Skip to content

Skip to table of contents

“ਨਦੀਆਂ ਤਾਲ ਦੇਣ”

“ਨਦੀਆਂ ਤਾਲ ਦੇਣ”

ਯਹੋਵਾਹ ਦੀ ਸ੍ਰਿਸ਼ਟੀ ਦੀ ਸ਼ਾਨ

“ਨਦੀਆਂ ਤਾਲ ਦੇਣ”

ਜੇ ਤੁਸੀਂ ਧਰਤੀ ਦੇ ਨਕਸ਼ੇ ਉੱਤੇ ਨਜ਼ਰ ਮਾਰੋ, ਤਾਂ ਤੁਸੀਂ ਇਸ ਉੱਤੇ ਮਨੁੱਖੀ ਸਰੀਰ ਦੀਆਂ ਰਗਾਂ ਵਰਗੀਆਂ ਬਹੁਤ ਸਾਰੀਆਂ ਲਾਈਨਾਂ ਦੇਖੋਗੇ। ਇਹ ਲਾਈਨਾਂ ਮੈਦਾਨਾਂ, ਰੇਗਿਸਤਾਨਾਂ ਅਤੇ ਚਰਾਂਦਾਂ ਵਿੱਚੋਂ ਲੰਘਦੀਆਂ ਹਨ। ਉਹ ਵਾਦੀਆਂ, ਪਹਾੜਾਂ ਅਤੇ ਜੰਗਲਾਂ ਨੂੰ ਚੀਰ ਕੇ ਆਪਣਾ ਰਾਹ ਬਣਾਉਂਦੀਆਂ ਹਨ। (ਹਬੱਕੂਕ 3:9) ਇਹ ਕੀ ਹਨ? ਇਹ ਨਦੀਆਂ ਤੇ ਦਰਿਆ ਹਨ। ਜਿਸ ਤਰ੍ਹਾਂ ਸਰੀਰ ਨੂੰ ਜ਼ਿੰਦਾ ਰੱਖਣ ਲਈ ਲਹੂ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਧਰਤੀ ਉੱਤੇ ਜ਼ਿੰਦਗੀ ਬਰਕਰਾਰ ਰੱਖਣ ਲਈ ਨਦੀਆਂ ਦੀ ਲੋੜ ਹੈ। ਨਦੀਆਂ ਧਰਤੀ ਦੇ ਸ੍ਰਿਸ਼ਟੀਕਰਤਾ ਯਹੋਵਾਹ ਦੀ ਬੁੱਧੀ ਅਤੇ ਸ਼ਕਤੀ ਦਾ ਸਬੂਤ ਦਿੰਦੀਆਂ ਹਨ। ਇਨ੍ਹਾਂ ਨੂੰ ਦੇਖ ਕੇ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੁੰਦੇ ਹਾਂ: “ਨਦੀਆਂ ਤਾਲ ਦੇਣ, [ਯਹੋਵਾਹ ਦੇ ਹਜ਼ੂਰ] ਪਹਾੜ ਰਲ ਕੇ ਜੈ ਜੈ ਕਾਰ ਕਰਨ।”—ਜ਼ਬੂਰਾਂ ਦੀ ਪੋਥੀ 98:8, 9. *

ਨਦੀਆਂ ਤੇ ਦਰਿਆਵਾਂ ਦਾ ਮਨੁੱਖੀ ਇਤਿਹਾਸ ਨਾਲ ਸਦੀਆਂ ਪੁਰਾਣਾ ਰਿਸ਼ਤਾ ਹੈ। ਬਾਈਬਲ ਦੱਸਦੀ ਹੈ ਕਿ ਅਦਨ ਦੇ ਬਾਗ਼ ਵਿੱਚੋਂ ਇਕ ਦਰਿਆ ਨਿਕਲਦਾ ਸੀ ਜੋ ਅੱਗੇ ਜਾ ਕੇ ਚਾਰ ਵੱਡੀਆਂ ਨਦੀਆਂ ਵਿਚ ਵੰਡਿਆ ਜਾਂਦਾ ਸੀ। (ਉਤਪਤ 2:10-14) ਇਕ ਪੁਰਾਣੀ ਮਨੁੱਖੀ ਸਭਿਅਤਾ ਦਾ ਜਨਮ ਮੱਧ ਪੂਰਬ ਵਿਚ ਦਜਲਾ ਅਤੇ ਫ਼ਰਾਤ ਦਰਿਆਵਾਂ ਦੀਆਂ ਉਪਜਾਊ ਘਾਟੀਆਂ ਵਿਚ ਹੋਇਆ ਸੀ। ਇਸੇ ਤਰ੍ਹਾਂ, ਚੀਨ ਵਿਚ ਹਵਾਂਗ ਹੋ ਨਾਂ ਦਾ ਦਰਿਆ, ਦੱਖਣੀ ਏਸ਼ੀਆ ਵਿਚ ਗੰਗਾ ਤੇ ਸਿੰਧ ਦਰਿਆ ਅਤੇ ਮਿਸਰ ਵਿਚ ਨੀਲ ਦਰਿਆ ਸਦਕਾ ਵੱਡੀਆਂ ਸਭਿਅਤਾਵਾਂ ਹੋਂਦ ਵਿਚ ਆਈਆਂ ਸਨ।

ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਨਸਾਨ ਹਮੇਸ਼ਾ ਨਦੀਆਂ ਦੇ ਫ਼ਾਇਦਿਆਂ, ਤਾਕਤ ਅਤੇ ਸ਼ਾਨ ਤੋਂ ਬਹੁਤ ਪ੍ਰਭਾਵਿਤ ਰਿਹਾ ਹੈ। ਮਿਸਰ ਦੇਸ਼ ਦਾ ਨੀਲ ਦਰਿਆ ਲਗਭਗ 6,670 ਕਿਲੋਮੀਟਰ ਲੰਬਾ ਹੈ। ਦੱਖਣੀ ਅਮਰੀਕਾ ਦੀ ਐਮੇਜ਼ਨ ਨਦੀ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਨਦੀ ਹੋਣ ਦਾ ਮਾਣ ਪ੍ਰਾਪਤ ਹੈ। ਇਹ ਨਦੀ ਹੋਰ ਨਦੀਆਂ ਤੇ ਦਰਿਆਵਾਂ ਨਾਲੋਂ ਚਾਰ ਗੁਣਾ ਜ਼ਿਆਦਾ ਪਾਣੀ ਸਮੁੰਦਰ ਵਿਚ ਪਾਉਂਦੀ ਹੈ। ਕੁਝ ਨਦੀਆਂ ਸ਼ਾਇਦ ਐਮੇਜ਼ਨ ਵਰਗੀਆਂ ਲੰਬੀਆਂ-ਚੌੜੀਆਂ ਨਾ ਹੋਣ, ਪਰ ਉਨ੍ਹਾਂ ਦੀ ਆਪਣੀ ਹੀ ਵਿਲੱਖਣ ਸੁੰਦਰਤਾ ਹੁੰਦੀ ਹੈ ਜਿਵੇਂ ਜਪਾਨ ਦੀ ਛੱਲਾਂ ਮਾਰਦੀ ਛੋਟੀ ਜਿਹੀ ਟੋਨੇ ਨਦੀ।

ਨਦੀ ਦਾ ਪਾਣੀ ਕਿਉਂ ਵਹਿੰਦਾ ਹੈ? ਇਸ ਦਾ ਕਾਰਨ ਧਰਤੀ ਦੀ ਗੁਰੂਤਾ-ਖਿੱਚ ਹੈ। ਇਸੇ ਖਿੱਚ ਕਰਕੇ ਪਾਣੀ ਉੱਚੇ ਇਲਾਕਿਆਂ ਤੋਂ ਹੇਠਾਂ ਵੱਲ ਵਹਿੰਦਾ ਹੈ। ਕਦੇ-ਕਦੇ ਉੱਚੇ ਪਰਬਤਾਂ ਤੋਂ ਡਿਗਦਾ ਪਾਣੀ ਦੁੱਧ ਚਿੱਟਾ ਝਰਨਾ ਬਣ ਜਾਂਦਾ ਹੈ ਜਿਸ ਦੀ ਗਰਜ ਦੂਰ-ਦੂਰ ਤਕ ਸੁਣਾਈ ਦਿੰਦੀ ਹੈ। ਨਦੀਆਂ ਦੀ ਤਾਕਤ ਅਤੇ ਸ਼ਾਨ ਬਾਰੇ ਬਾਈਬਲ ਕਹਿੰਦੀ ਹੈ: “ਹੜ੍ਹਾਂ ਨੇ ਮਚਾਇਆ, ਹੇ ਯਹੋਵਾਹ, ਹੜ੍ਹਾਂ ਨੇ ਆਪਣਾ ਸ਼ੋਰ ਮਚਾਇਆ ਹੈ, ਹੜ੍ਹ ਆਪਣੀ ਗਰਜ ਮਚਾਉਂਦੇ ਹਨ!”—ਜ਼ਬੂਰਾਂ ਦੀ ਪੋਥੀ 93:3.

“ਮੀਂਹ ਦੇ ਪਾਣੀ ਲਈ ਕਿਸ ਨੇ ਰਾਹ ਬਣਾਇਆ?” (ਅੱਯੂਬ 38:25, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਸਵਾਲ ਯਹੋਵਾਹ ਨੇ ਅੱਯੂਬ ਤੋਂ ਪੁੱਛਿਆ ਸੀ। ਹਾਂ, ਇਹ ਸਾਰਾ ਪਾਣੀ ਕਿੱਥੋਂ ਆਉਂਦਾ ਹੈ? ਇਸ ਦਾ ਜਵਾਬ ਹੈ ਪਾਣੀ ਦਾ ਚੱਕਰ। ਸੂਰਜ ਦੀ ਊਰਜਾ ਅਤੇ ਗੁਰੂਤਾ-ਖਿੱਚ ਕਰਕੇ ਧਰਤੀ ਉੱਤੇ ਪਾਣੀ ਦਾ ਚੱਕਰ ਸਦਾ ਚੱਲਦਾ ਰਹਿੰਦਾ ਹੈ। ਪਾਣੀ ਭਾਫ਼ ਬਣ ਕੇ ਹਵਾ ਵਿਚ ਜਾ ਰਲਦਾ ਹੈ। ਜਦ ਇਹ ਭਾਫ਼ ਵਾਯੂਮੰਡਲ ਦੇ ਉੱਪਰਲੇ ਭਾਗਾਂ ਵਿਚ ਪਹੁੰਚਦੀ ਹੈ, ਤਾਂ ਇਹ ਠੰਢੀ ਹੋ ਕੇ ਬੱਦਲ ਬਣ ਜਾਂਦੀ ਹੈ। ਇਨ੍ਹਾਂ ਬੱਦਲਾਂ ਤੋਂ ਪਾਣੀ ਦੀਆਂ ਬੂੰਦਾਂ ਫਿਰ ਮੀਂਹ ਜਾਂ ਬਰਫ਼ ਦੇ ਰੂਪ ਵਿਚ ਧਰਤੀ ਤੇ ਡਿੱਗਦੀਆਂ ਹਨ। ਧਰਤੀ ਦਾ ਜ਼ਿਆਦਾਤਰ ਪਾਣੀ ਸਮੁੰਦਰਾਂ, ਝੀਲਾਂ, ਦਰਿਆਵਾਂ, ਹਿਮ-ਨਦੀਆਂ, ਬਰਫ਼ੀਲੇ ਖੇਤਰਾਂ ਅਤੇ ਭੂਮੀ ਦੀਆਂ ਅੰਦਰਲੀਆਂ ਪਰਤਾਂ ਵਿਚ ਹੁੰਦਾ ਹੈ।

ਇਸ ਅਦਭੁਤ ਚੱਕਰ ਬਾਰੇ ਬਾਈਬਲ ਕਹਿੰਦੀ ਹੈ: “ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ, ਪਰ ਸਮੁੰਦਰ ਨਹੀਂ ਭਰੀਦਾ। ਓਸੇ ਥਾਂ ਨੂੰ ਜਿੱਥੋਂ ਨਦੀਆਂ ਨਿੱਕਲੀਆਂ, ਉੱਥੇ ਹੀ ਮੁੜ ਜਾਂਦੀਆਂ ਹਨ।” (ਉਪਦੇਸ਼ਕ ਦੀ ਪੋਥੀ 1:7) ਇਸ ਸ਼ਾਨਦਾਰ ਚੱਕਰ ਨੂੰ ਸਿਰਫ਼ ਅਸੀਮ ਬੁੱਧੀ ਅਤੇ ਪਿਆਰ ਵਾਲਾ ਪਰਮੇਸ਼ੁਰ ਯਹੋਵਾਹ ਹੀ ਬਣਾ ਸਕਦਾ ਸੀ। ਪਾਣੀ ਦੇ ਇਸ ਲਾਜਵਾਬ ਚੱਕਰ ਤੋਂ ਅਸੀਂ ਪਰਮੇਸ਼ੁਰ ਬਾਰੇ ਕੀ ਸਿੱਖਦੇ ਹਾਂ? ਇਹੋ ਕਿ ਉਹ ਬੁੱਧੀਮਾਨ ਪਰਮੇਸ਼ੁਰ ਹੈ ਅਤੇ ਉਹ ਪਿਆਰ ਨਾਲ ਸਾਡੀ ਹਰ ਲੋੜ ਪੂਰੀ ਕਰਦਾ ਹੈ।—ਜ਼ਬੂਰਾਂ ਦੀ ਪੋਥੀ 104:13-15, 24, 25; ਕਹਾਉਤਾਂ 3:19, 20.

ਦੁਨੀਆਂ ਵਿਚ ਬਹੁਤ ਸਾਰੀਆਂ ਵੱਡੀਆਂ-ਛੋਟੀਆਂ ਨਦੀਆਂ ਤੇ ਦਰਿਆ ਹੋਣ ਦੇ ਬਾਵਜੂਦ ਇਨ੍ਹਾਂ ਤੋਂ ਬਹੁਤ ਘੱਟ ਪੀਣ ਯੋਗ ਪਾਣੀ ਮਿਲਦਾ ਹੈ। ਤਾਂ ਵੀ ਨਦੀਆਂ ਮਨੁੱਖੀ ਜ਼ਿੰਦਗੀ ਲਈ ਜ਼ਰੂਰੀ ਹਨ। ਪਾਣੀ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਕਹਿੰਦੀ ਹੈ: ‘ਪਾਣੀ ਤੋਂ ਬਿਨਾਂ ਇਨਸਾਨ ਆਪਣੀ ਛੋਟੀ-ਵੱਡੀ ਕੋਈ ਵੀ ਲੋੜ ਪੂਰੀ ਨਹੀਂ ਕਰ ਪਾਉਂਦਾ। ਇਸ ਲੋੜ ਨੂੰ ਪਛਾਣਦੇ ਹੋਏ ਹੀ ਜ਼ਿਆਦਾਤਰ ਸਭਿਅਤਾਵਾਂ ਦਰਿਆਵਾਂ ਦੇ ਕੰਢੇ ਉੱਪਰ ਉੱਨਤ ਹੋਈਆਂ ਹਨ।’

ਨਦੀਆਂ ਤੇ ਦਰਿਆਵਾਂ ਨੇ ਹਜ਼ਾਰਾਂ ਸਾਲਾਂ ਤੋਂ ਮਨੁੱਖ ਦੀ ਪਿਆਸ ਬੁਝਾਈ ਅਤੇ ਉਸ ਦੇ ਬਾਗ਼ਾਂ-ਖੇਤਾਂ ਨੂੰ ਸਿੰਜਿਆ ਹੈ। ਦਰਿਆ ਦੇ ਨੇੜੇ ਮਿੱਟੀ ਬਹੁਤ ਉਪਜਾਊ ਹੁੰਦੀ ਹੈ ਜਿਸ ਕਰਕੇ ਦਰਿਆਈ ਇਲਾਕਿਆਂ ਵਿਚ ਫ਼ਸਲ ਚੰਗੀ ਉੱਗਦੀ ਹੈ। ਧਿਆਨ ਦਿਓ ਕਿ ਯਹੋਵਾਹ ਵੱਲੋਂ ਆਪਣੇ ਸੇਵਕਾਂ ਨੂੰ ਦਿੱਤੀ ਬਰਕਤ ਵਿਚ ਇਹੋ ਵਿਚਾਰ ਪ੍ਰਗਟਾਇਆ ਗਿਆ ਹੈ: “ਹੇ ਯਾਕੂਬ, ਤੇਰੇ ਤੰਬੂ ਕੇਡੇ ਚੰਗੇ ਹਨ! ਹੇ ਇਸਰਾਏਲ, ਤੇਰੇ ਵਾਸ ਵੀ! ਵਾਦੀ ਵਾਂਙੁ ਓਹ ਫੈਲੇ ਹੋਏ ਹਨ, ਨਹਿਰ ਦੇ ਉੱਤੇ ਦੇ ਬਾਗ਼ਾਂ ਵਾਂਙੁ ਹਨ, ਯਹੋਵਾਹ ਦੇ ਲਾਏ ਹੋਏ ਅਗਰ ਦੇ ਬਿਰਛਾਂ ਵਾਂਙੁ, ਅਤੇ ਪਾਣੀ ਦੇ ਕੰਢੇ ਦੇ ਦਿਆਰ ਵਾਂਙੁ।” (ਗਿਣਤੀ 24:5, 6) ਇੱਥੇ ਤਸਵੀਰ ਵਿਚ ਦਿਖਾਈਆਂ ਗਈਆਂ ਬੱਤਖਾਂ ਅਤੇ ਗਿੱਦੜ ਵਰਗੇ ਪਸ਼ੂ-ਪੰਛੀ ਵੀ ਪਾਣੀ ਲਈ ਦਰਿਆਵਾਂ ਉੱਤੇ ਨਿਰਭਰ ਕਰਦੇ ਹਨ। ਅਸੀਂ ਨਦੀਆਂ ਬਾਰੇ ਜਿੰਨਾ ਜ਼ਿਆਦਾ ਸਿੱਖਦੇ ਹਾਂ, ਉੱਨਾ ਹੀ ਜ਼ਿਆਦਾ ਸਾਡਾ ਦਿਲ ਯਹੋਵਾਹ ਦਾ ਧੰਨਵਾਦ ਕਰਨ ਲਈ ਪ੍ਰੇਰਿਤ ਹੁੰਦਾ ਹੈ।

[ਫੁਟਨੋਟ]

^ ਪੈਰਾ 3 ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਕਲੰਡਰ 2004, ਮਈ/ਜੂਨ ਦੇਖੋ।

[ਡੱਬੀ/ਸਫ਼ੇ 8 ਉੱਤੇ ਤਸਵੀਰ]

ਅਰਜਨਟੀਨਾ ਅਤੇ ਬ੍ਰਾਜ਼ੀਲ ਦੀ ਸਰਹੱਦ ਉੱਤੇ ਸਥਿਤ ਈਗਵਾਸੂ ਝਰਨਾ ਦੁਨੀਆਂ ਦਾ ਇਕ ਸਭ ਤੋਂ ਚੌੜਾ ਝਰਨਾ ਹੈ। ਇਸ ਦੀ ਚੌੜਾਈ ਤਿੰਨ ਕਿਲੋਮੀਟਰ ਨਾਲੋਂ ਜ਼ਿਆਦਾ ਹੈ। ਇਹ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ ਅਤੇ ਲਗਭਗ 300 ਛੋਟੇ-ਛੋਟੇ ਝਰਨਿਆਂ ਦਾ ਬਣਿਆ ਹੈ। ਬਰਸਾਤ ਦੇ ਮੌਸਮ ਵਿਚ ਈਗਵਾਸੂ ਝਰਨੇ ਤੋਂ ਹਰ ਸਕਿੰਟ ਦਸ ਹਜ਼ਾਰ ਘਣ ਮੀਟਰ ਪਾਣੀ ਹੇਠਾਂ ਡਿੱਗਦਾ ਹੈ।

[ਸਫ਼ੇ 9 ਉੱਤੇ ਤਸਵੀਰ]

ਟੋਨੇ ਨਦੀ, ਜਪਾਨ