ਧਰਤੀ ਦਾ ਭਵਿੱਖ ਕਿਸ ਦੇ ਹੱਥਾਂ ਵਿਚ ਹੈ?

ਧਰਤੀ ਦਾ ਭਵਿੱਖ ਕਿਸ ਦੇ ਹੱਥਾਂ ਵਿਚ ਹੈ?

ਧਰਤੀ ਦਾ ਭਵਿੱਖ ਕਿਸ ਦੇ ਹੱਥਾਂ ਵਿਚ ਹੈ?

ਅਕਤੂਬਰ 2007 ਦੇ ਨੈਸ਼ਨਲ ਜੀਓਗਰਾਫਿਕ ਰਸਾਲੇ ਵਿਚ ਦੱਸਿਆ ਗਿਆ ਸੀ ਕਿ “ਮਨੁੱਖਜਾਤੀ ਜਿਸ ਸਭ ਤੋਂ ਵੱਡੀ ਬਿਪਤਾ ਦਾ ਸਾਮ੍ਹਣਾ ਕਰ ਰਹੀ ਹੈ, ਉਹ ਹੈ ਗਲੋਬਲ ਵਾਰਮਿੰਗ।” ਇਸ ਨੇ ਅੱਗੇ ਕਿਹਾ ਕਿ ਜੇ ਅਸੀਂ ਇਸ ਚੁਣੌਤੀ ਦਾ ਸਫ਼ਲਤਾ ਨਾਲ ਸਾਮ੍ਹਣਾ ਕਰਨਾ ਹੈ, ਤਾਂ ਸਾਨੂੰ “ਜਲਦੀ ਤੋਂ ਜਲਦੀ ਕਦਮ ਚੁੱਕਣ ਦੀ ਲੋੜ ਹੈ ਅਤੇ ਪਹਿਲਾਂ ਨਾਲੋਂ ਹੁਣ ਸਾਨੂੰ ਕਿਤੇ ਜ਼ਿਆਦਾ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ।”

ਕੀ ਲੋਕੀ ਕਦੇ ਅਕਲ ਤੋਂ ਕੰਮ ਲੈਣਗੇ? ਅੱਜ ਅਸੀਂ ਦੇਖਦੇ ਹਾਂ ਕਿ ਲੋਕ ਲਾਪਰਵਾਹ, ਲਾਲਚੀ ਅਤੇ ਅਗਿਆਨੀ ਹਨ ਤੇ ਆਪਣੇ ਹੀ ਬਾਰੇ ਸੋਚਦੇ ਹਨ। ਗ਼ਰੀਬ ਦੇਸ਼ਾਂ ਵਿਚ ਅਮੀਰ ਬਣਨ ਦੀ ਦੌੜ ਲੱਗੀ ਹੋਈ ਹੈ। ਇਸ ਤੋਂ ਇਲਾਵਾ, ਜ਼ਿਆਦਾ ਊਰਜਾ ਵਰਤਣ ਵਾਲੇ ਲੱਖਾਂ ਹੀ ਲੋਕ ਆਪਣੀ ਜੀਵਨ-ਸ਼ੈਲੀ ਜਾਂ ਆਦਤਾਂ ਬਦਲਣ ਬਾਰੇ ਕੁਝ ਸੁਣਨਾ ਵੀ ਨਹੀਂ ਚਾਹੁੰਦੇ।

ਪਰਮੇਸ਼ੁਰ ਦੇ ਇਕ ਨਬੀ ਨੇ ਦੱਸਿਆ ਕਿ ਨੈਤਿਕਤਾ, ਸਮਾਜਕ ਤੇ ਹਕੂਮਤ ਸੰਬੰਧੀ ਮੁਸ਼ਕਲਾਂ ਸੁਲਝਾਉਣੀਆਂ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ। ਉਸ ਨੇ ਕਿਹਾ: “ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਮਨੁੱਖਜਾਤੀ ਦਾ ਦੁੱਖ ਭਰਿਆ ਇਤਿਹਾਸ ਇਸ ਗੱਲ ਦਾ ਗਵਾਹ ਹੈ। ਅੱਜ ਮਨੁੱਖ ਭਾਵੇਂ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਕਾਫ਼ੀ ਤਰੱਕੀ ਕਰ ਚੁੱਕਾ ਹੈ, ਫਿਰ ਵੀ ਸਾਨੂੰ ਅਜਿਹਿਆਂ ਖ਼ਤਰਿਆਂ ਦਾ ਡਰ ਹੈ ਜਿਨ੍ਹਾਂ ਬਾਰੇ ਅਸੀਂ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ। ਤਾਂ ਫਿਰ ਕਿੰਨੇ ਕੁ ਭਰੋਸੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲਾ ਕੱਲ੍ਹ ਬਿਹਤਰ ਹੋਵੇਗਾ?

ਭਾਵੇਂ ਕਿ ਵਿਗੜ ਰਹੇ ਮੌਸਮ ਅਤੇ ਧਰਤੀ ਸੰਬੰਧੀ ਹੋਰ ਮੁਸ਼ਕਲਾਂ ਬਾਰੇ ਸੰਸਾਰ ਭਰ ਵਿਚ ਕਾਫ਼ੀ ਚਰਚਾ ਹੋ ਰਹੀ ਹੈ, ਫਿਰ ਵੀ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਬਾਰੇ ਬਹੁਤ ਹੀ ਘੱਟ ਕੁਝ ਕੀਤਾ ਜਾ ਰਿਹਾ। ਮਿਸਾਲ ਲਈ, 2007 ਵਿਚ ਜਦੋਂ ਬਰਫ਼ ਪਿਘਲਣ ਕਾਰਨ ਨਾਰਥਵੈਸਟ ਪੈਸਿਜ ਸਮੁੰਦਰੀ ਆਵਾਜਾਈ ਲਈ ਖੁੱਲ੍ਹ ਗਿਆ, ਤਾਂ ਕੀ ਹੋਇਆ? ਨਿਊ ਸਾਇੰਟਿਸਟ ਵਿਚ ਇਕ ਲੇਖ ਨੇ ਦੱਸਿਆ ਕਿ ਦੇਸ਼ਾਂ ਵਿਚ “ਇਸ ਇਲਾਕੇ ਉੱਤੇ ਕਬਜ਼ਾ ਕਰਨ ਦੀ ਦੌੜ ਸ਼ੁਰੂ ਹੋ ਗਈ ਤਾਂਕਿ ਉਹ ਉੱਥੋਂ ਤੇਲ ਤੇ ਗੈਸ ਕੱਢ ਸਕਣ।”

ਤਕਰੀਬਨ 2,000 ਸਾਲ ਪਹਿਲਾਂ ਬਾਈਬਲ ਵਿਚ ਸਹੀ-ਸਹੀ ਦੱਸਿਆ ਗਿਆ ਸੀ ਕਿ ਮਨੁੱਖ ਇਸ ਹੱਦ ਤਕ ਲਾਲਚ ਕਰਨ ਲੱਗ ਪਵੇਗਾ ਕਿ ਉਹ “ਧਰਤੀ ਦਾ ਨਾਸ” ਕਰਨ ਲੱਗ ਪਵੇਗਾ। (ਪਰਕਾਸ਼ ਦੀ ਪੋਥੀ 11:18) ਇਹ ਗੱਲ ਸਾਫ਼ ਹੈ ਕਿ ਸੰਸਾਰ ਨੂੰ ਅਜਿਹੇ ਹਾਕਮ ਦੀ ਲੋੜ ਹੈ ਜਿਸ ਕੋਲ ਇਸ ਧਰਤੀ ਨੂੰ ਖ਼ੁਸ਼ਗਵਾਰ ਬਣਾਉਣ ਦੀ ਸ਼ਕਤੀ ਅਤੇ ਬੁੱਧ ਹੋਵੇ ਅਤੇ ਜਿਸ ਦੀ ਪਰਜਾ ਉਸ ਦੇ ਅਧੀਨ ਹੋ ਕੇ ਉਸ ਦੇ ਹੁਕਮਾਂ ਦੀ ਪਾਲਣਾ ਕਰੇ। ਕੀ ਧਰਤੀ ’ਤੇ ਕੋਈ ਅਜਿਹਾ ਗੁਣਵਾਨ ਹਾਕਮ ਜਾਂ ਵਿਗਿਆਨੀ ਹੈ? ਬਾਈਬਲ ਜਵਾਬ ਦਿੰਦੀ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ।”​—ਜ਼ਬੂਰਾਂ ਦੀ ਪੋਥੀ 146:3.

ਧਰਤੀ ਦਾ ਭਵਿੱਖ ਕਾਬਲ ਰਾਜੇ ਦੇ ਹੱਥਾਂ ਵਿਚ!

ਬਾਈਬਲ ਕਹਿੰਦੀ ਹੈ ਕਿ ਸਿਰਫ਼ ਇੱਕੋ-ਇਕ ਹਾਕਮ ਹੈ ਜੋ ਸੰਸਾਰ ਦੀਆਂ ਮੁਸ਼ਕਲਾਂ ਨੂੰ ਖ਼ਤਮ ਕਰ ਸਕਦਾ ਹੈ। ਉਸ ਬਾਰੇ ਬਾਈਬਲ ਵਿਚ ਭਵਿੱਖਬਾਣੀ ਕਹਿੰਦੀ ਹੈ ਕਿ “ਯਹੋਵਾਹ [ਪਰਮੇਸ਼ੁਰ] ਦਾ ਆਤਮਾ ਉਸ ਉੱਤੇ ਠਹਿਰੇਗਾ, ਬੁੱਧ ਤੇ ਸਮਝ ਦਾ ਆਤਮਾ, ਸਲਾਹ ਤੇ ਸਮਰੱਥਾ ਦਾ ਆਤਮਾ, ਯਹੋਵਾਹ ਦੇ ਗਿਆਨ ਅਤੇ ਭੈ ਦਾ ਆਤਮਾ . . . ਉਹ ਧਰਮ ਨਾਲ ਗਰੀਬਾਂ ਦਾ ਨਿਆਉਂ ਕਰੇਗਾ, . . . ਅਤੇ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋਂ ਮਾਰ ਮੁਕਾਵੇਗਾ।”​—ਯਸਾਯਾਹ 11:​2-5.

ਉਹ ਕੌਣ ਹੈ? ਉਹ ਯਿਸੂ ਤੋਂ ਸਿਵਾਇ ਹੋਰ ਕੋਈ ਨਹੀਂ ਹੋ ਸਕਦਾ ਜਿਸ ਨੇ ਸਾਡੇ ਲਈ ਆਪਣੀ ਜਾਨ ਕੁਰਬਾਨ ਕੀਤੀ। (ਯੂਹੰਨਾ 3:16) ਹੁਣ ਪਰਮੇਸ਼ੁਰ ਨੇ ਯਿਸੂ ਨੂੰ ਸਾਰੀ ਧਰਤੀ ਉੱਤੇ ਹਕੂਮਤ ਕਰਨ ਦਾ ਇਖ਼ਤਿਆਰ ਦਿੱਤਾ ਹੈ।​—ਦਾਨੀਏਲ 7:​13, 14; ਪਰਕਾਸ਼ ਦੀ ਪੋਥੀ 11:15.

ਯਿਸੂ ਇਸ ਕਰਕੇ ਵੀ ਕਾਬਲ ਰਾਜਾ ਹੈ ਕਿਉਂਕਿ ਉਸ ਨੂੰ ਸ੍ਰਿਸ਼ਟੀ ਬਾਰੇ ਅਸੀਮ ਗਿਆਨ ਹੈ ਜੋ ਉਸ ਨੇ ਧਰਤੀ ਉੱਤੇ ਆਉਣ ਤੋਂ ਪਹਿਲਾਂ ਹਾਸਲ ਕੀਤਾ ਸੀ। ਦਰਅਸਲ ਯੁਗਾਂ ਪਹਿਲਾਂ ਜਦੋਂ ਪਰਮੇਸ਼ੁਰ ਨੇ ਬ੍ਰਹਿਮੰਡ ਰਚਿਆ ਸੀ, ਤਾਂ ਯਿਸੂ “ਰਾਜ ਮਿਸਤਰੀ” ਦੇ ਤੌਰ ਤੇ ਉਸ ਨਾਲ ਸੀ। (ਕਹਾਉਤਾਂ 8:​22-31) ਇਸ ਬਾਰੇ ਜ਼ਰਾ ਸੋਚੋ: ਯਿਸੂ, ਜਿਸ ਹਸਤੀ ਨੇ ਇਸ ਧਰਤੀ ਅਤੇ ਸਾਰੇ ਜੀਵ-ਜੰਤੂ ਬਣਾਉਣ ਵਿਚ ਮਦਦ ਕੀਤੀ, ਉਹੀ ਇਨਸਾਨ ਦੁਆਰਾ ਵਿਗਾੜੇ ਹਾਲਾਤਾਂ ਨੂੰ ਸੁਧਾਰੇਗਾ।

ਕਿਸ ਤਰ੍ਹਾਂ ਦੇ ਲੋਕ ਮਸੀਹ ਦੇ ਅਧੀਨ ਹੋਣਗੇ? ਉਹ ਜਿਹੜੇ ਸੱਚ-ਮੁੱਚ ਮਸਕੀਨ ਤੇ ਧਰਮੀ ਹਨ, ਜਿਹੜੇ ਸੱਚੇ ਪਰਮੇਸ਼ੁਰ ਯਹੋਵਾਹ ਬਾਰੇ ਗਿਆਨ ਲੈਂਦੇ ਹਨ ਤੇ ਯਿਸੂ ਮਸੀਹ ਨੂੰ ਆਪਣਾ ਹਾਕਮ ਮੰਨਦੇ ਹਨ। (ਜ਼ਬੂਰਾਂ ਦੀ ਪੋਥੀ 37:​11, 29; 2 ਥੱਸਲੁਨੀਕੀਆਂ 1:​7, 8) ਯਿਸੂ ਨੇ ਕਿਹਾ ਕਿ ਅਜਿਹੇ ਲੋਕ ਭਵਿੱਖ ਵਿਚ ਸੁੰਦਰ “ਧਰਤੀ ਦੇ ਵਾਰਸ ਹੋਣਗੇ।”​—ਮੱਤੀ 5:5; ਯਸਾਯਾਹ 11:​6-9.

ਕੀ ਤੁਹਾਨੂੰ ਬਾਈਬਲ ਦੇ ਵਾਅਦਿਆਂ ਉੱਤੇ ਭਰੋਸਾ ਹੈ? ਜੇ ਤੁਸੀਂ ਸੁੰਦਰ ਧਰਤੀ ਉੱਤੇ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਕਰਨ ਦੀ ਲੋੜ ਹੈ? ਯਿਸੂ ਨੇ ਕਿਹਾ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।”​—ਯੂਹੰਨਾ 17:3.

ਇਸ ਸਮੇਂ ਭਾਵੇਂ ਲੱਗਦਾ ਹੈ ਕਿ ਸਾਡੀ ਧਰਤੀ ਖ਼ਤਰੇ ਵਿਚ ਹੈ, ਪਰ ਇਹ ਕਦੇ ਨਾਸ਼ ਨਹੀਂ ਹੋਵੇਗੀ। ਉਹ ਲੋਕ ਖ਼ਤਰੇ ਵਿਚ ਹਨ ਜੋ ਪਰਮੇਸ਼ੁਰ ਦੀ ਸ੍ਰਿਸ਼ਟੀ ਨੂੰ ਵਿਗਾੜਦੇ ਹਨ ਤੇ ਯਿਸੂ ਮਸੀਹ ਦੇ ਕਹਿਣੇ ਨਹੀਂ ਲੱਗਦੇ। ਇਸ ਕਰਕੇ ਯਹੋਵਾਹ ਦੇ ਗਵਾਹ ਤੁਹਾਨੂੰ ਉਹ ਗਿਆਨ ਲੈਣ ਲਈ ਬੇਨਤੀ ਕਰਦੇ ਹਨ ਜਿਸ ਨਾਲ ਤੁਹਾਨੂੰ ਸਦਾ ਦੀ ਜ਼ਿੰਦਗੀ ਮਿਲ ਸਕਦੀ ਹੈ। (g 8/08)

[ਸਫ਼ਾ 8 ਉੱਤੇ ਡੱਬੀ]

ਵਿਗਿਆਨ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ

ਭਾਵੇਂ ਲੱਖਾਂ ਹੀ ਲੋਕ ਨਸ਼ੇ ਕਰਨ, ਜ਼ਿਆਦਾ ਸ਼ਰਾਬ ਪੀਣ ਤੇ ਤਮਾਖੂ ਖਾਣ ਦੇ ਖ਼ਤਰਿਆਂ ਬਾਰੇ ਜਾਣਦੇ ਹਨ, ਫਿਰ ਵੀ ਉਹ ਆਪਣੇ ਦਿਮਾਗ਼ਾਂ ਤੇ ਸਰੀਰਾਂ ਦਾ ਨੁਕਸਾਨ ਕਰਦੇ ਹਨ। ਉਨ੍ਹਾਂ ਲਈ ਜ਼ਿੰਦਗੀ ਪਰਮੇਸ਼ੁਰ ਵੱਲੋਂ ਇਕ ਅਨਮੋਲ ਦਾਤ ਨਹੀਂ ਹੈ। (ਜ਼ਬੂਰਾਂ ਦੀ ਪੋਥੀ 36:9; 2 ਕੁਰਿੰਥੀਆਂ 7:1) ਅਫ਼ਸੋਸ ਦੀ ਗੱਲ ਹੈ ਕਿ ਉਹ ਧਰਤੀ ਨੂੰ ਵੀ ਤੁੱਛ ਸਮਝਦੇ ਹਨ ਜਿਸ ਕਰਕੇ ਉਨ੍ਹਾਂ ਨੇ ਇਸ ਦਾ ਵੀ ਨੁਕਸਾਨ ਕੀਤਾ ਹੈ।

ਇਸ ਦਾ ਹੱਲ ਕਿਸ ਕੋਲ ਹੈ? ਕੀ ਵਿਗਿਆਨੀਆਂ ਅਤੇ ਹੋਰ ਪੜ੍ਹੇ-ਲਿਖੇ ਲੋਕਾਂ ਕੋਲ ਇਸ ਦਾ ਕੋਈ ਹੱਲ ਹੈ? ਨਹੀਂ ਕਿਉਂਕਿ ਲੋਕ ਧਰਤੀ ਬਾਰੇ ਯਹੋਵਾਹ ਪਰਮੇਸ਼ੁਰ ਦੇ ਨਜ਼ਰੀਏ ਬਾਰੇ ਨਹੀਂ ਜਾਣਦੇ। ਇਸ ਲਈ ਜ਼ਰੂਰੀ ਹੈ ਕਿ ਉਹ ਪਰਮੇਸ਼ੁਰ ਬਾਰੇ ਗਿਆਨ ਲੈ ਕੇ ਇਸ ਉੱਤੇ ਅਮਲ ਕਰਨ। ਬਾਈਬਲ ਇਸ ਗੱਲ ਨਾਲ ਸਹਿਮਤ ਹੈ। ਇਸ ਕਰਕੇ ਇਹ ਵਾਅਦਾ ਕਰਦੀ ਹੈ ਕਿ ਉਹ ਸਮਾਂ ਆਵੇਗਾ ਜਦੋਂ ਲੋਕ ਧਰਤੀ ਨੂੰ “ਨਾ ਸੱਟ ਲਾਉਣਗੇ ਨਾ ਨਾਸ ਕਰਨਗੇ” ਕਿਉਂਕਿ ਧਰਤੀ “ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”​—ਯਸਾਯਾਹ 11:9.

[ਸਫ਼ਾ 9 ਉੱਤੇ ਤਸਵੀਰ]

ਮਸੀਹ ਦੀ ਹਕੂਮਤ ਅਧੀਨ ਧਰਮੀ ਲੋਕ ਸਾਰੀ ਧਰਤੀ ਨੂੰ ਸੁੰਦਰ ਬਣਾਉਣਗੇ