Skip to content

Skip to table of contents

ਕੀ ਤੁਸੀਂ ਯਹੋਵਾਹ ਵਾਂਗ ਦੂਸਰਿਆਂ ਦੀ ਚਿੰਤਾ ਕਰਦੇ ਹੋ?

ਕੀ ਤੁਸੀਂ ਯਹੋਵਾਹ ਵਾਂਗ ਦੂਸਰਿਆਂ ਦੀ ਚਿੰਤਾ ਕਰਦੇ ਹੋ?

ਕੀ ਤੁਸੀਂ ਯਹੋਵਾਹ ਵਾਂਗ ਦੂਸਰਿਆਂ ਦੀ ਚਿੰਤਾ ਕਰਦੇ ਹੋ?

“ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਯਹੋਵਾਹ ਨੇ ਪਿਆਰ ਨਾਲ ਸਾਨੂੰ ਇਹ ਸੱਦਾ ਦਿੱਤਾ ਹੈ। ਉਹ ਆਪਣੇ ਲੋਕਾਂ ਦੀ ਦਿਲੋਂ ਪਰਵਾਹ ਕਰਦਾ ਹੈ। ਉਸ ਦੇ ਸਾਏ ਹੇਠ ਰਹਿ ਕੇ ਅਸੀਂ ਸੁਰੱਖਿਅਤ ਮਹਿਸੂਸ ਕਰ ਸਕਦੇ ਹਾਂ।

ਸਾਨੂੰ ਵੀ ਦੂਜਿਆਂ ਦੀ ਚਿੰਤਾ ਕਰਨੀ ਚਾਹੀਦੀ ਹੈ ਤੇ ਇਸ ਨੂੰ ਆਪਣੇ ਕੰਮਾਂ ਰਾਹੀਂ ਜ਼ਾਹਰ ਵੀ ਕਰਨਾ ਚਾਹੀਦਾ ਹੈ। ਪਰ ਨਾਮੁਕੰਮਲ ਹੋਣ ਕਰਕੇ ਦੂਜਿਆਂ ਦੀ ਚਿੰਤਾ ਕਰਦੇ ਸਮੇਂ ਸਾਨੂੰ ਕੁਝ ਫੰਦਿਆਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ। ਇਨ੍ਹਾਂ ਫੰਦਿਆਂ ਤੇ ਗੌਰ ਕਰਨ ਤੋਂ ਪਹਿਲਾਂ ਆਓ ਆਪਾਂ ਕੁਝ ਤਰੀਕੇ ਦੇਖੀਏ ਜਿਨ੍ਹਾਂ ਦੁਆਰਾ ਯਹੋਵਾਹ ਆਪਣੇ ਲੋਕਾਂ ਦੀ ਦੇਖ-ਭਾਲ ਕਰਦਾ ਹੈ।

ਚਰਵਾਹੇ ਦੀ ਉਦਾਹਰਣ ਵਰਤ ਕੇ ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਯਹੋਵਾਹ ਦੇ ਦੇਖ-ਭਾਲ ਕਰਨ ਦੇ ਤਰੀਕੇ ਬਾਰੇ ਕਿਹਾ: “ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ। ਉਹ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ, ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ। ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ, . . . ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, ਤੂੰ ਜੋ ਮੇਰੇ ਨਾਲ ਹੈਂ।”—ਜ਼ਬੂਰਾਂ ਦੀ ਪੋਥੀ 23:1-4.

ਚਰਵਾਹਾ ਹੋਣ ਕਰਕੇ ਦਾਊਦ ਜਾਣਦਾ ਸੀ ਕਿ ਇੱਜੜ ਦੀ ਦੇਖ-ਭਾਲ ਕਰਨ ਵਿਚ ਕੀ ਕੁਝ ਕਰਨਾ ਸ਼ਾਮਲ ਸੀ। ਚਰਵਾਹਾ ਆਪਣੀਆਂ ਭੇਡਾਂ ਨੂੰ ਸ਼ੇਰ, ਬਘਿਆੜ ਤੇ ਰਿੱਛ ਆਦਿ ਖੂੰਖਾਰ ਜਾਨਵਰਾਂ ਤੋਂ ਬਚਾਉਂਦਾ ਹੈ। ਉਹ ਇੱਜੜ ਨੂੰ ਖਿੰਡਣ-ਪੁੰਡਣ ਨਹੀਂ ਦਿੰਦਾ, ਗੁਆਚੀ ਭੇਡ ਨੂੰ ਭਾਲਦਾ ਹੈ, ਥੱਕੇ ਹੋਏ ਲੇਲਿਆਂ ਨੂੰ ਚੁੱਕ ਲੈਂਦਾ ਹੈ ਅਤੇ ਬੀਮਾਰਾਂ ਤੇ ਜ਼ਖ਼ਮੀਆਂ ਦੀ ਦੇਖ-ਭਾਲ ਕਰਦਾ ਹੈ। ਉਹ ਹਰ ਰੋਜ਼ ਇੱਜੜ ਨੂੰ ਪਾਣੀ ਪਿਲਾਉਂਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਚਰਵਾਹਾ ਭੇਡਾਂ ਦੀ ਹਰ ਹਰਕਤ ਨੂੰ ਕੰਟ੍ਰੋਲ ਕਰਦਾ ਹੈ। ਇਸ ਦੀ ਬਜਾਇ ਭੇਡਾਂ ਚਰਵਾਹੇ ਦੀ ਦੇਖ-ਰੇਖ ਹੇਠ ਆਜ਼ਾਦੀ ਨਾਲ ਘੁੰਮ-ਫਿਰ ਸਕਦੀਆਂ ਹਨ।

ਯਹੋਵਾਹ ਵੀ ਇਸੇ ਤਰ੍ਹਾਂ ਆਪਣੇ ਲੋਕਾਂ ਦੀ ਦੇਖ-ਭਾਲ ਕਰਦਾ ਹੈ। ਪਤਰਸ ਰਸੂਲ ਨੇ ਕਿਹਾ: ‘ਤੁਸੀਂ ਪਰਮੇਸ਼ੁਰ ਦੀ ਸਮਰੱਥਾ ਨਾਲ ਬਚਾਏ ਰਹਿੰਦੇ ਹੋ।’ (1 ਪਤਰਸ 1:5) ਉਸ ਦੇ ਕਹਿਣ ਦਾ ਮਤਲਬ ਸੀ ਕਿ ਯਹੋਵਾਹ ਸਾਡੀ ਨਿਗਰਾਨੀ ਕਰਦਾ ਹੈ। ਯਹੋਵਾਹ ਨੂੰ ਸਾਡੀ ਪਰਵਾਹ ਹੋਣ ਕਰਕੇ ਉਸ ਦੀ ਨਜ਼ਰ ਹਮੇਸ਼ਾ ਸਾਡੇ ਤੇ ਰਹਿੰਦੀ ਹੈ ਤਾਂਕਿ ਸਾਡੇ ਪੁਕਾਰਨ ਤੇ ਉਹ ਸਾਡੀ ਮਦਦ ਕਰ ਸਕੇ। ਪਰ ਯਹੋਵਾਹ ਨੇ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਹੈ। ਇਸ ਲਈ ਉਹ ਸਾਡੇ ਸਾਰੇ ਕੰਮਾਂ ਅਤੇ ਫ਼ੈਸਲਿਆਂ ਵਿਚ ਦਖ਼ਲਅੰਦਾਜ਼ੀ ਨਹੀਂ ਕਰਦਾ। ਇਸ ਮਾਮਲੇ ਵਿਚ ਅਸੀਂ ਯਹੋਵਾਹ ਦੀ ਕਿਵੇਂ ਰੀਸ ਕਰ ਸਕਦੇ ਹਾਂ?

ਬੱਚਿਆਂ ਦੀ ਦੇਖ-ਰੇਖ ਕਰਨ ਵਿਚ ਪਰਮੇਸ਼ੁਰ ਦੀ ਰੀਸ ਕਰੋ

“ਬੱਚੇ ਯਹੋਵਾਹ ਵੱਲੋਂ ਮਿਰਾਸ ਹਨ।” ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਰਾਖੀ ਅਤੇ ਦੇਖ-ਭਾਲ ਕਰਨੀ ਚਾਹੀਦੀ ਹੈ। (ਜ਼ਬੂਰਾਂ ਦੀ ਪੋਥੀ 127:3) ਰਾਖੀ ਤੇ ਦੇਖ-ਭਾਲ ਕਰਨ ਵਿਚ ਇਹ ਵੀ ਆਉਂਦਾ ਹੈ ਕਿ ਮਾਪੇ ਆਪਣੇ ਬੱਚਿਆਂ ਦੇ ਦਿਲ ਦੀ ਗੱਲ ਜਾਣਨ। ਫਿਰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਮੱਦੇ-ਨਜ਼ਰ ਰੱਖਦੇ ਹੋਏ ਉਨ੍ਹਾਂ ਨਾਲ ਪੇਸ਼ ਆਉਣ। ਜੇ ਮਾਂ-ਬਾਪ ਉਨ੍ਹਾਂ ਦੀ ਇੱਛਾ ਨੂੰ ਨਜ਼ਰਅੰਦਾਜ਼ ਕਰਦਿਆਂ ਉਨ੍ਹਾਂ ਦੀ ਹਰ ਇਕ ਹਰਕਤ ਨੂੰ ਕੰਟ੍ਰੋਲ ਕਰਨ ਦੀ ਕੋਸ਼ਿਸ਼ ਕਰਨਗੇ, ਤਾਂ ਉਹ ਉਸ ਚਰਵਾਹੇ ਵਰਗੇ ਹੋਣਗੇ ਜੋ ਭੇਡਾਂ ਦੇ ਗਲ਼ਾਂ ਵਿਚ ਸੰਗਲੀਆਂ ਪਾ ਕੇ ਉਨ੍ਹਾਂ ਨੂੰ ਕਾਬੂ ਵਿਚ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਕੋਈ ਵੀ ਚਰਵਾਹਾ ਆਪਣੇ ਇੱਜੜ ਨਾਲ ਇਸ ਤਰ੍ਹਾਂ ਨਹੀਂ ਕਰੇਗਾ ਤੇ ਨਾ ਹੀ ਯਹੋਵਾਹ ਸਾਡੀ ਰਾਖੀ ਕਰਨ ਲਈ ਇਹ ਤਰੀਕਾ ਵਰਤਦਾ ਹੈ।

ਮੀਨਾ * ਕਹਿੰਦੀ ਹੈ: “ਸਾਲਾਂ ਤੋਂ ਮੈਂ ਆਪਣੇ ਨਿਆਣਿਆਂ ਨੂੰ ਕਹਿੰਦੀ ਆ ਰਹੀ ਸੀ ਕਿ ‘ਤੁਹਾਨੂੰ ਇੱਦਾਂ ਕਰਨਾ ਚਾਹੀਦਾ ਹੈ’ ਤੇ ‘ਇੱਦਾਂ ਨਹੀਂ ਕਰਨਾ ਚਾਹੀਦਾ।’ ਮਾਂ ਹੋਣ ਦੇ ਨਾਤੇ ਇੱਦਾਂ ਕਰਨਾ ਮੈਂ ਆਪਣਾ ਫ਼ਰਜ਼ ਸਮਝਦੀ ਸੀ। ਮੈਂ ਕਦੇ ਉਨ੍ਹਾਂ ਦੀ ਤਾਰੀਫ਼ ਨਹੀਂ ਕੀਤੀ ਤੇ ਨਾ ਹੀ ਮੈਂ ਉਨ੍ਹਾਂ ਨਾਲ ਕਦੀ ਦਿਲ ਖੋਲ੍ਹ ਕੇ ਗੱਲ ਕੀਤੀ ਸੀ।” ਹਾਲਾਂਕਿ ਮੀਨਾ ਦੀ ਕੁੜੀ ਘੰਟਿਆਂ-ਬੱਧੀ ਫ਼ੋਨ ਤੇ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀ ਸੀ, ਪਰ ਮਾਂ-ਧੀ ਵਿਚਕਾਰ ਸਿਰਫ਼ ਥੋੜ੍ਹੇ ਕੁ ਚਿਰ ਲਈ ਗੱਲ ਹੁੰਦੀ ਸੀ। ਮੀਨਾ ਨੇ ਅੱਗੇ ਕਿਹਾ: “ਫਿਰ ਮੈਨੂੰ ਫ਼ਰਕ ਨਜ਼ਰ ਆਇਆ। ਮੈਂ ਆਪਣੀ ਕੁੜੀ ਨੂੰ ਉਸ ਦੀਆਂ ਸਹੇਲੀਆਂ ਨਾਲ ਗੱਲਾਂ ਕਰਦੇ ਸਮੇਂ ਹਮਦਰਦੀ ਭਰੇ ਸ਼ਬਦ ਬੋਲਦੀ ਸੁਣਿਆ ਜਿਵੇਂ ‘ਹਾਂ, ਮੈਂ ਮੰਨਦੀ ਹਾਂ’ ਜਾਂ ‘ਮੈਂ ਵੀ ਇੱਦਾਂ ਹੀ ਸੋਚਦੀ ਹਾਂ।’ ਆਪਣੀ ਧੀ ਦੇ ਦਿਲ ਦੀ ਗੱਲ ਜਾਣਨ ਲਈ ਮੈਂ ਵੀ ਉਹ ਦੇ ਨਾਲ ਗੱਲ ਕਰਦੇ ਵਕਤ ਇਹੋ ਜਿਹੇ ਸ਼ਬਦ ਬੋਲਣ ਲੱਗ ਪਈ। ਜਲਦੀ ਹੀ ਸਾਡੇ ਵਿਚ ਚੰਗੀ ਗੱਲਬਾਤ ਹੋਣ ਲੱਗ ਪਈ ਜੋ ਜ਼ਿਆਦਾ ਚਿਰ ਚੱਲਦੀ ਰਹਿੰਦੀ ਹੈ।” ਇਸ ਤੋਂ ਪਤਾ ਲੱਗਦਾ ਹੈ ਕਿ ਇਕ-ਤਰਫ਼ਾ ਗੱਲਬਾਤ ਹੋਣ ਦੀ ਬਜਾਇ ਦੋਹਾਂ ਧਿਰਾਂ ਲਈ ਆਪਸ ਵਿਚ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ।

ਮਾਪਿਆਂ ਨੂੰ ਆਪਣੇ ਬੱਚਿਆਂ ਦੇ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਮਾਪੇ ਉਨ੍ਹਾਂ ਦੀ ਰਾਖੀ ਕਰਨ ਲਈ ਉਨ੍ਹਾਂ ਤੇ ਨਿਗਰਾਨੀ ਰੱਖਦੇ ਹਨ। ਬਾਈਬਲ ਬੱਚਿਆਂ ਨੂੰ ਸਲਾਹ ਦਿੰਦੀ ਹੈ ਕਿ ਉਹ ਮਾਪਿਆਂ ਦੀ ਆਗਿਆ ਮੰਨਣ। ਫਿਰ ਬਾਈਬਲ ਅੱਗੇ ਇਸ ਦਾ ਕਾਰਨ ਵੀ ਦੱਸਦੀ ਹੈ: “ਭਈ ਤੇਰਾ ਭਲਾ ਹੋਵੇ ਅਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ।” (ਅਫ਼ਸੀਆਂ 6:1, 2) ਜਿਨ੍ਹਾਂ ਬੱਚਿਆਂ ਨੂੰ ਪੱਕਾ ਯਕੀਨ ਹੋ ਜਾਂਦਾ ਹੈ ਕਿ ਮਾਪਿਆਂ ਦੇ ਆਖੇ ਲੱਗਣ ਦੇ ਫ਼ਾਇਦੇ ਹੁੰਦੇ ਹਨ, ਉਨ੍ਹਾਂ ਲਈ ਆਗਿਆ ਮੰਨਣੀ ਆਸਾਨ ਹੋ ਜਾਂਦੀ ਹੈ।

ਯਹੋਵਾਹ ਦੇ ਇੱਜੜ ਦੀ ਦੇਖ-ਭਾਲ ਕਰਨ ਵਿਚ ਉਸ ਦੀ ਰੀਸ ਕਰੋ

ਯਹੋਵਾਹ ਮਸੀਹੀ ਕਲੀਸਿਯਾ ਦੀ ਪਿਆਰ ਨਾਲ ਦੇਖ-ਭਾਲ ਕਰਦਾ ਹੈ। ਯਿਸੂ ਮਸੀਹ ਕਲੀਸਿਯਾ ਦਾ ਸਿਰ ਹੈ ਜੋ ਇੱਜੜ ਦੀ ਦੇਖ-ਭਾਲ ਕਰਨ ਲਈ ਨਿਗਾਹਬਾਨਾਂ ਨੂੰ ਸੇਧ ਦਿੰਦਾ ਹੈ। (ਯੂਹੰਨਾ 21:15-17) ਨਿਗਾਹਬਾਨ ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਅਰਥ ਹੈ “ਧਿਆਨ ਰੱਖਣਾ।” ਧਿਆਨ ਕਿਵੇਂ ਰੱਖਿਆ ਜਾਣਾ ਚਾਹੀਦਾ ਹੈ, ਇਸ ਗੱਲ ਤੇ ਜ਼ੋਰ ਦਿੰਦੇ ਹੋਏ ਪਤਰਸ ਨੇ ਨਿਗਾਹਬਾਨਾਂ ਨੂੰ ਹਿਦਾਇਤ ਦਿੱਤੀ: “ਤੁਸੀਂ ਪਰਮੇਸ਼ੁਰ ਦੇ ਉਸ ਇੱਜੜ ਦੀ ਜੋ ਤੁਹਾਡੇ ਵਿੱਚ ਹੈ ਚਰਵਾਹੀ ਕਰੋ ਪਰ ਲਚਾਰੀ ਨਾਲ ਨਹੀਂ ਸਗੋਂ ਖੁਸ਼ੀ ਨਾਲ ਪਰਮੇਸ਼ੁਰ ਦੀ ਇੱਛਿਆ ਅਨੁਸਾਰ ਅਤੇ ਨਾ ਝੂਠੇ ਨਫ਼ੇ ਦੇ ਕਾਰਨ ਸਗੋਂ ਮਨ ਦੀ ਚਾਹ ਨਾਲ। ਅਤੇ ਓਹਨਾਂ ਉੱਤੇ ਜਿਹੜੇ ਤੁਹਾਡੇ ਸਪੁਰਦ ਹਨ ਹੁਕਮ ਨਾ ਚਲਾਓ ਸਗੋਂ ਇੱਜੜ ਦੇ ਲਈ ਨਮੂਨਾ ਬਣੋ।”—1 ਪਤਰਸ 5:2, 3.

ਜੀ ਹਾਂ, ਨਿਗਾਹਬਾਨਾਂ ਦਾ ਕੰਮ ਚਰਵਾਹਿਆਂ ਦੇ ਕੰਮ ਵਰਗਾ ਹੈ। ਮਸੀਹੀ ਬਜ਼ੁਰਗ ਅਧਿਆਤਮਿਕ ਤੌਰ ਤੇ ਬੀਮਾਰ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਦੇ ਹਨ ਅਤੇ ਉਨ੍ਹਾਂ ਨੂੰ ਸੁਧਾਰਦੇ ਹਨ ਤਾਂਕਿ ਉਹ ਧਰਮੀ ਮਿਆਰਾਂ ਤੇ ਚੱਲ ਸਕਣ। ਕਲੀਸਿਯਾ ਦੇ ਕੰਮਾਂ ਵਿਚ ਅਗਵਾਈ ਲੈਣ, ਸਭਾਵਾਂ ਦਾ ਇੰਤਜ਼ਾਮ ਕਰਨ ਅਤੇ ਕਲੀਸਿਯਾ ਨੂੰ ਢੰਗ ਨਾਲ ਚਲਾਉਣ ਦਾ ਜ਼ਿੰਮਾ ਨਿਗਾਹਬਾਨਾਂ ਦਾ ਹੈ।—1 ਕੁਰਿੰਥੀਆਂ 14:33.

ਪਤਰਸ ਨੇ ਬਜ਼ੁਰਗਾਂ ਨੂੰ ਕਲੀਸਿਯਾ ਉੱਤੇ ‘ਹੁਕਮ ਚਲਾਉਣ’ ਖ਼ਿਲਾਫ਼ ਚੇਤਾਵਨੀ ਦਿੱਤੀ ਸੀ। ਕੁਝ ਬਜ਼ੁਰਗ ਇੱਜੜ ਦੀ ਰਾਖੀ ਕਰਨ ਦੀ ਖ਼ਾਤਰ ਕਲੀਸਿਯਾ ਲਈ ਬੇਲੋੜੇ ਅਸੂਲ ਬਣਾਉਣ ਲੱਗ ਪੈਂਦੇ ਹਨ। ਇਕ ਪੂਰਬੀ ਦੇਸ਼ ਦੀ ਇਕ ਕਲੀਸਿਯਾ ਵਿਚ ਬਜ਼ੁਰਗਾਂ ਨੇ ਅਸੂਲ ਬਣਾਇਆ ਕਿ ਕਿੰਗਡਮ ਹਾਲ ਵਿਚ ਦੂਜਿਆਂ ਨੂੰ ਕਿਵੇਂ ਨਮਸਕਾਰ ਜਾਂ ਜੀ ਆਇਆਂ ਕਹਿਣਾ ਹੈ ਤੇ ਇਸ ਤਰ੍ਹਾਂ ਕਰਨ ਵਿਚ ਪਹਿਲ ਕਿਸ ਨੂੰ ਕਰਨੀ ਚਾਹੀਦੀ ਹੈ। ਉਨ੍ਹਾਂ ਬਜ਼ੁਰਗਾਂ ਨੇ ਸੋਚਿਆ ਕਿ ਇਨ੍ਹਾਂ ਅਸੂਲਾਂ ਤੇ ਚੱਲਣ ਨਾਲ ਕਲੀਸਿਯਾ ਵਿਚ ਸ਼ਾਂਤੀ ਬਣੀ ਰਹੇਗੀ। ਹਾਲਾਂਕਿ ਇਨ੍ਹਾਂ ਬਜ਼ੁਰਗਾਂ ਨੇ ਚੰਗੇ ਇਰਾਦੇ ਨਾਲ ਇਹ ਅਸੂਲ ਬਣਾਇਆ ਸੀ, ਪਰ ਕੀ ਉਹ ਯਹੋਵਾਹ ਦੇ ਲੋਕਾਂ ਦੀ ਦੇਖ-ਭਾਲ ਕਰਨ ਵਿਚ ਯਹੋਵਾਹ ਦੀ ਰੀਸ ਕਰ ਰਹੇ ਸਨ? ਇਸ ਸੰਬੰਧੀ ਪੌਲੁਸ ਦਾ ਨਜ਼ਰੀਆ ਗੌਰ ਕਰਨ ਲਾਇਕ ਹੈ। ਉਸ ਨੇ ਕਿਹਾ ਸੀ: “ਇਹ ਨਹੀਂ ਜੋ ਅਸੀਂ ਤੁਹਾਡੀ ਨਿਹਚਾ ਉੱਤੇ ਹੁਕਮ ਚਲਾਉਂਦੇ ਹਾਂ ਸਗੋਂ ਤੁਹਾਡੇ ਅਨੰਦ ਦਾ ਉਪਰਾਲਾ ਕਰਨ ਵਾਲੇ ਹਾਂ ਕਿਉਂ ਜੋ ਤੁਸੀਂ ਨਿਹਚਾ ਵਿੱਚ ਦ੍ਰਿੜ੍ਹ ਹੋ।” (2 ਕੁਰਿੰਥੀਆਂ 1:24) ਜੀ ਹਾਂ, ਬਜ਼ੁਰਗਾਂ ਨੂੰ ਯਹੋਵਾਹ ਦੀ ਰੀਸ ਕਰਨੀ ਚਾਹੀਦੀ ਹੈ ਜੋ ਆਪਣੇ ਲੋਕਾਂ ਤੇ ਭਰੋਸਾ ਰੱਖਦਾ ਹੈ।

ਬਾਈਬਲ ਤੋਂ ਬਾਹਰੇ ਅਸੂਲ ਬਣਾਉਣ ਤੋਂ ਪਰਹੇਜ਼ ਕਰਨ ਤੋਂ ਇਲਾਵਾ, ਚੰਗੇ ਬਜ਼ੁਰਗ ਦੂਜਿਆਂ ਬਾਰੇ ਗੁਪਤ ਜਾਣਕਾਰੀ ਨੂੰ ਜਗ ਜ਼ਾਹਰ ਨਹੀਂ ਕਰਦੇ। ਉਹ ਪਰਮੇਸ਼ੁਰ ਦੀ ਇਹ ਚੇਤਾਵਨੀ ਧਿਆਨ ਵਿਚ ਰੱਖਦੇ ਹਨ: ‘ਆਪਣੇ ਗੁਆਂਢੀ ਦੇ ਭੇਤ ਨੂੰ ਕਿਸੇ ਦੂਜੇ ਤੇ ਨਾ ਖੋਲ੍ਹ।’—ਕਹਾਉਤਾਂ 25:9.

ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਦੀ ਤੁਲਨਾ ਮਨੁੱਖੀ ਸਰੀਰ ਨਾਲ ਕਰਦੇ ਹੋਏ ਪੌਲੁਸ ਨੇ ਕਿਹਾ: “ਪਰਮੇਸ਼ੁਰ ਨੇ . . . ਸਰੀਰ ਨੂੰ ਜੋੜਿਆ ਭਈ ਸਰੀਰ ਵਿੱਚ ਫੋਟਕ ਨਾ ਪਵੇ ਸਗੋਂ ਅੰਗ ਇੱਕ ਦੂਜੇ ਦੇ ਲਈ ਇੱਕ ਸਮਾਨ ਚਿੰਤਾ ਕਰਨ।” (1 ਕੁਰਿੰਥੀਆਂ 12:12, 24-26) ਸੋ ਕਲੀਸਿਯਾ ਦੇ ਮੈਂਬਰਾਂ ਨੂੰ ਇਕ-ਦੂਜੇ ਦੀ ਚਿੰਤਾ ਕਰਨੀ ਚਾਹੀਦੀ ਹੈ।—ਫ਼ਿਲਿੱਪੀਆਂ 2:4.

ਸੱਚੇ ਮਸੀਹੀ ਕਿਵੇਂ ਦਿਖਾ ਸਕਦੇ ਹਨ ਕਿ ਉਨ੍ਹਾਂ ਨੂੰ ਇਕ-ਦੂਜੇ ਦੀ ਚਿੰਤਾ ਹੈ? ਉਹ ਕਲੀਸਿਯਾ ਦੇ ਹੋਰਨਾਂ ਮੈਂਬਰਾਂ ਲਈ ਪ੍ਰਾਰਥਨਾ ਕਰਨ ਅਤੇ ਲੋੜਵੰਦਾਂ ਦੀ ਮਦਦ ਕਰਨ ਦੁਆਰਾ ਇਕ-ਦੂਜੇ ਲਈ ਚਿੰਤਾ ਦਿਖਾ ਸਕਦੇ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਹੋਰਨਾਂ ਨੂੰ ਵੀ ਭਲਾਈ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ। ਤਰਸੇਮ ਦੀ ਮਿਸਾਲ ਤੇ ਗੌਰ ਕਰੋ ਜੋ ਭਲਾਈ ਕਰਨ ਸੰਬੰਧੀ ਹੋਰਨਾਂ ਦੀ ਮਿਸਾਲ ਤੋਂ ਪ੍ਰਭਾਵਿਤ ਹੋਇਆ। ਉਸ ਨੇ 17 ਸਾਲਾਂ ਦੀ ਉਮਰ ਵਿਚ ਬਪਤਿਸਮਾ ਲਿਆ ਸੀ। ਆਪਣੇ ਪਰਿਵਾਰ ਵਿੱਚੋਂ ਉਹੀ ਇਕੱਲਾ ਯਹੋਵਾਹ ਦੀ ਸੇਵਾ ਕਰ ਰਿਹਾ ਸੀ। ਉਹ ਕਹਿੰਦਾ ਹੈ: “ਕਲੀਸਿਯਾ ਦਾ ਇਕ ਪਰਿਵਾਰ ਮੈਨੂੰ ਆਪਣੇ ਘਰ ਭੈਣਾਂ-ਭਰਾਵਾਂ ਨਾਲ ਸੰਗਤ ਕਰਨ ਅਤੇ ਖਾਣੇ ਤੇ ਬੁਲਾਉਂਦਾ ਹੁੰਦਾ ਸੀ। ਮੈਂ ਸਕੂਲ ਜਾਂਦੇ ਸਮੇਂ ਤਕਰੀਬਨ ਹਰ ਰੋਜ਼ ਸਵੇਰ ਨੂੰ ਦਿਨ ਦੇ ਪਾਠ ਉੱਤੇ ਚਰਚਾ ਕਰਨ ਲਈ ਉਨ੍ਹਾਂ ਦੇ ਘਰ ਜਾਂਦਾ ਸੀ। ਉਹ ਮੈਨੂੰ ਚੰਗੀਆਂ ਸਲਾਹਾਂ ਦਿੰਦੇ ਸਨ ਕਿ ਸਕੂਲ ਵਿਚ ਆਉਂਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਿਵੇਂ ਕਰਨਾ ਹੈ ਤੇ ਫਿਰ ਅਸੀਂ ਉਨ੍ਹਾਂ ਸਮੱਸਿਆਵਾਂ ਬਾਰੇ ਪ੍ਰਾਰਥਨਾ ਕਰਦੇ ਸੀ। ਇਸ ਪਰਿਵਾਰ ਤੋਂ ਮੈਂ ਦੇਣ ਦੀ ਭਾਵਨਾ ਬਾਰੇ ਸਿੱਖਿਆ।” ਤਰਸੇਮ ਹੁਣ ਯਹੋਵਾਹ ਦੇ ਗਵਾਹਾਂ ਦੇ ਇਕ ਬ੍ਰਾਂਚ ਆਫਿਸ ਵਿਚ ਸੇਵਾ ਕਰ ਕੇ ਉਨ੍ਹਾਂ ਸਿੱਖੀਆਂ ਗੱਲਾਂ ਤੇ ਚੱਲ ਰਿਹਾ ਹੈ।

ਪੌਲੁਸ ਰਸੂਲ ਨੇ ਦੂਸਰਿਆਂ ਵਿਚ ਹੱਦੋਂ ਵੱਧ ਦਿਲਚਸਪੀ ਲੈਣ ਦੇ ਖ਼ਤਰੇ ਤੋਂ ਬਚਣ ਬਾਰੇ ਸਲਾਹ ਦਿੱਤੀ। ਉਸ ਨੇ ਵਿਹਲੀਆਂ ਗੱਲਾਂ ਮਾਰਨ ਵਾਲੀਆਂ ਕੁਝ ਔਰਤਾਂ ਦਾ ਜ਼ਿਕਰ ਕੀਤਾ ਸੀ ਜੋ “ਪਰਾਇਆ ਕੰਮਾਂ ਵਿੱਚ ਲੱਤ ਅੜਾਉਣ ਵਾਲੀਆਂ ਹੁੰਦੀਆਂ ਹਨ ਅਤੇ ਅਜੋਗ ਗੱਲਾਂ ਕਰਦੀਆਂ ਹਨ।” (1 ਤਿਮੋਥਿਉਸ 5:13) ਇਹ ਠੀਕ ਹੈ ਕਿ ਸਾਨੂੰ ਦੂਜਿਆਂ ਦੀ ਚਿੰਤਾ ਕਰਨੀ ਚਾਹੀਦੀ ਹੈ, ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਹੋਰਨਾਂ ਦੇ ਨਿੱਜੀ ਮਾਮਲਿਆਂ ਵਿਚ ਐਵੇਂ ਟੰਗ ਨਾ ਅੜਾਈਏ। ਅਸੀਂ ਦੂਜਿਆਂ ਵਿਚ ਹੱਦੋਂ ਜ਼ਿਆਦਾ ਦਿਲਚਸਪੀ ਲੈ ਕੇ “ਅਜੋਗ ਗੱਲਾਂ” ਨਹੀਂ ਕਰਾਂਗੇ ਜਿਵੇਂ ਉਨ੍ਹਾਂ ਦੀ ਨੁਕਤਾਚੀਨੀ ਕਰਨੀ।

ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਹਰ ਮਸੀਹੀ ਦਾ ਨਿੱਜੀ ਮਾਮਲਿਆਂ ਨਾਲ ਨਜਿੱਠਣ ਦਾ ਤਰੀਕਾ ਵੱਖੋ-ਵੱਖਰਾ ਹੁੰਦਾ ਹੈ। ਉਨ੍ਹਾਂ ਦਾ ਖਾਣ-ਪੀਣ ਤੇ ਮਨੋਰੰਜਨ ਕਰਨ ਦਾ ਢੰਗ ਵੀ ਆਪੋ ਆਪਣਾ ਹੈ। ਬਾਈਬਲ ਵਿਚ ਦਿੱਤੇ ਸਿਧਾਂਤਾਂ ਦੀ ਹੱਦ ਵਿਚ ਰਹਿੰਦਿਆਂ ਉਨ੍ਹਾਂ ਨੂੰ ਆਪਣੀ ਮਰਜ਼ੀ ਕਰਨ ਦੀ ਖੁੱਲ੍ਹ ਹੈ। ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਤਾਕੀਦ ਕੀਤੀ: “ਅਸੀਂ ਇੱਕ ਦੂਏ ਉੱਤੇ ਅਗਾਹਾਂ ਨੂੰ ਕਦੇ ਦੋਸ਼ ਨਾ ਲਾਈਏ। . . . ਚੱਲੋ ਅਸੀਂ ਓਹਨਾਂ ਗੱਲਾਂ ਦਾ ਪਿੱਛਾ ਕਰੀਏ ਜਿਨ੍ਹਾਂ ਤੋਂ ਮਿਲਾਪ ਅਤੇ ਇੱਕ ਦੂਏ ਦੀ ਤਰੱਕੀ ਹੋਵੇ।” (ਰੋਮੀਆਂ 14:13, 19) ਕਲੀਸਿਯਾ ਵਿਚ ਇਕ-ਦੂਜੇ ਦੀ ਚਿੰਤਾ ਕਰਨ ਦਾ ਮਤਲਬ ਉਨ੍ਹਾਂ ਦੇ ਨਿੱਜੀ ਮਾਮਲਿਆਂ ਵਿਚ ਦਖ਼ਲ ਦੇਣਾ ਨਹੀਂ, ਸਗੋਂ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਰਹਿਣਾ ਹੈ। ਇਸ ਤਰੀਕੇ ਨਾਲ ਇਕ-ਦੂਜੇ ਦੀ ਚਿੰਤਾ ਕਰਨ ਨਾਲ ਪਰਿਵਾਰ ਅਤੇ ਕਲੀਸਿਯਾ ਵਿਚ ਪਿਆਰ ਤੇ ਏਕਤਾ ਵਧਦੀ ਹੈ।

[ਫੁਟਨੋਟ]

^ ਪੈਰਾ 9 ਕੁਝ ਨਾਂ ਬਦਲੇ ਗਏ ਹਨ।

[ਸਫ਼ਾ 19 ਉੱਤੇ ਤਸਵੀਰ]

ਬੱਚਿਆਂ ਦੀ ਤਾਰੀਫ਼ ਕਰਨ ਅਤੇ ਉਨ੍ਹਾਂ ਦੇ ਹਮਦਰਦ ਬਣਨ ਦੁਆਰਾ ਉਨ੍ਹਾਂ ਨੂੰ ਆਪਣੇ ਦਿਲ ਦੀ ਗੱਲ ਦੱਸਣ ਲਈ ਉਤਸ਼ਾਹਿਤ ਕਰੋ