Skip to content

Skip to table of contents

ਆਪਣੇ ਬੱਚਿਆਂ ਨੂੰ ਸਿਖਾਓ

ਰੱਬ ਨੂੰ ਦੁੱਖ ਲੱਗਦਾ ਹੈ​—ਅਸੀਂ ਉਸ ਨੂੰ ਖ਼ੁਸ਼ ਕਿਵੇਂ ਕਰ ਸਕਦੇ ਹਾਂ?

ਰੱਬ ਨੂੰ ਦੁੱਖ ਲੱਗਦਾ ਹੈ​—ਅਸੀਂ ਉਸ ਨੂੰ ਖ਼ੁਸ਼ ਕਿਵੇਂ ਕਰ ਸਕਦੇ ਹਾਂ?

ਕੀ ਤੈਨੂੰ ਕਦੀ ਸੱਟ ਲੱਗੀ ਹੈ ਜਿਸ ਕਰਕੇ ਤੂੰ ਰੋਇਆ ਹੈ? * ਸਾਡੇ ਸਾਰਿਆਂ ਨਾਲ ਸ਼ਾਇਦ ਇੱਦਾਂ ਹੋਇਆ ਹੋਵੇ। ਕਦੀ-ਕਦਾਈਂ ਸ਼ਾਇਦ ਅਸੀਂ ਉਦਾਸ ਹੋਣ ਕਰਕੇ ਰੋਂਦੇ ਹਾਂ। ਕੋਈ ਸ਼ਾਇਦ ਸਾਡੇ ਬਾਰੇ ਝੂਠੀਆਂ ਗੱਲਾਂ ਕਹੇ। ਇਸ ਕਰਕੇ ਸਾਨੂੰ ਦੁੱਖ ਲੱਗ ਸਕਦਾ ਹੈ, ਹੈ ਨਾ?— ਰੱਬ ਨੂੰ ਵੀ ਦੁੱਖ ਲੱਗਦਾ ਹੈ ਜਦੋਂ ਉਸ ਬਾਰੇ ਝੂਠ ਬੋਲਿਆ ਜਾਂਦਾ ਹੈ। ਚੱਲ ਆਪਾਂ ਇਸ ਬਾਰੇ ਗੱਲ ਕਰੀਏ ਤੇ ਦੇਖੀਏ ਕਿ ਅਸੀਂ ਰੱਬ ਦੇ ਦਿਲ ਨੂੰ ਖ਼ੁਸ਼ ਕਿਵੇਂ ਕਰ ਸਕਦੇ ਹਾਂ।

ਬਾਈਬਲ ਦੱਸਦੀ ਹੈ ਕਿ ਉਨ੍ਹਾਂ ਲੋਕਾਂ ਨੇ ਰੱਬ ਨੂੰ “ਉਦਾਸ ਕੀਤਾ” ਜੋ ਕਹਿੰਦੇ ਸਨ ਕਿ ਉਹ ਉਸ ਨੂੰ ਪਿਆਰ ਕਰਦੇ ਸਨ। ਆਓ ਆਪਾਂ ਜਾਣੀਏ ਕਿ ਯਹੋਵਾਹ ਪਰਮੇਸ਼ੁਰ ਨੂੰ ਉਦੋਂ ਕਿਉਂ ਦੁੱਖ ਲੱਗਦਾ ਹੈ ਜਦੋਂ ਅਸੀਂ ਉਸ ਦਾ ਕਹਿਣਾ ਨਹੀਂ ਮੰਨਦੇ।

ਯਹੋਵਾਹ ਨੇ ਜਿਨ੍ਹਾਂ ਦੋ ਇਨਸਾਨਾਂ ਨੂੰ ਸਭ ਤੋਂ ਪਹਿਲਾਂ ਬਣਾਇਆ ਸੀ ਉਨ੍ਹਾਂ ਨੇ ਰੱਬ ਨੂੰ ਉਦਾਸ ਕੀਤਾ। ਉਨ੍ਹਾਂ ਦੋਵਾਂ ਨੂੰ ਧਰਤੀ ’ਤੇ ਉਸ ਜਗ੍ਹਾ ਰੱਖਿਆ ਗਿਆ ਜਿਸ ਨੂੰ ‘ਅਦਨ ਦਾ ਬਾਗ’ ਕਿਹਾ ਜਾਂਦਾ ਸੀ। ਇਹ ਦੋਵੇਂ ਕੌਣ ਸਨ?— ਹਾਂ, ਇਹ ਆਦਮ ਤੇ ਹੱਵਾਹ ਸਨ। ਚੱਲ ਦੇਖੀਏ ਕਿ ਉਨ੍ਹਾਂ ਨੇ ਯਹੋਵਾਹ ਨੂੰ ਦੁਖੀ ਕਿਵੇਂ ਕੀਤਾ।

ਯਹੋਵਾਹ ਨੇ ਉਨ੍ਹਾਂ ਨੂੰ ਬਾਗ਼ ਦੀ ਦੇਖ-ਭਾਲ ਕਰਨ ਲਈ ਕਿਹਾ। ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਉਹ ਬੱਚੇ ਪੈਦਾ ਕਰਨ ਤੇ ਹਮੇਸ਼ਾ ਲਈ ਇਕੱਠੇ ਰਹਿਣ। ਪਰ ਆਦਮ ਤੇ ਹੱਵਾਹ ਦੇ ਬੱਚੇ ਹੋਣ ਤੋਂ ਪਹਿਲਾਂ ਇਕ ਗੜਬੜ ਹੋ ਗਈ। ਕੀ ਤੈਨੂੰ ਪਤਾ ਕੀ ਹੋਇਆ ਸੀ?— ਆਦਮ ਤੇ ਹੱਵਾਹ ਨੇ ਇਕ ਦੂਤ ਦੀਆਂ ਗੱਲਾਂ ਵਿਚ ਆ ਕੇ ਰੱਬ ਦੇ ਖ਼ਿਲਾਫ਼ ਕੰਮ ਕੀਤਾ। ਚੱਲ ਦੇਖੀਏ ਇਹ ਕਿਵੇਂ ਹੋਇਆ।

ਦੂਤ ਨੇ ਇਕ ਸੱਪ ਦੇ ਜ਼ਰੀਏ ਗੱਲ ਕੀਤੀ। ਸੱਪ ਨੇ ਹੱਵਾਹ ਨੂੰ ਕਿਹਾ ਕਿ ਉਹ “ਪਰਮੇਸ਼ੁਰ ਵਾਂਙੁ” ਹੋ ਜਾਵੇਗੀ। ਉਸ ਨੂੰ ਇਹ ਗੱਲ ਬਹੁਤ ਚੰਗੀ ਲੱਗੀ। ਇਸ ਲਈ ਉਸ ਨੇ ਉਹ ਕੀਤਾ ਜੋ ਸੱਪ ਨੇ ਉਸ ਨੂੰ ਕਰਨ ਲਈ ਕਿਹਾ ਸੀ। ਕੀ ਤੈਨੂੰ ਪਤਾ ਕਿ ਉਸ ਨੇ ਕੀ ਕੀਤਾ?

ਹੱਵਾਹ ਨੇ ਉਸ ਬਿਰਛ ਤੋਂ ਫਲ ਖਾਧਾ ਜਿਸ ਤੋਂ ਯਹੋਵਾਹ ਨੇ ਖਾਣ ਤੋਂ ਮਨ੍ਹਾ ਕੀਤਾ ਸੀ। ਹੱਵਾਹ ਨੂੰ ਬਣਾਉਣ ਤੋਂ ਪਹਿਲਾਂ ਰੱਬ ਨੇ ਆਦਮ ਨੂੰ ਕਿਹਾ ਸੀ: “ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ। ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।”

ਹੱਵਾਹ ਨੂੰ ਇਸ ਹੁਕਮ ਬਾਰੇ ਪਤਾ ਸੀ। ਪਰ ਉਹ ਉਸ ਬਿਰਛ ਵੱਲ ਵਾਰ-ਵਾਰ ਦੇਖਦੀ ਰਹੀ ਤੇ ਉਸ ਨੇ ਦੇਖਿਆ ਕਿ ‘ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਤਾਂ ਉਸ ਨੇ ਉਹ ਦੇ ਫਲ ਤੋਂ ਲਿਆ ਤੇ ਖਾਧਾ।’ ਬਾਅਦ ਵਿਚ ਉਸ ਨੇ ਆਦਮ ਨੂੰ ਦਿੱਤਾ ਤੇ “ਉਸ ਨੇ ਖਾਧਾ।” ਤੈਨੂੰ ਕੀ ਲੱਗਦਾ ਕਿ ਆਦਮ ਨੇ ਫਲ ਕਿਉਂ ਖਾਧਾ?— ਇਸ ਕਰਕੇ ਖਾਧਾ ਸੀ ਕਿਉਂਕਿ ਉਹ ਯਹੋਵਾਹ ਨਾਲੋਂ ਜ਼ਿਆਦਾ ਹੱਵਾਹ ਨੂੰ ਪਿਆਰ ਕਰਦਾ ਸੀ। ਉਸ ਨੇ ਰੱਬ ਨੂੰ ਖ਼ੁਸ਼ ਕਰਨ ਦੀ ਬਜਾਇ ਹੱਵਾਹ ਨੂੰ ਖ਼ੁਸ਼ ਕਰਨ ਦਾ ਫ਼ੈਸਲਾ ਕੀਤਾ। ਪਰ ਹੋਰ ਕਿਸੇ ਨਾਲੋਂ ਯਹੋਵਾਹ ਦਾ ਕਹਿਣਾ ਮੰਨਣਾ ਸਭ ਤੋਂ ਜ਼ਰੂਰੀ ਹੈ!

ਕੀ ਤੈਨੂੰ ਯਾਦ ਹੈ ਕਿ ਇਕ ਸੱਪ ਨੇ ਹੱਵਾਹ ਨਾਲ ਗੱਲ ਕੀਤੀ ਸੀ? ਜਿਸ ਤਰ੍ਹਾਂ ਕੋਈ ਕਠਪੁਤਲੀ ਦਾ ਮੂੰਹ ਹਿਲਾ ਕੇ ਪਿੱਛਿਓਂ ਖ਼ੁਦ ਬੋਲਦਾ ਹੈ, ਉਸੇ ਤਰ੍ਹਾਂ ਕਿਸੇ ਨੇ ਸੱਪ ਦੇ ਜ਼ਰੀਏ ਗੱਲ ਕੀਤੀ। ਸੱਪ ਦੇ ਜ਼ਰੀਏ ਕੌਣ ਗੱਲ ਕਰ ਰਿਹਾ ਸੀ?— ‘ਪੁਰਾਣਾ ਸੱਪ ਯਾਨੀ ਤੁਹਮਤਾਂ ਲਾਉਣ ਵਾਲਾ ਸ਼ੈਤਾਨ’ ਗੱਲ ਕਰ ਰਿਹਾ ਸੀ।

ਕੀ ਤੈਨੂੰ ਪਤਾ ਕਿ ਤੂੰ ਯਹੋਵਾਹ ਦੇ ਦਿਲ ਨੂੰ ਕਿਵੇਂ ਖ਼ੁਸ਼ ਕਰ ਸਕਦਾ ਹੈ?— ਤੂੰ ਹਮੇਸ਼ਾ ਉਸ ਦਾ ਕਹਿਣਾ ਮੰਨ ਕੇ ਇਸ ਤਰ੍ਹਾਂ ਕਰ ਸਕਦਾ ਹੈ। ਸ਼ੈਤਾਨ ਨੇ ਕਿਹਾ ਕਿ ਉਹ ਸਾਰਿਆਂ ਤੋਂ ਉਹ ਕੰਮ ਕਰਵਾ ਸਕਦਾ ਜੋ ਉਹ ਕਰਵਾਉਣਾ ਚਾਹੁੰਦਾ ਹੈ। ਇਸ ਲਈ ਯਹੋਵਾਹ ਕਹਿੰਦਾ ਹੈ: “ਹੇ ਮੇਰੇ ਪੁੱਤ੍ਰ [ਜਾਂ ਧੀ], ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।” ਸ਼ੈਤਾਨ ਯਹੋਵਾਹ ਨੂੰ ਮੇਹਣੇ ਜਾਂ ਤਾਅਨੇ ਮਾਰਦਾ ਹੈ। ਉਹ ਕਹਿੰਦਾ ਹੈ ਕਿ ਉਹ ਹਰ ਕਿਸੇ ਨੂੰ ਰੱਬ ਦੀ ਸੇਵਾ ਕਰਨ ਤੋਂ ਹਟਾ ਸਕਦਾ ਹੈ। ਇਸ ਲਈ ਯਹੋਵਾਹ ਦਾ ਕਹਿਣਾ ਮੰਨ ਕੇ ਤੇ ਉਸ ਦੀ ਭਗਤੀ ਕਰ ਕੇ ਉਸ ਦਾ ਦਿਲ ਖ਼ੁਸ਼ ਕਰੋ! ਕੀ ਤੂੰ ਇੱਦਾਂ ਕਰਨ ਦੀ ਕੋਸ਼ਿਸ਼ ਕਰੇਂਗਾ?— (w13-E 09/01)

^ ਪੇਰਗ੍ਰੈਫ 3 ਜੇ ਤੁਸੀਂ ਕਿਸੇ ਨਿਆਣੇ ਨਾਲ ਇਹ ਲੇਖ ਪੜ੍ਹ ਰਹੇ ਹੋ, ਤਾਂ ਜਿਸ ਸਵਾਲ ਦੇ ਪਿੱਛੇ ਡੈਸ਼ (—) ਆਉਂਦਾ ਹੈ ਉੱਥੇ ਰੁਕ ਕੇ ਬੱਚੇ ਨੂੰ ਜਵਾਬ ਦੇਣ ਦਾ ਮੌਕਾ ਦਿਓ।