Skip to content

Skip to table of contents

ਤਲਾਕ ਤੋਂ ਬਾਅਦ ਦੀ ਜ਼ਿੰਦਗੀ

ਤਲਾਕ ਤੋਂ ਬਾਅਦ ਦੀ ਜ਼ਿੰਦਗੀ

“ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਕ ਪਲ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਤੇ ਦੂਜੇ ਪਲ ਸਭ ਕੁਝ ਬਦਲ ਗਿਆ।”​—ਮਾਰਕ, * ਜੋ ਇਕ ਸਾਲ ਤੋਂ ਤਲਾਕਸ਼ੁਦਾ ਹੈ।

“ਮੇਰੇ ਪਤੀ ਦਾ ਉਸ ਔਰਤ ਨਾਲ ਚੱਕਰ ਚੱਲ ਰਿਹਾ ਸੀ ਜਿਸ ਦੀ ਉਮਰ ਸਾਡੀ ਧੀ ਜਿੰਨੀ ਸੀ। ਜਦ ਸਾਡਾ ਤਲਾਕ ਹੋਇਆ, ਤਾਂ ਮੈਂ ਖ਼ੁਸ਼ ਸੀ ਕਿ ਮੈਨੂੰ ਉਸ ਦੇ ਗੁੱਸੇ ਦਾ ਸ਼ਿਕਾਰ ਨਹੀਂ ਹੋਣਾ ਪੈਣਾ। ਪਰ ਮੈਨੂੰ ਲੱਗਾ ਜਿਵੇਂ ਮੇਰੇ ਵਿਚ ਕੋਈ ਕਮੀ ਸੀ।”​—ਐਮਾਲੀਨ, ਜਿਸ ਦੇ ਤਲਾਕ ਨੂੰ 17 ਸਾਲ ਹੋ ਗਏ ਹਨ।

ਕਈ ਲੋਕ ਸੋਚਦੇ ਹਨ ਕਿ ਤਲਾਕ ਲੈਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਬਿਹਤਰ ਹੋਵੇਗੀ। ਦੂਜੇ ਪਾਸੇ ਕਈ ਆਪਣੇ ਸਾਥੀ ਨਾਲ ਹੀ ਰਹਿਣਾ ਚਾਹੁੰਦੇ ਹਨ, ਪਰ ਉਨ੍ਹਾਂ ਦੇ ਸਾਥੀ ਉਨ੍ਹਾਂ ਤੋਂ ਤਲਾਕ ਲੈਣਾ ਚਾਹੁੰਦੇ ਹਨ। ਪਰ ਤਕਰੀਬਨ ਸਾਰੇ ਲੋਕਾਂ ਦੀ ਜ਼ਿੰਦਗੀ ਤਲਾਕ ਲੈਣ ਤੋਂ ਬਾਅਦ ਉਨ੍ਹਾਂ ਦੀ ਸੋਚ ਨਾਲੋਂ ਕਿਤੇ ਜ਼ਿਆਦਾ ਔਖੀ ਹੁੰਦੀ ਹੈ। ਜੇ ਤੁਹਾਡਾ ਹੁਣੇ-ਹੁਣੇ ਤਲਾਕ ਹੋਇਆ ਹੈ, ਤਾਂ ਇਹ ਤੁਹਾਡੇ ਲਈ ਜ਼ਿੰਦਗੀ ਦੀਆਂ ਸਭ ਤੋਂ ਔਖੀਆਂ ਘੜੀਆਂ ਹੋ ਸਕਦੀਆਂ ਹਨ। ਇਸ ਲਈ ਬਾਈਬਲ ਦੀ ਸਲਾਹ ’ਤੇ ਗੌਰ ਕਰਨ ਨਾਲ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ ਤਾਂਕਿ ਤੁਸੀਂ ਤਲਾਕ ਹੋਣ ਤੋਂ ਬਾਅਦ ਆਉਣ ਵਾਲੀਆਂ ਚੁਣੌਤੀਆਂ ਦਾ ਸਾਮ੍ਹਣਾ ਕਰ ਸਕੋ।

ਚੁਣੌਤੀ 1: ਤੁਹਾਡੀਆਂ ਭਾਵਨਾਵਾਂ।

ਪੈਸੇ ਦੀ ਤੰਗੀ, ਬੱਚਿਆਂ ਦੀ ਦੇਖ-ਭਾਲ ਤੇ ਤਨਹਾਈ ਵਰਗੀਆਂ ਮੁਸ਼ਕਲਾਂ ਸਹਿਣੀਆਂ ਇਕ ਭਾਰੇ ਬੋਝ ਵਾਂਗ ਹੋ ਸਕਦੀਆਂ ਹਨ ਤੇ ਇਹ ਲੰਬੇ ਸਮੇਂ ਤਕ ਰਹਿ ਸਕਦੀਆਂ ਹਨ। ਇਕ ਮਨੋਵਿਗਿਆਨੀ ਨੇ ਕਿਹਾ ਕਿ ਤਲਾਕ ਲੈਣ ਤੋਂ ਕਈ ਸਾਲ ਬਾਅਦ ਵੀ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ ਤੇ “ਜ਼ਿੰਦਗੀ ਦੀਆਂ ਠੋਕਰਾਂ ਖਾਣ ਲਈ ਉਨ੍ਹਾਂ ਨੂੰ ਇਕੱਲੇ ਛੱਡ ਦਿੱਤਾ ਗਿਆ ਹੈ। ਨਾਲੇ ਉਹ ਮਾਯੂਸ ਰਹਿੰਦੇ ਹਨ।”

ਤੁਸੀਂ ਕੀ ਕਰ ਸਕਦੇ ਹੋ?

 • ਸੋਗ ਮਨਾਓ। ਤੁਹਾਨੂੰ ਸ਼ਾਇਦ ਆਪਣੇ ਸਾਥੀ ਦੀ ਬਹੁਤ ਯਾਦ ਆਵੇ ਜਿਸ ਨੂੰ ਤੁਸੀਂ ਅਜੇ ਵੀ ਪਿਆਰ ਕਰਦੇ ਹੋ। ਭਾਵੇਂ ਤੁਹਾਡਾ ਰਿਸ਼ਤਾ ਵਧੀਆ ਨਹੀਂ ਸੀ, ਫਿਰ ਵੀ ਤੁਸੀਂ ਸ਼ਾਇਦ ਦਿਲੋਂ ਦੁਖੀ ਹੋਵੋ ਕਿ ਤੁਹਾਨੂੰ ਵਿਆਹ ਤੋਂ ਉਹ ਖ਼ੁਸ਼ੀ ਨਹੀਂ ਮਿਲੀ ਜਿਸ ਦੀ ਤੁਸੀਂ ਆਸ ਰੱਖਦੇ ਸੀ। (ਕਹਾਉਤਾਂ 5:18) ਜੇ ਤੁਹਾਡਾ ਰੋਣ ਨੂੰ ਦਿਲ ਕਰੇ, ਤਾਂ ਇਸ ਵਿਚ ਕੋਈ ਹਰਜ਼ ਨਹੀਂ ਕਿਉਂਕਿ ਬਾਈਬਲ ਕਹਿੰਦੀ ਹੈ ਕਿ “ਇੱਕ ਰੋਣ ਦਾ ਵੇਲਾ ਹੈ।”​—ਉਪਦੇਸ਼ਕ ਦੀ ਪੋਥੀ 3:1, 4.

 •   ਆਪਣੇ ਆਪ ਨੂੰ ਦੂਜਿਆਂ ਤੋਂ ਅਲੱਗ ਨਾ ਕਰੋ। ਭਾਵੇਂ ਤੁਹਾਨੂੰ ਇਕੱਲੇ ਸੋਗ ਮਨਾਉਣ ਲਈ ਸਮਾਂ ਚਾਹੀਦਾ ਹੈ, ਪਰ ਜ਼ਿਆਦਾ ਦੇਰ ਤਕ ਇਕੱਲੇ ਰਹਿਣਾ ਸਮਝਦਾਰੀ ਦੀ ਗੱਲ ਨਹੀਂ। (ਕਹਾਉਤਾਂ 18:1) ਆਪਣੇ ਦੋਸਤਾਂ ਨਾਲ ਹੌਸਲਾ ਵਧਾਉਣ ਵਾਲੀਆਂ ਗੱਲਾਂ ਕਰੋ। ਜੇ ਤੁਸੀਂ ਹਮੇਸ਼ਾ ਆਪਣੇ ਤਲਾਕਸ਼ੁਦਾ ਸਾਥੀ ਬਾਰੇ ਬੁਰਾ-ਭਲਾ ਕਹਿੰਦੇ ਹੋ, ਚਾਹੇ ਤੁਹਾਡੀਆਂ ਗੱਲਾਂ ਸੱਚੀਆਂ ਵੀ ਹੋਣ, ਤਾਂ ਵੀ ਕੋਈ ਤੁਹਾਡੇ ਨਾਲ ਗੱਲਬਾਤ ਨਹੀਂ ਕਰਨੀ ਚਾਹੇਗਾ। ਜੇ ਤਲਾਕ ਲੈਣ ਤੋਂ ਜਲਦੀ ਬਾਅਦ ਤੁਹਾਨੂੰ ਜ਼ਰੂਰੀ ਫ਼ੈਸਲੇ ਕਰਨੇ ਪੈਣ, ਤਾਂ ਉਨ੍ਹਾਂ ਵਿਅਕਤੀਆਂ ਵਿੱਚੋਂ ਕਿਸੇ ਤੋਂ ਰਾਇ ਲਓ ਜਿਨ੍ਹਾਂ ’ਤੇ ਤੁਸੀਂ ਭਰੋਸਾ ਰੱਖਦੇ ਹੋ।

 • ਆਪਣੀ ਸਿਹਤ ਦਾ ਖ਼ਿਆਲ ਰੱਖੋ। ਤਲਾਕ ਹੋਣ ਕਰਕੇ ਤੁਹਾਡੀ ਸਿਹਤ ’ਤੇ ਵੀ ਮਾੜਾ ਅਸਰ ਪੈ ਸਕਦਾ ਹੈ ਜਿਵੇਂ ਹਾਈ ਬਲੱਡ ਪ੍ਰੈਸ਼ਰ ਜਾਂ ਮਾਈਗ੍ਰੇਨ ਯਾਨੀ ਸਿਰਦਰਦ। ਖਾਣ-ਪੀਣ ਦਾ ਧਿਆਨ ਰੱਖੋ, ਕਸਰਤ ਕਰੋ ਅਤੇ ਚੰਗੀ ਤਰ੍ਹਾਂ ਆਰਾਮ ਕਰੋ।​—ਅਫ਼ਸੀਆਂ 5:29.

 • ਉਨ੍ਹਾਂ ਚੀਜ਼ਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰੋ ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਆਪਣੇ ਸਾਥੀ ’ਤੇ ਗੁੱਸਾ ਚੜ੍ਹਦਾ ਹੈ ਜਾਂ ਜਿਨ੍ਹਾਂ ਦੀ ਤੁਹਾਨੂੰ ਲੋੜ ਨਹੀਂ, ਪਰ ਜ਼ਰੂਰੀ ਕਾਗਜ਼ਾਤ ਸਾਂਭ ਕੇ ਰੱਖੋ। ਜੇ ਆਪਣੇ ਵਿਆਹ ਦੀਆਂ ਤਸਵੀਰਾਂ ਦੇਖ ਕੇ ਤੁਹਾਨੂੰ ਦੁੱਖ ਲੱਗਦਾ ਹੈ, ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਲਈ ਇਕ ਬਕਸੇ ਵਿਚ ਪਾ ਕੇ ਰੱਖ ਦਿਓ।

 • ਆਪਣੀਆਂ ਸੋਚਾਂ ’ਤੇ ਕਾਬੂ ਪਾਓ। ਓਲਗਾ ਨੇ ਆਪਣੇ ਪਤੀ ਤੋਂ ਇਸ ਕਰਕੇ ਤਲਾਕ ਲਿਆ ਕਿਉਂਕਿ ਉਸ ਦੇ ਪਤੀ ਨੇ ਹਰਾਮਕਾਰੀ ਕੀਤੀ ਸੀ। ਉਸ ਨੇ ਕਿਹਾ: “ਮੈਂ ਆਪਣੇ ਆਪ ਤੋਂ ਇੱਕੋ ਸਵਾਲ ਪੁੱਛਦੀ ਰਹੀ, ‘ਉਸ ਤੀਵੀਂ ਕੋਲ ਕੀ ਹੈ ਜੋ ਮੇਰੇ ਕੋਲ ਨਹੀਂ?’” ਬਾਅਦ ਵਿਚ ਓਲਗਾ ਨੂੰ ਅਹਿਸਾਸ ਹੋਇਆ ਕਿ ਜੇ ਉਹ ਇਸ ਤਰ੍ਹਾਂ ਵਾਰ-ਵਾਰ ਸੋਚਦੀ ਰਹੀ, ਤਾਂ ਉਸ ਦਾ ‘ਮਨ ਟੁਟ’ ਸਕਦਾ ਸੀ।​—ਕਹਾਉਤਾਂ 18:14, CL.

  ਆਪਣੀਆਂ ਸੋਚਾਂ ਨੂੰ ਸਮਝਣ ਅਤੇ ਇਨ੍ਹਾਂ ’ਤੇ ਕਾਬੂ ਪਾਉਣ ਲਈ ਕਈ ਲੋਕ ਆਪਣੇ ਖ਼ਿਆਲਾਂ ਨੂੰ ਲਿਖ ਲੈਂਦੇ ਹਨ। ਨਿਰਾਸ਼ ਕਰਨ ਵਾਲੀਆਂ ਗੱਲਾਂ ਬਾਰੇ ਸੋਚਣ ਦੀ ਬਜਾਇ ਆਪਣੀ ਸੋਚ ਨੂੰ ਨਵਾਂ ਬਣਾਉਣ ਦੀ ਕੋਸ਼ਿਸ਼ ਕਰੋ ਜਿਸ ਨਾਲ ਤੁਹਾਨੂੰ ਹੌਸਲਾ ਮਿਲੇ। (ਅਫ਼ਸੀਆਂ 4:23) ਮਿਸਾਲ ਲਈ,

  ਪੁਰਾਣੀ ਸੋਚ: ਮੇਰੇ ਕਰਕੇ ਹੀ ਮੇਰੇ ਸਾਥੀ ਨੇ ਬੇਵਫ਼ਾਈ ਕੀਤੀ।

  ਨਵੀਂ ਸੋਚ: ਭਾਵੇਂ ਮੇਰੇ ਵਿਚ ਕਮੀਆਂ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਮੈਨੂੰ ਧੋਖਾ ਦੇਵੇ।

  ਪੁਰਾਣੀ ਸੋਚ: ਮੈਂ ਆਪਣੀ ਜ਼ਿੰਦਗੀ ਦੇ ਵਧੀਆ ਸਾਲ ਗ਼ਲਤ ਆਦਮੀ ਨਾਲ ਗ਼ੁਜ਼ਾਰੇ।

  ਨਵੀਂ ਸੋਚ: ਪਿੱਛੇ ਦੇਖਣ ਦੀ ਬਜਾਇ ਅੱਗੇ ਦੇਖਣ ਨਾਲ ਹੀ ਮੈਨੂੰ ਖ਼ੁਸ਼ੀ ਮਿਲੇਗੀ।

 • ਦਿਲ-ਚੁਭਵੀਆਂ ਗੱਲਾਂ ਵੱਲ ਧਿਆਨ ਨਾ ਦਿਓ। ਤੁਹਾਡੇ ਦੋਸਤ ਅਤੇ ਰਿਸ਼ਤੇਦਾਰ ਸ਼ਾਇਦ ਅਜਿਹੀਆਂ ਗੱਲਾਂ ਕਹਿ ਦੇਣ ਜਿਨ੍ਹਾਂ ਤੋਂ ਤੁਹਾਨੂੰ ਦੁੱਖ ਲੱਗੇ ਜਾਂ ਜਿਹੜੀਆਂ ਗ਼ਲਤ ਹੋਣ ਜਿਵੇਂ ਕਿ ‘ਉਹ ਤੇਰੇ ਲਾਇਕ ਨਹੀਂ ਸੀ’ ਜਾਂ ‘ਰੱਬ ਤਲਾਕ ਤੋਂ ਖ਼ੁਸ਼ ਨਹੀਂ ਹੁੰਦਾ।’ * ਇਸ ਲਈ ਬਾਈਬਲ ਸਲਾਹ ਦਿੰਦੀ ਹੈ: “ਸਾਰੀਆਂ ਗੱਲਾਂ ਤੇ ਜੋ ਆਖੀਆਂ ਜਾਣ ਚਿੱਤ ਨਾ ਲਾ।” (ਉਪਦੇਸ਼ਕ ਦੀ ਪੋਥੀ 7:21) ਮਾਰਟੀਨਾ ਦੇ ਤਲਾਕ ਨੂੰ ਦੋ ਸਾਲ ਹੋ ਗਏ ਹਨ। ਉਹ ਦੱਸਦੀ ਹੈ: “ਮੈਂ ਦਿਲ-ਚੁਭਵੀਆਂ ਗੱਲਾਂ ਵੱਲ ਧਿਆਨ ਦੇਣ ਦੀ ਬਜਾਇ ਸਭ ਕੁਝ ਰੱਬ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰਦੀ ਹਾਂ। ਉਸ ਦੇ ਖ਼ਿਆਲ ਸਾਡੇ ਖ਼ਿਆਲਾਂ ਤੋਂ ਉੱਚੇ ਹਨ।”​—ਯਸਾਯਾਹ 55:8, 9.

 • ਰੱਬ ਨੂੰ ਪ੍ਰਾਰਥਨਾ ਕਰੋ। ਰੱਬ ਚਾਹੁੰਦਾ ਹੈ ਕਿ ਉਸ ਦੇ ਸੇਵਕ “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ” ਦੇਣ, ਖ਼ਾਸ ਕਰਕੇ ਜਦ ਉਹ ਬਹੁਤ ਦੁਖੀ ਤੇ ਪਰੇਸ਼ਾਨ ਹੁੰਦੇ ਹਨ।​—1 ਪਤਰਸ 5:7.

ਸੁਝਾਅ: ਬਾਈਬਲ ਦੀਆਂ ਉਨ੍ਹਾਂ ਆਇਤਾਂ ਨੂੰ ਲਿਖ ਲਵੋ ਜਿਨ੍ਹਾਂ ਨੂੰ ਪੜ੍ਹ ਕੇ ਤੁਹਾਡੀ ਮਦਦ ਹੁੰਦੀ ਹੈ। ਫਿਰ ਇਨ੍ਹਾਂ ਨੂੰ ਉੱਥੇ ਰੱਖੋ ਜਿੱਥੇ ਤੁਸੀਂ ਇਨ੍ਹਾਂ ਨੂੰ ਵਾਰ-ਵਾਰ ਦੇਖ ਸਕਦੇ ਹੋ। ਇਸ ਲੇਖ ਵਿਚ ਦਿੱਤੇ ਬਾਈਬਲ ਦੇ ਹਵਾਲਿਆਂ ਤੋਂ ਇਲਾਵਾ ਕਈ ਤਲਾਕਸ਼ੁਦਾ ਲੋਕਾਂ ਨੂੰ ਇਨ੍ਹਾਂ ਆਇਤਾਂ ਤੋਂ ਵੀ ਮਦਦ ਮਿਲੀ ਹੈ: ਜ਼ਬੂਰਾਂ ਦੀ ਪੋਥੀ 27:10; 34:18; ਯਸਾਯਾਹ 41:10 ਅਤੇ ਰੋਮੀਆਂ 8:38, 39.

ਮੁਸ਼ਕਲ ਘੜੀਆਂ ਦੌਰਾਨ ਪਰਮੇਸ਼ੁਰ ਦੇ ਬਚਨ ਤੋਂ ਹੌਸਲਾ ਪਾਓ

ਚੁਣੌਤੀ 2: ਤਲਾਕਸ਼ੁਦਾ ਸਾਥੀ ਨਾਲ ਤੁਹਾਡਾ ਰਿਸ਼ਤਾ।

ਜੂਲੀਆਨਾ, ਜਿਸ ਦੇ ਵਿਆਹ ਨੂੰ 11 ਸਾਲ ਹੋ ਚੁੱਕੇ ਸਨ, ਦੱਸਦੀ ਹੈ: “ਮੈਂ ਆਪਣੇ ਪਤੀ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਮੈਨੂੰ ਛੱਡ ਕੇ ਨਾ ਜਾਵੇ। ਉਸ ਦੇ ਜਾਣ ਤੋਂ ਬਾਅਦ ਮੈਨੂੰ ਉਸ ’ਤੇ ਅਤੇ ਉਸ ਤੀਵੀਂ ਉੱਤੇ ਬਹੁਤ ਗੁੱਸਾ ਆਇਆ ਜਿਸ ਨਾਲ ਉਹ ਰਹਿਣ ਗਿਆ ਸੀ।” ਕਈ ਲੋਕ ਆਪਣੇ ਤਲਾਕਸ਼ੁਦਾ ਸਾਥੀ ਨਾਲ ਕਈ ਸਾਲਾਂ ਤਕ ਬਹੁਤ ਗੁੱਸੇ ਰਹਿੰਦੇ ਹਨ। ਪਰ ਕਈ ਵਾਰ ਉਨ੍ਹਾਂ ਨੂੰ ਮਜਬੂਰਨ ਆਪਣੇ  ਤਲਾਕਸ਼ੁਦਾ ਸਾਥੀ ਨਾਲ ਗੱਲ ਕਰਨੀ ਹੀ ਪੈਂਦੀ ਹੈ ਖ਼ਾਸ ਕਰਕੇ ਜੇ ਉਨ੍ਹਾਂ ਦੇ ਬੱਚੇ ਹੋਣ।

ਤੁਸੀਂ ਕੀ ਕਰ ਸਕਦੇ ਹੋ?

 • ਸ਼ਾਂਤੀ ਬਣਾਈ ਰੱਖੋ। ਇੱਧਰ-ਉੱਧਰ ਦੀਆਂ ਗੱਲਾਂ ਕਰਨ ਦੀ ਬਜਾਇ ਸਿਰਫ਼ ਉੱਨੀ ਗੱਲ ਕਰੋ ਜਿੰਨੀ ਜ਼ਰੂਰੀ ਹੈ। ਇਸ ਤਰ੍ਹਾਂ ਕਰਨ ਨਾਲ ਸ਼ਾਂਤੀ ਬਣੀ ਰਹੇਗੀ।​—ਰੋਮੀਆਂ 12:18.

 • ਬੁਰਾ-ਭਲਾ ਨਾ ਕਹੋ। ਜਦੋਂ ਤੁਹਾਡਾ ਸਾਥੀ ਤੁਹਾਨੂੰ ਬੁਰਾ-ਭਲਾ ਕਹਿੰਦਾ ਹੈ, ਤਾਂ ਬਾਈਬਲ ਦੀ ਇਹ ਵਧੀਆ ਸਲਾਹ ਯਾਦ ਰੱਖੋ: “ਗਿਆਨਵਾਨ ਘੱਟ ਬੋਲਦਾ ਹੈ।” (ਕਹਾਉਤਾਂ 17:27) ਜੇ ਤੁਹਾਡੀ ਦੋਵਾਂ ਦੀ ਗੱਲਬਾਤ ਤੋਂ ਲੱਗਦਾ ਹੈ ਕਿ ਝਗੜਾ ਹੋਣ ਵਾਲਾ ਹੈ, ਤਾਂ ਤੁਸੀਂ ਕਹਿ ਸਕਦੇ ਹੋ: “ਮੈਨੂੰ ਤੁਹਾਡੀ ਗੱਲ ਬਾਰੇ ਸੋਚਣ ਦੀ ਲੋੜ ਹੈ ਤੇ ਅਸੀਂ ਬਾਅਦ ਵਿਚ ਇਸ ਬਾਰੇ ਗੱਲ ਕਰਾਂਗੇ।”

 • ਤਲਾਕ ਤੋਂ ਬਾਅਦ ਤੁਸੀਂ ਆਪਣੇ ਜ਼ਰੂਰੀ ਮਸਲੇ ਆਪ ਨਜਿੱਠੋ ਜੋ ਪਹਿਲਾਂ ਤੁਹਾਡੇ ਸਾਥੀ ਨਾਲ ਸਾਂਝੇ ਸਨ। ਨਾਲੇ ਪੈਸੇ-ਧੇਲੇ ਸੰਬੰਧੀ ਕਾਗਜ਼-ਪੱਤਰ ਤੇ ਹੋਰ ਕਾਨੂੰਨੀ ਕਾਗਜ਼-ਪੱਤਰ ਵੱਖ ਕਰ ਲਓ।

ਸੁਝਾਅ: ਜਦ ਤੁਸੀਂ ਅਗਲੀ ਵਾਰ ਆਪਣੇ ਤਲਾਕਸ਼ੁਦਾ ਸਾਥੀ ਨਾਲ ਗੱਲ ਕਰੋਗੇ, ਤਾਂ ਧਿਆਨ ਰੱਖੋ ਕਿ ਤੁਹਾਡੇ ਵਿੱਚੋਂ ਕੋਈ ਜਣਾ ਆਪਣੀ ਗੱਲ ’ਤੇ ਅੜ੍ਹ ਤਾਂ ਨਹੀਂ ਰਿਹਾ ਜਾਂ ਗੱਲ ਵਿਗੜ ਤਾਂ ਨਹੀਂ ਰਹੀ। ਜੇ ਹਾਂ, ਤਾਂ ਆਪਣੀ ਗੱਲਬਾਤ ਵਿੱਚੇ ਹੀ ਛੱਡ ਦਿਓ ਤੇ ਥੋੜ੍ਹੀ ਦੇਰ ਬਾਅਦ ਦੁਬਾਰਾ ਗੱਲ ਕਰੋ ਜਾਂ ਈ-ਮੇਲ ਰਾਹੀਂ ਆਪਣੀ ਗੱਲਬਾਤ ਜਾਰੀ ਰੱਖੋ।​—ਕਹਾਉਤਾਂ 17:14.

ਚੁਣੌਤੀ 3: ਆਪਣੇ ਬੱਚਿਆਂ ਦੀ ਮਦਦ ਕਰੋ।

ਮਰਿਯਾ ਯਾਦ ਕਰਦੀ ਹੈ ਕਿ ਉਸ ਦਾ ਤਲਾਕ ਹੋਣ ਤੋਂ ਬਾਅਦ ਕੀ ਹੋਇਆ ਸੀ: “ਮੇਰੀ ਛੋਟੀ ਲੜਕੀ ਹਰ ਵਕਤ ਰੋਂਦੀ ਰਹਿੰਦੀ ਸੀ ਤੇ ਰਾਤ ਨੂੰ ਬਿਸਤਰੇ ’ਤੇ ਪਿਸ਼ਾਬ ਕਰਨ ਲੱਗ ਪਈ। ਮੇਰੀ ਵੱਡੀ ਕੁੜੀ ਆਪਣੇ ਦਿਲ ਦੀਆਂ ਗੱਲਾਂ ਛੁਪਾਉਣ ਦੀ ਕੋਸ਼ਿਸ਼ ਕਰਦੀ ਸੀ, ਪਰ ਮੈਂ ਜਾਣਦੀ ਸੀ ਕਿ ਉਸ ’ਤੇ ਕੀ ਬੀਤ ਰਹੀ ਸੀ।” ਦੁੱਖ ਦੀ ਗੱਲ ਹੈ ਕਿ ਜਦ ਤੁਹਾਡੇ ਬੱਚਿਆਂ ਨੂੰ ਤੁਹਾਡੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ, ਤਾਂ ਉਸ ਸਮੇਂ ਤੁਹਾਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਮਦਦ ਕਰਨ ਲਈ ਤੁਹਾਡੇ ਕੋਲ ਨਾ ਤਾਂ ਸਮਾਂ ਹੈ ਤੇ ਨਾ ਹੀ ਤਾਕਤ।

ਤੁਸੀਂ ਕੀ ਕਰ ਸਕਦੇ ਹੋ?

 • ਆਪਣੇ ਬੱਚਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨ ਭਾਵੇਂ ਤੁਹਾਨੂੰ ਉਨ੍ਹਾਂ ਦੀਆਂ ਗੱਲਾਂ ਬੁਰੀਆਂ ਹੀ ਕਿਉਂ ਨਾ ਲੱਗਣ।​—ਅੱਯੂਬ 6:2, 3.

 • ਬੱਚਿਆਂ ’ਤੇ ਬੋਝ ਨਾ ਪਾਓ। ਭਾਵੇਂ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕਿਸੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰੋ ਅਤੇ ਤੁਹਾਡਾ ਬੱਚਾ ਤੁਹਾਡੀ ਗੱਲ ਸੁਣਨ ਲਈ ਤਿਆਰ ਹੋਵੇ, ਪਰ ਇਹ ਠੀਕ ਨਹੀਂ ਕਿ ਤੁਸੀਂ ਆਪਣੀਆਂ ਸਮੱਸਿਆਵਾਂ ਦਾ ਬੋਝ ਆਪਣੇ ਬੱਚੇ ’ਤੇ ਪਾਓ। (1 ਕੁਰਿੰਥੀਆਂ 13:11) ਆਪਣੇ ਬੱਚੇ ਨੂੰ ਆਪਣਾ ਹਮਰਾਜ਼ ਨਾ ਬਣਾਓ ਤੇ ਨਾ ਹੀ ਉਸ ਨੂੰ ਆਪਣੇ ਅਤੇ ਆਪਣੇ ਤਲਾਕਸ਼ੁਦਾ ਸਾਥੀ ਨਾਲ ਗੱਲਬਾਤ ਕਰਨ ਦਾ ਜ਼ਰੀਆ ਬਣਾਓ।

 • ਬੱਚਿਆਂ ਦੀ ਜ਼ਿੰਦਗੀ ਵਿਚ ਰੁਟੀਨ ਬਣਾਈ ਰੱਖੋ। ਜੇ ਹੋ ਸਕੇ, ਤਾਂ ਉਸੇ ਘਰ ਵਿਚ ਰਹਿਣਾ ਵਧੀਆ ਹੋਵੇਗਾ ਜਿੱਥੇ ਤੁਸੀਂ ਤਲਾਕ ਲੈਣ ਤੋਂ ਪਹਿਲਾਂ ਰਹਿੰਦੇ ਸੀ। ਨਾਲੇ ਬੱਚਿਆਂ ਦੇ ਕੰਮ ਦੀ ਰੁਟੀਨ ਬਣਾਈ ਰੱਖੋ। ਪਰ ਸਭ ਤੋਂ ਵੱਧ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਲੱਗੇ ਰਹਿਣ ਲਈ ਬਾਈਬਲ ਪੜ੍ਹਦੇ ਰਹੋ ਅਤੇ ਪਰਿਵਾਰਕ ਸਟੱਡੀ ਕਰਦੇ ਰਹੋ।​—ਬਿਵਸਥਾ ਸਾਰ 6:6-9.

ਸੁਝਾਅ: ਇਸ ਹਫ਼ਤੇ ਆਪਣੇ ਬੱਚਿਆਂ ਨੂੰ ਭਰੋਸਾ ਦਿਵਾਓ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਅਤੇ ਉਨ੍ਹਾਂ ਨੂੰ ਦੱਸੋ ਕਿ ਉਨ੍ਹਾਂ ਕਰਕੇ ਤੁਹਾਡਾ ਤਲਾਕ ਨਹੀਂ ਹੋਇਆ। ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਆਪਣੇ ਤਲਾਕਸ਼ੁਦਾ ਸਾਥੀ ’ਤੇ ਇਲਜ਼ਾਮ ਨਾ ਲਾਓ।

ਤਲਾਕ ਹੋਣ ਤੋਂ ਬਾਅਦ ਵੀ ਤੁਸੀਂ ਜ਼ਿੰਦਗੀ ਖ਼ੁਸ਼ੀ ਨਾਲ ਜੀ ਸਕਦੇ ਹੋ। ਮਲੀਸਾ ਦੇ ਵਿਆਹ ਨੂੰ 16 ਸਾਲ ਹੋ ਗਏ ਸਨ। ਉਹ ਦੱਸਦੀ ਹੈ, “ਜਦ ਮੇਰਾ ਤਲਾਕ ਹੋਇਆ, ਤਾਂ ਮੈਂ ਸੋਚਿਆ, ‘ਮੈਂ ਕਦੀ ਨਹੀਂ ਸੀ ਚਾਹਿਆ ਕਿ ਮੇਰੀ ਜ਼ਿੰਦਗੀ ਵਿਚ ਇਹ ਮੋੜ ਆਵੇ।’” ਪਰ ਹੁਣ ਆਪਣੇ ਹਾਲਾਤਾਂ ਦੇ ਬਾਵਜੂਦ ਉਸ ਨੂੰ ਮਨ ਦੀ ਸ਼ਾਂਤੀ ਮਿਲੀ ਹੈ। ਉਹ ਦੱਸਦੀ ਹੈ: “ਜਦ ਮੈਂ ਆਪਣੇ ਬੀਤੇ ਕੱਲ੍ਹ ਬਾਰੇ ਸੋਚਣਾ ਛੱਡ ਦਿੱਤਾ, ਤਾਂ ਮੇਰੇ ਦਿਲ ਨੂੰ ਸਕੂਨ ਮਿਲਿਆ।” (w13-E 10/01)

^ ਪੇਰਗ੍ਰੈਫ 2 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

^ ਪੇਰਗ੍ਰੈਫ 18 ਪਰਮੇਸ਼ੁਰ ਨੂੰ ਤਲਾਕ ਤੋਂ ਘਿਣ ਆਉਂਦੀ ਹੈ। ਪਰ ਜੇ ਕਿਸੇ ਦਾ ਸਾਥੀ ਹਰਾਮਕਾਰੀ ਕਰਦਾ ਹੈ, ਤਾਂ ਪਰਮੇਸ਼ੁਰ ਬੇਕਸੂਰ ਸਾਥੀ ਨੂੰ ਤਲਾਕ ਲੈਣ ਜਾਂ ਨਾ ਲੈਣ ਦਾ ਫ਼ੈਸਲਾ ਕਰਨ ਦਾ ਹੱਕ ਦਿੰਦਾ ਹੈ।​—ਮਲਾਕੀ 2:16; ਮੱਤੀ 19:9.

ਆਪਣੇ ਆਪ ਤੋਂ ਪੁੱਛੋ . . .

 • ਤਲਾਕ ਤੋਂ ਬਾਅਦ ਕੀ ਮੈਂ ਆਪਣੇ ਆਪ ਨੂੰ ਸੋਗ ਮਨਾਉਣ ਦਾ ਸਮਾਂ ਦਿੱਤਾ ਹੈ?

 • ਮੈਂ ਆਪਣੇ ਤਲਾਕਸ਼ੁਦਾ ਸਾਥੀ ਲਈ ਆਪਣੇ ਮਨ ਵਿੱਚੋਂ ਗੁੱਸਾ ਕਿਵੇਂ ਕੱਢਾਂ?