Skip to content

Skip to table of contents

ਜੀਵਨੀ

“ਹੁਣ ਮੈਨੂੰ ਪ੍ਰਚਾਰ ਕਰਨਾ ਬਹੁਤ ਪਸੰਦ ਹੈ!”

“ਹੁਣ ਮੈਨੂੰ ਪ੍ਰਚਾਰ ਕਰਨਾ ਬਹੁਤ ਪਸੰਦ ਹੈ!”

ਮੇਰੀ ਪਰਵਰਿਸ਼ ਨਿਊਜ਼ੀਲੈਂਡ ਦੇ ਸ਼ਹਿਰ ਬੈਲਕਲੂਥਾ ਵਿਚ ਹੋਈ ਸੀ। ਛੋਟੇ ਹੁੰਦਿਆਂ ਮੈਂ ਯਹੋਵਾਹ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਮੀਟਿੰਗਾਂ ’ਤੇ ਜਾਣਾ ਤੇ ਭੈਣਾਂ-ਭਰਾਵਾਂ ਨੂੰ ਮਿਲਣਾ ਮੈਨੂੰ ਬਹੁਤ ਵਧੀਆ ਲੱਗਦਾ ਸੀ। ਮੈਂ ਸ਼ਰਮੀਲੇ ਸੁਭਾਅ ਦੀ ਸੀ, ਪਰ ਫਿਰ ਵੀ ਹਰ ਹਫ਼ਤੇ ਪ੍ਰਚਾਰ ਕਰਕੇ ਮੈਨੂੰ ਬਹੁਤ ਮਜ਼ਾ ਆਉਂਦਾ ਸੀ। ਮੈਂ ਆਪਣੇ ਨਾਲ ਪੜ੍ਹਨ ਵਾਲੇ ਬੱਚਿਆਂ ਅਤੇ ਦੂਸਰਿਆਂ ਨੂੰ ਗਵਾਹੀ ਦੇਣ ਤੋਂ ਵੀ ਨਹੀਂ ਡਰਦੀ ਸੀ। ਮੈਨੂੰ ਮਾਣ ਸੀ ਕਿ ਮੈਂ ਯਹੋਵਾਹ ਦੀ ਇਕ ਗਵਾਹ ਹਾਂ। ਮੈਂ 11 ਸਾਲ ਦੀ ਉਮਰ ਵਿਚ ਆਪਣੀ ਜ਼ਿੰਦਗੀ ਪਰਮੇਸ਼ੁਰ ਨੂੰ ਸਮਰਪਿਤ ਕਰ ਦਿੱਤੀ।

ਮੈਂ ਆਪਣੀ ਖ਼ੁਸ਼ੀ ਗੁਆ ਲਈ

ਦੁੱਖ ਦੀ ਗੱਲ ਹੈ ਕਿ ਜਿੱਦਾਂ-ਜਿੱਦਾਂ ਮੈਂ ਵੱਡੀ ਹੁੰਦੀ ਗਈ, ਯਹੋਵਾਹ ਲਈ ਮੇਰਾ ਪਿਆਰ ਠੰਢਾ ਪੈਂਦਾ ਗਿਆ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮੈਂ 13 ਸਾਲਾਂ ਦੀ ਸੀ। ਮੇਰੇ ਨਾਲ ਪੜ੍ਹਨ ਵਾਲੇ ਬੱਚਿਆਂ ਦੇ ਮਾਪੇ ਉਨ੍ਹਾਂ ’ਤੇ ਕੋਈ ਰੋਕ-ਟੋਕ ਨਹੀਂ ਲਾਉਂਦੇ ਸਨ। ਉਹ ਕਦੀ ਵੀ ਕਿਤੇ ਵੀ ਆ ਜਾ ਸਕਦੇ ਸਨ। ਮੈਂ ਵੀ ਉਨ੍ਹਾਂ ਵਰਗੀ ਬਣਨਾ ਚਾਹੁੰਦੀ ਸੀ। ਮੈਨੂੰ ਲੱਗਦਾ ਸੀ ਕਿ ਮੰਮੀ-ਡੈਡੀ ਨੇ ਜੋ ਕਾਨੂੰਨ ਬਣਾਏ ਹਨ, ਉਨ੍ਹਾਂ ਨੂੰ ਮੰਨਣਾ ਅਤੇ ਯਹੋਵਾਹ ਦੇ ਗਵਾਹ ਵਜੋਂ ਸੇਵਾ ਕਰਨੀ ਬਹੁਤ ਮੁਸ਼ਕਲ ਹੈ। ਹੁਣ ਮੈਨੂੰ ਬਾਈਬਲ ਅਸੂਲਾਂ ਮੁਤਾਬਕ ਜ਼ਿੰਦਗੀ ਜੀਉਣੀ ਬੋਝ ਲੱਗਣ ਲੱਗ ਪਈ ਸੀ। ਭਾਵੇਂ ਮੈਂ ਮੰਨਦੀ ਸੀ ਕਿ ਯਹੋਵਾਹ ਹੈ, ਪਰ ਮੈਂ ਉਸ ਤੋਂ ਦੂਰ ਹੋ ਗਈ ਸੀ।

ਮੈਂ ਪ੍ਰਚਾਰ ’ਤੇ ਜਾਣਾ ਤਾਂ ਨਹੀਂ ਛੱਡਿਆ, ਪਰ ਮੈਂ ਸਿਰਫ਼ ਨਾਂ ਲਈ ਹੀ ਜਾਂਦੀ ਹੁੰਦੀ ਸੀ। ਮੈਂ ਬਿਨਾਂ ਕਿਸੇ ਤਿਆਰੀ ਦੇ ਹੀ ਪ੍ਰਚਾਰ ’ਤੇ ਚਲੀ ਜਾਂਦੀ ਸੀ। ਇਸ ਲਈ ਕਿਸੇ ਨਾਲ ਗੱਲਬਾਤ ਸ਼ੁਰੂ ਕਰਨੀ ਅਤੇ ਉਸ ਨੂੰ ਜਾਰੀ ਰੱਖਣਾ ਮੈਨੂੰ ਔਖਾ ਲੱਗਦਾ ਸੀ। ਨਤੀਜੇ ਵਜੋਂ, ਨਾ ਤਾਂ ਮੇਰੇ ਕੋਲ ਕੋਈ ਰਿਟਰਨ ਵਿਜ਼ਿਟ ਸੀ ਤੇ ਨਾ ਹੀ ਕੋਈ ਸਟੱਡੀ। ਮੇਰਾ ਪ੍ਰਚਾਰ ਵਿਚ ਜ਼ਰਾ ਵੀ ਦਿਲ ਨਹੀਂ ਸੀ ਲੱਗਦਾ। ਮੈਂ ਸੋਚਦੀ ਹੁੰਦੀ ਸੀ, ‘ਕੋਈ ਹਰ ਹਫ਼ਤੇ ਪ੍ਰਚਾਰ ਕਿੱਦਾਂ ਕਰ ਸਕਦਾ? ਮੇਰੇ ਤੋਂ ਤਾਂ ਨਹੀਂ ਹੁੰਦਾ।’

ਜਦੋਂ ਮੈਂ 17 ਸਾਲਾਂ ਦੀ ਹੋਈ, ਤਾਂ ਮੈਂ ਬੱਸ ਆਜ਼ਾਦੀ ਚਾਹੁੰਦੀ ਸੀ। ਇਸ ਲਈ ਮੈਂ ਆਪਣਾ ਸਮਾਨ ਬੰਨਿਆਂ ਤੇ ਘਰੋਂ ਚਲੀ ਗਈ ਅਤੇ ਆਸਟ੍ਰੇਲੀਆ ਵਿਚ ਜਾ ਕੇ ਰਹਿਣ ਲੱਗ ਪਈ। ਇਹ ਸਭ ਦੇਖ ਕਿ ਮੇਰੇ ਮੰਮੀ-ਡੈਡੀ ਨੂੰ ਬਹੁਤ ਬੁਰਾ ਲੱਗ ਰਿਹਾ ਸੀ। ਉਨ੍ਹਾਂ ਨੂੰ ਮੇਰੀ ਚਿੰਤਾ ਸੀ, ਪਰ ਉਨ੍ਹਾਂ ਨੇ ਸੋਚਿਆ ਕਿ ਮੈਂ ਘੱਟੋ-ਘੱਟ ਯਹੋਵਾਹ ਦੀ ਸੇਵਾ ਤਾਂ ਕਰਦੀ ਰਹਾਂਗੀ।

ਆਸਟ੍ਰੇਲੀਆ ਵਿਚ ਜਾ ਕੇ ਮੈਂ ਯਹੋਵਾਹ ਦੀ ਸੇਵਾ ਵਿਚ ਹੋਰ ਢਿੱਲੀ ਪੈ ਗਈ। ਮੈਂ ਕਦੀ-ਕਦੀ ਹੀ ਸਭਾਵਾਂ ਵਿਚ ਜਾਂਦੀ ਹੁੰਦੀ ਸੀ। ਮੇਰੀ ਦੋਸਤੀ ਉਨ੍ਹਾਂ ਨੌਜਵਾਨਾਂ ਨਾਲ ਹੋ ਗਈ ਜੋ ਇਕ ਪਾਸੇ ਮੀਟਿੰਗਾਂ ਵਿਚ ਜਾਂਦੇ ਸਨ ਅਤੇ ਦੂਜੇ ਪਾਸੇ ਨਾਈਟ ਕਲੱਬਾਂ ਵਿਚ। ਉਹ ਉੱਥੇ ਸ਼ਰਾਬ ਪੀਂਦੇ ਤੇ ਨੱਚਦੇ-ਟੱਪਦੇ ਸਨ। ਉਸ ਸਮੇਂ ਨੂੰ ਯਾਦ ਕਰ ਕੇ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਦੋ ਬੇੜੀਆਂ ਵਿਚ ਪੈਰ ਰੱਖੇ ਹੋਏ ਸਨ। ਇਕ ਸੱਚਾਈ ਵਿਚ ਤੇ ਦੂਜਾ ਦੁਨੀਆਂ ਵਿਚ। ਅਸਲ ਵਿਚ ਮੈਂ ਕਿਤੇ ਵੀ ਖ਼ੁਸ਼ ਨਹੀਂ ਸੀ।

ਅਣਜਾਣੇ ਵਿਚ ਮਿਲਿਆ ਇਕ ਅਹਿਮ ਸਬਕ

ਲਗਭਗ ਦੋ ਸਾਲ ਬਾਅਦ, ਮੈਂ ਇਕ ਭੈਣ ਨੂੰ ਮਿਲੀ। ਇਸ ਭੈਣ ਨੇ ਜਾਣੇ-ਅਣਜਾਣੇ ਵਿਚ ਮੈਨੂੰ ਸੋਚਣ ਲਈ ਮਜਬੂਰ ਕੀਤਾ ਕਿ ਮੈਂ ਆਪਣੀ ਜ਼ਿੰਦਗੀ ਕਿਵੇਂ ਜੀ ਰਹੀ ਸੀ। ਉਦੋਂ ਮੈਂ ਪੰਜ ਕੁਆਰੀਆਂ ਭੈਣਾਂ ਨਾਲ ਇਕ ਘਰ ਵਿਚ ਰਹਿੰਦੀ ਸੀ। ਅਸੀਂ ਸਫ਼ਰੀ ਨਿਗਾਹਬਾਨ ਅਤੇ ਉਸ ਦੀ ਪਤਨੀ ਤਮਾਰਾ ਨੂੰ ਇਕ ਹਫ਼ਤੇ ਲਈ ਸਾਡੇ ਘਰ ਰੁਕਣ ਲਈ ਕਿਹਾ। ਜਦੋਂ ਭਰਾ ਮੰਡਲੀ ਦੇ ਕੰਮਾਂ ਲਈ ਬਾਹਰ ਹੁੰਦਾ ਸੀ, ਤਾਂ ਭੈਣ ਤਮਾਰਾ ਸਾਡੇ ਨਾਲ ਸਮਾਂ ਬਿਤਾਉਂਦੀ ਸੀ। ਉਹ ਸਾਡੇ ਨਾਲ ਗੱਲਾਂ ਕਰਦੀ ਤੇ ਹਾਸਾ-ਮਜ਼ਾਕ ਕਰਦੀ ਹੁੰਦੀ ਸੀ। ਉਹ ਭੈਣ ਬਹੁਤ ਨਿਮਰ ਸੀ ਅਤੇ ਉਸ ਦਾ ਸੁਭਾਅ ਦੋਸਤਾਨਾ ਸੀ ਜਿਸ ਕਰਕੇ ਅਸੀਂ ਉਸ ਨਾਲ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਸੀ। ਮੈਨੂੰ ਇਹ ਗੱਲ ਬਹੁਤ ਵਧੀਆ ਲੱਗੀ ਕਿ ਭਾਵੇਂ ਇਹ ਭੈਣ ਯਹੋਵਾਹ ਦੀ ਸੇਵਾ ਵਿਚ ਰੁੱਝੀ ਰਹਿੰਦੀ ਸੀ, ਫਿਰ ਵੀ ਉਸ ਨਾਲ ਸਮਾਂ ਬਿਤਾ ਕਿ ਕਿੰਨਾ ਮਜ਼ਾ ਆਇਆ।

ਤਮਾਰਾ ਬਹੁਤ ਹੀ ਜੋਸ਼ੀਲੀ ਭੈਣ ਸੀ। ਉਸ ਦੇ ਦਿਲ ਵਿਚ ਸੱਚਾਈ ਤੇ ਪ੍ਰਚਾਰ ਲਈ ਬਹੁਤ ਜੋਸ਼ ਸੀ। ਉਹ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰਦੀ ਸੀ ਅਤੇ ਇਸ ਤੋਂ ਉਸ ਨੂੰ ਬਹੁਤ ਖ਼ੁਸ਼ੀ ਵੀ ਮਿਲਦੀ ਸੀ। ਪਰ ਮੈਂ ਸਿਰਫ਼ ਨਾਂ ਦੀ ਹੀ ਸੇਵਾ ਕਰਦੀ ਸੀ ਅਤੇ ਮੈਂ ਬਿਲਕੁਲ ਵੀ ਖ਼ੁਸ਼ ਨਹੀਂ ਸੀ। ਤਮਾਰਾ ਦਾ ਜੋਸ਼ ਦੇਖ ਕੇ ਮੇਰੇ ਅੰਦਰ ਜੋਸ਼ ਭਰ ਗਿਆ। ਉਸ ਨੂੰ ਦੇਖ ਕੇ ਮੈਨੂੰ ਬਾਈਬਲ ਵਿਚ ਲਿਖੀ ਇਕ ਗੱਲ ਯਾਦ ਆਈ: ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਾਰੇ “ਖ਼ੁਸ਼ੀ ਨਾਲ” ਉਸ ਦੀ ਸੇਵਾ ਕਰੀਏ ਅਤੇ ਉਸ ਦੀ “ਜੈ-ਜੈ ਕਾਰ” ਕਰੀਏ।—ਜ਼ਬੂ. 100:2.

ਮੈਨੂੰ ਪ੍ਰਚਾਰ ਵਿਚ ਫਿਰ ਤੋਂ ਮਜ਼ਾ ਆਉਣ ਲੱਗਾ

ਤਮਾਰਾ ਵਾਂਗ ਮੈਂ ਵੀ ਖ਼ੁਸ਼ ਰਹਿਣਾ ਚਾਹੁੰਦੀ ਸੀ, ਪਰ ਉਹ ਖ਼ੁਸ਼ੀ ਪਾਉਣ ਲਈ ਮੈਨੂੰ ਕੁਝ ਵੱਡੀਆਂ ਤਬਦੀਲੀਆਂ ਕਰਨ ਦੀ ਲੋੜ ਸੀ। ਮੈਂ ਹੌਲੀ-ਹੌਲੀ ਆਪਣੇ ਵਿਚ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ। ਹੁਣ ਮੈਂ ਪ੍ਰਚਾਰ ਵਿਚ ਤਿਆਰੀ ਕਰ ਕੇ ਜਾਂਦੀ ਸੀ। ਮੈਂ ਕਦੇ-ਕਦੇ ਔਗਜ਼ੀਲਰੀ ਪਾਇਨੀਅਰਿੰਗ ਵੀ ਕਰਦੀ ਸੀ। ਇੱਦਾਂ ਕਰਨ ਨਾਲ ਮੇਰੀ ਘਬਰਾਹਟ ਥੋੜ੍ਹੀ ਦੂਰ ਹੋ ਗਈ ਅਤੇ ਮੈਂ ਬਿਨਾਂ ਝਿਜਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਪ੍ਰਚਾਰ ਵਿਚ ਅਕਸਰ ਬਾਈਬਲ ਵਰਤਣ ਨਾਲ ਮੈਨੂੰ ਹੋਰ ਵੀ ਮਜ਼ਾ ਆਉਣ ਲੱਗਾ। ਥੋੜ੍ਹੇ ਹੀ ਸਮੇਂ ਬਾਅਦ, ਮੈਂ ਹਰ ਮਹੀਨੇ ਔਗਜ਼ੀਲਰੀ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਮੈਂ ਹਰ ਉਮਰ ਦੇ ਭੈਣਾਂ-ਭਰਾਵਾਂ ਨਾਲ ਦੋਸਤੀ ਕਰਨ ਲੱਗੀ। ਇਹ ਭੈਣ-ਭਰਾ ਸੱਚਾਈ ਵਿਚ ਮਜ਼ਬੂਤ ਸਨ ਅਤੇ ਇਨ੍ਹਾਂ ਨੂੰ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਸੀ। ਉਨ੍ਹਾਂ ਦੀ ਵਧੀਆ ਮਿਸਾਲ ਤੋਂ ਮੈਂ ਸਿੱਖਿਆ ਕਿ ਮੈਨੂੰ ਜ਼ਿੰਦਗੀ ਵਿਚ ਕਿਨ੍ਹਾਂ ਗੱਲਾਂ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ। ਨਾਲੇ ਮੈਂ ਹਰ ਰੋਜ਼ ਬਾਈਬਲ ਪੜ੍ਹਨ ਲੱਗੀ। ਫਿਰ ਮੈਨੂੰ ਪ੍ਰਚਾਰ ਵਿਚ ਹੋਰ ਜ਼ਿਆਦਾ ਖ਼ੁਸ਼ੀ ਮਿਲਣ ਲੱਗ ਪਈ। ਅਖ਼ੀਰ ਮੈਂ ਰੈਗੂਲਰ ਪਾਇਨੀਅਰ ਬਣ ਗਈ। ਇੰਨੇ ਸਾਲਾਂ ਵਿਚ ਇਹ ਪਹਿਲੀ ਵਾਰ ਸੀ ਕਿ ਮੈਂ ਸੱਚ-ਮੁੱਚ ਖ਼ੁਸ਼ ਸੀ ਅਤੇ ਮੰਡਲੀ ਦੇ ਭੈਣ-ਭਰਾ ਮੈਨੂੰ ਆਪਣੇ ਲੱਗਣ ਲੱਗੇ।

ਮੈਨੂੰ ਮੇਰਾ ਸਾਥੀ ਮਿਲ ਗਿਆ

ਇਕ ਸਾਲ ਬਾਅਦ ਮੇਰੀ ਮੁਲਾਕਾਤ ਐਲਿਕਸ ਨਾਲ ਹੋਈ। ਉਹ ਇਕ ਚੰਗਾ ਤੇ ਸਾਫ਼ ਦਿਲ ਵਾਲਾ ਇਨਸਾਨ ਹੈ ਜੋ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਨੂੰ ਪ੍ਰਚਾਰ ਕਰਨਾ ਬਹੁਤ ਪਸੰਦ ਹੈ। ਉਸ ਵੇਲੇ ਉਹ ਇਕ ਸਹਾਇਕ ਸੇਵਕ ਸੀ ਅਤੇ ਛੇ ਸਾਲਾਂ ਤੋਂ ਪਾਇਨੀਅਰਿੰਗ ਕਰ ਰਿਹਾ ਸੀ। ਐਲਿਕਸ ਨੇ ਕੁਝ ਮਹੀਨਿਆਂ ਲਈ ਮਲਾਵੀ ਵਿਚ ਅਜਿਹੀ ਥਾਂ ’ਤੇ ਸੇਵਾ ਵੀ ਕੀਤੀ ਸੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਉੱਥੇ ਉਸ ਦੀ ਮੁਲਾਕਾਤ ਕਈ ਮਿਸ਼ਨਰੀਆਂ ਨਾਲ ਹੋਈ ਜਿਨ੍ਹਾਂ ਦਾ ਉਸ ’ਤੇ ਬਹੁਤ ਚੰਗਾ ਅਸਰ ਹੋਇਆ। ਉਨ੍ਹਾਂ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਇਸੇ ਤਰ੍ਹਾਂ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦਾ ਰਹੇ।

ਸਾਲ 2003 ਵਿਚ ਐਲਿਕਸ ਨਾਲ ਮੇਰਾ ਵਿਆਹ ਹੋ ਗਿਆ। ਉਦੋਂ ਤੋਂ ਹੀ ਅਸੀਂ ਦੋਵੇਂ ਮਿਲ ਕੇ ਪੂਰੇ ਸਮੇਂ ਦੀ ਸੇਵਾ ਕਰ ਰਹੇ ਹਾਂ। ਇਨ੍ਹਾਂ ਸਾਲਾਂ ਦੌਰਾਨ ਅਸੀਂ ਬਹੁਤ ਕੁਝ ਸਿੱਖਿਆ ਅਤੇ ਯਹੋਵਾਹ ਨੇ ਸਾਨੂੰ ਇੰਨੀਆਂ ਬਰਕਤਾਂ ਦਿੱਤੀਆਂ ਕਿ ਅਸੀਂ ਗਿਣ ਵੀ ਨਹੀਂ ਸਕਦੇ।

ਹੋਰ ਵੀ ਬਰਕਤਾਂ ਮਿਲੀਆਂ

ਟਿਮੋਰ-ਲੇਸਤ ਦੇ ਗਲੇਨੋ ਵਿਚ ਪ੍ਰਚਾਰ ਕਰਦੇ ਹੋਏ

ਸਾਲ 2009 ਵਿਚ ਸਾਨੂੰ ਦੋਵਾਂ ਨੂੰ ਟਿਮੋਰ-ਲੇਸਤ ਵਿਚ ਮਿਸ਼ਨਰੀ ਸੇਵਾ ਕਰਨ ਦਾ ਸੱਦਾ ਮਿਲਿਆ। ਇਹ ਇੰਡੋਨੇਸ਼ੀਆ ਦੇ ਟਾਪੂਆਂ ਵਿਚ ਇਕ ਛੋਟਾ ਜਿਹਾ ਦੇਸ਼ ਹੈ। ਜਦੋਂ ਸਾਨੂੰ ਇਹ ਸੱਦਾ ਮਿਲਿਆ, ਤਾਂ ਪਹਿਲਾਂ ਅਸੀਂ ਹੈਰਾਨ ਹੀ ਰਹਿ ਗਏ! ਅਸੀਂ ਬਹੁਤ ਖ਼ੁਸ਼ ਸੀ, ਪਰ ਥੋੜ੍ਹੇ ਘਬਰਾਏ ਹੋਏ ਵੀ ਸੀ। ਪੰਜ ਮਹੀਨਿਆਂ ਬਾਅਦ, ਅਸੀਂ ਉਸ ਦੇਸ਼ ਦੀ ਰਾਜਧਾਨੀ ਡਿਲੀ ਪਹੁੰਚ ਗਏ।

ਇਸ ਨਵੇਂ ਇਲਾਕੇ ਵਿਚ ਸਾਡੀ ਜ਼ਿੰਦਗੀ ਬਹੁਤ ਵੱਖਰੀ ਸੀ। ਸਾਡੇ ਲਈ ਇੱਥੋਂ ਦਾ ਸਭਿਆਚਾਰ, ਭਾਸ਼ਾ, ਖਾਣਾ-ਪੀਣਾ ਅਤੇ ਰਹਿਣ-ਸਹਿਣ ਬਿਲਕੁਲ ਵੱਖਰਾ ਸੀ। ਸਾਡੇ ਕੋਲ ਪਹਿਲਾਂ ਵਰਗੀਆਂ ਸਹੂਲਤਾਂ ਵੀ ਨਹੀਂ ਸਨ। ਪ੍ਰਚਾਰ ਵਿਚ ਵੀ ਸਾਨੂੰ ਜ਼ਿਆਦਾਤਰ ਇੱਦਾਂ ਦੇ ਲੋਕ ਮਿਲਦੇ ਸਨ ਜੋ ਬਹੁਤ ਗ਼ਰੀਬ, ਘੱਟ ਪੜ੍ਹੇ-ਲਿਖੇ ਅਤੇ ਜ਼ੁਲਮਾਂ ਦੇ ਮਾਰੇ ਹੁੰਦੇ ਸਨ। ਨਾਲੇ ਅਸੀਂ ਉਨ੍ਹਾਂ ਲੋਕਾਂ ਨੂੰ ਵੀ ਮਿਲੇ, ਜਿਨ੍ਹਾਂ ਨੇ ਯੁੱਧ ਤੇ ਖ਼ੂਨ-ਖ਼ਰਾਬੇ ਕਰਕੇ ਬਹੁਤ ਦੁੱਖ ਝੱਲੇ ਸਨ। *

ਇੱਥੇ ਪ੍ਰਚਾਰ ਕਰਨਾ ਬਹੁਤ ਹੀ ਵਧੀਆ ਸੀ! ਮੈਂ ਇਕ ਤਜਰਬਾ ਦੱਸਦੀ ਹਾਂ। ਇਕ ਵਾਰ ਮੈਨੂੰ ਮਾਰੀਆ * ਨਾਂ ਦੀ ਕੁੜੀ ਮਿਲੀ ਜੋ 13 ਸਾਲਾਂ ਦੀ ਸੀ। ਕੁਝ ਸਾਲ ਪਹਿਲਾਂ ਉਸ ਦੀ ਮੰਮੀ ਦੀ ਮੌਤ ਹੋ ਗਈ ਸੀ ਅਤੇ ਉਹ ਆਪਣੇ ਡੈਡੀ ਨੂੰ ਵੀ ਬਹੁਤ ਘੱਟ ਮਿਲੀ ਸੀ। ਆਪਣੀ ਉਮਰ ਦੇ ਕਈ ਬੱਚਿਆਂ ਵਾਂਗ ਉਸ ਨੂੰ ਵੀ ਪਤਾ ਨਹੀਂ ਸੀ ਕਿ ਉਸ ਨੇ ਜ਼ਿੰਦਗੀ ਵਿਚ ਕਰਨਾ ਕੀ ਹੈ। ਮੈਨੂੰ ਯਾਦ ਹੈ ਇਕ ਵਾਰ ਉਹ ਮੈਨੂੰ ਆਪਣੇ ਦਿਲ ਦੀ ਗੱਲ ਦੱਸਦੇ-ਦੱਸਦੇ ਰੋਣ ਲੱਗ ਪਈ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਹਿ ਰਹੀ ਹੈ ਕਿਉਂਕਿ ਮੈਨੂੰ ਉਸ ਦੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਆਉਂਦੀ ਸੀ। ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਮੇਰੀ ਮਦਦ ਕਰੇ ਤਾਂਕਿ ਮੈਂ ਉਸ ਨੂੰ ਹੌਸਲਾ ਦੇ ਸਕਾਂ। ਫਿਰ ਮੈਂ ਉਸ ਨੂੰ ਬਾਈਬਲ ਵਿੱਚੋਂ ਦਿਲਾਸਾ ਦੇਣ ਵਾਲੀਆਂ ਕੁਝ ਆਇਤਾਂ ਪੜ੍ਹ ਕੇ ਸੁਣਾਈਆਂ। ਅਗਲੇ ਕੁਝ ਸਾਲਾਂ ਦੌਰਾਨ ਮੈਂ ਦੇਖਿਆ ਕਿ ਸੱਚਾਈ ਕਰਕੇ ਮਾਰੀਆ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਹੁਣ ਉਹ ਜ਼ਿਆਦਾ ਖ਼ੁਸ਼ ਰਹਿੰਦੀ ਹੈ ਅਤੇ ਉਸ ਦਾ ਪਹਿਰਾਵਾ ਵੀ ਬਹੁਤ ਵਧੀਆ ਹੋ ਗਿਆ ਹੈ। ਨਾਲੇ ਉਸ ਨੇ ਬਪਤਿਸਮਾ ਲੈ ਲਿਆ ਹੈ ਅਤੇ ਹੁਣ ਉਹ ਖ਼ੁਦ ਕਈ ਲੋਕਾਂ ਨੂੰ ਬਾਈਬਲ ਸਟੱਡੀ ਕਰਾਉਂਦੀ ਹੈ। ਅੱਜ ਮਾਰੀਆ ਕੋਲ ਮਸੀਹੀ ਭੈਣਾਂ-ਭਰਾਵਾਂ ਦਾ ਇਕ ਵੱਡਾ ਪਰਿਵਾਰ ਹੈ ਜੋ ਉਸ ਨੂੰ ਬਹੁਤ ਪਿਆਰ ਕਰਦਾ ਹੈ।

ਯਹੋਵਾਹ ਟਿਮੋਰ-ਲੇਸਤ ਵਿਚ ਪ੍ਰਚਾਰ ਕੰਮ ’ਤੇ ਬਰਕਤਾਂ ਪਾ ਰਿਹਾ ਹੈ। ਭਾਵੇਂ ਕਿ ਇੱਥੋਂ ਦੇ ਜ਼ਿਆਦਾਤਰ ਪ੍ਰਚਾਰਕ ਪਿਛਲੇ ਦਸ ਸਾਲਾਂ ਦੌਰਾਨ ਹੀ ਸੱਚਾਈ ਵਿਚ ਆਏ, ਪਰ ਫਿਰ ਵੀ ਉਹ ਪਾਇਨੀਅਰਾਂ, ਸਹਾਇਕ ਸੇਵਕਾਂ ਅਤੇ ਬਜ਼ੁਰਗਾਂ ਵਜੋਂ ਸੇਵਾ ਕਰ ਰਹੇ ਹਨ। ਕੁਝ ਭੈਣ-ਭਰਾ ਟ੍ਰਾਂਸਲੇਸ਼ਨ ਆਫ਼ਿਸ ਵਿਚ ਵੀ ਕੰਮ ਕਰਦੇ ਹਨ ਅਤੇ ਇੱਥੋਂ ਦੀਆਂ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਨੁਵਾਦ ਕਰਨ ਵਿਚ ਮਦਦ ਕਰਦੇ ਹਨ। ਜਦੋਂ ਮੈਂ ਉਨ੍ਹਾਂ ਦੇ ਮੁਸਕਰਾਉਂਦੇ ਚਿਹਰੇ ਦੇਖਦੀ ਹਾਂ, ਉਨ੍ਹਾਂ ਨੂੰ ਸਭਾਵਾਂ ਵਿਚ ਗੀਤ ਗਾਉਂਦਿਆਂ ਅਤੇ ਸੱਚਾਈ ਵਿਚ ਤਰੱਕੀ ਕਰਦਿਆਂ ਦੇਖਦੀ ਹਾਂ, ਤਾਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ।

ਐਲਿਕਸ ਨਾਲ ਨਵੇਂ ਇਲਾਕੇ ਵਿਚ ਮੈਮੋਰੀਅਲ ਦਾ ਸੱਦਾ-ਪੱਤਰ ਵੰਡਣ ਜਾਂਦੇ ਹੋਏ

ਇਸ ਨਾਲੋਂ ਜ਼ਿਆਦਾ ਖ਼ੁਸ਼ ਮੈਂ ਹੋਰ ਕਿਤੇ ਵੀ ਨਹੀਂ ਹੋਣਾ ਸੀ!

ਭਾਵੇਂ ਕਿ ਟਿਮੋਰ-ਲੇਸਤ ਵਿਚ ਸਾਡਾ ਰਹਿਣ-ਸਹਿਣ ਆਸਟ੍ਰੇਲੀਆ ਨਾਲੋਂ ਬਹੁਤ ਵੱਖਰਾ ਸੀ, ਪਰ ਅਸੀਂ ਇੱਥੇ ਰਹਿ ਕੇ ਬਹੁਤ ਖ਼ੁਸ਼ ਸੀ। ਬੇਸ਼ੱਕ ਸਾਨੂੰ ਇੱਥੇ ਕੁਝ ਮੁਸ਼ਕਲਾਂ ਝੱਲਣੀਆਂ ਪਈਆਂ। ਕਦੀ-ਕਦੀ ਅਸੀਂ ਇੱਦਾਂ ਦੀ ਬੱਸ ਵਿਚ ਸਫ਼ਰ ਕਰਦੇ ਹੁੰਦੇ ਸੀ ਜੋ ਲੋਕਾਂ ਨਾਲ ਪੂਰੀ ਭਰੀ ਹੁੰਦੀ ਸੀ। ਬੱਸ ਦੇ ਅੰਦਰ ਹੀ ਬਾਜ਼ਾਰ ਦੀਆਂ ਸੁੱਕੀਆਂ ਮੱਛੀਆਂ ਅਤੇ ਸਬਜ਼ੀਆਂ ਦਾ ਢੇਰ ਰੱਖਿਆ ਹੁੰਦਾ ਸੀ। ਕਈ ਵਾਰ ਸਾਨੂੰ ਗਰਮੀ ਅਤੇ ਹੁੰਮ ਵਾਲੇ ਮੌਸਮ ਵਿਚ ਅਜਿਹੇ ਘਰਾਂ ਵਿਚ ਜਾ ਕੇ ਸਟੱਡੀਆਂ ਕਰਾਉਣੀਆਂ ਪੈਂਦੀਆਂ ਸਨ ਜੋ ਬਹੁਤ ਛੋਟੇ ਹੁੰਦੇ ਸਨ। ਨਾਲੇ ਇਨ੍ਹਾਂ ਦਾ ਫ਼ਰਸ਼ ਕੱਚਾ ਹੁੰਦਾ ਸੀ ਅਤੇ ਆਲੇ-ਦੁਆਲੇ ਮੁਰਗੀਆਂ ਘੁੰਮਦੀਆਂ ਹੁੰਦੀਆਂ ਸਨ। ਪਰ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਉੱਥੇ ਪ੍ਰਚਾਰ ਕਰ ਕੇ ਮੈਂ ਅਕਸਰ ਸੋਚਦੀ ਸੀ, ‘ਮਜ਼ਾ ਆ ਗਿਆ!’

ਪ੍ਰਚਾਰ ਲਈ ਜਾਂਦੇ ਹੋਏ

ਜਦੋਂ ਮੈਂ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੀ ਹਾਂ, ਤਾਂ ਮੰਮੀ-ਡੈਡੀ ਲਈ ਮੇਰਾ ਦਿਲ ਹੋਰ ਅਹਿਸਾਨ ਨਾਲ ਭਰ ਜਾਂਦਾ ਹੈ। ਉਨ੍ਹਾਂ ਨੇ ਮੈਨੂੰ ਯਹੋਵਾਹ ਬਾਰੇ ਸਿਖਾਉਣ ਲਈ ਕਿੰਨੀ ਮਿਹਨਤ ਕੀਤੀ। ਜਦੋਂ ਮੈਂ ਸੱਚਾਈ ਵਿਚ ਕਮਜ਼ੋਰ ਪੈ ਗਈ ਸੀ, ਉਦੋਂ ਵੀ ਉਨ੍ਹਾਂ ਨੇ ਮੇਰਾ ਸਾਥ ਨਹੀਂ ਛੱਡਿਆ। ਕਹਾਉਤਾਂ 22:6 ਮੇਰੇ ਮਾਮਲੇ ਵਿਚ ਬਿਲਕੁਲ ਸੱਚ ਸਾਬਤ ਹੋਇਆ ਹੈ। ਮੰਮੀ-ਡੈਡੀ ਨੂੰ ਐਲਿਕਸ ਅਤੇ ਮੇਰੇ ’ਤੇ ਬਹੁਤ ਮਾਣ ਹੈ। ਉਹ ਇਹ ਦੇਖ ਕੇ ਬਹੁਤ ਖ਼ੁਸ਼ ਹਨ ਕਿ ਅਸੀਂ ਯਹੋਵਾਹ ਦੀ ਸੇਵਾ ਕਰ ਰਹੇ ਹਾਂ। ਸਾਲ 2016 ਤੋਂ ਅਸੀਂ ਆਸਟ੍ਰਾਲੇਸ਼ੀਆ ਦੇਸ਼ ਵਿਚ ਸਫ਼ਰੀ ਕੰਮ ਕਰ ਰਹੇ ਹਾਂ।

ਟਿਮੋਰ-ਲੇਸਤ ਦੇ ਬੱਚਿਆਂ ਨੂੰ ਸੋਨੂੰ ਤੇ ਰਿੰਕੀ ਦੀ ਵੀਡੀਓ ਦਿਖਾਉਂਦੇ ਹੋਏ

ਅੱਜ ਮੈਨੂੰ ਯਕੀਨ ਕਰਨਾ ਔਖਾ ਲੱਗਦਾ ਕਿ ਇਕ ਸਮੇਂ ’ਤੇ ਮੈਨੂੰ ਪ੍ਰਚਾਰ ਕਰ ਕੇ ਬਿਲਕੁਲ ਵੀ ਮਜ਼ਾ ਨਹੀਂ ਆਉਂਦਾ ਸੀ, ਪਰ ਹੁਣ ਮੈਨੂੰ ਪ੍ਰਚਾਰ ਕਰਨਾ ਬਹੁਤ ਪਸੰਦ ਹੈ! ਮੈਂ ਦੇਖਿਆ ਹੈ ਕਿ ਜ਼ਿੰਦਗੀ ਵਿਚ ਉਤਾਰ-ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਹਨ, ਪਰ ਸੱਚੀ ਖ਼ੁਸ਼ੀ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰ ਕੇ ਹੀ ਮਿਲਦੀ ਹੈ। ਪਿਛਲੇ 18 ਸਾਲਾਂ ਤੋਂ ਮੈਂ ਐਲਿਕਸ ਨਾਲ ਮਿਲ ਕੇ ਪੂਰੇ ਸਮੇਂ ਦੀ ਸੇਵਾ ਕਰ ਰਹੀ ਹਾਂ ਅਤੇ ਇਹ ਸਾਲ ਮੇਰੀ ਜ਼ਿੰਦਗੀ ਦੇ ਸਭ ਤੋਂ ਖ਼ੁਸ਼ੀਆਂ ਭਰੇ ਸਾਲ ਸਨ। ਹੁਣ ਮੈਂ ਕਹਿ ਸਕਦੀ ਹਾਂ ਕਿ ਜ਼ਬੂਰ ਦੇ ਲਿਖਾਰੀ ਦਾਊਦ ਨੇ ਯਹੋਵਾਹ ਨੂੰ ਜੋ ਕਿਹਾ ਉਹ ਬਿਲਕੁਲ ਸੱਚ ਹੈ, “ਤੇਰੇ ਕੋਲ ਪਨਾਹ ਲੈਣ ਵਾਲੇ ਸਾਰੇ ਖ਼ੁਸ਼ੀਆਂ ਮਨਾਉਣਗੇ; ਉਹ ਹਮੇਸ਼ਾ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨਗੇ। . . .ਅਤੇ ਤੇਰੇ ਨਾਂ ਦੇ ਪ੍ਰੇਮੀ ਤੇਰੇ ਕਰਕੇ ਖ਼ੁਸ਼ੀ ਮਨਾਉਣਗੇ।”​—ਜ਼ਬੂ. 5:11.

ਇਨ੍ਹਾਂ ਨਿਮਰ ਲੋਕਾਂ ਨੂੰ ਬਾਈਬਲ ਸਟੱਡੀ ਕਰਾ ਕੇ ਕਿੰਨੀ ਖ਼ੁਸ਼ੀ ਮਿਲਦੀ ਹੈ!

^ ਪੈਰਾ 21 ਸਾਲ 1975 ਦੌਰਾਨ ਟਿਮੋਰ-ਲੇਸਤ ਵਿਚ ਆਜ਼ਾਦੀ ਲਈ ਇਕ ਯੁੱਧ ਸ਼ੁਰੂ ਹੋਇਆ ਸੀ ਜੋ 20 ਸਾਲਾਂ ਤਕ ਚੱਲਦਾ ਰਿਹਾ।

^ ਪੈਰਾ 22 ਨਾਂ ਬਦਲਿਆ ਗਿਆ ਹੈ।