ਮੁੱਖ ਪੰਨੇ ਤੋਂ: ਦੁੱਖ ਹੀ ਦੁੱਖ! ਕਿਉਂ? ਕਦੋਂ ਹੋਵੇਗਾ ਇਨ੍ਹਾਂ ਦਾ ਅੰਤ?
ਕਿੰਨੇ ਮਾਸੂਮ ਲੋਕਾਂ ਦੀਆਂ ਜਾਨਾਂ ਗਈਆਂ!
ਆਨੰਦ ਆਪਣੇ ਮਾਪਿਆਂ ਦਾ ਇਕਲੌਤਾ ਮੁੰਡਾ ਸੀ। ਇਕ ਦਿਨ ਉਹ ਆਪਣੇ ਦੋਸਤ ਨਾਲ ਖੇਡ ਰਿਹਾ ਸੀ। ਉਸ ਕੋਲ ਭੂੰਪੜਾ ਸੀ ਤੇ ਉਸ ਦਾ ਭੂੰਪੜਾ ਤਲਾਬ ਵਿਚ ਡਿੱਗ ਗਿਆ। ਉਹ ਭੂੰਪੜਾ ਲੈਣ ਲਈ ਤਲਾਬ ਵਿਚ ਚਲਾ ਗਿਆ ਤੇ ਡੁੱਬ ਗਿਆ। ਆਨੰਦ ਸਿਰਫ਼ ਚਾਰ ਸਾਲਾਂ ਦਾ ਸੀ।
14 ਦਸੰਬਰ 2012 ਨੂੰ ਕਨੈਟੀਕਟ, ਅਮਰੀਕਾ ਦੇ ਇਕ ਸਕੂਲ ਵਿਚ 26 ਲੋਕਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ। ਇਨ੍ਹਾਂ ਵਿੱਚੋਂ 20 ਬੱਚੇ ਸਨ ਜਿਨ੍ਹਾਂ ਦੀ ਉਮਰ 6-7 ਸਾਲਾਂ ਦੀ ਸੀ ਅਤੇ ਕੁਝ ਬੱਚਿਆਂ ਦੇ ਨਾਂ ਸਨ ਸ਼ਾਰਲਟ, ਡਾਨੀਏਲ, ਓਲੀਵੀਆ ਅਤੇ ਜੋਸਫੀਨ। ਬੱਚਿਆਂ ਲਈ ਕੀਤੇ ਸੋਗ ਸਮਾਰੋਹ ਦੇ ਦਿਨ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੇ ਬੱਚਿਆਂ ਦੇ ਨਾਂ ਲੈਂਦੇ ਹੋਏ ਕਿਹਾ: “ਅਜਿਹੀਆਂ ਦੁਖਦਾਈ ਘਟਨਾਵਾਂ ਦਾ ਖ਼ਾਤਮਾ ਹੋਣਾ ਬਹੁਤ ਜ਼ਰੂਰੀ ਹੈ।”
1996 ਵਿਚ 18 ਸਾਲਾਂ ਦੀ ਬਾਨੋ ਇਰਾਕ ਛੱਡ ਕੇ ਆਪਣੇ ਪਰਿਵਾਰ ਨਾਲ ਨਾਰਵੇ ਆ ਗਈ। ਅਫ਼ਸੋਸ ਦੀ ਗੱਲ ਹੈ ਕਿ ਇਕ ਅੱਤਵਾਦੀ ਨੇ 22 ਜੁਲਾਈ 2011 ਨੂੰ ਬਾਨੋ ਤੇ ਹੋਰ 76 ਮਾਸੂਮ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ। ਉਸ ਅੱਤਵਾਦੀ ਨੇ ਘਮੰਡ ਨਾਲ ਕਿਹਾ: ‘ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਮੈਂ ਹੋਰ ਜ਼ਿਆਦਾ ਲੋਕਾਂ ਨੂੰ ਨਹੀਂ ਮਾਰ ਸਕਿਆ।’
ਇਸੇ ਤਰ੍ਹਾਂ ਦੀਆਂ ਦਿਲ-ਚੀਰਵੀਂਆਂ ਕਹਾਣੀਆਂ ਪੂਰੀ ਦੁਨੀਆਂ ਵਿਚ ਸੁਣਨ ਨੂੰ ਮਿਲਦੀਆਂ ਹਨ। ਜ਼ਰਾ ਸੋਚੋ ਕਿ ਦੁਰਘਟਨਾਵਾਂ, ਅਪਰਾਧ, ਲੜਾਈਆਂ, ਅੱਤਵਾਦ, ਕੁਦਰਤੀ ਆਫ਼ਤਾਂ ਤੇ ਹੋਰ ਦੁਖਦਾਈ ਘਟਨਾਵਾਂ ਕਰਕੇ ਲੋਕਾਂ ਨੂੰ ਕਿੰਨਾ ਗਮ ਤੇ ਪੀੜਾ ਸਹਿਣੀ ਪੈਂਦੀ ਹੈ। ਕਿੰਨੇ ਹੀ ਮਾਸੂਮ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ ਜਾਂ ਉਨ੍ਹਾਂ ਨੂੰ ਦੁੱਖ ਝੱਲਣੇ ਪੈਂਦੇ ਹਨ!
ਕੁਝ ਲੋਕ ਰੱਬ ਨੂੰ ਉਲਾਹਮਾ ਦਿੰਦੇ ਹਨ ਕਿ ਉਸ ਨੂੰ ਸਾਡੀ ਕੋਈ ਪਰਵਾਹ ਨਹੀਂ ਹੈ। ਕਈ ਲੋਕ ਕਹਿੰਦੇ ਹਨ ਕਿ ਰੱਬ ਸਭ ਕੁਝ ਦੇਖਦਾ ਹੈ, ਪਰ ਉਹ ਕੁਝ ਕਰਨਾ ਨਹੀਂ ਚਾਹੁੰਦਾ। ਹੋਰ ਕਹਿੰਦੇ ਹਨ ਕਿ ਇਹ ਸਭ ਤਾਂ ਕਿਸਮਤ ਦੀ ਖੇਡ ਹੈ। ਇਸ ਵਿਸ਼ੇ ’ਤੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਪਰ ਅਸੀਂ ਸਹੀ ਤੇ ਭਰੋਸੇਯੋਗ ਜਵਾਬ ਕਿੱਥੋਂ ਪਾ ਸਕਦੇ ਹਾਂ? ਅਗਲੇ ਲੇਖਾਂ ਵਿਚ ਅਸੀਂ ਰੱਬ ਦੇ ਬਚਨ, ਬਾਈਬਲ, ਵਿੱਚੋਂ ਦੇਖਾਂਗੇ ਕਿ ਦੁੱਖ ਕਿਉਂ ਆਉਂਦੇ ਹਨ ਤੇ ਇਨ੍ਹਾਂ ਦਾ ਖ਼ਾਤਮਾ ਕਿਵੇਂ ਕੀਤਾ ਜਾਵੇਗਾ। (w13-E 09/01)