜ਼ਾਂ ਦੀ ਸਟੱਡੀ ਕਰ ਰਹੇ ਹਨ।