Skip to content

Skip to table of contents

ਮੁੱਖ ਪੰਨੇ ਤੋਂ | ਕੀ ਬਾਈਬਲ ਵਾਕਈ ਰੱਬ ਵੱਲੋਂ ਹੈ?

ਬਾਈਬਲ—ਕੀ ਵਾਕਈ “ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ” ਨਾਲ ਲਿਖੀ ਗਈ ਹੈ?

ਬਾਈਬਲ—ਕੀ ਵਾਕਈ “ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ” ਨਾਲ ਲਿਖੀ ਗਈ ਹੈ?

ਕੀ ਤੁਸੀਂ ਮੰਨਦੇ ਹੋ ਕਿ ਬਾਈਬਲ ਰੱਬ ਵੱਲੋਂ ਹੈ? ਜਾਂ ਕੀ ਤੁਸੀਂ ਸੋਚਦੇ ਹੋ ਕਿ ਇਸ ਵਿਚ ਸਿਰਫ਼ ਇਨਸਾਨਾਂ ਦੇ ਹੀ ਵਿਚਾਰ ਹਨ?

ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਵੀ ਇਸ ’ਤੇ ਬਹਿਸ ਕਰਦੇ ਹਨ। ਮਿਸਾਲ ਲਈ, 2014 ਵਿਚ ਅਮਰੀਕਾ ਵਿਚ ਕੀਤੇ ਇਕ ਸਰਵੇਖਣ ਤੋਂ ਪਤਾ ਲੱਗਾ ਕਿ ਚਰਚ ਦੇ ਜ਼ਿਆਦਾਤਰ ਲੋਕ ਮੰਨਦੇ ਹਨ ਕਿ “ਬਾਈਬਲ ਕਿਸੇ-ਨਾ-ਕਿਸੇ ਤਰੀਕੇ ਨਾਲ ਤਾਂ ਪਰਮੇਸ਼ੁਰ ਵੱਲੋਂ ਹੈ।” ਦੂਜੇ ਪਾਸੇ, ਪੰਜ ਵਿੱਚੋਂ ਇਕ ਜਣੇ ਨੇ ਕਿਹਾ ਕਿ ਬਾਈਬਲ “ਪੁਰਾਣੀਆਂ ਕਥਾ-ਕਹਾਣੀਆਂ, ਇਤਿਹਾਸ ਜਾਂ ਇਨਸਾਨਾਂ ਦੀਆਂ ਸਿੱਖਿਆਵਾਂ” ਦੀ ਕਿਤਾਬ ਹੈ। ਇਸ ਕਰਕੇ ਬਾਈਬਲ ਬਾਰੇ ਇਹ ਮਸਲਾ ਖੜ੍ਹਾ ਹੋਇਆ ਹੈ ਕਿ “ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ” ਨਾਲ ਲਿਖੇ ਜਾਣ ਦਾ ਕੀ ਮਤਲਬ ਹੈ।2 ਤਿਮੋਥਿਉਸ 3:16.

“ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ”—ਇਸ ਦਾ ਕੀ ਮਤਲਬ ਹੈ?

ਬਾਈਬਲ ਵਿਚ 66 ਛੋਟੀਆਂ ਕਿਤਾਬਾਂ ਹਨ ਅਤੇ ਬਾਈਬਲ ਨੂੰ ਲਿਖਣ ਲਈ ਲਗਭਗ 1,600 ਸਾਲ ਲੱਗੇ। ਇਸ ਨੂੰ ਲਗਭਗ 40 ਆਦਮੀਆਂ ਨੇ ਲਿਖਿਆ। ਪਰ ਜੇ ਬਾਈਬਲ ਨੂੰ ਆਦਮੀਆਂ ਨੇ ਲਿਖਿਆ ਹੈ, ਤਾਂ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਇਸ ਨੂੰ “ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ” ਨਾਲ ਲਿਖਿਆ ਗਿਆ ਹੈ? “ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ” ਨਾਲ ਲਿਖੇ ਜਾਣ ਦਾ ਮਤਲਬ ਹੈ ਕਿ ਇਸ ਵਿਚ ਦਿੱਤੀ ਜਾਣਕਾਰੀ ਰੱਬ ਵੱਲੋਂ ਹੈ। ਬਾਈਬਲ ਦੱਸਦੀ ਹੈ: “ਇਨਸਾਨ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਪਰਮੇਸ਼ੁਰ ਵੱਲੋਂ ਬੋਲੇ ਸਨ।” (2 ਪਤਰਸ 1:21) ਦੂਜੇ ਸ਼ਬਦਾਂ ਵਿਚ, ਰੱਬ ਨੇ ਆਪਣੀ ਤਾਕਤ ਯਾਨੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਆਪਣਾ ਸੰਦੇਸ਼ ਬਾਈਬਲ ਦੇ ਲਿਖਾਰੀਆਂ ਤਕ ਪਹੁੰਚਾਇਆ। ਇਸ ਦੀ ਤੁਲਨਾ ਕਾਰੋਬਾਰ ਕਰਨ ਵਾਲੇ ਆਦਮੀ ਨਾਲ ਕੀਤੀ ਜਾ ਸਕਦੀ ਹੈ ਜੋ ਆਪਣੇ ਸੈਕਟਰੀ ਤੋਂ ਚਿੱਠੀ ਲਿਖਵਾਉਂਦਾ ਹੈ। ਭਾਵੇਂ ਕਿ ਚਿੱਠੀ ਸੈਕਟਰੀ ਨੇ ਲਿਖੀ, ਪਰ ਗੱਲਾਂ ਉਸ ਦੀਆਂ ਹਨ ਜਿਸ ਨੇ ਚਿੱਠੀ ਲਿਖਵਾਈ ਹੈ।

ਕੁਝ ਬਾਈਬਲ ਲਿਖਾਰੀਆਂ ਨੂੰ ਰੱਬ ਨੇ ਦੂਤਾਂ ਰਾਹੀਂ ਸੰਦੇਸ਼ ਸੁਣਾਏ। ਹੋਰਾਂ ਨੂੰ ਰੱਬ ਨੇ ਸੁਪਨਿਆਂ ਰਾਹੀਂ ਸੰਦੇਸ਼ ਦਿੱਤੇ। ਕਈਆਂ ਨੂੰ ਰੱਬ ਨੇ ਦਰਸ਼ਣ ਦਿਖਾਏ। ਕਈ ਵਾਰ ਰੱਬ ਨੇ ਇਨ੍ਹਾਂ ਵਿਚਾਰਾਂ ਨੂੰ ਲਿਖਾਰੀਆਂ ਨੂੰ ਆਪਣੇ ਸ਼ਬਦਾਂ ਵਿਚ ਲਿਖਣ ਦਿੱਤਾ, ਪਰ ਕਈ ਵਾਰ ਉਸ ਨੇ ਇਕ-ਇਕ ਸ਼ਬਦ ਬੋਲ ਕੇ ਲਿਖਵਾਇਆ। ਜੋ ਵੀ ਹੋਵੇ, ਇਨਸਾਨਾਂ ਨੇ ਆਪਣੇ ਵਿਚਾਰ ਨਹੀਂ, ਸਗੋਂ ਰੱਬ ਦੇ ਵਿਚਾਰ ਲਿਖੇ ਸਨ।

ਸਾਨੂੰ ਕਿਵੇਂ ਯਕੀਨ ਹੋ ਸਕਦਾ ਹੈ ਕਿ ਰੱਬ ਨੇ ਹੀ ਬਾਈਬਲ ਦੇ ਲਿਖਾਰੀਆਂ ਨੂੰ ਪ੍ਰੇਰਿਆ ਸੀ? ਆਓ ਆਪਾਂ ਤਿੰਨ ਸਬੂਤਾਂ ’ਤੇ ਗੌਰ ਕਰੀਏ ਜਿਸ ਕਰਕੇ ਸਾਡਾ ਭਰੋਸਾ ਵਧੇਗਾ ਕਿ ਬਾਈਬਲ ਰੱਬ ਨੇ ਹੀ ਲਿਖਵਾਈ ਹੈ।