Skip to content

Skip to table of contents

ਪਰਿਵਾਰ ਵਿਚ ਖ਼ੁਸ਼ੀਆਂ ਲਿਆਓ

ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਸਿਖਾਓ

ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਸਿਖਾਓ

ਲੋਈਡਾ, * ਮੈਕਸੀਕੋ ਵਿਚ ਰਹਿਣ ਵਾਲੀ ਇਕ ਮਾਂ ਕਹਿੰਦੀ ਹੈ: “ਸਕੂਲ ਵਿਚ ਬੱਚਿਆਂ ਨੂੰ ਕੰਡੋਮ ਦਿੱਤੇ ਜਾਂਦੇ ਹਨ ਅਤੇ ਇਸ ਲਈ ਬੱਚੇ ਸੋਚਦੇ ਹਨ ਕਿ ਸੈਕਸ ਕਰਨਾ ਠੀਕ ਹੈ।”

ਨੋਬੁਕੋ, ਜਪਾਨ ਵਿਚ ਰਹਿਣ ਵਾਲੀ ਇਕ ਮਾਂ ਕਹਿੰਦੀ ਹੈ: “ਮੈਂ ਆਪਣੇ ਬੇਟੇ ਨੂੰ ਪੁੱਛਿਆ ਕਿ ਜੇ ਕਦੇ ਉਹ ਆਪਣੀ ਗਰਲ-ਫ੍ਰੈਂਡ ਨਾਲ ਇਕੱਲਾ ਹੋਵੇ, ਤਾਂ ਉਹ ਕੀ ਕਰੇਗਾ? ਉਸ ਨੇ ਜਵਾਬ ਦਿੱਤਾ, ‘ਪਤਾ ਨਹੀਂ।’”

ਜਦ ਤੁਹਾਡਾ ਧੀ-ਪੁੱਤ 2-3 ਸਾਲਾਂ ਦਾ ਸੀ, ਤਾਂ ਕੀ ਤੁਸੀਂ ਘਰ ਵਿਚ ਉਨ੍ਹਾਂ ਦੀ ਰਾਖੀ ਕਰਨ ਲਈ ਕੁਝ ਕਦਮ ਚੁੱਕੇ ਸਨ? ਸ਼ਾਇਦ ਤੁਸੀਂ ਬਿਜਲੀ ਦੇ ਪਲੱਗ ਨੂੰ ਟੇਪ ਨਾਲ ਢੱਕਿਆ ਹੋਵੇ, ਤਿੱਖੀਆਂ ਚੀਜ਼ਾਂ ਨੂੰ ਲੁਕਾਇਆ ਹੋਵੇ ਅਤੇ ਕੋਠੇ ਚੜ੍ਹਨ ਤੋਂ ਰੋਕਣ ਲਈ ਪੌੜੀਆਂ ਮੋਹਰੇ ਕੋਈ ਚੀਜ਼ ਰੱਖੀ ਹੋਵੇ ਤਾਂਕਿ ਤੁਹਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਪਹੁੰਚੇ।

ਕਾਸ਼ ਕਿ ਆਪਣੇ ਨੌਜਵਾਨ ਬੱਚੇ ਦੀ ਰਾਖੀ ਕਰਨੀ ਵੀ ਇੰਨੀ ਸੌਖੀ ਹੁੰਦੀ! ਹੁਣ ਤਾਂ ਤੁਹਾਡੀ ਚਿੰਤਾ ਹੋਰ ਵੀ ਵਧ ਗਈ ਹੈ। ਤੁਸੀਂ ਸੋਚਦੇ ਹੋ: ‘ਕੀ ਮੇਰਾ ਪੁੱਤ ਪੋਰਨੋਗ੍ਰਾਫੀ ਤਾਂ ਨਹੀਂ ਦੇਖ ਰਿਹਾ?’ ‘ਕੀ ਮੇਰੀ ਧੀ ਆਪਣੀਆਂ ਅਸ਼ਲੀਲ ਤਸਵੀਰਾਂ ਮੋਬਾਇਲ ’ਤੇ ਤਾਂ ਨਹੀਂ ਭੇਜ ਰਹੀ?’ ਅਤੇ ਇਹ ਵੀ, ‘ਕੀ ਮੇਰਾ ਬੱਚਾ ਸੈਕਸ ਤਾਂ ਨਹੀਂ ਕਰ ਰਿਹਾ?’

ਕੰਟ੍ਰੋਲ ਕਰਨ ਦਾ ਭਰਮ

ਕੁਝ ਮਾਪੇ ਆਪਣੇ ਬੱਚਿਆਂ ਉੱਤੇ 24 ਘੰਟੇ ਨਿਗਾਹ ਰੱਖਦੇ ਹਨ ਤਾਂਕਿ ਉਹ ਕੋਈ ਗ਼ਲਤ ਕੰਮ ਨਾ ਕਰਨ। ਪਰ ਬਾਅਦ ਵਿਚ ਮਾਪਿਆਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਬੱਚੇ ਫਿਰ ਵੀ ਉਨ੍ਹਾਂ ਤੋਂ ਚੋਰੀ ਗ਼ਲਤ ਕੰਮ ਕਰ ਹੀ ਲੈਂਦੇ ਹਨ। ਜਿਹੜੇ ਕੰਮਾਂ ਤੋਂ ਮਾਪੇ ਆਪਣੇ ਧੀ-ਪੁੱਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ, ਉਹੀ ਕੰਮ ਬੱਚੇ ਛੁਪਾ ਕੇ ਕਰਨ ਵਿਚ ਮਾਹਰ ਹੋ ਜਾਂਦੇ ਹਨ।

ਆਪਣੇ ਬੱਚਿਆਂ ਨੂੰ ਆਪਣੀ ਮੁੱਠੀ ਵਿਚ ਰੱਖਣਾ ਇਸ ਮੁਸ਼ਕਲ ਦਾ ਹੱਲ ਨਹੀਂ ਹੈ। ਯਹੋਵਾਹ ਪਰਮੇਸ਼ੁਰ ਸਾਨੂੰ ਆਪਣੇ ਕਹਿਣੇ ਵਿਚ ਰੱਖਣ ਲਈ ਸਾਡੇ ਉੱਤੇ ਕੰਟ੍ਰੋਲ ਨਹੀਂ ਰੱਖਦਾ ਤੇ ਨਾ ਹੀ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਇਸ ਤਰ੍ਹਾਂ ਕਰਨਾ ਚਾਹੀਦਾ ਹੈ। (ਬਿਵਸਥਾ ਸਾਰ 30:19) ਮਾਪਿਓ, ਤੁਸੀਂ ਆਪਣੇ ਨੌਜਵਾਨ ਬੱਚਿਆਂ ਦੀ ਕਿੱਦਾਂ ਮਦਦ ਕਰ ਸਕਦੇ ਹੋ ਤਾਂਕਿ ਉਹ ਸਹੀ ਫ਼ੈਸਲੇ ਕਰਨ ਤੇ ਨੇਕੀ ਨਾਲ ਚੱਲਦੇ ਰਹਿਣ?—ਕਹਾਉਤਾਂ 27:11.

ਇਹ ਜ਼ਰੂਰੀ ਹੈ ਕਿ ਛੋਟੀ ਉਮਰ ਤੋਂ ਹੀ ਤੁਸੀਂ ਆਪਣੇ ਬੱਚਿਆਂ ਨਾਲ ਗੱਲਾਂ ਕਰੋ। * (ਕਹਾਉਤਾਂ 22:6) ਫਿਰ ਜਦੋਂ ਉਹ ਜਵਾਨੀ ਵਿਚ ਪੈਰ ਰੱਖਦੇ ਹਨ ਉਦੋਂ ਵੀ ਗੱਲਾਂ ਜਾਰੀ ਰੱਖੋ। ਮਾਂ-ਬਾਪ ਵਜੋਂ ਤੁਹਾਨੂੰ ਹੀ ਆਪਣੇ ਬੱਚਿਆਂ ਨੂੰ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ। ਬ੍ਰਿਟੇਨ ਤੋਂ ਅਲੀਸਿਆ ਨਾਂ ਦੀ ਕੁੜੀ ਦੱਸਦੀ ਹੈ: “ਕਈ ਲੋਕ ਸੋਚਦੇ ਹਨ ਕਿ ਅਸੀਂ ਆਪਣੇ ਦੋਸਤਾਂ ਨਾਲ ਸੈਕਸ ਬਾਰੇ ਗੱਲ ਕਰਨੀ ਚਾਹੁੰਦੇ ਹਾਂ, ਪਰ ਇਹ ਸੱਚ ਨਹੀਂ। ਸਾਨੂੰ ਚੰਗਾ ਲੱਗਦਾ ਹੈ ਜਦ ਮਾਪੇ ਸਾਡੇ ਨਾਲ ਇਸ ਬਾਰੇ ਗੱਲ ਕਰਦੇ ਹਨ ਕਿਉਂਕਿ ਅਸੀਂ ਉਨ੍ਹਾਂ ਦੀਆਂ ਗੱਲਾਂ ’ਤੇ ਇਤਬਾਰ ਕਰ ਸਕਦੇ ਹਾਂ।”

ਚੰਗੇ ਸੰਸਕਾਰਾਂ ਦੀ ਲੋੜ

ਜਿੱਦਾਂ-ਜਿੱਦਾਂ ਬੱਚੇ ਵੱਡੇ ਹੁੰਦੇ ਹਨ, ਉੱਦਾਂ-ਉੱਦਾਂ ਉਨ੍ਹਾਂ ਨੂੰ ਸੈਕਸ ਬਾਰੇ ਹੋਰ ਸਿੱਖਣ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ “ਭਲੇ ਬੁਰੇ ਦੀ ਜਾਚ ਕਰਨ” ਦੀ ਵੀ ਲੋੜ ਹੈ। (ਇਬਰਾਨੀਆਂ 5:14) ਕਹਿਣ ਦਾ ਭਾਵ ਹੈ ਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਨੇਕੀ ਦਾ ਕੀ ਮਤਲਬ ਹੈ ਅਤੇ ਉਨ੍ਹਾਂ ਨੂੰ ਨੇਕੀ ਨਾਲ ਚੱਲਣਾ ਵੀ ਚਾਹੀਦਾ ਹੈ। ਤੁਸੀਂ ਆਪਣੇ ਨੌਜਵਾਨ ਬੱਚਿਆਂ ਦੇ ਦਿਲਾਂ ਵਿਚ ਇਹ ਚੰਗੇ ਸੰਸਕਾਰ ਕਿਵੇਂ ਬਿਠਾ ਸਕਦੇ ਹੋ?

ਪਹਿਲਾਂ ਇਹ ਸੋਚੋ ਕਿ ਤੁਹਾਡੇ ਆਪਣੇ ਸੰਸਕਾਰ ਕਿਹੋ ਜਿਹੇ ਹਨ। ਮਿਸਾਲ ਲਈ, ਤੁਸੀਂ ਮੰਨਦੇ ਹੋ ਕਿ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਗ਼ਲਤ ਹੈ। (1 ਥੱਸਲੁਨੀਕੀਆਂ 4:3) ਸ਼ਾਇਦ ਤੁਹਾਡੇ ਬੱਚੇ ਵੀ ਜਾਣਦੇ ਹੋਣ ਕਿ ਤੁਸੀਂ ਇਹ ਮੰਨਦੇ ਹੋ। ਨਾਲੇ ਸ਼ਾਇਦ ਉਹ ਆਪ ਵੀ ਦੱਸ ਸਕਣ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ। ਜੇ ਉਨ੍ਹਾਂ ਨੂੰ ਪੁੱਛਿਆ ਜਾਵੇ, ਤਾਂ ਉਹ ਕਹਿਣਗੇ ਕਿ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਗ਼ਲਤ ਹੈ।

ਪਰ ਇੰਨਾ ਹੀ ਕਾਫ਼ੀ ਨਹੀਂ ਹੈ। ਇਕ ਕਿਤਾਬ ਵਿਚ ਸਮਝਾਇਆ ਗਿਆ ਹੈ ਕਿ ਕੁਝ ਨੌਜਵਾਨ ਸ਼ਾਇਦ ਕਹਿਣ ਕਿ ਉਹ ਸੈਕਸ ਬਾਰੇ ਆਪਣੇ ਮਾਪਿਆਂ ਦੇ ਵਿਚਾਰਾਂ ਨਾਲ ਸਹਿਮਤ ਹਨ। ਪਰ ਇਹ ਕਿਤਾਬ ਅੱਗੇ ਕਹਿੰਦੀ ਹੈ: “ਹਾਲੇ ਉਨ੍ਹਾਂ ਨੇ ਸੈਕਸ ਬਾਰੇ ਆਪਣਾ ਮਨ ਨਹੀਂ ਬਣਾਇਆ ਹੁੰਦਾ। ਜਦੋਂ ਅਚਾਨਕ ਉਨ੍ਹਾਂ ਸਾਮ੍ਹਣੇ ਅਜਿਹੇ ਹਾਲਾਤ ਪੈਦਾ ਹੁੰਦੇ ਹਨ ਜਿੱਥੇ ਉਨ੍ਹਾਂ ਨੂੰ ਫ਼ੈਸਲਾ ਕਰਨਾ ਪੈਂਦਾ ਹੈ ਕਿ ਉਹ ਸੈਕਸ ਕਰਨਗੇ ਕਿ ਨਹੀਂ, ਤਾਂ ਉਹ ਉਲਝਣ ਵਿਚ ਪੈ ਜਾਂਦੇ ਹਨ ਤੇ ਬਹੁਤ ਵੱਡੀ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ।” ਇਸੇ ਕਰਕੇ ਬੱਚਿਆਂ ਨੂੰ ਚੰਗੇ ਸੰਸਕਾਰ ਸਿਖਾਉਣੇ ਜ਼ਰੂਰੀ ਹਨ। ਤੁਸੀਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਕਿਵੇਂ ਸਿਖਾ ਸਕਦੇ ਹੋ?

ਆਪਣੇ ਸੰਸਕਾਰ ਚੰਗੀ ਤਰ੍ਹਾਂ ਸਮਝਾਓ। ਕੀ ਤੁਸੀਂ ਮੰਨਦੇ ਹੋ ਕਿ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਗ਼ਲਤ ਹੈ? ਤਾਂ ਫਿਰ ਸਾਫ਼-ਸਾਫ਼ ਤੇ ਵਾਰ-ਵਾਰ ਆਪਣੇ ਬੱਚਿਆਂ ਨੂੰ ਦੱਸੋ। ਇਕ ਕਿਤਾਬ ਅਨੁਸਾਰ ਰਿਸਰਚ ਦਿਖਾਉਂਦੀ ਹੈ ਕਿ “ਜਿਨ੍ਹਾਂ ਘਰਾਂ ਵਿਚ ਮਾਪੇ ਆਪਣੇ ਨੌਜਵਾਨ ਬੱਚਿਆਂ ਨੂੰ ਸਾਫ਼-ਸਾਫ਼ ਦੱਸਦੇ ਹਨ ਕਿ ਇਸ ਉਮਰ ਵਿਚ ਸੈਕਸ ਕਰਨਾ ਗ਼ਲਤ ਹੈ, ਉਨ੍ਹਾਂ ਘਰਾਂ ਵਿਚ ਦੇਖਿਆ ਗਿਆ ਹੈ ਕਿ ਬੱਚੇ ਸੈਕਸ ਕਰਨ ਵਿਚ ਕਾਹਲੀ ਨਹੀਂ ਕਰਦੇ।”

 

ਪਰ ਸਿਰਫ਼ ਆਪਣੇ ਸੰਸਕਾਰਾਂ ਬਾਰੇ ਦੱਸਣਾ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਬੱਚੇ ਇਨ੍ਹਾਂ ਅਨੁਸਾਰ ਜੀਣਗੇ। ਪਰ ਜੇ ਤੁਹਾਡੇ ਬੱਚਿਆਂ ਨੂੰ ਪਤਾ ਹੋਵੇਗਾ ਕਿ ਤੁਹਾਡੇ ਸੰਸਕਾਰ ਕੀ ਹਨ, ਤਾਂ ਉਹ ਇਨ੍ਹਾਂ ਅਨੁਸਾਰ ਫ਼ੈਸਲੇ ਕਰਨੇ ਸਿੱਖਣਗੇ। ਰਿਸਰਚ ਦਿਖਾਉਂਦੀ ਹੈ ਕਿ ਬਹੁਤ ਸਾਰੇ ਬੱਚੇ ਵੱਡੇ ਹੋ ਕੇ ਆਪਣੇ ਮਾਪਿਆਂ ਦੇ ਸੰਸਕਾਰ ਅਪਣਾ ਲੈਂਦੇ ਹਨ ਭਾਵੇਂ ਕਿ ਅੱਲੜ੍ਹ ਉਮਰ ਵਿਚ ਲੱਗਦਾ ਸੀ ਕਿ ਉਹ ਇਸ ਤਰ੍ਹਾਂ ਨਹੀਂ ਕਰਨਗੇ।

ਸੁਝਾਅ: ਗੱਲਬਾਤ ਸ਼ੁਰੂ ਕਰਨ ਲਈ ਤੁਸੀਂ ਕੋਈ ਖ਼ਬਰ ਦਾ ਜ਼ਿਕਰ ਕਰ ਕੇ ਆਪਣੇ ਸੰਸਕਾਰਾਂ ਬਾਰੇ ਚਰਚਾ ਕਰ ਸਕਦੇ ਹੋ। ਮਿਸਾਲ ਲਈ, ਜੇ ਕੋਈ ਸੈਕਸ ਸ਼ੋਸ਼ਣ ਬਾਰੇ ਖ਼ਬਰ ਆਉਂਦੀ ਹੈ, ਤਾਂ ਤੁਸੀਂ ਕਹਿ ਸਕਦੇ ਹੋ: “ਕਿੰਨਾ ਮਾੜਾ ਹੈ ਕਿ ਕਈ ਮਰਦ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਉਹ ਇਸ ਤਰ੍ਹਾਂ ਦੇ ਕੰਮ ਕਿੱਥੋਂ ਸਿੱਖਦੇ ਹਨ?”

ਸੈਕਸ ਬਾਰੇ ਸਹੀ-ਸਹੀ ਦੱਸੋ। ਬੱਚਿਆਂ ਨੂੰ ਸੈਕਸ ਕਰਨ ਦੇ ਬੁਰੇ ਨਤੀਜਿਆਂ ਬਾਰੇ ਖ਼ਬਰਦਾਰ ਕਰਨਾ ਜ਼ਰੂਰੀ ਹੈ। (1 ਕੁਰਿੰਥੀਆਂ 6:18; ਯਾਕੂਬ 1:14, 15) ਪਰ ਆਮ ਤੌਰ ਤੇ ਬਾਈਬਲ ਕਹਿੰਦੀ ਹੈ ਕਿ ਸੈਕਸ ਪਰਮੇਸ਼ੁਰ ਵੱਲੋਂ ਇਕ ਦਾਤ ਹੈ ਨਾ ਕਿ ਸ਼ਤਾਨ ਵੱਲੋਂ ਇਕ ਫੰਦਾ। (ਕਹਾਉਤਾਂ 5:18, 19; ਸਰੇਸ਼ਟ ਗੀਤ 1:2) ਪਰ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਿਰਫ਼ ਇਹੀ ਦੱਸੋ ਕਿ ਸੈਕਸ ਕਿੰਨਾ ਵੱਡਾ ਫੰਦਾ ਹੋ ਸਕਦਾ ਹੈ, ਤਾਂ ਸੈਕਸ ਬਾਰੇ ਉਨ੍ਹਾਂ ਦੇ ਵਿਚਾਰ ਗ਼ਲਤ ਹੋਣਗੇ। ਕੋਰੀਨਾ, ਜੋ ਫ੍ਰਾਂਸ ਵਿਚ ਰਹਿੰਦੀ ਹੈ, ਦੱਸਦੀ ਹੈ: “ਮੇਰੇ ਮੰਮੀ-ਡੈਡੀ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿੰਦੇ ਸਨ ਕਿ ਨਾਜਾਇਜ਼ ਸਰੀਰਕ ਸੰਬੰਧ ਰੱਖਣੇ ਗ਼ਲਤ ਹਨ। ਇਸ ਕਰਕੇ ਮੈਂ ਸੈਕਸ ਨੂੰ ਬੁਰਾ ਸਮਝਣ ਲੱਗ ਪਈ।”

 

ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਸੈਕਸ ਬਾਰੇ ਸਹੀ-ਸਹੀ ਦੱਸੋ। ਨਾਡੀਆ ਨਾਂ ਦੀ ਮਾਂ ਜੋ ਮੈਕਸੀਕੋ ਵਿਚ ਰਹਿੰਦੀ ਹੈ, ਕਹਿੰਦੀ ਹੈ: “ਮੈਂ ਹਮੇਸ਼ਾ ਆਪਣੇ ਬੱਚਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸੈਕਸ ਯਹੋਵਾਹ ਪਰਮੇਸ਼ੁਰ ਵੱਲੋਂ ਇਨਸਾਨਾਂ ਨੂੰ ਦਿੱਤੀ ਇਕ ਵਧੀਆ ਦਾਤ ਹੈ। ਪਰ ਇਹ ਸਿਰਫ਼ ਸ਼ਾਦੀ-ਸ਼ੁਦਾ ਲੋਕਾਂ ਲਈ ਹੈ। ਇਹ ਸਾਨੂੰ ਖ਼ੁਸ਼ੀ ਦੇ ਸਕਦੀ ਹੈ। ਪਰ ਜੇ ਵਿਆਹ ਤੋਂ ਪਹਿਲਾਂ ਸੈਕਸ ਕੀਤਾ ਜਾਵੇ, ਤਾਂ ਇਸ ਦੇ ਬੁਰੇ ਨਤੀਜੇ ਭੁਗਤਣੇ ਪੈ ਸਕਦੇ ਹਨ।”

ਸੁਝਾਅ: ਜਦੋਂ ਤੁਸੀਂ ਅਗਲੀ ਵਾਰ ਆਪਣੇ ਨੌਜਵਾਨ ਬੱਚਿਆਂ ਨਾਲ ਸੈਕਸ ਬਾਰੇ ਗੱਲਬਾਤ ਕਰੋਗੇ, ਤਾਂ ਉਨ੍ਹਾਂ ਨੂੰ ਇਹ ਦੱਸਣਾ ਨਾ ਭੁੱਲਿਓ ਕਿ ਸੈਕਸ ਪਰਮੇਸ਼ੁਰ ਵੱਲੋਂ ਇਕ ਦਾਤ ਹੈ ਜਿਸ ਦਾ ਮਜ਼ਾ ਉਹ ਸਿਰਫ਼ ਵਿਆਹ ਤੋਂ ਬਾਅਦ ਹੀ ਲੈ ਸਕਦੇ ਹਨ। ਉਨ੍ਹਾਂ ਨੂੰ ਭਰੋਸਾ ਦਿਵਾਓ ਕਿ ਤੁਹਾਨੂੰ ਪੂਰਾ ਯਕੀਨ ਹੈ ਕਿ ਉਹ ਉਸ ਸਮੇਂ ਤਕ ਨੇਕੀ ਨਾਲ ਚੱਲਦੇ ਰਹਿਣਗੇ।

ਨਤੀਜਿਆਂ ਬਾਰੇ ਸੋਚਣ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ। ਜ਼ਿੰਦਗੀ ਵਿਚ ਚੰਗੇ ਫ਼ੈਸਲੇ ਕਰਨ ਲਈ ਇਹ ਜ਼ਰੂਰੀ ਹੈ ਕਿ ਬੱਚੇ ਸਮਝਣ ਕਿ ਉਨ੍ਹਾਂ ਦੇ ਫ਼ੈਸਲਿਆਂ ਦੇ ਨਤੀਜੇ ਚੰਗੇ ਜਾਂ ਮਾੜੇ ਵੀ ਹੋ ਸਕਦੇ ਹਨ। ਇਸ ਗੱਲ ਦਾ ਧੋਖਾ ਨਾ ਖਾਓ ਕਿ ਉਨ੍ਹਾਂ ਦਾ ਸਹੀ ਤੇ ਗ਼ਲਤ ਜਾਣਨਾ ਹੀ ਕਾਫ਼ੀ ਹੈ। ਏਮਾ ਆਸਟ੍ਰੇਲੀਆ ਵਿਚ ਰਹਿਣ ਵਾਲੀ ਇਕ ਮਸੀਹੀ ਹੈ। ਉਹ ਦੱਸਦੀ ਹੈ: “ਜੁਆਨੀ ਵਿਚ ਕੀਤੀਆਂ ਆਪਣੀਆਂ ਗ਼ਲਤੀਆਂ ਬਾਰੇ ਸੋਚ ਕੇ ਮੈਂ ਕਹਿ ਸਕਦੀ ਹਾਂ ਕਿ ਪਰਮੇਸ਼ੁਰ ਦੇ ਮਿਆਰਾਂ ਨੂੰ ਜਾਣਨ ਦਾ ਇਹ ਮਤਲਬ ਨਹੀਂ ਕਿ ਅਸੀਂ ਉਨ੍ਹਾਂ ਦੇ ਨਾਲ ਸਹਿਮਤ ਵੀ ਹਾਂ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਮਝੀਏ ਕਿ ਉਨ੍ਹਾਂ ਮਿਆਰਾਂ ਦੇ ਅਨੁਸਾਰ ਚੱਲਣ ਨਾਲ ਸਾਡਾ ਫ਼ਾਇਦਾ ਤੇ ਉਨ੍ਹਾਂ ਖ਼ਿਲਾਫ਼ ਜਾਣ ਨਾਲ ਸਾਡਾ ਨੁਕਸਾਨ ਹੁੰਦਾ ਹੈ।”

 

ਇਸ ਵਿਚ ਬਾਈਬਲ ਸਾਡੀ ਮਦਦ ਕਰ ਸਕਦੀ ਹੈ ਕਿਉਂਕਿ ਇਹ ਸਮਝਾਉਂਦੀ ਹੈ ਕਿ ਜੇ ਅਸੀਂ ਪਰਮੇਸ਼ੁਰ ਦੇ ਹੁਕਮਾਂ ਨੂੰ ਤੋੜਾਂਗੇ, ਤਾਂ ਇਸ ਦੇ ਬੁਰੇ ਨਤੀਜੇ ਨਿਕਲਣਗੇ। ਮਿਸਾਲ ਲਈ, ਕਹਾਉਤਾਂ 5:8, 9 ਇਕ ਗੱਭਰੂ ਨੂੰ ਹਰਾਮਕਾਰੀ ਤੋਂ ਦੂਰ ਰਹਿਣ ਲਈ ਕਹਿੰਦੀ ਹੈ “ਮਤੇ ਤੂੰ ਆਪਣਾ ਆਦਰ ਹੋਰਨਾਂ ਨੂੰ ਦੇਵੇਂ।” ਇਨ੍ਹਾਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਜੋ ਇਨਸਾਨ ਵਿਆਹ ਤੋਂ ਪਹਿਲਾਂ ਸੈਕਸ ਕਰਦਾ ਹੈ, ਉਹ ਆਪਣੀਆਂ ਤੇ ਦੂਜਿਆਂ ਦੀਆਂ ਨਜ਼ਰਾਂ ਵਿਚ ਡਿੱਗ ਜਾਂਦਾ ਹੈ ਅਤੇ ਪਰਮੇਸ਼ੁਰ ਦੀ ਸੇਵਾ ਵੀ ਪੂਰੀ ਤਰ੍ਹਾਂ ਨਹੀਂ ਕਰ ਸਕਦਾ। ਸ਼ਾਇਦ ਅਜਿਹੇ ਇਨਸਾਨ ਨਾਲ ਕੋਈ ਵਿਆਹ ਕਰਾਉਣਾ ਪਸੰਦ ਨਾ ਕਰੇ। ਜੇ ਤੁਹਾਡੇ ਬੱਚੇ ਇਸ ਬਾਰੇ ਸੋਚਣ ਕਿ ਪਰਮੇਸ਼ੁਰ ਦੇ ਹੁਕਮਾਂ ਨੂੰ ਤੋੜ ਕੇ ਉਨ੍ਹਾਂ ਦੇ ਸਰੀਰ, ਜਜ਼ਬਾਤਾਂ ਅਤੇ ਰੱਬ ਨਾਲ ਉਨ੍ਹਾਂ ਦੇ ਰਿਸ਼ਤੇ ’ਤੇ ਕੀ ਅਸਰ ਪਵੇਗਾ, ਤਾਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਹੁਕਮਾਂ ਅਨੁਸਾਰ ਚੱਲਣ ਦੀ ਹੱਲਾਸ਼ੇਰੀ ਮਿਲੇਗੀ।

ਸੁਝਾਅ: ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਮਿਆਰਾਂ ਨੂੰ ਸਮਝਾਉਣ ਲਈ ਮਿਸਾਲਾਂ ਦੀ ਵਰਤੋਂ ਕਰੋ। ਜਿਵੇਂ ਕਿ ਤੁਸੀਂ ਕਹਿ ਸਕਦੇ ਹੋ: “ਚੁੱਲ੍ਹੇ ਦੀ ਅੱਗ ਤੋਂ ਤਾਂ ਫ਼ਾਇਦਾ ਹੁੰਦਾ ਹੈ, ਪਰ ਜੰਗਲ ਵਿਚ ਲੱਗੀ ਅੱਗ ਕਿੰਨਾ ਨੁਕਸਾਨ ਕਰ ਸਕਦੀ ਹੈ। ਇਨ੍ਹਾਂ ਦੋਨਾਂ ਵਿਚ ਕੀ ਫ਼ਰਕ ਹੈ ਅਤੇ ਜਿੱਥੇ ਸੈਕਸ ਬਾਰੇ ਪਰਮੇਸ਼ੁਰ ਦੇ ਹੁਕਮ ਆਉਂਦੇ ਹਨ ਉੱਥੇ ਇਹ ਉਦਾਹਰਣ ਕਿਵੇਂ ਲਾਗੂ ਹੁੰਦੀ ਹੈ?” ਕਹਾਉਤਾਂ 5:3-14 ਨੂੰ ਵਰਤ ਕੇ ਆਪਣੇ ਨੌਜਵਾਨਾਂ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਹਰਾਮਕਾਰੀ ਦੇ ਕਿਹੜੇ ਬੁਰੇ ਨਤੀਜੇ ਨਿਕਲਦੇ ਹਨ।

ਜਪਾਨ ਵਿਚ ਰਹਿਣ ਵਾਲਾ 18 ਸਾਲਾਂ ਦਾ ਟਾਕਾਓ ਕਹਿੰਦਾ ਹੈ: “ਮੈਨੂੰ ਪਤਾ ਹੈ ਕਿ ਮੈਨੂੰ ਨੇਕ ਕੰਮ ਕਰਨੇ ਚਾਹੀਦੇ ਹਨ, ਪਰ ਮੈਂ ਹਮੇਸ਼ਾ ਆਪਣੀਆਂ ਸਰੀਰਕ ਇੱਛਾਵਾਂ ਨਾਲ ਲੜਦਾ ਰਹਿੰਦਾ ਹਾਂ।” ਜਿਹੜੇ ਨੌਜਵਾਨ ਇੱਦਾਂ ਦੇ ਹਾਲਾਤਾਂ ਦਾ ਸਾਮ੍ਹਣਾ ਕਰਦੇ ਹਨ ਉਹ ਇਸ ਗੱਲ ਤੋਂ ਦਿਲਾਸਾ ਪਾ ਸਕਦੇ ਹਨ ਕਿ ਉਹ ਇਕੱਲੇ ਨਹੀਂ ਹਨ। ਪੌਲੂਸ ਰਸੂਲ, ਜਿਸ ਦੀ ਨਿਹਚਾ ਪੱਕੀ ਸੀ, ਨੇ ਖ਼ੁਦ ਇਹ ਮੰਨਿਆ: “ਜਦ ਮੈਂ ਭਲਿਆਈ ਕਰਨਾ ਚਾਹੁੰਦਾ ਹਾਂ ਤਦੋਂ ਬੁਰਿਆਈ ਹਾਜ਼ਰ ਹੁੰਦੀ ਹੈ।”—ਰੋਮੀਆਂ 7:21.

ਨੌਜਵਾਨਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਆਪਣੀਆਂ ਸਰੀਰਕ ਇੱਛਾਵਾਂ ਨਾਲ ਲੜਨਾ ਕੋਈ ਬੁਰੀ ਗੱਲ ਨਹੀਂ ਹੈ। ਸ਼ਾਇਦ ਉਹ ਆਪਣੇ ਆਪ ਨੂੰ ਪੁੱਛਣ ਕਿ ਉਹ ਕਿਹੋ ਜਿਹੇ ਇਨਸਾਨ ਬਣਨਾ ਚਾਹੁੰਦੇ ਹਨ। ਉਹ ਆਪਣੇ ਆਪ ਨੂੰ ਪੁੱਛ ਸਕਦੇ ਹਨ: ‘ਕੀ ਮੈਂ ਆਪਣੀ ਜ਼ਿੰਦਗੀ ’ਤੇ ਕੰਟ੍ਰੋਲ ਰੱਖਣਾ ਚਾਹੁੰਦਾ ਹਾਂ? ਕੀ ਮੈਂ ਲੋਕਾਂ ਵਿਚ ਨੇਕ ਇਨਸਾਨ ਵਜੋਂ ਜਾਣਿਆ ਜਾਣਾ ਚਾਹੁੰਦਾ ਹਾਂ? ਜਾਂ ਕੀ ਮੈਂ ਲਾਈਲੱਗ ਵਜੋਂ ਜਾਣਿਆ ਜਾਣਾ ਚਾਹੁੰਦਾ ਹਾਂ ਜੋ ਸਿਰਫ਼ ਦੂਜਿਆਂ ਦੇ ਮਗਰ ਹੀ ਨਹੀਂ ਬਲਕਿ ਆਪਣੀਆਂ ਇੱਛਾਵਾਂ ਦੇ ਅੱਗੇ ਵੀ ਝੱਟ ਝੁੱਕ ਜਾਂਦਾ ਹੈ?’ ਤੁਹਾਡੇ ਬੱਚਿਆਂ ਦੇ ਚੰਗੇ ਸੰਸਕਾਰ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਵਿਚ ਉਨ੍ਹਾਂ ਦੀ ਮਦਦ ਕਰਨਗੇ। (w11-E 02/01)

^ ਪੈਰਾ 3 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

^ ਪੈਰਾ 10 ਇਸ ਬਾਰੇ ਜਾਣਕਾਰੀ ਲੈਣ ਲਈ ਕਿ ਤੁਸੀਂ ਆਪਣੇ ਬੱਚਿਆਂ ਨਾਲ ਸੈਕਸ ਬਾਰੇ ਗੱਲਬਾਤ ਕਿਵੇਂ ਸ਼ੁਰੂ ਕਰ ਸਕਦੇ ਹੋ ਅਤੇ ਉਨ੍ਹਾਂ ਦੀ ਉਮਰ ਦੇ ਮੁਤਾਬਕ ਤੁਸੀਂ ਉਨ੍ਹਾਂ ਨੂੰ ਕਿੰਨਾ-ਕੁ ਦੱਸ ਸਕਦੇ ਹੋ, ਪਹਿਰਾਬੁਰਜ, ਅਪ੍ਰੈਲ-ਜੂਨ 2011, ਸਫ਼ੇ 20-22 ਦੇਖੋ

ਆਪਣੇ ਆਪ ਨੂੰ ਪੁੱਛੋ . . .

  • ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਮੇਰੇ ਬੱਚਿਆਂ ਦੇ ਸੰਸਕਾਰ ਚੰਗੇ ਹਨ?

  • ਆਪਣੇ ਬੱਚੇ ਨਾਲ ਗੱਲ ਕਰਦਿਆਂ ਕੀ ਮੈਂ ਇਹ ਦੱਸਦਾ ਹਾਂ ਕਿ ਸੈਕਸ ਪਰਮੇਸ਼ੁਰ ਵੱਲੋਂ ਇਕ ਦਾਤ ਹੈ ਜਾਂ ਸ਼ਤਾਨ ਵੱਲੋਂ ਇਕ ਫੰਦਾ ਹੈ?