Skip to content

Skip to table of contents

ਮੁਲਾਕਾਤ | ਰਾਜੇਸ਼ ਕਲਾਰੀਆ

ਦਿਮਾਗ਼ ਦਾ ਖੋਜਕਾਰ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ

ਦਿਮਾਗ਼ ਦਾ ਖੋਜਕਾਰ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ

ਰਾਜੇਸ਼ ਕਲਾਰੀਆ ਨਿਊਕਾਸਲ ਯੂਨੀਵਰਸਿਟੀ, ਇੰਗਲੈਂਡ ਵਿਚ ਪ੍ਰੋਫ਼ੈਸਰ ਹੈ ਅਤੇ ਉਸ ਨੇ 40 ਤੋਂ ਜ਼ਿਆਦਾ ਸਾਲਾਂ ਤਕ ਦਿਮਾਗ਼ ਦਾ ਅਧਿਐਨ ਕੀਤਾ ਹੈ। ਉਹ ਪਹਿਲਾਂ ਵਿਕਾਸਵਾਦ ’ਤੇ ਯਕੀਨ ਕਰਦਾ ਸੀ। ਪਰ ਬਾਅਦ ਵਿਚ ਉਸ ਦਾ ਨਜ਼ਰੀਆ ਬਦਲ ਗਿਆ। ਜਾਗਰੂਕ ਬਣੋ! ਨੇ ਉਸ ਨਾਲ ਉਸ ਦੇ ਕੰਮ ਅਤੇ ਵਿਸ਼ਵਾਸਾਂ ਬਾਰੇ ਗੱਲ ਕੀਤੀ।

ਸਾਨੂੰ ਆਪਣੇ ਪਿਛੋਕੜ ਬਾਰੇ ਕੁਝ ਦੱਸੋ।

ਮੇਰੇ ਪਿਤਾ ਜੀ ਦਾ ਜਨਮ ਭਾਰਤ ਵਿਚ ਹੋਇਆ ਅਤੇ ਮੇਰੇ ਮਾਤਾ ਜੀ ਦਾ ਜਨਮ ਯੂਗਾਂਡਾ ਵਿਚ ਹੋਇਆ ਸੀ, ਪਰ ਉਹ ਵੀ ਭਾਰਤ ਤੋਂ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਬਿਤਾਈ। ਮੈਂ ਉਨ੍ਹਾਂ ਦੇ ਤਿੰਨ ਨਿਆਣਿਆਂ ਵਿੱਚੋਂ ਦੂਜੇ ਨੰਬਰ ’ਤੇ ਸੀ। ਅਸੀਂ ਨੈਰੋਬੀ, ਕੀਨੀਆ ਵਿਚ ਰਹਿੰਦੇ ਸੀ। ਸਾਡੇ ਆਲੇ-ਦੁਆਲੇ ਬਹੁਤ ਸਾਰੇ ਹਿੰਦੂ ਲੋਕ ਰਹਿੰਦੇ ਸਨ।

ਕਿਹੜੀ ਗੱਲ ਨੇ ਵਿਗਿਆਨ ਵਿਚ ਤੁਹਾਡੀ ਦਿਲਚਸਪੀ ਜਗਾਈ?

ਮੈਨੂੰ ਜਾਨਵਰਾਂ ਵਿਚ ਹਮੇਸ਼ਾ ਤੋਂ ਦਿਲਚਸਪੀ ਰਹੀ ਹੈ ਤੇ ਮੈਂ ਜੰਗਲੀ ਜਾਨਵਰਾਂ ਨੂੰ ਦੇਖਣ ਲਈ ਅਕਸਰ ਆਪਣੇ ਦੋਸਤਾਂ ਨਾਲ ਪਹਾੜਾਂ ’ਤੇ ਜਾਂਦਾ ਸੀ ਤੇ ਕੈਂਪਿੰਗ ਕਰਦਾ ਸੀ। ਪਹਿਲਾਂ ਮੈਂ ਜਾਨਵਰਾਂ ਦਾ ਡਾਕਟਰ ਬਣਨਾ ਚਾਹੁੰਦਾ ਸੀ। ਨੈਰੋਬੀ ਦੇ ਤਕਨਾਲੋਜੀ ਕਾਲਜ ਵਿਚ ਡਿਗਰੀ ਕਰਨ ਤੋਂ ਬਾਅਦ ਮੈਂ ਦਿਮਾਗ਼ ਦਾ ਖੋਜਕਾਰ ਬਣਨ ਲਈ ਲੰਡਨ ਯੂਨੀਵਰਸਿਟੀ, ਇੰਗਲੈਂਡ ਆ ਗਿਆ। ਬਾਅਦ ਵਿਚ ਮੈਂ ਮਨੁੱਖੀ ਦਿਮਾਗ਼ ਦੀ ਰਿਸਰਚ ਕਰਨ ਵਿਚ ਮਾਹਰ ਬਣ ਗਿਆ।

ਕੀ ਤੁਹਾਡੀ ਪੜ੍ਹਾਈ ਦਾ ਤੁਹਾਡੇ ਵਿਸ਼ਵਾਸਾਂ ’ਤੇ ਕੋਈ ਅਸਰ ਪਿਆ?

ਹਾਂਜੀ। ਜਿੱਦਾਂ-ਜਿੱਦਾਂ ਮੈਂ ਵਿਗਿਆਨ ਦਾ ਅਧਿਐਨ ਕਰਦਾ ਗਿਆ, ਉੱਦਾਂ-ਉੱਦਾਂ ਮੇਰੇ ਲਈ ਹਿੰਦੂ ਮਿਥਿਹਾਸ ਅਤੇ ਰੀਤੀ-ਰਿਵਾਜਾਂ ’ਤੇ ਵਿਸ਼ਵਾਸ ਕਰਨਾ ਔਖਾ ਹੁੰਦਾ ਗਿਆ, ਜਿਵੇਂ ਕਿ ਜਾਨਵਰਾਂ ਅਤੇ ਮੂਰਤੀਆਂ ਦੀ ਪੂਜਾ।

ਤੁਸੀਂ ਵਿਕਾਸਵਾਦ ’ਤੇ ਕਿਉਂ ਯਕੀਨ ਕਰਨ ਲੱਗ ਪਏ?

ਜਦੋਂ ਮੈਂ ਛੋਟਾ ਹੁੰਦਾ ਸੀ, ਤਾਂ ਸਾਡੇ ਆਲੇ-ਦੁਆਲੇ ਬਹੁਤ ਸਾਰੇ ਲੋਕ ਯਕੀਨ ਕਰਦੇ ਸਨ ਕਿ ਵਿਕਾਸਵਾਦ ਦੀ ਸ਼ੁਰੂਆਤ ਅਫ਼ਰੀਕਾ ਵਿਚ ਹੋਈ ਸੀ। ਅਸੀਂ ਸਕੂਲ ਵਿਚ ਵੀ ਅਕਸਰ ਇਸ ਬਾਰੇ ਗੱਲ ਕਰਦੇ ਸੀ। ਨਾਲੇ ਸਾਡੇ ਅਧਿਆਪਕਾਂ ਅਤੇ ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ ਨੇ ਸਾਨੂੰ ਇਹੀ ਸਿਖਾਇਆ ਸੀ ਕਿ ਸਾਰੇ ਮਸ਼ਹੂਰ ਵਿਗਿਆਨੀ ਵੀ ਵਿਕਾਸਵਾਦ ’ਤੇ ਯਕੀਨ ਕਰਦੇ ਹਨ।

ਸਮੇਂ ਦੇ ਬੀਤਣ ਨਾਲ ਤੁਸੀਂ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਦੁਬਾਰਾ ਸੋਚ-ਵਿਚਾਰ ਕੀਤਾ। ਕਿਉਂ?

ਜਦੋਂ ਮੈਨੂੰ ਜੀਵ-ਵਿਗਿਆਨ ਅਤੇ ਸਰੀਰਕ ਬਣਤਰ ਬਾਰੇ ਅਧਿਐਨ ਕਰਦੇ ਨੂੰ ਕੁਝ ਸਾਲ ਹੋ ਗਏ ਸਨ, ਉਦੋਂ ਮੇਰੇ ਨਾਲ ਪੜ੍ਹਨ ਵਾਲੇ ਇਕ ਵਿਦਿਆਰਥੀ ਨੇ ਮੈਨੂੰ ਦੱਸਿਆ ਕਿ ਉਹ ਯਹੋਵਾਹ ਦੇ ਗਵਾਹਾਂ ਤੋਂ ਬਾਈਬਲ ਬਾਰੇ ਸਿੱਖ ਰਿਹਾ ਸੀ। ਮੈਂ ਵੀ ਬਾਈਬਲ ਬਾਰੇ ਜਾਣਨ ਲਈ ਉਤਸੁਕ ਹੋ ਗਿਆ। ਇਸ ਲਈ ਜਦੋਂ ਨੈਰੋਬੀ ਵਿਚ ਸਾਡੇ ਕਾਲਜ ਵਿਚ ਯਹੋਵਾਹ ਦੇ ਗਵਾਹਾਂ ਦਾ ਸੰਮੇਲਨ ਹੋਇਆ, ਤਾਂ ਮੈਂ ਉੱਥੇ ਗਿਆ। ਬਾਅਦ ਵਿਚ ਦੋ ਮਿਸ਼ਨਰੀ ਗਵਾਹਾਂ ਨੇ ਮੈਨੂੰ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਸਮਝਾਇਆ। ਉਨ੍ਹਾਂ ਦਾ ਇਕ ਮਹਾਨ ਸਿਰਜਣਹਾਰ ਉੱਤੇ ਵਿਸ਼ਵਾਸ, ਜੋ ਜ਼ਿੰਦਗੀ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ, ਮੈਨੂੰ ਮਿਥਿਹਾਸ ਨਹੀਂ ਲੱਗਾ। ਮੈਂ ਉਨ੍ਹਾਂ ’ਤੇ ਯਕੀਨ ਕਰਨ ਲਈ ਮਜਬੂਰ ਹੋ ਗਿਆ।

ਕੀ ਤੁਹਾਨੂੰ ਡਾਕਟਰੀ ਪੜ੍ਹਾਈ ਕਰਕੇ ਸਿਰਜਣਹਾਰ ’ਤੇ ਵਿਸ਼ਵਾਸ ਕਰਨ ਵਿਚ ਰੁਕਾਵਟ ਆਈ?

ਨਹੀਂ! ਜਦੋਂ ਮੈਂ ਸਰੀਰਕ ਬਣਤਰ ਬਾਰੇ ਅਧਿਐਨ ਕਰ ਰਿਹਾ ਸੀ, ਤਾਂ ਮੈਨੂੰ ਪਤਾ ਲੱਗਾ ਕਿ ਜੀਉਂਦੀਆਂ ਚੀਜ਼ਾਂ ਬਹੁਤ ਵਧੀਆ ਤਰੀਕੇ ਨਾਲ ਬਣਾਈਆਂ ਗਈਆਂ ਹਨ ਅਤੇ ਇਹ ਬਹੁਤ ਗੁੰਝਲਦਾਰ ਹਨ। ਇਨ੍ਹਾਂ ਚੀਜ਼ਾਂ ਦੀ ਜਟਿਲਤਾ ਤੇ ਸ਼ਾਨਦਾਰ ਡੀਜ਼ਾਈਨ ਕਰਕੇ ਮੈਂ ਇਹ ਮੰਨਣ ਲਈ ਮਜਬੂਰ ਹੋ ਗਿਆ ਕਿ ਇਹ ਸਾਰਾ ਕੁਝ ਆਪਣੇ ਆਪ ਨਹੀਂ ਬਣ ਸਕਦਾ।

ਕੀ ਤੁਸੀਂ ਕੋਈ ਮਿਸਾਲ ਦੇ ਸਕਦੇ ਹੋ?

ਮੈਂ ਲਗਭਗ 1971 ਤੋਂ ਮਨੁੱਖੀ ਦਿਮਾਗ਼ ਬਾਰੇ ਅਧਿਐਨ ਸ਼ੁਰੂ ਕੀਤਾ ਹੈ ਤੇ ਇਸ ਸ਼ਾਨਦਾਰ ਅੰਗ ਨੇ ਹਮੇਸ਼ਾ ਮੈਨੂੰ ਹੈਰਾਨ ਕੀਤਾ ਹੈ। ਦਿਮਾਗ਼ ਰਾਹੀਂ ਅਸੀਂ ਸੋਚਦੇ ਹਾਂ, ਸਾਰਾ ਕੁਝ ਯਾਦ ਰੱਖਦੇ ਹਾਂ ਤੇ ਇਹੀ ਸਾਡੇ ਸਰੀਰ ਦੇ ਬਹੁਤ ਸਾਰੇ ਕੰਮਾਂ ਨੂੰ ਕੰਟ੍ਰੋਲ ਕਰਦਾ ਹੈ। ਦਿਮਾਗ਼ ਵਿਚ ਬਹੁਤ ਸਾਰੀਆਂ ਗਿਆਨ-ਇੰਦਰੀਆਂ ਵੀ ਹਨ ਜਿਸ ਕਰਕੇ ਅਸੀਂ ਬਾਹਰਲੀ ਜਾਣਕਾਰੀ ਅਤੇ ਅੰਦਰੂਨੀ ਜਾਣਕਾਰੀ ਨੂੰ ਸਮਝ ਸਕਦੇ ਹਾਂ।

ਸਾਡਾ ਦਿਮਾਗ਼ ਆਪਣੀ ਜਟਿਲ ਬਣਤਰ ਤੇ ਨਿਊਰੋਨਾਂ ਦੇ ਗੁੰਝਲਦਾਰ ਜਾਲ਼ ਕਰਕੇ ਕੰਮ ਕਰਦਾ ਹੈ। ਇਹ ਨਿਊਰੋਨ ਦਿਮਾਗ਼ ਦੇ ਮੁੱਖ ਸੈੱਲ ਹੁੰਦੇ ਹਨ। ਸਾਡੇ ਦਿਮਾਗ਼ ਵਿਚ ਅਰਬਾਂ ਹੀ ਨਿਊਰੋਨ ਹੁੰਦੇ ਹਨ ਅਤੇ ਇਹ ਨਿਊਰੋਨ ਲੰਬੇ-ਲੰਬੇ ਰੇਸ਼ਿਆਂ ਦੀ ਮਦਦ ਨਾਲ ਆਪਸ ਵਿਚ ਸੰਚਾਰ ਕਰਦੇ ਹਨ। ਇਨ੍ਹਾਂ ਰੇਸ਼ਿਆਂ ਨੂੰ ਐਕਸੋਨ ਕਿਹਾ ਜਾਂਦਾ ਹੈ। ਰੇਸ਼ੇ ਅੱਗੇ ਤੋਂ ਅੱਗੇ ਵੰਡੇ ਹੋਣ ਕਰਕੇ ਇਕ ਨਿਊਰੋਨ ਹਜ਼ਾਰਾਂ ਹੀ ਹੋਰ ਨਿਊਰੋਨਾਂ ਨਾਲ ਸੰਚਾਰ ਕਰ ਸਕਦਾ ਹੈ। ਇਸ ਲਈ ਸਾਡੇ ਦਿਮਾਗ਼ ਵਿਚ ਸੰਚਾਰ ਕਰਨ ਦਾ ਜਾਲ਼ ਬਹੁਤ ਹੀ ਜ਼ਿਆਦਾ ਵਿਸ਼ਾਲ ਹੈ! ਇਸ ਤੋਂ ਇਲਾਵਾ, ਇਹ ਨਿਊਰੋਨ ਅਤੇ ਰੇਸ਼ੇ ਆਪਸ ਵਿਚ ਬਹੁਤ ਹੀ ਵਧੀਆ ਤਰੀਕੇ ਨਾਲ ਜੁੜੇ ਹੁੰਦੇ ਹਨ। ਇਹ “ਜਾਲ਼ ਦੇ ਜੋੜ” ਬਹੁਤ ਹੀ ਹੈਰਾਨ ਕਰ ਦੇਣ ਵਾਲੇ ਹਨ।

ਕੋਈ ਮਿਸਾਲ ਦੇ ਕੇ ਸਮਝਾਓ।

ਇਕ ਬੱਚਾ ਜਦੋਂ ਮਾਂ ਦੇ ਪੇਟ ਵਿਚ ਹੁੰਦਾ ਹੈ, ਉਦੋਂ ਤੋਂ ਲੈ ਕੇ ਬੱਚੇ ਦੇ ਜਨਮ ਤੋਂ ਬਾਅਦ ਤਕ ਇਹ ਜਾਲ਼ ਬਹੁਤ ਹੀ ਵਧੀਆ ਤਰੀਕੇ ਨਾਲ ਵਧਦਾ ਹੈ। ਨਿਊਰੋਨ ਥੋੜ੍ਹੀ ਹੀ ਦੂਰੀ ’ਤੇ ਪਏ ਨਿਊਰੋਨਾਂ ਨਾਲ ਸੰਚਾਰ ਕਰਨ ਲਈ ਰੇਸ਼ਿਆਂ ਦੀ ਵਰਤੋਂ ਕਰਦੇ ਹਨ। ਜੇ ਸੈੱਲ ਨੂੰ ਦੇਖਿਆ ਜਾਵੇ, ਤਾਂ ਇਹ ਦੂਰੀ ਬਹੁਤ ਜ਼ਿਆਦਾ ਹੁੰਦੀ ਹੈ। ਰੇਸ਼ੇ ਕਿਸੇ ਸੈੱਲ ਨਾਲ ਨਹੀਂ, ਸਗੋਂ ਸੈੱਲ ਦੇ ਕਿਸੇ ਖ਼ਾਸ ਹਿੱਸੇ ਨਾਲ ਜੁੜਦੇ ਹਨ।

ਜਦੋਂ ਨਿਊਰੋਨ ਤੋਂ ਰੇਸ਼ੇ ਨਿਕਲਦੇ ਹਨ, ਤਾਂ ਰੇਸ਼ਿਆਂ ਨੂੰ ਸੈੱਲ ਤਕ ਪਹੁੰਚਣ ਲਈ ਹਿਦਾਇਤਾਂ ਦਿੱਤੀਆਂ ਜਾਂਦੀਆਂ ਹਨ, ਜਿਵੇਂ “ਰੁਕੋ,” “ਜਾਓ” ਜਾਂ “ਮੁੜੋ।” ਇਹ ਹਿਦਾਇਤਾਂ ਉਦੋਂ ਤਕ ਦਿੱਤੀਆਂ ਜਾਂਦੀਆਂ ਹਨ ਜਦੋਂ ਤਕ ਰੇਸ਼ਾ ਆਪਣੀ ਮੰਜ਼ਲ ’ਤੇ ਨਹੀਂ ਪਹੁੰਚ ਜਾਂਦਾ। ਜੇ ਹਿਦਾਇਤਾਂ ਨਾ ਮਿਲਣ, ਤਾਂ ਰੇਸ਼ਾ ਆਪਣੀ ਮੰਜ਼ਲ ਤਕ ਨਹੀਂ ਪਹੁੰਚ ਸਕੇਗਾ। ਇਹ ਸਾਰੀਆਂ ਹਿਦਾਇਤਾਂ ਡੀ. ਐੱਨ. ਏ. ਵਿਚ ਪਹਿਲਾਂ ਹੀ ਬਹੁਤ ਲਾਜਵਾਬ ਤਰੀਕੇ ਨਾਲ ਲਿਖੀਆਂ ਹੁੰਦੀਆਂ ਹਨ।

ਸੱਚ ਤਾਂ ਇਹ ਹੈ ਕਿ ਅਸੀਂ ਕਦੇ ਵੀ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ ਕਿ ਦਿਮਾਗ਼ ਬਣਦਾ ਕਿਵੇਂ ਹੈ ਤੇ ਕੰਮ ਕਿਵੇਂ ਕਰਦਾ ਹੈ। ਨਾਲੇ ਦਿਮਾਗ਼ ਵਿਚ ਸਾਰੀ ਜਾਣਕਾਰੀ ਕਿਵੇਂ ਇਕੱਠੀ ਹੁੰਦੀ ਹੈ, ਭਾਵਨਾਵਾਂ ਅਤੇ ਵਿਚਾਰ ਕਿਵੇਂ ਪੈਦਾ ਹੁੰਦੇ ਹਨ। ਦਿਮਾਗ਼ ਜਿਸ ਤਰੀਕੇ ਨਾਲ ਕੰਮ ਕਰਦਾ ਹੈ ਤੇ ਬਣਦਾ ਹੈ ਉਸ ਤੋਂ ਮੈਨੂੰ ਯਕੀਨ ਹੋ ਗਿਆ ਕਿ ਇਸ ਨੂੰ ਬਣਾਉਣ ਵਾਲਾ ਸਾਡੇ ਨਾਲੋਂ ਕਿਤੇ ਹੀ ਜ਼ਿਆਦਾ ਬੁੱਧੀਮਾਨ ਹੈ।

ਤੁਸੀਂ ਯਹੋਵਾਹ ਦੇ ਗਵਾਹ ਕਿਉਂ ਬਣੇ?

ਯਹੋਵਾਹ ਦੇ ਗਵਾਹਾਂ ਨੇ ਮੈਨੂੰ ਸਬੂਤ ਦਿਖਾਏ ਕਿ ਬਾਈਬਲ ਰੱਬ ਦਾ ਬਚਨ ਹੈ। ਮਿਸਾਲ ਲਈ, ਬਾਈਬਲ ਕੋਈ ਵਿਗਿਆਨ ਦੀ ਕਿਤਾਬ ਨਹੀਂ ਹੈ, ਪਰ ਬਾਈਬਲ ਵਿਚ ਵਿਗਿਆਨ ਬਾਰੇ ਜੋ ਵੀ ਜਾਣਕਾਰੀ ਦਿੱਤੀ ਗਈ ਹੈ, ਉਹ ਬਿਲਕੁਲ ਸਹੀ ਹੈ। ਇਸ ਵਿਚ ਭਵਿੱਖਬਾਣੀਆਂ ਦੱਸੀਆਂ ਗਈਆਂ ਹਨ ਜੋ ਪੂਰੀਆਂ ਹੁੰਦੀਆਂ ਹਨ। ਇਸ ਦੀਆਂ ਸਿੱਖਿਆਵਾਂ ਲਾਗੂ ਕਰਨ ਵਾਲਿਆਂ ਦੀਆਂ ਜ਼ਿੰਦਗੀਆਂ ਵਿਚ ਸੁਧਾਰ ਹੁੰਦਾ ਹੈ। ਮੇਰੀ ਖ਼ੁਦ ਦੀ ਜ਼ਿੰਦਗੀ ਇਸ ਗੱਲ ਦਾ ਸਬੂਤ ਹੈ। ਮੈਂ 1973 ਵਿਚ ਯਹੋਵਾਹ ਦਾ ਗਵਾਹ ਬਣਿਆ ਸੀ ਤੇ ਉਦੋਂ ਤੋਂ ਬਾਈਬਲ ਮੈਨੂੰ ਸੇਧ ਦਿੰਦੀ ਆ ਰਹੀ ਹੈ। ਇਸ ਲਈ ਮੈਂ ਆਪਣੀ ਜ਼ਿੰਦਗੀ ਵਿਚ ਖ਼ੁਸ਼ ਹਾਂ ਤੇ ਮੇਰੀ ਜ਼ਿੰਦਗੀ ਦਾ ਇਕ ਮਕਸਦ ਹੈ।