Skip to content

Skip to table of contents

ਇੰਨੇ ਦੁੱਖ ਕਿਉਂ?

ਇੰਨੇ ਦੁੱਖ ਕਿਉਂ?

ਇਹ ਸਮਝਣ ਤੋਂ ਪਹਿਲਾਂ ਕਿ ਇੰਨੇ ਦੁੱਖ ਕਿਉਂ ਹਨ ਤੇ ਇਨਸਾਨ ਇਨ੍ਹਾਂ ਨੂੰ ਕਿਉਂ ਖ਼ਤਮ ਨਹੀਂ ਕਰ ਸਕਿਆ, ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਦੁੱਖਾਂ ਪਿੱਛੇ ਕਾਰਨ ਕੀ ਹਨ। ਭਾਵੇਂ ਕਿ ਇਸ ਦੇ ਵੱਖ-ਵੱਖ ਕਾਰਨ ਹਨ ਤੇ ਇਹ ਸਮਝਣੇ ਔਖੇ ਹਨ, ਪਰ ਬਾਈਬਲ ਇਨ੍ਹਾਂ ਨੂੰ ਸਮਝਣ ਵਿਚ ਸਾਡੀ ਮਦਦ ਕਰਦੀ ਹੈ। ਇਸ ਲੇਖ ਵਿਚ ਅਸੀਂ ਦੁੱਖਾਂ ਦੇ ਪੰਜ ਮੁੱਖ ਕਾਰਨ ਦੇਖਾਂਗੇ। ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਗੌਰ ਕਰੋ ਕਿ ਬਾਈਬਲ ਇਸ ਅਹਿਮ ਵਿਸ਼ੇ ਬਾਰੇ ਕੀ ਕਹਿੰਦੀ ਹੈ।​—2 ਤਿਮੋਥਿਉਸ 3:16.

ਬੁਰੀਆਂ ਸਰਕਾਰਾਂ ਦਾ ਰਾਜ

ਬਾਈਬਲ ਕਹਿੰਦੀ ਹੈ: “ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਲੋਕ ਢਾਹਾਂ ਮਾਰਦੇ ਹਨ।”​—ਕਹਾਉਤਾਂ 29:2.

ਇਤਿਹਾਸ ਦੇ ਪੰਨੇ ਸਖ਼ਤੀ ਨਾਲ ਰਾਜ ਕਰਨ ਵਾਲਿਆਂ ਨਾਲ ਭਰੇ ਹੋਏ ਹਨ ਜਿਨ੍ਹਾਂ ਨੇ ਲੋਕਾਂ ਉੱਤੇ ਜ਼ੁਲਮ ਢਾਹੇ। ਪਰ ਇਹ ਗੱਲ ਸਾਰੇ ਹਾਕਮਾਂ ਬਾਰੇ ਸੱਚ ਨਹੀਂ ਹੈ। ਕਈ ਸ਼ਾਇਦ ਦੂਜਿਆਂ ਦਾ ਭਲਾ ਚਾਹੁਣ। ਜਦੋਂ ਕਿਸੇ ਚੰਗੇ ਇਨਸਾਨ ਨੂੰ ਤਾਕਤ ਮਿਲਦੀ ਹੈ, ਤਾਂ ਸ਼ਾਇਦ ਉਸ ਦੀ ਪਾਰਟੀ ਦੇ ਹੋਰ ਲੋਕ ਉਸ ਨਾਲ ਮੁਕਾਬਲਾ ਕਰਨਾ ਸ਼ੁਰੂ ਕਰ ਦੇਣ ਤੇ ਉਸ ਦੀ ਸੱਤਾ ਲੈਣ ਦੀ ਕੋਸ਼ਿਸ਼ ਕਰਨ। ਇਹ ਵੀ ਹੋ ਸਕਦਾ ਹੈ ਕਿ ਕਈ ਹਾਕਮ ਆਪਣੀ ਤਾਕਤ ਦਾ ਫ਼ਾਇਦਾ ਉਠਾ ਕੇ ਲੋਕਾਂ ਦਾ ਨੁਕਸਾਨ ਕਰਨ। ਅਮਰੀਕਾ ਦੇ ਸਾਬਕਾ ਸਟੇਟ ਸੈਕਟਰੀ ਹੈਨਰੀ ਕਿਸੰਜਰ ਨੇ ਕਿਹਾ: ‘ਇਤਿਹਾਸ ਨਾਕਾਮਯਾਬੀਆਂ ਦੀ ਕਹਾਣੀ ਹੈ ਤੇ ਅਧੂਰੇ ਸੁਪਨਿਆਂ ਦੀ ਦਾਸਤਾਨ।’

ਬਾਈਬਲ ਇਹ ਵੀ ਕਹਿੰਦੀ ਹੈ: “ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਨਾਮੁਕੰਮਲ ਇਨਸਾਨ ਨਾ ਤਾਂ ਇੰਨੇ ਬੁੱਧੀਮਾਨ ਹਨ ਤੇ ਨਾ ਹੀ ਉਨ੍ਹਾਂ ਵਿਚ ਇੰਨੀ ਕਾਬਲੀਅਤ ਹੈ ਕਿ ਉਹ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਣ। ਜੇ ਇਕ ਵਿਅਕਤੀ ਆਪਣੀ ਜ਼ਿੰਦਗੀ ਨੂੰ ਸਹੀ ਸੇਧ ਨਹੀਂ ਦੇ ਸਕਦਾ, ਤਾਂ ਉਹ ਪੂਰੀ ਕੌਮ ਨੂੰ ਕਿਵੇਂ ਸੇਧ ਦੇ ਸਕਦਾ ਹੈ? ਇਸੇ ਲਈ ਦੁੱਖਾਂ-ਤਕਲੀਫ਼ਾਂ ਨੂੰ ਖ਼ਤਮ ਕਰਨਾ ਸਰਕਾਰਾਂ ਦੇ ਹੱਥ-ਵੱਸ ਦੀ ਗੱਲ ਨਹੀਂ। ਦਰਅਸਲ ਬੁਰੀਆਂ ਸਰਕਾਰਾਂ ਜ਼ਿਆਦਾਤਰ ਦੁੱਖਾਂ ਦਾ ਕਾਰਨ ਹਨ!

ਧਰਮ ਦੇ ਨਾਂ ’ਤੇ ਬੁਰਾਈ

ਯਿਸੂ ਨੇ ਕਿਹਾ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”​—ਯੂਹੰਨਾ 13:35.

ਹਰ ਧਰਮ ਦੇ ਆਗੂ ਇਹੀ ਸਿਖਾਉਂਦੇ ਹਨ ਕਿ ਸਾਨੂੰ ਇਕ-ਦੂਜੇ ਨਾਲ ਪਿਆਰ ਤੇ ਏਕਤਾ ਨਾਲ ਰਹਿਣਾ ਚਾਹੀਦਾ ਹੈ। ਪਰ ਸੱਚਾਈ ਇਹ ਹੈ ਕਿ ਉਹ ਲੋਕਾਂ ਵਿਚ ਪਿਆਰ ਨਹੀਂ ਪੈਦਾ ਕਰ ਸਕੇ ਜੋ ਉਨ੍ਹਾਂ ਦੇ ਮਨਾਂ ਵਿੱਚੋਂ ਪੱਖਪਾਤ ਵਰਗੀ ਭਾਵਨਾ ਨੂੰ ਕੱਢ ਸਕੇ। ਸੱਚਾ ਪਿਆਰ ਪੈਦਾ ਕਰਨ ਦੀ ਬਜਾਇ ਉਨ੍ਹਾਂ ਨੇ ਧਰਮ ਦੇ ਨਾਂ ’ਤੇ ਲੋਕਾਂ ਅਤੇ ਦੇਸ਼ਾਂ ਵਿਚ ਫੁੱਟ, ਨਫ਼ਰਤ ਤੇ ਫ਼ਸਾਦ ਪੈਦਾ ਕੀਤੇ ਹਨ। ਹਾਂਜ਼ ਕੁੰਗ ਇਕ ਧਰਮ-ਸ਼ਾਸਤਰੀ ਹੈ। ਉਸ ਨੇ ਧਰਮ ਬਾਰੇ ਆਪਣੀ ਇਕ ਕਿਤਾਬ ਦੇ ਅਖ਼ੀਰ ਵਿਚ ਲਿਖਿਆ: “ਧਰਮ ਦਾ ਸਹਾਰਾ ਲੈ ਕੇ ਹੀ ਰਾਜਨੇਤਾ ਅਕਸਰ ਦੰਗੇ-ਫ਼ਸਾਦ ਕਰਾਉਂਦੇ ਹਨ। ਧਰਮ ਦੇ ਨਾਂ ’ਤੇ ਲੋਕਾਂ ਨੂੰ ਉਕਸਾਇਆ ਜਾਂਦਾ ਰਿਹਾ ਹੈ ਤੇ ਲੜਾਈਆਂ ਕਰਵਾਈਆਂ ਜਾਂਦੀਆਂ ਰਹੀਆਂ ਹਨ।”

 ਇਸ ਤੋਂ ਇਲਾਵਾ, ਬਹੁਤ ਸਾਰੇ ਈਸਾਈ ਧਰਮਾਂ ਦੇ ਪਾਦਰੀ ਵਿਆਹ ਤੋਂ ਪਹਿਲਾਂ ਸੈਕਸ, ਵਿਆਹ ਤੋਂ ਬਾਅਦ ਨਾਜਾਇਜ਼ ਸੰਬੰਧ ਅਤੇ ਆਦਮੀ-ਆਦਮੀ ਤੇ ਔਰਤਾਂ-ਔਰਤਾਂ ਨਾਲ ਸੰਬੰਧਾਂ ਨੂੰ ਮਨਜ਼ੂਰ ਕਰਦੇ ਹਨ। ਇਸ ਕਰਕੇ ਬੀਮਾਰੀਆਂ ਫੈਲਦੀਆਂ ਹਨ, ਗਰਭਪਾਤ ਕਰਾਏ ਜਾਂਦੇ ਹਨ, ਅਣਚਾਹੇ ਬੱਚੇ ਪੈਦਾ ਹੁੰਦੇ ਹਨ ਅਤੇ ਵਿਆਹ ਤੇ ਪਰਿਵਾਰ ਟੁੱਟ ਜਾਂਦੇ ਹਨ। ਇਨ੍ਹਾਂ ਸਭ ਗੱਲਾਂ ਕਰਕੇ ਲੋਕਾਂ ਨੂੰ ਦੁੱਖ-ਤਕਲੀਫ਼ਾਂ ਸਹਿਣੀਆਂ ਪੈਂਦੀਆਂ ਹਨ।

ਪਾਪੀ ਇਨਸਾਨ ਅਤੇ ਗ਼ਲਤ ਇੱਛਾਵਾਂ

“ਹਰ ਕੋਈ ਆਪਣੀ ਇੱਛਾ ਦੇ ਬਹਿਕਾਵੇ ਵਿਚ ਆ ਕੇ ਪਰੀਖਿਆਵਾਂ ਵਿਚ ਪੈਂਦਾ ਹੈ। ਫਿਰ ਇਹ ਇੱਛਾ ਅੰਦਰ ਹੀ ਅੰਦਰ ਪਲ਼ਦੀ ਰਹਿੰਦੀ ਹੈ ਅਤੇ ਇਹ ਪਾਪ ਨੂੰ ਜਨਮ ਦਿੰਦੀ ਹੈ।”​—ਯਾਕੂਬ 1:14, 15.

ਸਾਨੂੰ ਵਿਰਸੇ ਵਿਚ ਪਾਪ ਮਿਲਿਆ ਹੈ ਜਿਸ ਕਰਕੇ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। ਸਾਨੂੰ “ਆਪਣੇ ਸਰੀਰ ਦੀਆਂ ਇੱਛਾਵਾਂ” ਨਾਲ ਲੜਨਾ ਪੈਂਦਾ ਹੈ। (ਅਫ਼ਸੀਆਂ 2:3) ਪਰ ਜਦੋਂ ਗ਼ਲਤ ਇੱਛਾਵਾਂ ਪੂਰੀਆਂ ਕਰਨ ਦਾ ਮੌਕਾ ਮਿਲਦਾ ਹੈ, ਤਾਂ ਇਨ੍ਹਾਂ ਨਾਲ ਲੜਨਾ ਹੋਰ ਵੀ ਔਖਾ ਹੋ ਜਾਂਦਾ ਹੈ। ਜੇ ਅਸੀਂ ਨੁਕਸਾਨਦੇਹ ਇੱਛਾਵਾਂ ਪੂਰੀਆਂ ਕਰਦੇ ਹਾਂ, ਤਾਂ ਇਸ ਦੇ ਨਤੀਜੇ ਵੀ ਮਾੜੇ ਹੋ ਸਕਦੇ ਹਨ।

ਲੇਖਕ ਪੀ. ਡੀ. ਮਹਿਤਾ ਨੇ ਲਿਖਿਆ: “ਸਾਡੇ ਬਹੁਤ ਸਾਰੇ ਦੁੱਖਾਂ ਦੇ ਕਾਰਨ ਹਨ ਆਪਣੀ ਕਾਮ-ਵਾਸ਼ਨਾ ਪੂਰੀ ਕਰਨੀ, ਮੌਜ-ਮਸਤੀ ਕਰਨੀ, ਆਪਣੀ ਮਨ-ਮਰਜ਼ੀ ਕਰਨੀ, ਲੋਭ ਕਰਨਾ ਅਤੇ ਹਰ ਕੀਮਤ ’ਤੇ ਆਪਣੀਆਂ ਇੱਛਾਵਾਂ ਪੂਰੀਆਂ ਕਰਨੀਆਂ।” ਸ਼ਰਾਬ, ਜੂਏ, ਸੈਕਸ ਤੇ ਹਰ ਤਰ੍ਹਾਂ ਦੇ ਨਸ਼ੇ ਨੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਹਨ ਤੇ ਇਸ ਕਰਕੇ ਉਨ੍ਹਾਂ ਨੇ ਆਪਣੇ ਪਰਿਵਾਰ, ਦੋਸਤਾਂ ਤੇ ਹੋਰ ਲੋਕਾਂ ’ਤੇ ਦੁੱਖ ਲਿਆਂਦੇ ਹਨ। ਇਹ ਸਾਰਾ ਕੁਝ ਦੇਖ ਕੇ ਸਾਨੂੰ ਬਾਈਬਲ ਨਾਲ ਸਹਿਮਤ ਹੋਣਾ ਪੈਂਦਾ ਹੈ: “ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਮਿਲ ਕੇ ਹਉਕੇ ਭਰ ਰਹੀ ਹੈ ਅਤੇ ਹੁਣ ਤਕ ਦੁੱਖ ਝੱਲ ਰਹੀ ਹੈ।”​—ਰੋਮੀਆਂ 8:22.

ਦੁਸ਼ਟ ਦੂਤਾਂ ਦਾ ਅਸਰ

ਬਾਈਬਲ ਦੱਸਦੀ ਹੈ ਕਿ ਸ਼ੈਤਾਨ ‘ਇਸ ਦੁਨੀਆਂ ਦਾ ਈਸ਼ਵਰ’ ਹੈ ਤੇ ਉਸ ਨਾਲ ਬਹੁਤ ਸਾਰੇ ਸ਼ਕਤੀਸ਼ਾਲੀ ਦੁਸ਼ਟ ਦੂਤ ਰਲ਼ੇ ਹੋਏ ਹਨ।​—2 ਕੁਰਿੰਥੀਆਂ 4:4; ਪ੍ਰਕਾਸ਼ ਦੀ ਕਿਤਾਬ 12:9.

ਸ਼ੈਤਾਨ ਦੀ ਤਰ੍ਹਾਂ ਇਹ ਦੂਤ ਵੀ ਲੋਕਾਂ ਨੂੰ ਆਪਣੇ ਕੰਟ੍ਰੋਲ ਵਿਚ ਕਰਨ ਅਤੇ ਉਨ੍ਹਾਂ ਨੂੰ ਗੁਮਰਾਹ ਕਰਨ ਤੇ ਤੁਲੇ ਹੋਏ ਹਨ। ਪੌਲੁਸ ਰਸੂਲ ਇਸ ਗੱਲ ਨਾਲ ਸਹਿਮਤ ਸੀ ਜਦੋਂ ਉਸ ਨੇ ਕਿਹਾ: “ਸਾਡੀ ਲੜਾਈ ਇਨਸਾਨਾਂ ਨਾਲ ਨਹੀਂ, ਸਗੋਂ ਸਰਕਾਰਾਂ, ਅਧਿਕਾਰ ਰੱਖਣ ਵਾਲਿਆਂ ਅਤੇ ਇਸ ਹਨੇਰੀ ਦੁਨੀਆਂ ਦੇ ਹਾਕਮਾਂ ਯਾਨੀ ਸ਼ਕਤੀਸ਼ਾਲੀ ਦੁਸ਼ਟ ਦੂਤਾਂ ਨਾਲ ਹੈ ਜੋ ਸਵਰਗੀ ਥਾਵਾਂ ਵਿਚ ਹਨ।”​—ਅਫ਼ਸੀਆਂ 6:12.

ਭਾਵੇਂ ਕਿ ਲੋਕਾਂ ਨੂੰ ਸਤਾ ਕੇ ਦੁਸ਼ਟ ਦੂਤਾਂ ਨੂੰ ਮਜ਼ਾ ਆਉਂਦਾ ਹੈ, ਪਰ ਉਨ੍ਹਾਂ ਲਈ ਇਹ ਗੱਲ ਸਭ ਤੋਂ ਜ਼ਰੂਰੀ ਹੈ ਕਿ ਉਹ ਲੋਕਾਂ ਨੂੰ ਅੱਤ ਮਹਾਨ ਪਰਮੇਸ਼ੁਰ ਯਹੋਵਾਹ ਤੋਂ ਦੂਰ ਕਰਨ। (ਜ਼ਬੂਰਾਂ ਦੀ ਪੋਥੀ 83:18) ਦੁਸ਼ਟ ਦੂਤ ਲੋਕਾਂ ਨੂੰ ਧੋਖਾ ਦੇਣ ਅਤੇ ਆਪਣੇ ਕੰਟ੍ਰੋਲ ਵਿਚ ਕਰਨ ਲਈ ਕਈ ਚਾਲਾਂ ਵਰਤਦੇ ਹਨ ਜਿਵੇਂ ਕਿ ਜੋਤਸ਼-ਵਿੱਦਿਆ, ਜਾਦੂਗਰੀ, ਜਾਦੂ-ਟੂਣਾ ਤੇ ਹੱਥ ਦੇਖਣੇ। ਇਸੇ ਕਰਕੇ ਯਹੋਵਾਹ ਪਰਮੇਸ਼ੁਰ ਸਾਨੂੰ ਇਨ੍ਹਾਂ ਖ਼ਤਰਿਆਂ ਤੋਂ ਸਾਵਧਾਨ ਕਰਦਾ ਹੈ ਤੇ ਉਨ੍ਹਾਂ ਲੋਕਾਂ ਦੀ ਰਾਖੀ ਕਰਦਾ ਹੈ ਜੋ ਸ਼ੈਤਾਨ ਤੇ ਦੁਸ਼ਟ ਦੂਤਾਂ ਦਾ ਵਿਰੋਧ ਕਰਦੇ ਹਨ।​—ਯਾਕੂਬ 4:7.

ਅਸੀਂ ‘ਆਖ਼ਰੀ ਦਿਨਾਂ’ ਵਿਚ ਰਹਿ ਰਹੇ ਹਾਂ

ਤਕਰੀਬਨ 2,000 ਸਾਲ ਪਹਿਲਾਂ ਬਾਈਬਲ ਵਿਚ ਦੱਸਿਆ ਗਿਆ ਸੀ: “ਇਹ ਜਾਣ ਲੈ ਕਿ ਆਖ਼ਰੀ ਦਿਨ ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ ਹੋਣਗੇ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ।”

ਇਹ ਦਿਖਾਉਣ ਲਈ ਕਿ ਇਹ ਦਿਨ ਮੁਸੀਬਤਾਂ ਭਰੇ ਕਿਉਂ ਹੋਣਗੇ, ਬਾਈਬਲ ਵਿਚ ਅੱਗੇ ਕਿਹਾ ਗਿਆ ਹੈ: “ਲੋਕ ਸੁਆਰਥੀ, ਪੈਸੇ ਦੇ ਪ੍ਰੇਮੀ, ਸ਼ੇਖ਼ੀਬਾਜ਼, ਹੰਕਾਰੀ, . . . ਨਿਰਮੋਹੀ, ਕਿਸੇ ਗੱਲ ’ਤੇ ਰਾਜ਼ੀ ਨਾ ਹੋਣ ਵਾਲੇ, ਦੂਜਿਆਂ ਨੂੰ ਬਦਨਾਮ ਕਰਨ ਵਾਲੇ, ਅਸੰਜਮੀ, ਵਹਿਸ਼ੀ, ਭਲਾਈ ਨਾਲ ਪਿਆਰ ਨਾ ਕਰਨ ਵਾਲੇ, ਧੋਖੇਬਾਜ਼, ਜ਼ਿੱਦੀ ਅਤੇ ਘਮੰਡ ਨਾਲ ਫੁੱਲੇ ਹੋਏ ਹੋਣਗੇ। ਉਹ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ।” ਇਸ ਲਈ ਅਸੀਂ ਅੱਜ ਜੋ ਵੀ ਦੁੱਖ ਦੇਖਦੇ ਹਾਂ ਉਨ੍ਹਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਸੀਂ ‘ਆਖ਼ਰੀ ਦਿਨਾਂ’ ਵਿਚ ਰਹਿ ਰਹੇ ਹਾਂ।​—2 ਤਿਮੋਥਿਉਸ 3:1-4.

ਇਸ ਲੇਖ ਵਿਚ ਅਸੀਂ ਦੁੱਖਾਂ ਦੇ ਜੋ ਕਾਰਨ ਦੇਖੇ ਹਨ ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਨਸਾਨਾਂ ਦੇ ਨੇਕ ਇਰਾਦਿਆਂ ਦੇ ਬਾਵਜੂਦ ਵੀ ਉਹ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਿਉਂ ਨਹੀਂ ਕਰ ਸਕੇ। ਤਾਂ ਫਿਰ ਸਾਨੂੰ ਮਦਦ ਕਿੱਥੋਂ ਮਿਲ ਸਕਦੀ ਹੈ? ਸਾਨੂੰ ਰੱਬ ਤੋਂ ਮਦਦ ਮਿਲ ਸਕਦੀ ਹੈ ਜੋ ‘ਸ਼ੈਤਾਨ ਦੇ ਕੰਮਾਂ ਨੂੰ ਨਾਸ਼ ਕਰਨ’ ਦਾ ਵਾਅਦਾ ਕਰਦਾ ਹੈ। (1 ਯੂਹੰਨਾ 3:8) ਅਗਲਾ ਲੇਖ ਦੱਸੇਗਾ ਕਿ ਪਰਮੇਸ਼ੁਰ ਦੁੱਖਾਂ ਦੇ ਕਾਰਨਾਂ ਨੂੰ ਕਿਵੇਂ ਜੜ੍ਹੋਂ ਉਖਾੜ ਦੇਵੇਗਾ। (w13-E 09/01)