Skip to content

Skip to table of contents

ਕੀ ਬਾਈਬਲ ਮੁਤਾਬਕ ਜੂਆ ਖੇਡਣਾ ਗ਼ਲਤ ਹੈ?

ਕੀ ਬਾਈਬਲ ਮੁਤਾਬਕ ਜੂਆ ਖੇਡਣਾ ਗ਼ਲਤ ਹੈ?

ਕੀ ਬਾਈਬਲ ਮੁਤਾਬਕ ਜੂਆ ਖੇਡਣਾ ਗ਼ਲਤ ਹੈ?

ਫ਼ਿਲਮਾਂ ਅਤੇ ਟੀ.ਵੀ. ਉੱਤੇ ਜੂਏਖਾਨਿਆਂ ਵਿਚ ਲੋਕਾਂ ਨੂੰ ਜੂਆ ਖੇਡਦੇ ਆਮ ਦਿਖਾਇਆ ਜਾਂਦਾ ਹੈ। ਇਨ੍ਹਾਂ ਫ਼ਿਲਮਾਂ ਅਨੁਸਾਰ ਸਿਰਫ਼ ਸੋਹਣੇ, ਅਮੀਰ ਤੇ ਟੌਹਰੀ ਲੋਕ ਜੂਏ ਦਾ ਮਜ਼ਾ ਲੈਂਦੇ ਹਨ। ਪਰ ਦੇਖਣ ਵਾਲਿਆਂ ਨੂੰ ਪਤਾ ਹੈ ਕਿ ਇਹ ਅਸਲੀਅਤ ਨਹੀਂ ਹੈ।

ਅੱਜ ਦੀ ਦੁਨੀਆਂ ਵਿਚ ਜੂਏਖਾਨੇ ਤੋਂ ਇਲਾਵਾ ਲਾਟਰੀ ਟਿਕਟਾਂ, ਖੇਡਾਂ ਦੀ ਸੱਟੇਬਾਜ਼ੀ ਤੇ ਆਨ ਲਾਈਨ ਜੂਆ ਖੇਡਣਾ ਆਮ ਗੱਲ ਹੈ। ਇੰਟਰਨੈੱਟ ਗੈਂਬਲਿੰਗ ਨਾਂ ਦੀ ਇਕ ਕਿਤਾਬ ਕਹਿੰਦੀ ਹੈ ਕਿ “ਦੁਨੀਆਂ ਭਰ ਵਿਚ ਜੂਆ ਅੱਗ ਵਾਂਗ ਫੈਲੀ ਇਕ ਬੁਰਾਈ ਹੈ।” ਮਿਸਾਲ ਲਈ, ਪੋਕਰ ਨਾਂ ਦੀ ਤਾਸ਼ ਦੀ ਇਕ ਖੇਡ ਟੀ.ਵੀ. ਅਤੇ ਇੰਟਰਨੈੱਟ ਉੱਤੇ ਬਹੁਤ ਫੈਲੀ ਹੋਈ ਹੈ। ਇਕ ਅਖ਼ਬਾਰ ਅਨੁਸਾਰ ਕੁਝ ਮਾਹਰਾਂ ਨੇ ਅੰਦਾਜ਼ਾ ਲਾਇਆ ਹੈ ਕਿ ਅਮਰੀਕਾ ਵਿਚ ਹਾਲ ਹੀ ਦੇ 18 ਮਹੀਨਿਆਂ ਦੌਰਾਨ ਪੋਕਰ ਖੇਡਣ ਵਾਲਿਆਂ ਦੀ ਗਿਣਤੀ ਦੁਗਣੀ ਹੋਈ ਹੈ।

ਜੂਆ ਖੇਡਣਾ ਉਹ ਹੈ ਜਦੋਂ ਕੋਈ ਦਾਅ ਉੱਤੇ ਪੈਸੇ ਲਾਉਂਦਾ ਹੈ, ਪਰ ਉਸ ਨੂੰ ਇਹ ਨਹੀਂ ਪਤਾ ਕਿ ਉਸ ਦੇ ਪੈਸਿਆਂ ਨਾਲ ਕੀ ਹੋਵੇਗਾ। ਉਹ ਜਾਂ ਤਾਂ ਬਹੁਤ ਸਾਰੇ ਪੈਸੇ ਜਿੱਤ ਸਕਦਾ ਹੈ ਜਾਂ ਆਪਣੇ ਸਾਰੇ ਪੈਸੇ ਗੁਆ ਸਕਦਾ ਹੈ। ਕਈਆਂ ਦਾ ਕਹਿਣਾ ਹੈ ਕਿ ਜਦੋਂ ਤਕ ਪੈਸੇ ਜੁਆਰੀ ਦੇ ਹਨ ਅਤੇ ਉਹ ਜੂਆ ਖੇਡਣ ਦਾ ਆਦੀ ਨਹੀਂ ਹੋ ਜਾਂਦਾ ਉਦੋਂ ਤਕ ਜੂਆ ਖੇਡਣਾ ਗ਼ਲਤ ਨਹੀਂ ਹੈ। ਨਿਊ ਕੈਥੋਲਿਕ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ “ਜੂਆ ਖੇਡਣਾ ਉਦੋਂ ਪਾਪ ਹੁੰਦਾ ਹੈ ਜਦੋਂ ਇਕ ਇਨਸਾਨ ਆਪਣੀਆਂ ਜ਼ਿੰਮੇਵਾਰੀਆਂ ਚੁੱਕਣ ਤੋਂ ਕੰਨੀ ਕਤਰਾਉਂਦਾ ਹੈ।” ਪਰ ਬਾਈਬਲ ਇਸ ਗੱਲ ਨਾਲ ਸਹਿਮਤ ਨਹੀਂ ਹੈ। ਤਾਂ ਫਿਰ ਮਸੀਹੀਆਂ ਦਾ ਜੂਏ ਬਾਰੇ ਕੀ ਨਜ਼ਰੀਆ ਹੋਣਾ ਚਾਹੀਦਾ ਹੈ? ਕੀ ਬਾਈਬਲ ਮੁਤਾਬਕ ਜੂਆ ਖੇਡਣਾ ਠੀਕ ਹੈ ਜਾਂ ਗ਼ਲਤ?

ਇਸ ਗੱਲ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ ਕਿ ਬਾਈਬਲ ਵਿਚ ਜੂਏ ਦਾ ਜ਼ਿਕਰ ਨਹੀਂ ਕੀਤਾ ਗਿਆ। ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਪਤਾ ਹੀ ਨਹੀਂ ਹੈ ਕਿ ਇਸ ਮਾਮਲੇ ਬਾਰੇ ਸਾਨੂੰ ਕੀ ਕਰਨਾ ਚਾਹੀਦਾ ਹੈ। ਹਰ ਗੱਲ ਬਾਰੇ ਹੁਕਮ ਦੇਣ ਦੀ ਬਜਾਇ ਬਾਈਬਲ ਸਾਨੂੰ ਸਲਾਹ ਦਿੰਦੀ ਹੈ ਕਿ “ਸਮਝੋ ਭਈ ਪ੍ਰਭੁ ਦੀ ਕੀ ਇੱਛਿਆ ਹੈ।” (ਅਫ਼ਸੀਆਂ 5:17) ਇਕ ਮਸੀਹੀ ਇਸ ਵਿਸ਼ੇ ’ਤੇ ਪਰਮੇਸ਼ੁਰ ਦੀ ਇੱਛਾ ਜਾਣ ਸਕਦਾ ਹੈ ਜੇ ਉਹ ਜੂਏ ਨਾਲ ਸੰਬੰਧਿਤ ਬਾਈਬਲ ਦੇ ਅਸੂਲਾਂ ਉੱਤੇ ਸੋਚ-ਵਿਚਾਰ ਕਰੇ। ਹੇਠਾਂ ਦਿੱਤੇ ਹਵਾਲਿਆਂ ਨੂੰ ਪੜ੍ਹਦਿਆਂ ਤੁਸੀਂ ਆਪਣੇ ਆਪ ਨੂੰ ਪੁੱਛ ਸਕਦੇ ਹੋ: ‘ਕੀ ਇਹ ਹਵਾਲਾ ਜੂਏ ਦੇ ਪੱਖ ਵਿਚ ਹੈ? ਜੂਏ ਬਾਰੇ ਬਾਈਬਲ ਪਰਮੇਸ਼ੁਰ ਦੀ ਇੱਛਾ ਬਾਰੇ ਕੀ ਦੱਸਦੀ ਹੈ?’

ਕਿਸਮਤ ਦੀ ਖੇਡ

ਜੁਆਰੀਆਂ ਲਈ ਇਹ ਕਿਸਮਤ ਦੀ ਖੇਡ ਹੈ ਕਿਉਂਕਿ ਖੇਡ ਦੇ ਨਤੀਜਿਆਂ ਉੱਤੇ ਉਨ੍ਹਾਂ ਦਾ ਕੋਈ ਕੰਟ੍ਰੋਲ ਨਹੀਂ। ਜਿੱਥੇ ਪੈਸਿਆਂ ਉੱਤੇ ਦਾਅ ਲਾਉਣ ਦੀ ਗੱਲ ਆਉਂਦੀ ਹੈ ਉਹ ਮੰਨਦੇ ਹਨ ਕਿ ਇਹ ਸਭ ਕਿਸਮਤ ਦੇ ਹੱਥ ਵਿਚ ਹੈ। ਮਿਸਾਲ ਲਈ, ਲਾਟਰੀ ਟਿਕਟਾਂ ਖ਼ਰੀਦਣ ਸਮੇਂ ਲੋਕ ਆਪਣਾ ਲੱਕੀ ਨੰਬਰ ਚੁਣਦੇ ਹਨ, ਚੀਨੀਆਂ ਦੀ ਮਾਸ਼ੋਂਗ ਖੇਡ ਦੇ ਖਿਡਾਰੀ ਵਹਿਮ ਕਰਕੇ ਕਈ ਸ਼ਬਦ ਬੋਲਦੇ ਹੀ ਨਹੀਂ ਅਤੇ ਡਾਇਸ ਸੁੱਟਣ ਤੋਂ ਪਹਿਲਾਂ ਖਿਡਾਰੀ ਉਸ ਉੱਤੇ ਫੂਕ ਮਾਰਦੇ ਹਨ। ਉਹ ਇੱਦਾਂ ਕਿਉਂ ਕਰਦੇ ਹਨ? ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਕਿਸਮਤ ਖੁੱਲ੍ਹ ਜਾਵੇਗੀ।

ਕੀ ਕਿਸਮਤ ਨੂੰ ਮੰਨਣ ਵਿਚ ਕੋਈ ਹਰਜ਼ ਹੈ? ਕੁਝ ਇਸਰਾਏਲੀ ਲੋਕ ਇਸ ਤਰ੍ਹਾਂ ਸੋਚਦੇ ਸਨ। ਉਹ ਮੰਨਦੇ ਸਨ ਕਿ ਕਿਸਮਤ ਉਨ੍ਹਾਂ ਲਈ ਖ਼ੁਸ਼ਹਾਲੀ ਲਿਆਵੇਗੀ। ਯਹੋਵਾਹ ਪਰਮੇਸ਼ੁਰ ਨੇ ਇਸ ਬਾਰੇ ਕਿਵੇਂ ਸੋਚਿਆ? ਆਪਣੇ ਨਬੀ ਯਸਾਯਾਹ ਦੇ ਰਾਹੀਂ, ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦੱਸਿਆ, “ਤੁਸੀਂ ਜੋ ਯਹੋਵਾਹ ਨੂੰ ਤਿਆਗਦੇ ਹੋ, ਜੋ ਮੇਰੇ ਪਵਿੱਤ੍ਰ ਪਰਬਤ ਨੂੰ ਭੁਲਾਉਂਦੇ ਹੋ, ਜੋ ਲਛਮੀ ਦੇਵੀ ਲਈ ਮੇਜ਼ ਸੁਆਰਦੇ ਹੋ, ਅਤੇ ਪਰਾਲਭਦ ਦੀ ਦੇਵੀ ਲਈ ਰਲਵੀਂ ਮਧ ਭਰਦੇ ਹੋ।” (ਯਸਾਯਾਹ 65:11) ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕਿਸਮਤ ਵਿਚ ਵਿਸ਼ਵਾਸ ਕਰਨਾ ਮੂਰਤੀ-ਪੂਜਾ ਦੇ ਬਰਾਬਰ ਹੈ ਅਤੇ ਇਹ ਸੱਚੀ ਭਗਤੀ ਦੇ ਉਲਟ ਹੈ। ਲੋਕ ਦਿਖਾਉਂਦੇ ਹਨ ਕਿ ਸੱਚੇ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਦੀ ਬਜਾਇ ਉਹ ਕਿਸੇ ਕਾਲਪਨਿਕ ਸ਼ਕਤੀ ’ਤੇ ਭਰੋਸਾ ਰੱਖਦੇ ਹਨ। ਪਰਮੇਸ਼ੁਰ ਦੇ ਖ਼ਿਆਲ ਇਸ ਬਾਰੇ ਬਦਲੇ ਨਹੀਂ ਹਨ।

ਇਨਾਮ ਕਿਵੇਂ ਜਿੱਤੇ ਜਾਂਦੇ ਹਨ

ਭਾਵੇਂ ਕੋਈ ਇੰਟਰਨੈੱਟ ’ਤੇ ਜੂਆ ਖੇਡੇ, ਲਾਟਰੀ ਟਿਕਟ ਖ਼ਰੀਦੇ, ਖੇਡਾਂ ਵਿਚ ਸੱਟੇਬਾਜ਼ੀ ਕਰੇ ਜਾਂ ਜੂਏਖ਼ਾਨੇ ਵਿਚ ਜੂਆ ਖੇਡੇ, ਉਹ ਇਸ ਉੱਤੇ ਗੌਰ ਨਹੀਂ ਕਰਦਾ ਕਿ ਜਿਹੜਾ ਪੈਸਾ ਉਹ ਜਿੱਤੇਗਾ ਉਹ ਕਿੱਥੋਂ ਆਉਣਾ ਹੈ। ਜੁਆਰੀ ਉਹੀ ਪੈਸਾ ਜਿੱਤਦੇ ਹਨ ਜੋ ਦੂਜੇ ਖਿਡਾਰੀ ਹਾਰਦੇ ਹਨ। ਕੈਨੇਡਾ ਦਾ ਸਿਹਤ ਸੰਬੰਧੀ ਇਕ ਵਿਭਾਗ ਕਹਿੰਦਾ ਹੈ, “ਲਾਟਰੀ ਜਿੱਤ ਕੇ ਲੱਖਾਂਪਤੀ ਬਣਨ ਵਾਲੇ ਇਕ ਇਨਸਾਨ ਦੇ ਬਦਲੇ ਲੱਖਾਂ ਹੀ ਲੋਕ ਆਪਣੇ ਪੈਸੇ ਗੁਆ ਦਿੰਦੇ ਹਨ।” ਬਾਈਬਲ ਦੇ ਕਿਹੜੇ ਅਸੂਲ ਮਸੀਹੀਆਂ ਦੀ ਇਹ ਸਮਝਣ ਵਿਚ ਮਦਦ ਕਰ ਸਕਦੇ ਹਨ ਕਿ ਪਰਮੇਸ਼ੁਰ ਦਾ ਇਸ ਬਾਰੇ ਕੀ ਨਜ਼ਰੀਆ ਹੈ?

ਇਸਰਾਏਲੀਆਂ ਨੂੰ ਦਸਾਂ ਹੁਕਮਾਂ ਵਿੱਚੋਂ ਦਿੱਤਾ ਅਖ਼ੀਰਲਾ ਹੁਕਮ ਇਹ ਸੀ: ‘ਤੂੰ ਆਪਣੇ ਗਵਾਂਢੀ ਦੀ ਤੀਵੀਂ ਦਾ ਲਾਲਸਾ ਨਾ ਕਰ, ਨਾ ਉਸ ਦੇ ਗੋੱਲੇ ਦਾ, ਨਾ ਉਸ ਦੀ ਗੋੱਲੀ ਦਾ, ਨਾ ਉਸ ਦੇ ਬਲਦ ਦਾ, ਨਾ ਉਸ ਦੇ ਗਧੇ ਦਾ, ਨਾ ਕਿਸੇ ਚੀਜ ਦਾ ਜਿਹੜੀ ਤੇਰੇ ਗਵਾਂਢੀ ਦੀ ਹੈ।’ (ਕੂਚ 20:17) ਆਪਣੇ ਗੁਆਂਢੀ ਦੀਆਂ ਚੀਜ਼ਾਂ ਜਾਂ ਉਸ ਦੇ ਧਨ-ਦੌਲਤ ਦਾ ਲਾਲਚ ਕਰਨਾ ਇਕ ਗੰਭੀਰ ਪਾਪ ਸੀ ਜੋ ਉਸ ਦੀ ਤੀਵੀਂ ਦੀ ਲਾਲਸਾ ਕਰਨ ਦੇ ਬਰਾਬਰ ਸੀ। ਸਦੀਆਂ ਬਾਅਦ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਦੁਬਾਰਾ ਇਹ ਹੁਕਮ ਯਾਦ ਕਰਾਇਆ: ‘ਲੋਭ ਨਾ ਕਰੋ।’ (ਰੋਮੀਆਂ 7:7) ਜੇ ਕੋਈ ਮਸੀਹੀ ਉਹ ਜਿੱਤਣ ਦੀ ਕੋਸ਼ਿਸ਼ ਕਰਦਾ ਹੈ ਜੋ ਹੋਰ ਇਨਸਾਨ ਗੁਆਉਂਦਾ ਹੈ, ਤਾਂ ਕੀ ਉਹ ਲਾਲਚ ਨਹੀਂ ਕਰ ਰਿਹਾ?

ਇਕ ਲੇਖਕ ਕਹਿੰਦਾ ਹੈ: “ਚਾਹੇ ਜੁਆਰੀ ਇਸ ਗੱਲ ਨੂੰ ਮੰਨਣ ਜਾਂ ਨਾ ਮੰਨਣ, ਪਰ ਉਨ੍ਹਾਂ ਦਾ ਇੱਕੋ ਹੀ ਸੁਪਨਾ ਹੁੰਦਾ ਹੈ ਕਿ ਜੋ ਵੀ ਪੈਸਾ ਉਨ੍ਹਾਂ ਨੇ ਦਾਅ ’ਤੇ ਲਾਇਆ ਹੈ, ਭਾਵੇਂ ਉਹ ਥੋੜ੍ਹੇ ਹੀ ਪੈਸੇ ਕਿਉਂ ਨਾ ਹੋਣ, ਉਹ ਲੱਖਾਂ-ਕਰੋੜਾਂ ਵਿਚ ਖੇਡਣ।” ਉਹ ਇਹ ਖ਼ਾਬ ਦੇਖਦੇ ਹਨ ਕਿ ਬਿਨਾਂ ਹੱਥ ਹਿਲਾਏ ਉਹ ਰਾਤੋ-ਰਾਤ ਅਮੀਰ ਬਣ ਜਾਣ। ਪਰ ਇਹ ਬਾਈਬਲ ਦੀ ਸਲਾਹ ਦੇ ਖ਼ਿਲਾਫ਼ ਹੈ ਕਿ ਇਕ ਮਸੀਹੀ “ਆਪਣੇ ਹੱਥੀਂ ਮਿਹਨਤ ਕਰ ਕੇ ਭਲਾ ਕੰਮ ਕਰੇ ਭਈ ਜਿਹ ਨੂੰ ਲੋੜ ਹੈ ਉਹ ਨੂੰ ਵੰਡ ਦੇਣ ਲਈ ਕੁਝ ਉਹ ਦੇ ਕੋਲ ਹੋਵੇ।” (ਅਫ਼ਸੀਆਂ 4:28) ਪੌਲੁਸ ਰਸੂਲ ਨੇ ਸਾਫ਼-ਸਾਫ਼ ਕਿਹਾ: “ਜੇ ਕੋਈ ਕੰਮ ਧੰਦਾ ਕਰਨੋਂ ਨੱਕ ਵੱਟਦਾ ਹੈ ਤਾਂ ਰੋਟੀ ਵੀ ਨਾ ਖਾਵੇ।” (2 ਥੱਸਲੁਨੀਕੀਆਂ 3:10, 12) ਪਰ ਕੀ ਜੂਆ ਖੇਡਣਾ ਕੰਮ-ਧੰਦਾ ਸਮਝਿਆ ਜਾ ਸਕਦਾ ਹੈ?

ਜੂਆ ਖੇਡ ਕੇ ਪੈਸਾ ਜਿੱਤਿਆ ਜਾਂਦਾ ਹੈ ਨਾ ਕਿ ਕੋਈ ਕੰਮ ਕਰ ਕੇ ਕਮਾਇਆ ਜਾਂਦਾ ਹੈ। ਜੂਏ ਵਿਚ ਪੈਸਾ ਦਾਅ ’ਤੇ ਲਾਇਆ ਜਾਂਦਾ ਹੈ, ਜਿੱਤਣਾ ਇਤਫ਼ਾਕ ਦੀ ਗੱਲ ਹੁੰਦੀ ਹੈ ਅਤੇ ਜੁਆਰੀ ਇਹੀ ਉਮੀਦ ਰੱਖਦਾ ਹੈ ਕਿ ਇਕ ਦਿਨ ਉਸ ਦੇ ਹੱਥ ਬਹੁਤ ਸਾਰੇ ਪੈਸੇ ਲੱਗਣਗੇ। ਉਹ ਇਹੀ ਚਾਹੁੰਦਾ ਹੈ ਕਿ ਉਸ ਨੂੰ ਬਿਨਾਂ ਕੁਝ ਕੀਤਿਆਂ ਸਾਰਾ ਕੁਝ ਮਿਲ ਜਾਵੇ। ਇਸ ਦੇ ਉਲਟ, ਮਸੀਹੀਆਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਉਹ ਈਮਾਨਦਾਰੀ ਨਾਲ ਪੈਸਾ ਕਮਾਉਣ। ਰਾਜੇ ਸੁਲੇਮਾਨ ਨੇ ਲਿਖਿਆ: “ਮਨੁੱਖ ਦੇ ਲਈ ਇਸ ਨਾਲੋਂ ਹੋਰ ਕੁਝ ਚੰਗਾ ਨਹੀਂ ਜੋ ਖਾਵੇ ਪੀਵੇ ਅਤੇ ਆਪਣੇ ਸਾਰੇ ਧੰਦੇ ਦੇ ਵਿੱਚ ਆਪਣਾ ਜੀ ਪਰਚਾਵੇ।” ਉਸ ਨੇ ਅੱਗੇ ਕਿਹਾ: “ਇਹ ਵੀ ਪਰਮੇਸ਼ੁਰ ਦੇ ਹੱਥੋਂ ਹੈ।” (ਉਪਦੇਸ਼ਕ ਦੀ ਪੋਥੀ 2:24) ਪਰਮੇਸ਼ੁਰ ਦੇ ਸੇਵਕ ਸੁਪਨਿਆਂ ਦੀ ਦੁਨੀਆਂ ਵਿਚ ਨਹੀਂ ਰਹਿੰਦੇ, ਪਰ ਪਰਮੇਸ਼ੁਰ ਦੀ ਬਰਕਤ ਚਾਹੁੰਦੇ ਹਨ।

“ਫਾਹੀ” ਜਿਸ ਤੋਂ ਬਚਣਾ ਚਾਹੀਦਾ ਹੈ

ਭਾਵੇਂ ਜੂਆ ਖੇਡ ਕੇ ਪੈਸਾ ਜਿੱਤਿਆ ਵੀ ਜਾਵੇ, ਜੁਆਰੀ ਨੂੰ ਸਿਰਫ਼ ਆਪਣੀ ਜਿੱਤ ਕਰਕੇ ਖ਼ੁਸ਼ੀ ਨਹੀਂ ਹੋਣੀ ਚਾਹੀਦੀ, ਸਗੋਂ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਖ਼ੀਰ ਵਿਚ ਜੂਆ ਖੇਡਣ ਦੇ ਕੀ ਨਤੀਜੇ ਹੋਣਗੇ। ਬਾਈਬਲ ਕਹਿੰਦੀ ਹੈ: “ਬਿਨਾਂ ਮਿਹਨਤ ਕੀਤਿਆਂ ਪ੍ਰਾਪਤ ਕੀਤਾ ਧਨ, ਅੰਤ ਵਿਚ ਅਸੀਸਤ ਨਹੀਂ ਹੁੰਦਾ ਹੈ।” (ਕਹਾਉਤਾਂ 20:21, CL) ਬਹੁਤ ਸਾਰੇ ਲਾਟਰੀ ਜਿੱਤਣ ਵਾਲੇ ਤੇ ਜੁਆਰੀ ਇਹ ਦੇਖ ਕੇ ਉਦਾਸ ਹੋਏ ਹਨ ਕਿ ਜੋ ਧਨ ਉਨ੍ਹਾਂ ਨੇ ਜਿੱਤਿਆ ਉਸ ਨਾਲ ਉਨ੍ਹਾਂ ਨੂੰ ਕੋਈ ਖ਼ੁਸ਼ੀ ਨਹੀਂ ਮਿਲੀ। ਕਿੰਨਾ ਚੰਗਾ ਹੈ ਕਿ ਅਸੀਂ ਬਾਈਬਲ ਦੀ ਇਸ ਸਲਾਹ ਉੱਤੇ ਧਿਆਨ ਦੇਈਏ ਕਿ ਅਸੀਂ ‘ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖੀਏ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਤਰਾਤਰੀ ਦਿੰਦਾ ਹੈ।’—1 ਤਿਮੋਥਿਉਸ 6:17.

ਜਿੱਤਣ ਅਤੇ ਹਾਰਨ ਤੋਂ ਛੁੱਟ ਜੂਏ ਦਾ ਇਕ ਹੋਰ ਭੈੜਾ ਪਾਸਾ ਹੈ। ਬਾਈਬਲ ਕਹਿੰਦੀ ਹੈ: “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ।” (1 ਤਿਮੋਥਿਉਸ 6:9) ਫਾਹੀ ਸ਼ਿਕਾਰ ਨੂੰ ਫਸਾਉਣ ਲਈ ਬਣਾਈ ਜਾਂਦੀ ਹੈ। ਅਣਗਿਣਤ ਲੋਕਾਂ ਨੇ ਪਹਿਲਾਂ-ਪਹਿਲ ਜੂਏ ਵਿਚ ਥੋੜ੍ਹੇ ਜਿਹੇ ਪੈਸੇ ਦਾਅ ਤੇ ਲਾਉਣ ਦਾ ਇਰਾਦਾ ਕੀਤਾ ਜਾਂ ਕੁਝ ਸਮੇਂ ਲਈ ਜੂਏ ਵਿਚ ਆਪਣੀ ਕਿਸਮਤ ਅਜ਼ਮਾਉਣੀ ਚਾਹੀ, ਪਰ ਇਹ ਲੋਕ ਜੂਆ ਖੇਡਣ ਵਿਚ ਇਸ ਤਰ੍ਹਾਂ ਫਸੇ ਕਿ ਕਦੀ ਵੀ ਇਸ ਵਿੱਚੋਂ ਨਿੱਕਲ ਨਹੀਂ ਸਕੇ। ਜੂਏ ਨੇ ਇਨ੍ਹਾਂ ਦੇ ਕੰਮ-ਧੰਦੇ ਨੂੰ ਬਰਬਾਦ ਕਰ ਦਿੱਤਾ, ਇਨ੍ਹਾਂ ਦੇ ਪਿਆਰਿਆਂ ਨੂੰ ਦੁੱਖ ਪਹੁੰਚਾਇਆ ਤੇ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ।

ਜੂਏ ਸੰਬੰਧੀ ਹਵਾਲਿਆਂ ਉੱਤੇ ਸੋਚ-ਵਿਚਾਰ ਕਰਨ ਤੋਂ ਬਾਅਦ ਕੀ ਤੁਸੀਂ ਜਾਣ ਗਏ ਹੋ ਕਿ ਇਸ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ? ਪੌਲੁਸ ਰਸੂਲ ਨੇ ਮਸੀਹੀਆਂ ਨੂੰ ਕਿਹਾ: “ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” (ਰੋਮੀਆਂ 12:2) ਮਸੀਹੀਆਂ ਨੂੰ ਪਰਮੇਸ਼ੁਰ ਦੀ ਇੱਛਾ ਅਨੁਸਾਰ ਚੱਲਣਾ ਚਾਹੀਦਾ ਹੈ, ਪਰ ਲੋਕ ਇੱਦਾਂ ਨਹੀਂ ਕਰਦੇ। ਖ਼ੁਸ਼ਦਿਲ ਪਰਮੇਸ਼ੁਰ ਹੋਣ ਦੇ ਨਾਤੇ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਵਿਚ ਖ਼ੁਸ਼ੀ ਪਾਈਏ ਅਤੇ ਜੂਏ ਤੋਂ ਹੋਣ ਵਾਲੇ ਬੁਰੇ ਪ੍ਰਭਾਵਾਂ ਤੋਂ ਬਚੇ ਰਹੀਏ।—1 ਤਿਮੋਥਿਉਸ 1:11. (w11-E 03/01)

[ਸਫ਼ਾ 32 ਉੱਤੇ ਸੁਰਖੀ]

ਪਰਮੇਸ਼ੁਰ ਦੇ ਸੇਵਕ ਈਮਾਨਦਾਰੀ ਨਾਲ ਕੰਮ ਕਰ ਕੇ ਪੈਸਾ ਕਮਾਉਂਦੇ ਹਨ

[ਸਫ਼ਾ 31 ਉੱਤੇ ਡੱਬੀ]

ਜਿੱਤਣ ਦੀ ਖ਼ੁਸ਼ੀ

ਕੀ ਜੂਆ ਖੇਡਣ ਵਾਲਾ ਆਸਾਨੀ ਨਾਲ ਇਸ ਦਾ ਆਦੀ ਹੋ ਜਾਂਦਾ ਹੈ? ਜੁਆਰੀਆਂ ਉੱਤੇ ਉਨ੍ਹਾਂ ਦੀ ਜਿੱਤ ਤੇ ਹਾਰ ਦੇ ਪ੍ਰਭਾਵ ਦਾ ਅਧਿਐਨ ਕਰ ਰਹੇ ਡਾਕਟਰ ਹੰਸ ਬਰਾਈਟਰ ਨੇ ਨੋਟ ਕੀਤਾ ਕਿ “ਜਦੋਂ ਕੋਈ ਜੂਆ ਖੇਡ ਕੇ ਪੈਸਾ ਜਿੱਤਦਾ ਹੈ, ਤਾਂ ਦਿਮਾਗ਼ ਵਿਚ ਉਹੀ ਹੁੰਦਾ ਹੈ ਜੋ ਕੋਕੀਨ ਲੈਣ ਤੋਂ ਬਾਅਦ ਕੋਕੀਨ ਦੇ ਆਦੀ ਦੇ ਦਿਮਾਗ਼ ਵਿਚ ਹੁੰਦਾ ਹੈ।”

[ਸਫ਼ਾ 31 ਉੱਤੇ ਤਸਵੀਰ]

ਜੁਆਰੀ ਕਿਨ੍ਹਾਂ ਦੇ ਪੈਸੇ ਜਿੱਤਣ ਦੀ ਇੱਛਾ ਰੱਖਦੇ ਹਨ?