Skip to content

Skip to table of contents

ਤਕਨਾਲੋਜੀ ਦਾ ਕੀ ਅਸਰ ਪੈਂਦਾ ਹੈ—ਤੁਹਾਡੇ ਬੱਚਿਆਂ ’ਤੇ?

ਤਕਨਾਲੋਜੀ ਦਾ ਕੀ ਅਸਰ ਪੈਂਦਾ ਹੈ—ਤੁਹਾਡੇ ਬੱਚਿਆਂ ’ਤੇ?

ਬੱਚੇ ਤਕਨਾਲੋਜੀ ਵਰਤਣ ਵਿਚ ਇੰਨੇ ਮਾਹਰ ਹਨ ਕਿ ਇੱਦਾਂ ਲੱਗਦਾ ਹੈ ਜਿੱਦਾਂ ਉਹ ਮਾਂ ਦੇ ਢਿੱਡ ਵਿੱਚੋਂ ਹੀ ਸਿੱਖ ਕੇ ਆਏ ਹੋਣ ਜਦ ਕਿ ਵੱਡਿਆਂ ਨੂੰ ਤਕਨਾਲੋਜੀ ਬਾਰੇ ਸਿੱਖਣਾ ਔਖਾ ਲੱਗਦਾ ਹੈ।

ਪਰ ਅਕਸਰ ਦੇਖਿਆ ਗਿਆ ਹੈ ਕਿ ਜਿਹੜੇ ਬੱਚੇ ਇੰਟਰਨੈੱਟ ਜ਼ਿਆਦਾ ਵਰਤਦੇ ਹਨ . . .

  • ਉਨ੍ਹਾਂ ਨੂੰ ਫ਼ੋਨ ਜਾਂ ਟੈਬਲੇਟ ਵਗੈਰਾ ਵਰਤਣ ਦੀ ਲਤ ਲੱਗ ਜਾਂਦੀ ਹੈ।

  • ਉਹ ਇੰਟਰਨੈੱਟ ’ਤੇ ਦੂਜਿਆਂ ਨਾਲ ਬਦਤਮੀਜ਼ੀ ਕਰਦੇ ਹਨ ਜਾਂ ਦੂਜੇ ਉਨ੍ਹਾਂ ਨਾਲ।

  • ਉਹ ਜਾਣੇ-ਅਣਜਾਣੇ ਵਿਚ ਗੰਦੀਆਂ ਤਸਵੀਰਾਂ ਤੇ ਵੀਡੀਓ ਦੇਖਦੇ ਹਨ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?

ਲਤ

ਕੁਝ ਆਨ-ਲਾਈਨ ਗੇਮਾਂ ਤੇ ਐਪਸ ਨੂੰ ਬਣਾਇਆ ਹੀ ਇਸ ਤਰ੍ਹਾਂ ਜਾਂਦਾ ਹੈ ਕਿ ਇਨ੍ਹਾਂ ਦੀ ਲਤ ਲੱਗ ਜਾਵੇ। ਇਕ ਕਿਤਾਬ ਕਹਿੰਦੀ ਹੈ: “ਅੱਜ-ਕੱਲ੍ਹ ਸਾਡੇ ਫ਼ੋਨਾਂ ’ਤੇ ਇੱਦਾਂ ਦੀਆਂ ਐਪਸ ਹਨ ਕਿ ਅਸੀਂ ਆਪਣੇ ਫ਼ੋਨ ’ਤੇ ਹੀ ਲੱਗੇ ਰਹਿੰਦੇ ਹਾਂ।” ਕਈ ਐਪਸ ਵਿਚ ਮਸ਼ਹੂਰੀਆਂ ਆਉਂਦੀਆਂ ਹਨ। ਜਿੰਨਾ ਜ਼ਿਆਦਾ ਅਸੀਂ ਕੋਈ ਐਪ ਚਲਾਉਂਦੇ ਹਾਂ, ਉੱਨਾ ਜ਼ਿਆਦਾ ਮਸ਼ਹੂਰੀਆਂ ਬਣਾਉਣ ਵਾਲੇ ਕਮਾਈ ਕਰਦੇ ਹਨ।

ਜ਼ਰਾ ਸੋਚੋ: ਕੀ ਤੁਹਾਡੇ ਬੱਚੇ 24 ਘੰਟੇ ਫ਼ੋਨ ’ਤੇ ਲੱਗੇ ਰਹਿੰਦੇ ਹਨ? ਤੁਸੀਂ ਉਨ੍ਹਾਂ ਨੂੰ ਸਮੇਂ ਦੀ ਸਹੀ ਵਰਤੋਂ ਕਰਨੀ ਕਿਵੇਂ ਸਿਖਾ ਸਕਦੇ ਹੋ?​—ਅਫ਼ਸੀਆਂ 5:15, 16.

ਇੰਟਰਨੈੱਟ ’ਤੇ ਬਦਤਮੀਜ਼ੀ

ਕਈ ਲੋਕ ਇੰਟਰਨੈੱਟ ’ਤੇ ਪੁੱਠਾ-ਸਿੱਧਾ ਬੋਲ ਦਿੰਦੇ ਹਨ। ਉਹ ਇਹ ਨਹੀਂ ਸੋਚਦੇ ਕਿ ਦੂਜਿਆਂ ਨੂੰ ਕਿਵੇਂ ਲੱਗੇਗਾ। ਇਸ ਤਰ੍ਹਾਂ ਦੇ ਲੋਕਾਂ ਨੂੰ ਬਦਤਮੀਜ਼ੀ ਕਰਨ ਦੀ ਆਦਤ ਪੈ ਜਾਂਦੀ ਹੈ।

ਕੁਝ ਲੋਕ ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਦੀਆਂ ਗੱਲਾਂ ਇਸ ਲਈ ਲਿਖਦੇ ਹਨ ਤਾਂਕਿ ਦੂਜਿਆਂ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ ਜਾਵੇ ਤੇ ਲੋਕ ਉਨ੍ਹਾਂ ਨੂੰ ਫੋਲੋ ਕਰਨ। ਕਈ ਵਾਰ ਇੱਦਾਂ ਵੀ ਹੁੰਦਾ ਹੈ ਕਿ ਜਦੋਂ ਕੋਈ ਸੋਸ਼ਲ ਮੀਡੀਆ ’ਤੇ ਆਪਣੇ ਦੋਸਤਾਂ ਦੀਆਂ ਫੋਟੋਆਂ ਦੇਖਦਾ ਹੈ ਕਿ ਉਨ੍ਹਾਂ ਨੇ ਪਾਰਟੀ ਕੀਤੀ ਸੀ ਤੇ ਉਸ ਨੂੰ ਨਹੀਂ ਬੁਲਾਇਆ, ਤਾਂ ਉਸ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਉਸ ਨਾਲ ਕਿੰਨਾ ਬੁਰਾ ਕੀਤਾ।

ਜ਼ਰਾ ਸੋਚੋ: ਕੀ ਇੰਟਰਨੈੱਟ ’ਤੇ ਤੁਹਾਡੇ ਬੱਚੇ ਤਮੀਜ਼ ਨਾਲ ਪੇਸ਼ ਆਉਂਦੇ ਹਨ? (ਅਫ਼ਸੀਆਂ 4:31) ਕੀ ਉਨ੍ਹਾਂ ਨੂੰ ਬੁਰਾ ਲੱਗਦਾ ਹੈ ਜਦੋਂ ਉਹ ਦੇਖਦੇ ਹਨ ਕਿ ਉਨ੍ਹਾਂ ਦੇ ਦੋਸਤ ਉਨ੍ਹਾਂ ਤੋਂ ਬਗੈਰ ਹੀ ਪਾਰਟੀ ਕਰਦੇ ਹਨ?

ਗੰਦੀਆਂ ਤਸਵੀਰਾਂ ਤੇ ਵੀਡੀਓ

ਇੰਟਰਨੈੱਟ ’ਤੇ ਗੰਦੀਆਂ ਤਸਵੀਰਾਂ ਤੇ ਵੀਡੀਓਜ਼ ਦੀ ਭਰਮਾਰ ਹੈ। ਇਸ ਲਈ ਕੁਝ ਮਾਪੇ ਆਪਣੇ ਬੱਚਿਆਂ ਦੇ ਫ਼ੋਨ ’ਤੇ ਅਜਿਹੀ ਸੈਟਿੰਗ ਕਰਦੇ ਹਨ ਕਿ ਬੱਚੇ ਗੰਦੀਆਂ ਤਸਵੀਰਾਂ ਤੇ ਵੀਡੀਓ ਨਾ ਦੇਖ ਸਕਣ। ਪਰ ਚਾਹੇ ਉਹ ਜਿੱਦਾਂ ਦੀ ਮਰਜ਼ੀ ਸੈਟਿੰਗ ਕਰ ਲੈਣ, ਕਈ ਵਾਰ ਬੱਚੇ ਗੰਦੀਆਂ ਤਸਵੀਰਾਂ ਤੇ ਵੀਡੀਓ ਦੇਖ ਹੀ ਲੈਂਦੇ ਹਨ।

ਕੁਝ ਦੇਸ਼ਾਂ ਵਿਚ ਗੰਦੇ ਮੈਸਿਜ, ਗੰਦੀਆਂ ਤਸਵੀਰਾਂ ਤੇ ਵੀਡੀਓ ਭੇਜਣੀਆਂ ਜਾਂ ਦੇਖਣੀਆਂ ਕਾਨੂੰਨ ਦੇ ਖ਼ਿਲਾਫ਼ ਹਨ। ਜੇ ਬੱਚੇ ਆਪਣੀਆਂ ਗੰਦੀਆਂ ਫੋਟੋਆਂ ਭੇਜਣ ਜਾਂ ਕਿਸੇ ਬੱਚੇ ਦੀ ਗੰਦੀ ਤਸਵੀਰ ਦੇਖਣ, ਤਾਂ ਇਹ ਬਹੁਤ ਗੰਭੀਰ ਅਪਰਾਧ ਹੁੰਦਾ ਹੈ।

ਜ਼ਰਾ ਸੋਚੋ: ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਸਮਝਾ ਸਕਦੇ ਹੋ ਕਿ ਉਹ ਇੰਟਰਨੈੱਟ ’ਤੇ ਨਾ ਤਾਂ ਗੰਦੇ ਮੈਸਿਜ ਤੇ ਤਸਵੀਰਾਂ ਦੇਖਣ ਤੇ ਨਾ ਹੀ ਭੇਜਣ?​—ਅਫ਼ਸੀਆਂ 5:3, 4.

ਤੁਸੀਂ ਕੀ ਕਰ ਸਕਦੇ ਹੋ?

ਆਪਣੇ ਬੱਚਿਆਂ ਨੂੰ ਸਿਖਾਓ

ਬੱਚੇ ਆਸਾਨੀ ਨਾਲ ਤਕਨਾਲੋਜੀ ਨੂੰ ਵਰਤ ਸਕਦੇ ਹਨ। ਪਰ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿਖਾਉਣ ਕਿ ਉਹ ਕਿਵੇਂ ਸੋਚ-ਸਮਝ ਕੇ ਇਸ ਦਾ ਇਸਤੇਮਾਲ ਕਰ ਸਕਦੇ ਹਨ। ਇਕ ਕਿਤਾਬ ਦੱਸਦੀ ਹੈ, “ਜੇ ਤੁਸੀਂ ਆਪਣੇ ਬੱਚੇ ਨੂੰ ਸਮਾਰਟ ਫ਼ੋਨ ਜਾਂ ਟੈਬਲੇਟ ਵਗੈਰਾ ਦਿੱਤਾ ਹੈ, ਪਰ ਉਸ ਨੂੰ ਨਹੀਂ ਦੱਸਿਆ ਕਿ ਉਸ ਨੇ ਕਿਵੇਂ ਸੋਚ-ਸਮਝ ਕੇ ਇਸ ਦਾ ਇਸਤੇਮਾਲ ਕਰਨਾ ਹੈ, ਤਾਂ ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਤੁਸੀਂ ਬੱਚੇ ਨੂੰ ਤਲਾਬ ਵਿਚ ਧੱਕਾ ਦੇ ਦਿੱਤਾ ਹੈ, ਪਰ ਉਸ ਨੂੰ ਤੈਰਨਾ ਨਹੀਂ ਸਿਖਾਇਆ।”

ਬਾਈਬਲ ਦਾ ਅਸੂਲ: “ਬੱਚੇ ਨੂੰ ਉਹ ਰਾਹ ਸਿਖਾ ਜਿਸ ਰਾਹ ਉਸ ਨੂੰ ਜਾਣਾ ਚਾਹੀਦਾ ਹੈ; ਉਹ ਬੁਢਾਪੇ ਵਿਚ ਵੀ ਇਸ ਤੋਂ ਨਹੀਂ ਹਟੇਗਾ।”​—ਕਹਾਉਤਾਂ 22:6, ਫੁਟਨੋਟ।

ਉਨ੍ਹਾਂ ਗੱਲਾਂ ’ਤੇ ਨਿਸ਼ਾਨ ਲਗਾਓ ਜੋ ਤੁਸੀਂ ਕਰਨੀਆਂ ਚਾਹੁੰਦੇ ਹੋ ਜਾਂ ਫਿਰ ਖ਼ੁਦ ਲਿਖੋ ਕਿ ਤੁਸੀਂ ਕੀ ਕਰੋਗੇ।

  • ਮੈਂ ਆਪਣੇ ਬੱਚਿਆਂ ਨੂੰ ਸਮਝਾਵਾਂਗਾ ਕਿ ਉਹ ਇੰਟਰਨੈੱਟ ’ਤੇ ਸਾਰਿਆਂ ਨਾਲ ਤਮੀਜ਼ ਨਾਲ ਗੱਲ ਕਰਨ ਤੇ ਸਹੀ ਤਰੀਕੇ ਨਾਲ ਪੇਸ਼ ਆਉਣ

  • ਜੇ ਮੇਰੇ ਬੱਚਿਆਂ ਦੇ ਦੋਸਤ ਉਨ੍ਹਾਂ ਨੂੰ ਪਾਰਟੀ ਵਗੈਰਾ ’ਤੇ ਨਹੀਂ ਬੁਲਾਉਂਦੇ, ਤਾਂ ਮੈਂ ਉਨ੍ਹਾਂ ਨੂੰ ਸਮਝਾਵਾਂਗਾ ਕਿ ਉਹ ਬੁਰਾ ਨਾ ਮਨਾਉਣ

  • ਮੈਂ ਆਪਣੇ ਬੱਚਿਆਂ ਦੇ ਫ਼ੋਨ, ਕੰਪਿਊਟਰ ’ਤੇ ਅਜਿਹੀ ਸੈਟਿੰਗ ਕਰਾਂਗਾ ਤਾਂਕਿ ਉਹ ਗੰਦੀਆਂ ਤਸਵੀਰਾਂ ਤੇ ਵੀਡੀਓ ਨਾ ਦੇਖ ਸਕਣ

  • ਮੈਂ ਇਹ ਦੇਖਣ ਲਈ ਸਮੇਂ-ਸਮੇਂ ’ਤੇ ਆਪਣੇ ਬੱਚੇ ਦਾ ਫ਼ੋਨ ਚੈੱਕ ਕਰਾਂਗਾ ਕਿ ਉਹ ਕੀ ਦੇਖਦੇ ਹਨ

  • ਮੈਂ ਸਮਾਂ ਤੈਅ ਕਰਾਂਗਾ ਕਿ ਉਹ ਹਰ ਰੋਜ਼ ਕਿੰਨੀ ਦੇਰ ਫ਼ੋਨ ਜਾਂ ਟੈਬਲੇਟ ਵਰਤਣਗੇ

  • ਜਦੋਂ ਬੱਚੇ ਇਕੱਲੇ ਹੁੰਦੇ ਹਨ ਜਾਂ ਰਾਤ ਨੂੰ ਜਦੋਂ ਸੌਣਾ ਹੁੰਦਾ ਹੈ, ਤਾਂ ਮੈਂ ਉਨ੍ਹਾਂ ਨੂੰ ਫ਼ੋਨ ਜਾਂ ਟੈਬਲੇਟ ਨਹੀਂ ਵਰਤਣ ਦੇਵਾਂਗਾ

  • ਮੈਂ ਨਿਯਮ ਬਣਾਵਾਂਗਾ ਕਿ ਖਾਣਾ ਖਾਂਦੇ ਸਮੇਂ ਕੋਈ ਵੀ ਫ਼ੋਨ ਜਾਂ ਟੈਬਲੇਟ ਨਹੀਂ ਵਰਤੇਗਾ