ਧਰਤੀ ʼਤੇ ਸ਼ਾਂਤੀ ਕਿਵੇਂ ਹੋਵੇਗੀ?

ਧਰਤੀ ʼਤੇ ਸ਼ਾਂਤੀ ਕਿਵੇਂ ਹੋਵੇਗੀ?

ਬਾਈਬਲ ਕਹਿੰਦੀ ਹੈ

 ਧਰਤੀ ʼਤੇ ਸ਼ਾਂਤੀ ਇਨਸਾਨਾਂ ਦੀਆਂ ਕੋਸ਼ਿਸ਼ਾਂ ਕਰਕੇ ਨਹੀਂ ਹੋਵੇਗੀ, ਸਗੋਂ ਇਹ ਸ਼ਾਂਤੀ ਪਰਮੇਸ਼ੁਰ ਦਾ ਰਾਜ ਲਿਆਵੇਗਾ। ਇਹ ਰਾਜ ਇਕ ਸਵਰਗੀ ਸਰਕਾਰ ਹੈ ਜਿਸ ਦਾ ਰਾਜਾ ਯਿਸੂ ਮਸੀਹ ਹੈ। ਧਿਆਨ ਦਿਓ ਕਿ ਬਾਈਬਲ ਇਸ ਸ਼ਾਨਦਾਰ ਉਮੀਦ ਬਾਰੇ ਕੀ ਦੱਸਦੀ ਹੈ।

  1.   ਰੱਬ ਆਪਣੇ ਵਾਅਦੇ ਮੁਤਾਬਕ ‘ਪੂਰੀ ਧਰਤੀ ਤੋਂ ਲੜਾਈਆਂ ਨੂੰ ਖ਼ਤਮ ਕਰ ਦੇਵੇਗਾ’ ਤਾਂਕਿ “ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਮਿਲੇ ਜਿਨ੍ਹਾਂ ਤੋਂ ਉਹ ਖ਼ੁਸ਼ ਹੈ।”​—ਜ਼ਬੂਰ 46:9; ਲੂਕਾ 2:14.

  2.   ਪਰਮੇਸ਼ੁਰ ਦਾ ਰਾਜ ਸਵਰਗੋਂ ਪੂਰੀ ਧਰਤੀ ʼਤੇ ਹਕੂਮਤ ਕਰੇਗਾ। (ਦਾਨੀਏਲ 7:14) ਸਾਰੀ ਦੁਨੀਆਂ ਦੀ ਇੱਕੋ ਸਰਕਾਰ ਹੋਣ ਕਰਕੇ ਇਹ ਰਾਸ਼ਟਰਵਾਦ ਨੂੰ ਖ਼ਤਮ ਕਰ ਦੇਵੇਗੀ ਜੋ ਬਹੁਤ ਸਾਰੇ ਯੁੱਧਾਂ ਦਾ ਕਾਰਨ ਹੈ।

  3.   ਪਰਮੇਸ਼ੁਰ ਦੇ ਰਾਜ ਦੇ ਰਾਜੇ ਯਿਸੂ ਨੂੰ “ਸ਼ਾਂਤੀ ਦਾ ਰਾਜਕੁਮਾਰ” ਕਿਹਾ ਗਿਆ ਹੈ ਅਤੇ ਉਸ ਦੇ ਰਾਜ ਵਿਚ “ਸ਼ਾਂਤੀ ਦੀ ਕੋਈ ਹੱਦ ਨਾ ਹੋਵੇਗੀ।”​—ਯਸਾਯਾਹ 9:6, 7.

  4.   ਜਿਹੜੇ ਲੋਕ ਲੜਨਾ ਨਹੀਂ ਛੱਡਣਗੇ, ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਵਿਚ ਨਹੀਂ ਰਹਿਣ ਦਿੱਤਾ ਜਾਵੇਗਾ ਕਿਉਂਕਿ “[ਪਰਮੇਸ਼ੁਰ] ਹਿੰਸਾ ਨਾਲ ਪਿਆਰ ਕਰਨ ਵਾਲੇ ਨੂੰ ਨਫ਼ਰਤ ਕਰਦਾ ਹੈ।”​—ਜ਼ਬੂਰ 11:5; ਕਹਾਉਤਾਂ 2:22.

  5.   ਪਰਮੇਸ਼ੁਰ ਆਪਣੇ ਲੋਕਾਂ ਨੂੰ ਸ਼ਾਂਤੀ ਨਾਲ ਰਹਿਣਾ ਸਿਖਾ ਰਿਹਾ ਹੈ। ਇਸ ਸਿੱਖਿਆ ਦੇ ਨਤੀਜਿਆਂ ਬਾਰੇ ਬਾਈਬਲ ਕਹਿੰਦੀ ਹੈ: “ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹਲ਼ ਦੇ ਫਾਲੇ ਬਣਾਉਣਗੇ ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਦੇ ਖ਼ਿਲਾਫ਼ ਤਲਵਾਰ ਨਹੀਂ ਚੁੱਕੇਗੀ ਅਤੇ ਉਹ ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।”​—ਯਸਾਯਾਹ 2:3, 4.

 ਦੁਨੀਆਂ ਭਰ ਵਿਚ ਰਹਿੰਦੇ ਲੱਖਾਂ ਹੀ ਯਹੋਵਾਹ ਦੇ ਗਵਾਹ ਰੱਬ ਤੋਂ ਸਿੱਖ ਰਹੇ ਹਨ ਕਿ ਸ਼ਾਂਤੀ ਨਾਲ ਕਿਵੇਂ ਰਹਿਣਾ ਹੈ। (ਮੱਤੀ 5:9) ਭਾਵੇਂ ਕਿ ਅਸੀਂ ਵੱਖੋ-ਵੱਖਰੇ ਸਭਿਆਚਾਰਾਂ ਤੋਂ ਹਾਂ ਅਤੇ ਲਗਭਗ 240 ਦੇਸ਼ਾਂ ਵਿਚ ਰਹਿੰਦੇ ਹਾਂ, ਫਿਰ ਵੀ ਅਸੀਂ ਸਾਰੇ ਦੂਜਿਆਂ ਖ਼ਿਲਾਫ਼ ਹਥਿਆਰ ਚੁੱਕਣ ਤੋਂ ਸਾਫ਼ ਇਨਕਾਰ ਕਰਦੇ ਹਾਂ।

ਯਹੋਵਾਹ ਦੇ ਗਵਾਹ ਅੱਜ ਸ਼ਾਂਤੀ ਨਾਲ ਰਹਿਣਾ ਸਿੱਖ ਰਹੇ ਹਨ