Skip to content

Skip to table of contents

“ਚੰਗੀ ਧਰਤੀ” ਉੱਤੇ ਖੇਤੀਬਾੜੀ ਦੇ ਕੰਮ-ਧੰਦੇ

“ਚੰਗੀ ਧਰਤੀ” ਉੱਤੇ ਖੇਤੀਬਾੜੀ ਦੇ ਕੰਮ-ਧੰਦੇ

“ਚੰਗੀ ਧਰਤੀ” ਉੱਤੇ ਖੇਤੀਬਾੜੀ ਦੇ ਕੰਮ-ਧੰਦੇ

ਸੰਨ 1908 ਵਿਚ ਯਰੂਸ਼ਲਮ ਦੇ ਪੱਛਮ ਵੱਲ ਦੇ ਤਟਵਰਤੀ ਇਲਾਕੇ ਵਿਚ ਗਜ਼ਰ ਨਾਂ ਦੇ ਪ੍ਰਾਚੀਨ ਸ਼ਹਿਰ ਦੇ ਖੰਡਰਾਂ ਵਿੱਚੋਂ ਇਕ ਮਹੱਤਵਪੂਰਣ ਚੀਜ਼ ਲੱਭੀ। ਇਹ ਚੂਨੇ ਦੇ ਪੱਥਰ ਦੀ ਬਣੀ ਫੱਟੀ ਸੀ ਜੋ ਦਸਵੀਂ ਸਦੀ ਈ. ਪੂ. ਦੇ ਸਮੇਂ ਦੀ ਮੰਨੀ ਜਾਂਦੀ ਹੈ। ਇਸ ਉੱਤੇ ਪ੍ਰਾਚੀਨ ਇਬਰਾਨੀ ਭਾਸ਼ਾ ਵਿਚ ਇਸਰਾਏਲ ਵਿਚ ਸਾਲ ਭਰ ਹੁੰਦੇ ਖੇਤੀਬਾੜੀ ਦੇ ਕੰਮ-ਧੰਦਿਆਂ ਦਾ ਸੌਖੇ ਸ਼ਬਦਾਂ ਵਿਚ ਵੇਰਵਾ ਦਿੱਤਾ ਗਿਆ ਹੈ। ਇਸ ਫੱਟੀ ਦਾ ਨਾਂ ਗਜ਼ਰ ਕਲੰਡਰ ਰੱਖਿਆ ਗਿਆ।

ਇਸ ਫੱਟੀ ਉੱਤੇ ਅਬੀਯਾਹ ਨਾਂ ਦੇ ਵਿਅਕਤੀ ਦੇ ਹਸਤਾਖਰ ਵੀ ਹਨ। ਇਹ ਕਲੰਡਰ ਕਵਿਤਾ ਦੇ ਰੂਪ ਵਿਚ ਹੈ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਕਿਸੇ ਮੁੰਡੇ ਦਾ ਸਕੂਲੀ ਸਬਕ ਸੀ। * ਕੀ ਤੁਸੀਂ ਉਸ ਮੁੰਡੇ ਦੀਆਂ ਅੱਖਾਂ ਨਾਲ ਸਾਲ ਭਰ ਖੇਤਾਂ ਵਿਚ ਹੁੰਦੇ ਕੰਮ-ਧੰਦੇ ਦੇਖਣੇ ਚਾਹੁੰਦੇ ਹੋ? ਇਸ ਤੋਂ ਤੁਹਾਨੂੰ ਬਾਈਬਲ ਦੀਆਂ ਕੁਝ ਗੱਲਾਂ ਯਾਦ ਆਉਣਗੀਆਂ।

ਫ਼ਸਲ ਸਾਂਭਣ ਦੇ ਦੋ ਮਹੀਨੇ

ਅਬੀਯਾਹ ਨੇ ਸਭ ਤੋਂ ਪਹਿਲਾਂ ਫ਼ਸਲਾਂ ਸਾਂਭਣ ਬਾਰੇ ਦੱਸਿਆ। ਏਥਾਨੀਮ (ਤਿਸ਼ਰੀ) ਮਹੀਨੇ ਤਕ ਸਾਰੇ ਫਲਾਂ ਤੇ ਫ਼ਸਲਾਂ ਦੀ ਵਾਢੀ ਖ਼ਤਮ ਹੋ ਜਾਂਦੀ ਸੀ। ਇਹ ਮਹੀਨਾ ਅੱਜ ਸਾਡੇ ਕਲੰਡਰ ਦੇ ਹਿਸਾਬ ਨਾਲ ਸਤੰਬਰ/ਅਕਤੂਬਰ ਦੇ ਮਹੀਨੇ ਆਉਂਦਾ ਹੈ। ਇਸਰਾਏਲੀ ਫ਼ਸਲ ਦੀ ਸਾਂਭ-ਸੰਭਾਲ ਨੂੰ ਖੇਤੀਬਾੜੀ ਸਾਲ ਦਾ ਅਖ਼ੀਰ ਮੰਨਦੇ ਸਨ। ਜ਼ਿਆਦਾਤਰ ਫ਼ਸਲ ਸਾਂਭੀ ਜਾਣ ਕਰਕੇ ਇਹ ਸਮਾਂ ਖ਼ੁਸ਼ੀਆਂ ਮਨਾਉਣ ਦਾ ਹੁੰਦਾ ਸੀ। ਇਸ ਕਰਕੇ ਅਬੀਯਾਹ ਨੇ ਇਸ ਕੰਮ ਨੂੰ ਕਲੰਡਰ ਵਿਚ ਸਭ ਤੋਂ ਪਹਿਲਾਂ ਦਰਜ ਕੀਤਾ ਹੈ। ਆਪਣੇ ਪਿਤਾ ਨੂੰ ਛੱਪਰ ਪਾਉਂਦਿਆਂ ਦੇਖ ਕੇ ਅਬੀਯਾਹ ਖ਼ੁਸ਼ੀ ਨਾਲ ਲੁੱਡੀਆਂ ਪਾਉਂਦਾ ਹੋਣਾ ਕਿਉਂਕਿ ਉਨ੍ਹਾਂ ਨੇ ਚੰਗੀ ਫ਼ਸਲ ਲਈ ਯਹੋਵਾਹ ਦਾ ਧੰਨਵਾਦ ਕਰਨ ਵਾਸਤੇ ਇਸ ਛੱਪਰ ਵਿਚ ਇਕ ਹਫ਼ਤਾ ਰਹਿਣਾ ਸੀ।—ਬਿਵਸਥਾ ਸਾਰ 16:13-15.

ਉਸ ਸਮੇਂ ਜ਼ੈਤੂਨ ਦਾ ਫਲ ਵੀ ਲਗਭਗ ਪੱਕ ਜਾਂਦਾ ਸੀ। ਅਬੀਯਾਹ ਦਾ ਪਰਿਵਾਰ ਡੰਡਿਆਂ ਨਾਲ ਟਾਹਣੀਆਂ ਤੋਂ ਫਲ ਝਾੜਦਾ ਸੀ। ਅਬੀਯਾਹ ਲਈ ਇਹ ਕੰਮ ਕਰਨਾ ਤਾਂ ਮੁਸ਼ਕਲ ਹੋਣਾ ਪਰ ਦੇਖਣਾ ਬੜਾ ਮਜ਼ੇਦਾਰ ਹੁੰਦਾ ਹੋਣਾ। (ਬਿਵਸਥਾ ਸਾਰ 24:20) ਫਿਰ ਉਸ ਦਾ ਪਰਿਵਾਰ ਝੜੇ ਹੋਏ ਫਲ ਇਕੱਠੇ ਕਰ ਕੇ ਤੇਲ ਕਢਾਉਣ ਲਈ ਲਾਗੇ ਕਿਸੇ ਕੋਹਲੂ ਤੇ ਲੈ ਜਾਂਦਾ ਸੀ। ਜਾਂ ਫਿਰ ਉਸ ਦਾ ਪਰਿਵਾਰ ਸੌਖੇ ਤਰੀਕੇ ਨਾਲ ਤੇਲ ਕੱਢ ਲੈਂਦਾ ਹੋਣਾ। ਪਾਟੇ ਜਾਂ ਫੇਹੇ ਹੋਏ ਫਲਾਂ ਨੂੰ ਪਾਣੀ ਵਿਚ ਰੱਖ ਦਿੱਤਾ ਜਾਂਦਾ ਸੀ। ਫਲਾਂ ਵਿੱਚੋਂ ਤੇਲ ਨਿਕਲ ਕੇ ਪਾਣੀ ਦੇ ਉੱਪਰ ਆ ਜਾਂਦਾ ਸੀ ਜਿਸ ਨੂੰ ਬੜੇ ਧਿਆਨ ਨਾਲ ਕੱਢ ਲਿਆ ਜਾਂਦਾ ਸੀ। ਇਹ ਕੀਮਤੀ ਤੇਲ ਖਾਣਾ ਬਣਾਉਣ ਤੇ ਹੋਰ ਕੰਮਾਂ ਵਿਚ ਵਰਤਿਆ ਜਾਂਦਾ ਸੀ। ਇਸ ਨਾਲ ਦੀਵੇ ਜਗਾਏ ਜਾਂਦੇ ਸਨ ਤੇ ਸੱਟ-ਚੋਟ ਲੱਗਣ ਤੇ ਇਹ ਤੇਲ ਮਲਿਆ ਜਾਂਦਾ ਸੀ। ਖੇਡਦੇ-ਖੇਡਦੇ ਅਬੀਯਾਹ ਦੇ ਸੱਟਾਂ-ਚੋਟਾਂ ਤਾਂ ਲੱਗਦੀਆਂ ਰਹਿੰਦੀਆਂ ਹੋਣੀਆਂ।

ਬੀਜਾਈ ਦੇ ਦੋ ਮਹੀਨੇ

ਜਦੋਂ ਹਲਕਾ ਬਰਸਾਤੀ ਮੌਸਮ ਸ਼ੁਰੂ ਹੋਇਆ, ਤਾਂ ਅਬੀਯਾਹ ਮੀਂਹ ਵਿਚ ਨੱਚਿਆ-ਟੱਪਿਆ ਹੋਣਾ। ਉਸ ਦੇ ਪਿਤਾ ਨੇ ਦੱਸਿਆ ਹੋਣਾ ਕਿ ਖੇਤੀਬਾੜੀ ਲਈ ਮੀਂਹ ਕਿੰਨਾ ਜ਼ਰੂਰੀ ਸੀ। (ਬਿਵਸਥਾ ਸਾਰ 11:14) ਕਈ ਮਹੀਨੇ ਧੁੱਪ ਰਹਿਣ ਕਰਕੇ ਜ਼ਮੀਨ ਸੁੱਕ ਕੇ ਸਖ਼ਤ ਹੋ ਜਾਂਦੀ ਸੀ। ਪਰ ਮੀਂਹ ਪੈਣ ਤੇ ਇਹ ਦੁਬਾਰਾ ਨਰਮ ਹੋ ਜਾਂਦੀ ਸੀ ਤੇ ਵਾਹੀ ਲਈ ਤਿਆਰ ਹੁੰਦੀ ਸੀ। ਪੁਰਾਣੇ ਜ਼ਮਾਨੇ ਵਿਚ ਹਾਲੀ ਬਲਦਾਂ ਦੀ ਜੋਗ ਲਾ ਕੇ ਬੜੇ ਧਿਆਨ ਨਾਲ ਹੱਲ ਵਾਹੁੰਦੇ ਹੁੰਦੇ ਸਨ। ਹੱਲ ਦੇ ਸਿਰੇ ਤੇ ਧਾਤ ਦੀ ਨੋਕ ਹੁੰਦੀ ਸੀ ਜਿਸ ਨਾਲ ਕਿਸਾਨ ਸਿੱਧੇ ਸਿਆੜ ਕੱਢਦੇ ਸਨ। ਇਸਰਾਏਲੀ ਕਿਸਾਨਾਂ ਲਈ ਜ਼ਮੀਨ ਬਹੁਤ ਕੀਮਤੀ ਹੁੰਦੀ ਸੀ, ਇਸ ਲਈ ਕਿਸਾਨ ਛੋਟੇ-ਛੋਟੇ ਖੱਤਿਆਂ ਅਤੇ ਪਹਾੜਾਂ ਦੀਆਂ ਢਲਾਣਾਂ ਉੱਤੇ ਵੀ ਖੇਤੀ ਕਰਦੇ ਸਨ। ਇਨ੍ਹਾਂ ਥਾਵਾਂ ਤੇ ਉਹ ਰੰਬੇ-ਕਹੀਆਂ ਵਰਗੇ ਹੱਥਲੇ ਸੰਦ ਵਰਤਦੇ ਹੋਣੇ।

ਜ਼ਮੀਨ ਵਾਹੁਣ ਤੋਂ ਬਾਅਦ ਕਣਕ ਤੇ ਜੌਂ ਬੀਜੀ ਜਾਂਦੀ ਸੀ। ਦਿਲਚਸਪੀ ਦੀ ਗੱਲ ਹੈ ਕਿ ਗਜ਼ਰ ਕਲੰਡਰ ਵਿਚ ਫ਼ਸਲ ਸਾਂਭਣ ਦੇ ਮਹੀਨਿਆਂ ਤੋਂ ਬਾਅਦ ਬੀਜਾਈ ਦੇ ਦੋ ਮਹੀਨਿਆਂ ਦਾ ਜ਼ਿਕਰ ਕੀਤਾ ਗਿਆ ਹੈ। ਕਿਸਾਨ ਆਪਣੇ ਪੱਲੇ ਵਿਚ ਬੀ ਲੈ ਕੇ ਛੱਟਾ ਦਿੰਦਾ ਸੀ।

ਸਰਦ ਰੁੱਤੇ ਬੀਜਾਈ ਦੇ ਦੋ ਮਹੀਨੇ

“ਚੰਗੀ ਧਰਤੀ” ਯਾਨੀ ਇਸਰਾਏਲ ਦੀ ਧਰਤੀ ਅੰਨ ਪੈਦਾ ਕਰਨੋਂ ਕਦੀ ਨਹੀਂ ਥੱਕਦੀ ਸੀ। (ਬਿਵਸਥਾ ਸਾਰ 3:25) ਦਸੰਬਰ ਮਹੀਨੇ ਬੱਦਲ ਖੁੱਲ੍ਹ ਕੇ ਵਰ੍ਹਦੇ ਸਨ ਤੇ ਜ਼ਮੀਨ ਹਰੀ-ਭਰੀ ਹੋ ਜਾਂਦੀ ਸੀ। ਇਸ ਸਮੇਂ ਮਟਰ, ਛੋਲੇ ਤੇ ਹੋਰ ਦਾਲਾਂ-ਸਬਜ਼ੀਆਂ ਦੀ ਬਿਜਾਈ ਕੀਤੀ ਜਾਂਦੀ ਸੀ। (ਆਮੋਸ 7:1, 2) ਕੁਝ ਵਿਦਵਾਨਾਂ ਅਨੁਸਾਰ ਗਜ਼ਰ ਕਲੰਡਰ ਵਿਚ ਅਬੀਯਾਹ ਨੇ ਇਸ ਨੂੰ “ਪਿਛੇਤੀ ਬੀਜਾਈ” ਜਾਂ “ਸਾਗ-ਸਬਜ਼ੀਆਂ” ਦਾ ਮੌਸਮ ਕਿਹਾ। ਇਸ ਸਮੇਂ ਤਾਜ਼ੀਆਂ-ਤਾਜ਼ੀਆਂ ਸਬਜ਼ੀਆਂ ਦੇ ਬਣੇ ਸੁਆਦੀ ਪਕਵਾਨ ਖਾ ਕੇ ਮਜ਼ਾ ਆ ਜਾਂਦਾ ਸੀ।

ਠੰਢ ਘੱਟਣ ਤੇ ਬਦਾਮ ਦੇ ਦਰਖ਼ਤ ਚਿੱਟੇ ਤੇ ਗੁਲਾਬੀ ਫੁੱਲਾਂ ਨਾਲ ਲੱਦ ਜਾਂਦੇ ਸਨ ਜੋ ਕਿ ਬਸੰਤ ਰੁੱਤ ਦੇ ਆਉਣ ਦਾ ਸੁਨੇਹਾ ਹੁੰਦਾ ਸੀ। ਜਨਵਰੀ ਦੇ ਸ਼ੁਰੂ ਵਿਚ ਮੌਸਮ ਥੋੜ੍ਹਾ ਗਰਮ ਹੁੰਦਿਆਂ ਹੀ ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਸਨ।—ਯਿਰਮਿਯਾਹ 1:11, 12.

ਸਣ ਦੀ ਕਟਾਈ ਦਾ ਮਹੀਨਾ

ਫਿਰ ਅਬੀਯਾਹ ਸਣ ਦਾ ਜ਼ਿਕਰ ਕਰਦਾ ਹੈ। ਤੁਹਾਨੂੰ ਯਾਦ ਹੋਣਾ ਅਬੀਯਾਹ ਦੇ ਜੰਮਣ ਤੋਂ ਸਦੀਆਂ ਪਹਿਲਾਂ ਯਹੂਦਿਯਾ ਦੀਆਂ ਪਹਾੜੀਆਂ ਵਿਚ ਇਕ ਘਟਨਾ ਵਾਪਰੀ ਸੀ। ਯਰੀਹੋ ਸ਼ਹਿਰ ਵਿਚ ਰਾਹਾਬ ਨੇ ਛੱਤ ਉੱਤੇ ਸੁਕਾਉਣ ਲਈ ਰੱਖੇ “ਸਣ ਦਿਆਂ ਗਰਨਿਆਂ” ਵਿਚ ਦੋ ਜਾਸੂਸਾਂ ਨੂੰ ਲੁਕਾਇਆ ਸੀ। (ਯਹੋਸ਼ੁਆ 2:6) ਸਣ ਇਸਰਾਏਲੀਆਂ ਲਈ ਬੜੇ ਕੰਮ ਦੀ ਚੀਜ਼ ਸੀ। ਬੂਟੇ ਤੋਂ ਰੇਸ਼ੇ ਲਾਹੁਣ ਲਈ ਬੂਟੇ ਨੂੰ ਗਾਲਿਆ ਜਾਂਦਾ ਸੀ। ਤ੍ਰੇਲ ਨਾਲ ਬੂਟਾ ਹੌਲੀ-ਹੌਲੀ ਗਲਦਾ ਸੀ, ਪਰ ਜਲਦੀ ਗਾਲਣ ਲਈ ਇਸ ਨੂੰ ਟੋਭੇ ਜਾਂ ਨਹਿਰ ਵਿਚ ਰੱਖਿਆ ਜਾਂਦਾ ਸੀ। ਰੇਸ਼ੇ ਲੱਥਣ ਤੋਂ ਬਾਅਦ ਸਣ ਦੇ ਕੱਪੜੇ ਬਣਾਏ ਜਾਂਦੇ ਸਨ। ਇਨ੍ਹਾਂ ਕੱਪੜਿਆਂ ਨਾਲ ਬੇੜਿਆਂ ਦੇ ਬਾਦਬਾਨ, ਤੰਬੂ ਤੇ ਬਸਤਰ ਬਣਾਏ ਜਾਂਦੇ ਸਨ। ਇਨ੍ਹਾਂ ਰੇਸ਼ਿਆਂ ਤੋਂ ਦੀਵਿਆਂ ਦੀਆਂ ਬੱਤੀਆਂ ਵੀ ਬਣਾਈਆਂ ਜਾਂਦੀਆਂ ਸਨ।

ਕੁਝ ਕਹਿੰਦੇ ਹਨ ਕਿ ਗਜ਼ਰ ਦੇ ਇਲਾਕੇ ਵਿਚ ਪਾਣੀ ਦੀ ਘਾਟ ਹੋਣ ਕਰਕੇ ਸਣ ਦੀ ਖੇਤੀ ਨਹੀਂ ਕੀਤੀ ਜਾਂਦੀ ਸੀ। ਹੋਰ ਕਈ ਵਿਦਵਾਨ ਕਹਿੰਦੇ ਹਨ ਕਿ ਸਣ ਸਾਲ ਦੇ ਇਸ ਸਮੇਂ ਨਹੀਂ ਬੀਜਿਆ ਜਾਂਦਾ ਸੀ। ਇਸ ਲਈ ਉਹ ਮੰਨਦੇ ਹਨ ਕਿ ਗਜ਼ਰ ਕਲੰਡਰ ਵਿਚ “ਸਣ” ਦਾ ਮਤਲਬ ਤੂੜੀ ਜਾਂ ਸੁੱਕਾ ਘਾਹ ਸੀ।

ਜੌਂ ਦੀ ਕਟਾਈ ਦਾ ਇਕ ਮਹੀਨਾ

ਅਬੀਯਾਹ ਸਣ ਦੀ ਕਟਾਈ ਤੋਂ ਬਾਅਦ ਜੌਂ ਦੇ ਹਰੇ ਸਿੱਟੇ ਨਿਕਲਦੇ ਦੇਖਦਾ ਹੋਣਾ ਜਿਸ ਦਾ ਜ਼ਿਕਰ ਉਸ ਨੇ ਆਪਣੇ ਕਲੰਡਰ ਵਿਚ ਕੀਤਾ। ਇਹ ਅਬੀਬ ਨਾਂ ਦੇ ਮਹੀਨੇ ਵਿਚ ਹੁੰਦਾ ਸੀ। ਅਬੀਬ ਦਾ ਮਤਲਬ ਹੈ “ਹਰੇ ਸਿੱਟੇ।” ਸ਼ਾਇਦ ਇਹ ਨਾਂ ਇਸ ਕਰਕੇ ਰੱਖਿਆ ਹੋਵੇ ਕਿ ਇਸ ਵੇਲੇ ਸਿੱਟੇ ਪੱਕੇ ਹੁੰਦੇ ਸਨ ਪਰ ਨਰਮ ਹੁੰਦੇ ਸਨ। ਯਹੋਵਾਹ ਨੇ ਹੁਕਮ ਦਿੱਤਾ ਸੀ: “ਅਬੀਬ ਦੇ ਮਹੀਨੇ ਨੂੰ ਤੁਸੀਂ ਮਨਾਇਆ ਕਰੋ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਪਸਹ ਕਰੋ।” (ਬਿਵਸਥਾ ਸਾਰ 16:1) ਅਬੀਬ (ਬਾਅਦ ਵਿਚ ਇਸ ਦਾ ਨਾਂ ਬਦਲ ਕੇ ਨੀਸਾਨ ਹੋ ਗਿਆ) ਅੱਜ ਸਾਡੇ ਕਲੰਡਰ ਮੁਤਾਬਕ ਮਾਰਚ-ਅਪ੍ਰੈਲ ਮਹੀਨੇ ਵਿਚ ਪੈਂਦਾ ਹੈ। ਜੌਂ ਦੇ ਪੱਕਣ ਤੇ ਅਬੀਬ ਦਾ ਮਹੀਨਾ ਸ਼ੁਰੂ ਹੁੰਦਾ ਸੀ। ਅੱਜ ਵੀ ਕੇਰਾਈਟ ਨਾਂ ਦਾ ਯਹੂਦੀ ਤਬਕਾ ਜੌਂ ਦੇ ਪੱਕਣ ਦੇ ਸਮੇਂ ਨੂੰ ਨਵੇਂ ਸਾਲ ਦੀ ਸ਼ੁਰੂਆਤ ਮੰਨਦਾ ਹੈ। ਫਿਰ ਜੌਂ ਦੀ ਫ਼ਸਲ ਦੇ ਪਹਿਲੇ ਪੂਲੇ ਅਬੀਬ ਮਹੀਨੇ ਦੀ 16ਵੀਂ ਤਾਰੀਖ਼ ਨੂੰ ਯਹੋਵਾਹ ਅੱਗੇ ਹਿਲਾਏ ਜਾਂਦੇ ਸਨ।—ਲੇਵੀਆਂ 23:10, 11.

ਜ਼ਿਆਦਾਤਰ ਇਸਰਾਏਲੀ ਜੌਂ ਨੂੰ ਹਰ ਰੋਜ਼ ਇਸਤੇਮਾਲ ਕਰਦੇ ਸਨ। ਇਹ ਕਣਕ ਨਾਲੋਂ ਸਸਤੀ ਪੈਂਦੀ ਸੀ, ਇਸ ਕਰਕੇ ਲੋਕ, ਖ਼ਾਸ ਕਰਕੇ ਗ਼ਰੀਬ ਇਸ ਦੇ ਆਟੇ ਦੀਆਂ ਰੋਟੀਆਂ ਪਕਾ ਕੇ ਖਾਂਦੇ ਸਨ।—ਹਿਜ਼ਕੀਏਲ 4:12.

ਵਾਢੀ ਅਤੇ ਤੋਲਣ ਦਾ ਮਹੀਨਾ

ਫਿਰ ਇਕ ਦਿਨ ਅਬੀਯਾਹ ਨੇ ਕਾਲੇ ਬੱਦਲ ਉੱਡਦੇ ਹੋਏ ਦੇਖੇ ਜਿਸ ਦਾ ਮਤਲਬ ਕਿ ਬਰਸਾਤ ਦਾ ਮੌਸਮ ਖ਼ਤਮ ਹੋ ਗਿਆ ਸੀ। ਹੁਣ ਚੰਗੀ ਧਰਤੀ ਦੇ ਪੇੜ-ਪੌਦੇ ਤ੍ਰੇਲ ਉੱਤੇ ਨਿਰਭਰ ਸਨ। (ਉਤਪਤ 27:28; ਜ਼ਕਰਯਾਹ 8:12) ਇਸਰਾਏਲੀ ਕਿਸਾਨ ਚੰਗੀ ਤਰ੍ਹਾਂ ਜਾਣਦੇ ਸਨ ਕਿ ਗਰਮੀਆਂ ਦੇ ਮਹੀਨਿਆਂ ਦੌਰਾਨ ਪੰਤੇਕੁਸਤ ਤਕ ਫ਼ਸਲਾਂ ਲਈ ਹਵਾਵਾਂ ਵਿਚ ਸਹੀ ਸੰਤੁਲਨ ਹੋਣਾ ਜ਼ਰੂਰੀ ਸੀ। ਉੱਤਰ ਵੱਲੋਂ ਆਉਂਦੀਆਂ ਨਮੀ ਨਾਲ ਭਰੀਆਂ ਠੰਢੀਆਂ ਹਵਾਵਾਂ ਕਣਕ, ਜੌਂ ਵਗੈਰਾ ਲਈ ਜ਼ਰੂਰੀ ਸਨ, ਪਰ ਬੂਰ ਪਏ ਫਲਦਾਰ ਦਰਖ਼ਤਾਂ ਲਈ ਇਹ ਨੁਕਸਾਨਦੇਹ ਸਨ। ਇਸ ਦੇ ਉਲਟ, ਦੱਖਣ ਵੱਲੋਂ ਆਉਂਦੀਆਂ ਗਰਮ ਤੇ ਖ਼ੁਸ਼ਕ ਹਵਾਵਾਂ ਨਾਲ ਫੁੱਲ ਖਿੜਦੇ ਤੇ ਪਰਾਗਿਤ ਹੁੰਦੇ ਸਨ।—ਕਹਾਉਤਾਂ 25:23; ਸਰੇਸ਼ਟ ਗੀਤ 4:16.

ਦੁਨੀਆਂ ਦੇ ਸ੍ਰਿਸ਼ਟੀਕਰਤਾ ਯਹੋਵਾਹ ਨੇ ਮੌਸਮਾਂ ਦਾ ਲਾਜਵਾਬ ਚੱਕਰ ਕਾਇਮ ਕੀਤਾ ਹੈ। ਅਬੀਯਾਹ ਦੇ ਦਿਨਾਂ ਵਿਚ ਇਸਰਾਏਲ ਸੱਚ-ਮੁੱਚ ‘ਕਣਕ, ਜੌਂ, ਅੰਗੂਰ, ਹਜੀਰ, ਅਨਾਰ ਜ਼ੈਤੂਨ ਦੇ ਤੇਲ ਅਤੇ ਸ਼ਹਿਤ ਦੀ ਧਰਤੀ’ ਸੀ। (ਬਿਵਸਥਾ ਸਾਰ 8:8) ਅਬੀਯਾਹ ਦੇ ਦਾਦੇ ਨੇ ਉਸ ਨੂੰ ਬੁੱਧੀਮਾਨ ਰਾਜਾ ਸੁਲੇਮਾਨ ਦੇ ਸਮੇਂ ਬਾਰੇ ਦੱਸਿਆ ਹੋਣਾ ਜਦੋਂ ਯਹੋਵਾਹ ਦੀ ਬਰਕਤ ਨਾਲ ਫ਼ਸਲ ਬਹੁਤ ਜ਼ਿਆਦਾ ਹੁੰਦੀ ਸੀ।—1 ਰਾਜਿਆਂ 4:20.

ਵਾਢੀ ਦਾ ਜ਼ਿਕਰ ਹੋਣ ਤੋਂ ਬਾਅਦ ਕਲੰਡਰ ਵਿਚ ਇਕ ਸ਼ਬਦ ਹੈ ਜਿਸ ਦਾ ਕਈ ਵਿਦਵਾਨ ਮਤਲਬ “ਮਾਪਣਾ” ਕੱਢਦੇ ਹਨ। ਸ਼ਾਇਦ ਇਸ ਸਮੇਂ ਪੂਰੀ ਫ਼ਸਲ ਮਾਪੀ ਜਾਂਦੀ ਸੀ ਅਤੇ ਮਾਲਕਾਂ ਨੂੰ ਉਨ੍ਹਾਂ ਦਾ ਬਣਦਾ ਹਿੱਸਾ ਦਿੱਤਾ ਜਾਂਦਾ ਸੀ, ਮਜ਼ਦੂਰਾਂ ਨੂੰ ਮਜ਼ਦੂਰੀ ਦਿੱਤੀ ਜਾਂਦੀ ਸੀ ਜਾਂ ਫਿਰ ਟੈਕਸ ਦਿੱਤਾ ਜਾਂਦਾ ਸੀ। ਪਰ ਕਈ ਹੋਰ ਵਿਦਵਾਨ ਇਸ ਸ਼ਬਦ ਦਾ ਮਤਲਬ “ਦਾਅਵਤ” ਕੱਢਦੇ ਹਨ ਤੇ ਕਹਿੰਦੇ ਹਨ ਕਿ ਇਹ ਸ਼ਬਦ ਹਫ਼ਤਿਆਂ ਜਾਂ ਅਠਵਾਰੇ ਦੇ ਪਰਬ ਵੱਲ ਇਸ਼ਾਰਾ ਕਰਦਾ ਸੀ ਜੋ ਸੀਵਾਨ ਮਹੀਨੇ (ਮਈ/ਜੂਨ) ਵਿਚ ਮਨਾਇਆ ਜਾਂਦਾ ਸੀ।—ਕੂਚ 34:22.

ਪੱਤੇ ਛਾਂਗਣ ਦੇ ਦੋ ਮਹੀਨੇ

ਅਬੀਯਾਹ ਨੇ ਫਿਰ ਅੰਗੂਰਾਂ ਦੀਆਂ ਵੇਲਾਂ ਦੀ ਦੇਖ-ਰੇਖ ਦੇ ਦੋ ਮਹੀਨਿਆਂ ਦਾ ਜ਼ਿਕਰ ਕੀਤਾ। ਉਹ ਸ਼ਾਇਦ ਵੇਲਾਂ ਤੋਂ ਵਾਧੂ ਪੱਤੇ ਝਾੜਨ ਵਿਚ ਮਦਦ ਕਰਦਾ ਹੋਣਾ ਤਾਂਕਿ ਅੰਗੂਰਾਂ ਨੂੰ ਧੁੱਪ ਲੱਗ ਸਕੇ। (ਯਸਾਯਾਹ 18:5) ਫਿਰ ਅੰਗੂਰ ਤੋੜਨ ਦਾ ਸਮਾਂ ਆਇਆ। ਇਹ ਸਮਾਂ ਉਸ ਵੇਲੇ ਬੱਚਿਆਂ ਲਈ ਖ਼ੁਸ਼ੀਆਂ ਭਰਿਆ ਸਮਾਂ ਹੁੰਦਾ ਸੀ। ਵਾਹ, ਪੱਕੇ ਅੰਗੂਰ ਕਿੰਨੇ ਸੁਆਦੀ ਸਨ! ਅਬੀਯਾਹ ਨੇ 12 ਜਾਸੂਸਾਂ ਬਾਰੇ ਸੁਣਿਆ ਹੋਣਾ ਜਿਨ੍ਹਾਂ ਨੂੰ ਮੂਸਾ ਨੇ ਵਾਅਦਾ ਕੀਤੇ ਹੋਏ ਕਨਾਨ ਦੇਸ਼ ਦੀ ਜਾਸੂਸੀ ਕਰਨ ਘੱਲਿਆ ਸੀ। ਉਹ ਕਨਾਨ ਦੇਸ਼ ਵਿਚ ਉਨ੍ਹਾਂ ਦਿਨਾਂ ਵਿਚ ਗਏ ਸਨ ਜਦੋਂ ਅੰਗੂਰ ਪੱਕੇ ਹੋਏ ਸਨ। ਉਸ ਵੇਲੇ ਅੰਗੂਰਾਂ ਦਾ ਇਕ ਗੁੱਛਾ ਹੀ ਇੰਨਾ ਵੱਡਾ ਸੀ ਕਿ ਦੋ ਬੰਦਿਆਂ ਨੇ ਇਸ ਨੂੰ ਚੁੱਕਿਆ।—ਗਿਣਤੀ 13:20, 23.

ਗਰਮੀਆਂ ਦੇ ਫਲਾਂ ਦਾ ਮਹੀਨਾ

ਅਬੀਯਾਹ ਦੇ ਕਲੰਡਰ ਦੇ ਅਖ਼ੀਰ ਵਿਚ ਗਰਮੀਆਂ ਦੇ ਫਲਾਂ ਦਾ ਜ਼ਿਕਰ ਕੀਤਾ ਗਿਆ ਹੈ। ਪ੍ਰਾਚੀਨ ਮੱਧ ਪੂਰਬੀ ਦੇਸ਼ਾਂ ਵਿਚ ਗਰਮੀਆਂ ਦੇ ਮੌਸਮ ਵਿਚ ਫਲਾਂ ਦੀ ਕਾਸ਼ਤ ਵੱਲ ਧਿਆਨ ਦਿੱਤਾ ਜਾਂਦਾ ਸੀ। ਅਬੀਯਾਹ ਦੇ ਸਮੇਂ ਤੋਂ ਬਾਅਦ, ਯਹੋਵਾਹ ਨੇ ਇਹ ਦਰਸਾਉਣ ਲਈ “ਗਰਮੀ ਦੇ ਫਲਾਂ ਦੀ ਟੋਕਰੀ” ਸ਼ਬਦ ਵਰਤੇ ਕਿ ‘ਉਸ ਦੀ ਪਰਜਾ ਇਸਰਾਏਲ ਦਾ ਅੰਤ ਆ ਪੁੱਜਿਆ ਸੀ।’ (ਆਮੋਸ 8:2) ਇਬਰਾਨੀ ਭਾਸ਼ਾ ਵਿਚ ‘ਗਰਮੀ ਦੇ ਫਲ’ ਅਤੇ ‘ਅੰਤ’ ਲਈ ਸ਼ਬਦ ਬਹੁਤ ਮਿਲਦੇ-ਜੁਲਦੇ ਹਨ। ਇਸ ਤੋਂ ਬੇਵਫ਼ਾ ਇਸਰਾਏਲੀਆਂ ਨੂੰ ਚੇਤਾਵਨੀ ਮਿਲਣੀ ਚਾਹੀਦੀ ਸੀ ਕਿ ਉਨ੍ਹਾਂ ਦਾ ਅੰਤ ਨੇੜੇ ਆ ਗਿਆ ਸੀ ਅਤੇ ਯਹੋਵਾਹ ਸਜ਼ਾ ਦੇਣ ਵਾਲਾ ਸੀ। ਅੰਜੀਰਾਂ ਗਰਮੀਆਂ ਦੇ ਫਲਾਂ ਵਿੱਚੋਂ ਇਕ ਸੀ। ਅੰਜੀਰਾਂ ਸੁਕਾ ਕੇ ਫੇਹ ਲਈਆਂ ਜਾਂਦੀਆਂ ਸਨ ਤੇ ਇਹ ਖਾਣ ਦੇ ਜਾਂ ਫੋੜਿਆਂ ਉੱਤੇ ਲਾਉਣ ਦੇ ਕੰਮ ਆਉਂਦੀਆਂ ਸਨ।—2 ਰਾਜਿਆਂ 20:7.

ਗਜ਼ਰ ਕਲੰਡਰ ਸਾਡੇ ਲਈ ਮਾਅਨੇ ਰੱਖਦਾ ਹੈ

ਅਬੀਯਾਹ ਨੇ ਖੇਤੀਬਾੜੀ ਦੇ ਕੰਮ-ਧੰਦਿਆਂ ਵਿਚ ਆਪਣੇ ਪਿਤਾ ਦਾ ਹੱਥ ਵਟਾਇਆ ਹੋਣਾ। ਉਨ੍ਹਾਂ ਦਿਨਾਂ ਵਿਚ ਇਸਰਾਏਲ ਵਿਚ ਆਮ ਤੌਰ ਤੇ ਖੇਤੀਬਾੜੀ ਕੀਤੀ ਜਾਂਦੀ ਸੀ। ਭਾਵੇਂ ਤੁਸੀਂ ਖੇਤੀਬਾੜੀ ਦੇ ਕੰਮ ਬਾਰੇ ਨਾ ਜਾਣਦੇ ਹੋਵੋ, ਗਜ਼ਰ ਕਲੰਡਰ ਵਿਚ ਇਨ੍ਹਾਂ ਬਾਰੇ ਪੜ੍ਹ ਕੇ ਤੁਸੀਂ ਬਾਈਬਲ ਵਿਚ ਦੱਸੀਆਂ ਖੇਤੀਬਾੜੀ ਦੇ ਕੰਮ-ਧੰਦਿਆਂ ਨੂੰ ਆਪਣੇ ਮਨ ਦੀਆਂ ਅੱਖਾਂ ਨਾਲ ਦੇਖ ਸਕੋਗੇ।

[ਫੁਟਨੋਟ]

^ ਪੈਰਾ 3 ਗਜ਼ਰ ਕਲੰਡਰ ਅਤੇ ਬਾਈਬਲ ਵਿਚ ਦੱਸੇ ਮਹੀਨੇ ਪੂਰੀ ਤਰ੍ਹਾਂ ਆਪਸ ਵਿਚ ਮੇਲ ਨਹੀਂ ਖਾਂਦੇ। ਇਸ ਤੋਂ ਇਲਾਵਾ, ਗਜ਼ਰ ਕਲੰਡਰ ਵਿਚ ਦੱਸੇ ਖੇਤੀਬਾੜੀ ਦੇ ਕੁਝ ਕੰਮ ਇਸਰਾਏਲ ਦੀਆਂ ਕੁਝ ਥਾਵਾਂ ਉੱਤੇ ਸ਼ਾਇਦ ਵੱਖਰੇ ਸਮਿਆਂ ਤੇ ਕੀਤੇ ਜਾਂਦੇ ਸਨ।

[ਸਫ਼ੇ 11 ਉੱਤੇ ਡੱਬੀ/​ਤਸਵੀਰ]

ਗਜ਼ਰ ਕਲੰਡਰ ਦਾ ਸੰਭਾਵੀ ਅਨੁਵਾਦ:

“ਅੰਗੂਰਾਂ ਤੇ ਜੈਤੂਨ ਦੇ ਫਲ ਤੋੜਨ ਦੇ ਮਹੀਨੇ;

ਬੀਜਾਈ ਦੇ ਮਹੀਨੇ;

ਸਾਗ-ਸਬਜ਼ੀਆਂ ਦੇ ਮਹੀਨੇ;

ਸਣ ਲਾਹੁਣ ਦਾ ਮਹੀਨਾ;

ਜੌਂ ਦੀ ਵਾਢੀ ਦਾ ਮਹੀਨਾ;

ਕਣਕ ਦੀ ਵਾਢੀ ਅਤੇ ਮਾਪਣ ਦਾ ਮਹੀਨਾ;

ਛੰਗਾਈ ਦੇ ਮਹੀਨੇ;

ਗਰਮੀਆਂ ਦੇ ਫਲਾਂ ਦਾ ਮਹੀਨਾ।”

[ਹਸਤਾਖਰ:] ਅਬੀਯਾਹ *

[ਫੁਟਨੋਟ]

^ ਪੈਰਾ 41 ਜੌਨ ਸੀ. ਐੱਲ. ਗਿਬਸਨ ਦੀ ਕਿਤਾਬ ਟੈਕਸਟਬੁੱਕ ਆਫ ਸੀਰੀਅਨ ਸੈਮੀਟਿਕ ਇੰਸਕ੍ਰਿਪਸ਼ਨਜ਼, ਅੰਕ 1 1971 ਉੱਤੇ ਆਧਾਰਿਤ।

[ਕ੍ਰੈਡਿਟ ਲਾਈਨ]

Archaeological Museum of Istanbul

[ਸਫ਼ਾ 9 ਉੱਤੇ ਚਾਰਟ/ਤਸਵੀਰਾਂ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਨੀਸਾਨ (ਅਬੀਬ)

ਮਾਰਚ ਅਪ੍ਰੈਲ

ਈਯਾਰ (ਜ਼ਿਵ)

ਅਪ੍ਰੈਲ ਮਈ

ਸੀਵਾਨ

ਮਈ ਜੂਨ

ਤੰਮੂਜ਼

ਜੂਨ ਜੁਲਾਈ

ਆਬ

ਜੁਲਾਈ ਅਗਸਤ

ਐਲੂਲ

ਅਗਸਤ ਸਤੰਬਰ

ਤਿਸ਼ਰੀ (ਏਥਾਨੀਮ)

ਸਤੰਬਰ ਅਕਤੂਬਰ

ਖ਼ੇਸ਼ਵਨ (ਬੂਲ)

ਅਕਤੂਬਰ ਨਵੰਬਰ

ਕਿਸਲੇਵ

ਨਵੰਬਰ ਦਸੰਬਰ

ਟੇਬੇਥ

ਦਸੰਬਰ ਜਨਵਰੀ

ਸ਼ਬਾਟ

ਜਨਵਰੀ ਫਰਵਰੀ

ਅਦਾਰ

ਫਰਵਰੀ ਮਾਰਚ

ਵੇਆਦਾਰ

ਮਾਰਚ

[ਕ੍ਰੈਡਿਟ ਲਾਈਨ]

Farmer: Garo Nalbandian

[ਸਫ਼ਾ 8 ਉੱਤੇ ਤਸਵੀਰ]

ਗਜ਼ਰ ਸ਼ਹਿਰ ਦੀ ਖੁਦਾਈ

[ਕ੍ਰੈਡਿਟ ਲਾਈਨ]

© 2003 BiblePlaces.com

[ਸਫ਼ਾ 10 ਉੱਤੇ ਤਸਵੀਰਾਂ]

ਬਦਾਮ ਦਾ ਦਰਖ਼ਤ

[ਸਫ਼ਾ 10 ਉੱਤੇ ਤਸਵੀਰ]

ਸਣ ਦਾ ਪੌਦਾ

[ਕ੍ਰੈਡਿਟ ਲਾਈਨ]

Dr. David Darom

[ਸਫ਼ਾ 10 ਉੱਤੇ ਤਸਵੀਰ]

ਜੌਂ

[ਕ੍ਰੈਡਿਟ ਲਾਈਨ]

U.S. Department of Agriculture