Skip to content

Skip to table of contents

ਚਾਦਰ ਦੇਖ ਕੇ ਪੈਰ ਪਸਾਰੋ—ਇਹ ਕਿਵੇਂ ਕੀਤਾ ਜਾ ਸਕਦਾ ਹੈ?

ਚਾਦਰ ਦੇਖ ਕੇ ਪੈਰ ਪਸਾਰੋ—ਇਹ ਕਿਵੇਂ ਕੀਤਾ ਜਾ ਸਕਦਾ ਹੈ?

ਚਾਦਰ ਦੇਖ ਕੇ ਪੈਰ ਪਸਾਰੋ—ਇਹ ਕਿਵੇਂ ਕੀਤਾ ਜਾ ਸਕਦਾ ਹੈ?

“ਚਾਦਰ ਦੇਖ ਕੇ ਪੈਰ ਪਸਾਰੋ।” ਇਹ ਕਹਾਵਤ ਉਦੋਂ ਕਹੀ ਜਾਂਦੀ ਹੈ ਜਦੋਂ ਸਾਨੂੰ ਉੱਨੇ ਹੀ ਪੈਸੇ ਖ਼ਰਚਣੇ ਚਾਹੀਦੇ ਹਨ ਜਿੰਨੇ ਸਾਡੇ ਕੋਲ ਹੋਣ।

ਭਾਵੇਂ ਕਿ ਇਹ ਗੱਲ ਬਹੁਤ ਸਾਦੀ ਜਿਹੀ ਲੱਗੇ, ਪਰ ਇਸ ਨੂੰ ਮੰਨਣਾ ਤੇ ਇਸ ਤੋਂ ਫ਼ਾਇਦਾ ਲੈਣਾ ਸ਼ਾਇਦ ਔਖਾ ਲੱਗੇ। ਜੇ ਲੋਕ ਇਹ ਗੱਲ ਲਾਗੂ ਕਰਨ, ਤਾਂ ਉਹ ਪੈਸਿਆਂ ਪੱਖੋਂ ਮੁਸੀਬਤਾਂ ਤੋਂ ਬਚ ਸਕਦੇ ਹਨ। ਮੁਸੀਬਤਾਂ ਤੋਂ ਕਿੱਦਾਂ ਬਚਿਆ ਜਾ ਸਕਦਾ ਹੈ? ਅਸੀਂ ਵਧੀਆ ਸੇਧ ਕਿੱਥੋਂ ਲੈ ਸਕਦੇ ਹਾਂ? ਇਸ ਮਾਮਲੇ ਵਿਚ ਬਾਈਬਲ ਦੀ ਸਲਾਹ ਸਾਡੀ ਮਦਦ ਕਰ ਸਕਦੀ ਹੈ। ਆਓ ਆਪਾਂ ਦੇਖੀਏ ਕਿ ਬਾਈਬਲ ਕੀ ਕਹਿੰਦੀ ਹੈ।

ਬਾਈਬਲ ਦੇ ਫ਼ਾਇਦੇਮੰਦ ਅਸੂਲ

ਬਾਈਬਲ ਵਿਚ ਕਈ ਵਧੀਆ ਅਸੂਲ ਹਨ ਜੋ ਪੈਸਿਆਂ ਨੂੰ ਸਹੀ ਤਰ੍ਹਾਂ ਵਰਤਣ ਵਿਚ ਸਾਡੀ ਮਦਦ ਕਰ ਸਕਦੇ ਹਨ। ਅਸੀਂ ਕੁਝ ਹੀ ਅਸੂਲਾਂ ’ਤੇ ਗੌਰ ਕਰਾਂਗੇ। ਧਿਆਨ ਦਿਓ ਕਿ ਇਹ ਅਸੂਲ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਨ।

ਬਜਟ ਬਣਾਓ।

ਪੈਸੇ ਦੀ ਸਹੀ ਤਰ੍ਹਾਂ ਵਰਤੋਂ ਕਰਨ ਲਈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮਹੀਨੇ ਵਿਚ ਕਿੰਨਾ ਪੈਸਾ ਆਉਂਦਾ ਹੈ ਤੇ ਕਿੰਨਾ ਖ਼ਰਚ ਹੁੰਦਾ ਹੈ। ਬਾਈਬਲ ਕਹਿੰਦੀ ਹੈ: “ਉੱਦਮੀ ਦੀਆਂ ਜੁਗਤਾਂ ਨਿਰੀਆਂ ਵਾਫ਼ਰੀ ਵੱਲ ਹੁੰਦੀਆਂ ਹਨ, ਪਰ ਕਾਹਲੀ ਦਾ ਅੰਤ ਨਿਰੀ ਥੁੜ ਹੈ।” (ਕਹਾਉਤਾਂ 21:5) ਕਈ ਲਿਫ਼ਾਫ਼ੇ ਵਰਤਦੇ ਹਨ। ਹਰ ਲਿਫ਼ਾਫ਼ਾ ਵੱਖ-ਵੱਖ ਖ਼ਰਚਿਆਂ ਲਈ ਹੁੰਦਾ ਹੈ ਜਿਵੇਂ ਕਿ ਖਾਣਾ, ਕਿਰਾਇਆ ਜਾਂ ਕੱਪੜੇ। ਚਾਹੇ ਤੁਸੀਂ ਅਜਿਹਾ ਸੌਖਾ ਤਰੀਕਾ ਵਰਤੋਂ ਜਾਂ ਕੋਈ ਹੋਰ ਤਰੀਕਾ, ਪਰ ਜ਼ਰੂਰੀ ਗੱਲ ਇਹ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਪੈਸੇ ਕਿੱਥੇ ਖ਼ਰਚ ਹੋ ਰਹੇ ਹਨ। ਤੁਹਾਨੂੰ ਪਹਿਲਾਂ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਤੇ ਬਾਅਦ ਵਿਚ ਦੇਖੋ ਕਿ ਤੁਹਾਡੇ ਕੋਲ ਹੋਰ ਚੀਜ਼ਾਂ ਲਈ ਪੈਸੇ ਹਨ ਕਿ ਨਹੀਂ।

ਈਰਖਾ ਨਾ ਕਰੋ।

ਗ਼ਰੀਬ ਦੇਸ਼ਾਂ ਵਿਚ ਰਹਿਣ ਵਾਲੇ ਕਈ ਲੋਕ ਉਹ ਚੀਜ਼ਾਂ ਚਾਹੁੰਦੇ ਹਨ ਜੋ ਅਮੀਰ ਦੇਸ਼ਾਂ ਦੇ ਲੋਕਾਂ ਕੋਲ ਹੁੰਦੀਆਂ ਹਨ। ਕਈ ਲੋਕ ਉਹ ਚੀਜ਼ਾਂ ਲੈਣੀਆਂ ਚਾਹੁੰਦੇ ਹਨ ਜੋ ਉਨ੍ਹਾਂ ਦੇ ਗੁਆਂਢੀਆਂ ਕੋਲ ਹੁੰਦੀਆਂ ਹਨ। ਇਹ ਇਕ ਫੰਦਾ ਹੋ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਗੁਆਂਢੀ ਕੋਲ ਵੀ ਚੀਜ਼ਾਂ ਲੈਣ ਦੀ ਗੁੰਜਾਇਸ਼ ਨਹੀਂ ਸੀ। ਸੋ ਕਿਸੇ ਹੋਰ ਦੇ ਮਗਰ ਲੱਗ ਕੇ ਤੁਸੀਂ ਕਿਉਂ ਮੁਸੀਬਤ ਵਿਚ ਪੈਂਦੇ ਹੋ? ਬਾਈਬਲ ਚੇਤਾਵਨੀ ਦਿੰਦੀ ਹੈ: “ਲੋਭੀ ਮਨੁੱਖ ਕਾਹਲੀ ਨਾਲ ਧਨ ਦਾ ਪਿੱਛਾ ਕਰਦਾ ਹੈ, ਅਤੇ ਨਹੀਂ ਜਾਣਦਾ ਭਈ ਗਰੀਬੀ ਉਹ ਦੇ ਉੱਤੇ ਆ ਪਵੇਗੀ।”—ਕਹਾਉਤਾਂ 28:22.

ਜ਼ਿੰਦਗੀ ਸਾਦੀ ਰੱਖੋ।

ਯਿਸੂ ਨੇ ਆਪਣੇ ਚੇਲਿਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਆਪਣੀ ਅੱਖ “ਇਕ ਨਿਸ਼ਾਨੇ ’ਤੇ” ਟਿਕਾਈ ਰੱਖਣ। (ਮੱਤੀ 6:22) ਜੇ ਸਾਡੇ ਕੋਲ ਸਿਰਫ਼ ਦਾਲ-ਰੋਟੀ ਖਾਣ ਲਈ ਪੈਸੇ ਹਨ, ਤਾਂ ਸਾਨੂੰ ਰੋਜ਼ ਮੀਟ ਖਾਣ ਦੇ ਸੁਪਨੇ ਨਹੀਂ ਦੇਖਣੇ ਚਾਹੀਦੇ। ਜੇ ਇਨ੍ਹਾਂ ਹਾਲਾਤਾਂ ਵਿਚ ਅਸੀਂ ਆਪਣੀ ਜ਼ਿੰਦਗੀ ਸਾਦੀ ਨਹੀਂ ਰੱਖਦੇ, ਤਾਂ ਸਾਡੀ ਮਾਲੀ ਹਾਲਤ ਵਿਗੜ ਸਕਦੀ ਹੈ। ਇਕ ਰਿਪੋਰਟ ਮੁਤਾਬਕ ਫ਼ਿਲਪੀਨ ਵਿਚ ਇਕ-ਤਿਹਾਈ ਲੋਕ ਤੇ ਭਾਰਤ ਵਿਚ ਪੰਜਾਹ ਫੀ ਸਦੀ ਲੋਕ ਅੱਤ ਗ਼ਰੀਬੀ ਵਿਚ ਰਹਿੰਦੇ ਹਨ। ਉਨ੍ਹਾਂ ਕੋਲ ਆਪਣਾ ਗੁਜ਼ਾਰਾ ਤੋਰਨ ਲਈ ਹਰ ਰੋਜ਼ 60 ਕੁ ਰੁਪਏ ਹੁੰਦੇ ਹਨ। ਜਦੋਂ ਲੋਕਾਂ ਦਾ ਹੱਥ ਇੰਨਾ ਤੰਗ ਹੁੰਦਾ ਹੈ, ਤਾਂ ਬੁੱਧੀਮਤਾ ਦੀ ਗੱਲ ਹੋਵੇਗੀ ਕਿ ਉਹ ਆਪਣੀਆਂ ਰੋਜ਼ ਦੀਆਂ ਲੋੜਾਂ ਪੂਰੀਆਂ ਕਰਨ ਬਾਰੇ ਹੀ ਸੋਚਣ। ਅਮੀਰ ਦੇਸ਼ਾਂ ਵਿਚ ਵੀ ਇਹ ਸਲਾਹ ਲਾਗੂ ਕਰ ਕੇ ਲੋਕ ਮੁਸੀਬਤਾਂ ਵਿਚ ਪੈਣ ਤੋਂ ਬਚ ਸਕਦੇ ਹਨ।

ਉਸ ਨਾਲ ਖ਼ੁਸ਼ ਹੋਵੋ ਜੋ ਤੁਹਾਡੇ ਕੋਲ ਹੈ।

ਇਹ ਸਲਾਹ ਉੱਪਰ ਦਿੱਤੀ ਸਲਾਹ ਨਾਲ ਮੇਲ ਖਾਂਦੀ ਹੈ ਕਿ ਆਪਣੀ ਜ਼ਿੰਦਗੀ ਸਾਦੀ ਰੱਖੋ। ਬਾਈਬਲ 1 ਤਿਮੋਥਿਉਸ 6:8 ਵਿਚ ਕਹਿੰਦੀ ਹੈ: “ਜੇ ਸਾਡੇ ਕੋਲ ਰੋਟੀ, ਕੱਪੜਾ ਤੇ ਮਕਾਨ ਹੈ, ਤਾਂ ਸਾਨੂੰ ਇਸ ਵਿਚ ਸੰਤੋਖ ਰੱਖਣਾ ਚਾਹੀਦਾ ਹੈ।” ਦੁਨੀਆਂ ਵਿਚ ਕੁਝ ਇਸ ਤਰ੍ਹਾਂ ਦੇ ਲੋਕ ਵੀ ਹਨ ਜਿਨ੍ਹਾਂ ਕੋਲ ਥੋੜ੍ਹੇ ਪੈਸੇ ਹਨ, ਪਰ ਫਿਰ ਵੀ ਉਹ ਬਹੁਤ ਖ਼ੁਸ਼ ਹਨ। ਉਨ੍ਹਾਂ ਨੂੰ ਸਿਰਫ਼ ਚੀਜ਼ਾਂ ਤੋਂ ਹੀ ਖ਼ੁਸ਼ੀ ਨਹੀਂ ਮਿਲਦੀ, ਪਰ ਉਹ ਇਸ ਗੱਲ ਤੋਂ ਵੀ ਖ਼ੁਸ਼ ਹਨ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਤੇ ਦੋਸਤ ਉਨ੍ਹਾਂ ਨੂੰ ਪਿਆਰ ਕਰਦੇ ਹਨ।—ਕਹਾਉਤਾਂ 15:17.

ਬੇਲੋੜਾ ਕਰਜ਼ਾ ਨਾ ਚੁੱਕੋ।

ਬਾਈਬਲ ਦੀ ਇਹ ਗੱਲ ਕਿੰਨੀ ਹੀ ਸੱਚੀ ਹੈ ਕਿ “ਧਨਵਾਨ ਦੀਣਾਂ ਉੱਤੇ ਹੁਕਮ ਚਲਾਉਂਦਾ ਹੈ, ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।” (ਕਹਾਉਤਾਂ 22:7) ਸ਼ਾਇਦ ਕਦੇ ਸਾਨੂੰ ਕਰਜ਼ਾ ਚੁੱਕਣਾ ਪਵੇ, ਪਰ ਸਾਨੂੰ ਬੇਲੋੜਾ ਕਰਜ਼ਾ ਨਹੀਂ ਚੁੱਕਣਾ ਚਾਹੀਦਾ। ਬੇਲੋੜਾ ਕਰਜ਼ਾ ਚੁੱਕਣਾ ਅੱਡੀਆਂ ਚੁੱਕ ਕੇ ਫਾਹਾ ਲੈਣ ਦੇ ਬਰਾਬਰ ਹੈ, ਖ਼ਾਸ ਕਰਕੇ ਉਦੋਂ ਜਦੋਂ ਅਸੀਂ ਕ੍ਰੈਡਿਟ ਕਾਰਡ ਵਰਤਦੇ ਹਾਂ। ਇਕ ਰਸਾਲਾ ਕਹਿੰਦਾ ਹੈ: “ਜਦੋਂ ਹੱਥ ਵਿਚ ਕ੍ਰੈਡਿਟ ਕਾਰਡ ਹੁੰਦਾ ਹੈ, ਤਾਂ ਅਸੀਂ ਬਿਨਾਂ ਸੋਚੇ-ਸਮਝੇ ਪੈਸੇ ਖ਼ਰਚਣ ਲੱਗ ਪੈਂਦੇ ਹਾਂ।” ਫ਼ਿਲਪੀਨ ਵਿਚ ਰਹਿਣ ਵਾਲੇ ਐਰਿਕ ਨੇ ਕਿਹਾ: “ਜਦੋਂ ਮੈਂ ਕ੍ਰੈਡਿਟ ਕਾਰਡ ਵਰਤਦਾ ਹਾਂ, ਤਾਂ ਮੈਂ ਜ਼ਿਆਦਾ ਚੀਜ਼ਾਂ ਖ਼ਰੀਦ ਲੈਂਦਾ ਹਾਂ। ਫਿਰ ਜਦੋਂ ਬਿੱਲ ਭਰਨਾ ਪੈਂਦਾ ਹੈ, ਤਾਂ ਮੇਰੇ ਕੋਲ ਪੈਸੇ ਨਹੀਂ ਬਚਦੇ।” ਕਿੰਨਾ ਜ਼ਰੂਰੀ ਹੈ ਕਿ ਅਸੀਂ ਸੋਚ-ਸਮਝ ਕੇ ਉਧਾਰ ਚੀਜ਼ਾਂ ਖਰੀਦੀਏ।—2 ਰਾਜਿਆਂ 4:1; ਮੱਤੀ 18:25.

ਕੋਈ ਚੀਜ਼ ਖ਼ਰੀਦਣ ਤੋਂ ਪਹਿਲਾਂ ਪੈਸਾ ਜੋੜੋ।

ਭਾਵੇਂ ਕਿ ਇਹ ਪੁਰਾਣੀ ਗੱਲ ਲੱਗੇ, ਪਰ ਕੋਈ ਚੀਜ਼ ਖ਼ਰੀਦਣ ਤੋਂ ਪਹਿਲਾਂ ਪੈਸਾ ਜੋੜਨਾ ਅਕਲਮੰਦੀ ਦੀ ਗੱਲ ਹੈ। ਇਸ ਤਰ੍ਹਾਂ ਅਸੀਂ ਕਰਜ਼ੇ ਹੇਠ ਨਹੀਂ ਆਉਂਦੇ ਨਾਲੇ ਹੋਰ ਮੁਸ਼ਕਲਾਂ ਖੜ੍ਹੀਆਂ ਨਹੀਂ ਹੁੰਦੀਆਂ, ਜਿਵੇਂ ਸਾਨੂੰ ਵਿਆਜ ਨਹੀਂ ਭਰਨਾ ਪੈਂਦਾ ਕਿਉਂਕਿ ਵਿਆਜ ’ਤੇ ਚੀਜ਼ਾਂ ਮਹਿੰਗੀਆਂ ਪੈਂਦੀਆਂ ਹਨ। ਸਾਨੂੰ ਕੀੜੀ ਤੋਂ ਕੁਝ ਸਿੱਖਣਾ ਚਾਹੀਦਾ ਹੈ। ਬਾਈਬਲ ਵਿਚ ਕੀੜੀ ਨੂੰ “ਬੁੱਧਵਾਨ” ਕਿਹਾ ਗਿਆ ਹੈ ਕਿਉਂਕਿ ਇਹ “ਵਾਢੀ ਦੇ ਵੇਲੇ ਆਪਣੀਆਂ ਖਾਣ ਵਾਲੀਆਂ ਵਸਤਾਂ ਇਕੱਠੀਆਂ ਕਰਦੀ ਹੈ।”—ਕਹਾਉਤਾਂ 6:6-8; 30:24, 25.

ਦੂਸਰਿਆਂ ਤੋਂ ਸਿੱਖੋ

ਬਾਈਬਲ ਵਿੱਚੋਂ ਸ਼ਾਇਦ ਸਾਨੂੰ ਇਹ ਸਾਰੀ ਸਲਾਹ ਵਧੀਆ ਲੱਗੇ, ਪਰ ਕੀ ਇਹ ਸੱਚ-ਮੁੱਚ ਲੋਕਾਂ ਦੀ ਮਦਦ ਕਰ ਰਹੀ ਹੈ ਕਿ ਉਹ ਚਾਦਰ ਦੇਖ ਕੇ ਪੈਰ ਪਸਾਰਨ? ਆਓ ਆਪਾਂ ਉਨ੍ਹਾਂ ਲੋਕਾਂ ਦੇ ਤਜਰਬੇ ਦੇਖੀਏ ਜਿਨ੍ਹਾਂ ਨੇ ਇਸ ਸਲਾਹ ’ਤੇ ਚੱਲ ਕੇ ਆਪਣੇ ਪੈਸਿਆਂ ਦੀ ਸਹੀ ਵਰਤੋਂ ਕੀਤੀ ਹੈ।

ਦੀਓਸਦਾਦੋ ਚਾਰ ਬੱਚਿਆਂ ਦਾ ਪਿਤਾ ਹੈ ਤੇ ਉਹ ਮੰਨਦਾ ਹੈ ਕਿ ਹਾਲ ਹੀ ਵਿਚ ਹੋਏ ਮਾਲੀ ਸੰਕਟ ਕਾਰਨ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਫਿਰ ਵੀ ਉਹ ਜਾਣਦਾ ਹੈ ਕਿ ਬਜਟ ਬਣਾਉਣਾ ਕਿੰਨਾ ਜ਼ਰੂਰੀ ਹੈ। ਉਹ ਕਹਿੰਦਾ ਹੈ: “ਮੈਂ ਪੈਸੇ-ਪੈਸੇ ਦਾ ਹਿਸਾਬ ਰੱਖਦਾ ਹਾਂ। ਮੈਨੂੰ ਪਤਾ ਹੁੰਦਾ ਹੈ ਕਿ ਮੈਂ ਕਿੱਥੇ ਪੈਸੇ ਖ਼ਰਚੇ ਹਨ।” ਦਾਨੀਲੋ ਵੀ ਇਸੇ ਤਰ੍ਹਾਂ ਕਰਦਾ ਹੈ। ਉਸ ਨੂੰ ਤੇ ਉਸ ਦੀ ਪਤਨੀ ਨੂੰ ਆਪਣੇ ਛੋਟੇ ਜਿਹੇ ਬਿਜ਼ਨਿਸ ਵਿਚ ਘਾਟਾ ਪਿਆ। ਪਰ ਫਿਰ ਵੀ ਉਹ ਬਜਟ ਬਣਾ ਕੇ ਆਪਣਾ ਗੁਜ਼ਾਰਾ ਤੋਰ ਸਕੇ। ਉਹ ਕਹਿੰਦਾ ਹੈ: “ਸਾਨੂੰ ਪਤਾ ਹੈ ਕਿ ਹਰ ਮਹੀਨੇ ਸਾਡੇ ਕੋਲ ਕਿੰਨੇ ਪੈਸੇ ਆਉਂਦੇ ਹਨ ਤੇ ਕਿੰਨੇ ਖ਼ਰਚ ਹੁੰਦੇ ਹਨ। ਇਸ ਨੂੰ ਮਨ ਵਿਚ ਰੱਖਦੇ ਹੋਏ ਅਸੀਂ ਇਸ ਬਾਰੇ ਗੱਲ ਕਰਦੇ ਹਾਂ ਕਿ ਅਸੀਂ ਕਿੰਨੇ ਪੈਸੇ ਖ਼ਰਚ ਸਕਦੇ ਹਾਂ।”

ਗੁਜ਼ਾਰਾ ਤੋਰਨ ਲਈ ਕਈਆਂ ਨੂੰ ਖ਼ਰਚੇ ਘਟਾਉਣ ਲਈ ਕਦਮ ਚੁੱਕਣੇ ਪਏ ਹਨ। ਮੇਰਨਾ ਨਾਂ ਦੀ ਵਿਧਵਾ ਤਿੰਨ ਬੱਚਿਆਂ ਦੀ ਮਾਂ ਹੈ। ਉਹ ਕਹਿੰਦੀ ਹੈ: “ਮੀਟਿੰਗਾਂ ਵਿਚ ਬੱਸ ਵਗੈਰਾ ਵਿਚ ਜਾਣ ਦੀ ਬਜਾਇ ਮੈਂ ਤੇ ਮੇਰੇ ਬੱਚੇ ਤੁਰ ਕੇ ਜਾਂਦੇ ਹਾਂ।” ਮੇਰਨਾ ਨੇ ਆਪਣੇ ਬੱਚਿਆਂ ਨੂੰ ਸਾਦੀ ਜ਼ਿੰਦਗੀ ਜੀਣ ਦੇ ਫ਼ਾਇਦਿਆਂ ਬਾਰੇ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਕਹਿੰਦੀ ਹੈ: “ਮੈਂ 1 ਤਿਮੋਥਿਉਸ 6:8-10 ਵਿਚ ਦਿੱਤੀ ਸਲਾਹ ਲਾਗੂ ਕਰ ਕੇ ਚੰਗੀ ਮਿਸਾਲ ਬਣਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਆਇਤਾਂ ਵਿਚ ਦੱਸਿਆ ਗਿਆ ਹੈ ਕਿ ਜੋ ਸਾਡੇ ਕੋਲ ਹੈ ਉਸੇ ਵਿਚ ਸਾਨੂੰ ਖ਼ੁਸ਼ ਰਹਿਣਾ ਚਾਹੀਦਾ ਹੈ।”

ਦੋ ਬੱਚਿਆਂ ਦੇ ਪਿਤਾ ਜੈਰਲਡ ਨੇ ਵੀ ਇਸੇ ਤਰ੍ਹਾਂ ਕੀਤਾ। ਉਹ ਕਹਿੰਦਾ ਹੈ: “ਪਰਿਵਾਰਕ ਸਟੱਡੀ ਦੌਰਾਨ ਅਸੀਂ ਉਨ੍ਹਾਂ ਮਸੀਹੀਆਂ ਦੇ ਤਜਰਬਿਆਂ ’ਤੇ ਧਿਆਨ ਲਾਉਂਦੇ ਹਾਂ ਜੋ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦਿੰਦੇ ਹਨ। ਇਸ ਦੇ ਨਤੀਜੇ ਵਧੀਆ ਨਿਕਲੇ ਹਨ ਕਿਉਂਕਿ ਸਾਡੇ ਬੱਚੇ ਉਨ੍ਹਾਂ ਚੀਜ਼ਾਂ ਲਈ ਜ਼ਿੱਦ ਨਹੀਂ ਕਰਦੇ ਜੋ ਜ਼ਰੂਰੀ ਨਹੀਂ ਹਨ।”

ਜੈਨਟ ਕੁਆਰੀ ਹੈ ਤੇ ਫ਼ਿਲਪੀਨ ਵਿਚ ਫੁੱਲ-ਟਾਈਮ ਵਲੰਟੀਅਰ ਵਜੋਂ ਲੋਕਾਂ ਨੂੰ ਬਾਈਬਲ ਬਾਰੇ ਸਿਖਾਉਂਦੀ ਹੈ। ਹਾਲ ਹੀ ਵਿਚ ਉਸ ਦੀ ਨੌਕਰੀ ਛੁੱਟ ਗਈ, ਪਰ ਫਿਰ ਵੀ ਉਹ ਆਪਣਾ ਗੁਜ਼ਾਰਾ ਤੋਰਦੀ ਹੈ। ਉਹ ਕਹਿੰਦੀ ਹੈ: “ਮੈਂ ਸੋਚ-ਸਮਝ ਕੇ ਪੈਸੇ ਖ਼ਰਚਦੀ ਹਾਂ। ਮੈਂ ਵੱਡੀਆਂ-ਵੱਡੀਆਂ ਦੁਕਾਨਾਂ ’ਤੇ ਜਾਣ ਦੀ ਬਜਾਇ ਉਨ੍ਹਾਂ ਦੁਕਾਨਾਂ ’ਤੇ ਜਾਂਦੀ ਹਾਂ ਜਿੱਥੇ ਮੈਨੂੰ ਚੀਜ਼ ਸਸਤੀ ਮਿਲ ਜਾਂਦੀ ਹੈ। ਮੈਂ ਫਜ਼ੂਲ ਖ਼ਰਚਾ ਨਹੀਂ ਕਰਦੀ। ਮੈਂ ਸਿਰਫ਼ ਉਹੀ ਚੀਜ਼ ਖ਼ਰੀਦਦੀ ਹਾਂ ਜਿਸ ਦੀ ਮੈਨੂੰ ਲੋੜ ਹੈ।” ਜੈਨਟ ਜਾਣਦੀ ਹੈ ਕਿ ਪੈਸਾ ਜੋੜਨਾ ਬੁੱਧੀਮਾਨੀ ਦੀ ਗੱਲ ਹੈ। ਉਹ ਕਹਿੰਦੀ ਹੈ: “ਜਿੰਨੇ ਪੈਸੇ ਬਚ ਜਾਣ ਮੈਂ ਉਨ੍ਹਾਂ ਨੂੰ ਸੰਭਾਲ ਕੇ ਰੱਖ ਲੈਂਦੀ ਹਾਂ ਤਾਂਕਿ ਲੋੜ ਪੈਣ ਤੇ ਉਨ੍ਹਾਂ ਨੂੰ ਖ਼ਰਚ ਸਕਾਂ।”

ਕ੍ਰੈਡਿਟ ਕਾਰਡ ਬਾਰੇ ਐਰਿਕ ਕਹਿੰਦਾ ਹੈ: “ਮੈਂ ਕ੍ਰੈਡਿਟ ਕਾਰਡ ਵਰਤਣ ਸੰਬੰਧੀ ਆਪਣੇ ਆਪ ’ਤੇ ਕਾਬੂ ਰੱਖਦਾ ਹਾਂ ਤੇ ਸਿਰਫ਼ ਜ਼ਰੂਰਤ ਪੈਣ ’ਤੇ ਹੀ ਇਸ ਨੂੰ ਵਰਤਦਾ ਹਾਂ।” ਦੀਓਸਦਾਦੋ ਵੀ ਇਸ ਗੱਲ ਨਾਲ ਸਹਿਮਤ ਹੈ। ਉਹ ਕਹਿੰਦਾ ਹੈ: “ਆਪਣੇ ਆਪ ’ਤੇ ਕੰਟ੍ਰੋਲ ਰੱਖਣ ਲਈ ਮੈਂ ਅਕਸਰ ਆਪਣਾ ਕ੍ਰੈਡਿਟ ਕਾਰਡ ਆਫ਼ਿਸ ਵਿਚ ਹੀ ਛੱਡ ਆਉਂਦਾ ਹਾਂ।”

ਤੁਸੀਂ ਚਾਦਰ ਦੇਖ ਕੇ ਪੈਰ ਪਸਾਰ ਸਕਦੇ ਹੋ

ਇਹ ਸੱਚ ਹੈ ਕਿ ਬਾਈਬਲ ਸਾਨੂੰ ਅਜਿਹੇ ਫ਼ੈਸਲੇ ਕਰਨ ਵਿਚ ਮਦਦ ਕਰਦੀ ਹੈ ਜਿਸ ਨਾਲ ਅਸੀਂ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹਾਂ। ਪਰ ਇਸ ਦੀ ਸਲਾਹ ਉੱਤੇ ਚੱਲ ਕੇ ਸਾਨੂੰ ਹੋਰਨਾਂ ਤਰੀਕਿਆਂ ਨਾਲ ਵੀ ਫ਼ਾਇਦਾ ਹੁੰਦਾ ਹੈ। (ਕਹਾਉਤਾਂ 2:6; ਮੱਤੀ 6:25-34) ਇਸ ਲੇਖ ਵਿਚ ਦੱਸੇ ਗਏ ਬਾਈਬਲ ਦੇ ਅਸੂਲ ਲਾਗੂ ਕਰ ਕੇ ਤੇ ਦੂਸਰਿਆਂ ਦੀ ਮਿਸਾਲ ਤੋਂ ਸਿੱਖ ਕੇ ਅਸੀਂ ਵੀ ਚਾਦਰ ਦੇਖ ਕੇ ਪੈਰ ਪਸਾਰ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਤੁਸੀਂ ਉਨ੍ਹਾਂ ਦੁੱਖਾਂ ਤੇ ਪਰੇਸ਼ਾਨੀਆਂ ਤੋਂ ਬਚ ਸਕੋਗੇ ਜੋ ਲੱਖਾਂ ਲੋਕਾਂ ’ਤੇ ਆਉਂਦੀਆਂ ਹਨ। (w11-E 06/01)