ਆਰਮਾਗੇਡਨ ਦੀ ਲੜਾਈ ਕਦੋਂ ਹੋਵੇਗੀ?

ਆਰਮਾਗੇਡਨ ਦੀ ਲੜਾਈ ਕਦੋਂ ਹੋਵੇਗੀ?

ਆਰਮਾਗੇਡਨ ਦੀ ਲੜਾਈ ਕਦੋਂ ਹੋਵੇਗੀ?

“ਮੈਂ ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਬੋਲੀਆਂ ਦੇ ਲੋਕਾਂ ਦੀ ਇਕ ਵੱਡੀ ਭੀੜ ਦੇਖੀ ਜਿਸ ਨੂੰ ਕੋਈ ਵੀ ਗਿਣ ਨਾ ਸਕਿਆ। . . . ਇਹ ਉਹ ਲੋਕ ਹਨ ਜਿਹੜੇ ਮਹਾਂਕਸ਼ਟ ਵਿੱਚੋਂ ਬਚ ਕੇ ਨਿਕਲੇ ਹਨ।”—ਪ੍ਰਕਾਸ਼ ਦੀ ਕਿਤਾਬ 7:9, 14.

ਆਰਮਾਗੇਡਨ ਦੀ ਲੜਾਈ ਲਈ ਤਿਆਰੀ ਹੋ ਚੁੱਕੀ ਹੈ। ਇਹ ਅਸੀਂ ਕਿਵੇਂ ਕਹਿ ਸਕਦੇ ਹਾਂ?

ਦੁਨੀਆਂ ਭਰ ਵਿਚ ਲੋਕ ਯਹੋਵਾਹ ਦੀ ਸੇਵਾ ਕਰ ਰਹੇ ਹਨ ਅਤੇ ਉਸ ਦੇ ਉੱਚੇ-ਸੁੱਚੇ ਨੈਤਿਕ ਮਿਆਰਾਂ ਅਨੁਸਾਰ ਜੀ ਰਹੇ ਹਨ। ਪਰਮੇਸ਼ੁਰ ਦੀ ਮਦਦ ਨਾਲ ਸਾਰੀਆਂ ਕੌਮਾਂ, ਕਬੀਲਿਆਂ ਅਤੇ ਬੋਲੀਆਂ ਦੇ ਲੱਖਾਂ ਲੋਕ ਭਾਈਚਾਰੇ ਦੇ ਪਿਆਰ ਦੀ ਡੋਰ ਵਿਚ ਬੱਝੇ ਹੋਏ ਹਨ। ਇਹ ਭਾਈਚਾਰਾ ਯਹੋਵਾਹ ਦੇ ਗਵਾਹਾਂ ਵਿਚ ਪਾਇਆ ਜਾਂਦਾ ਹੈ।—ਯੂਹੰਨਾ 13:35.

ਜਲਦੀ ਹੀ ਸ਼ੈਤਾਨ ਆਪਣੀਆਂ ਫ਼ੌਜਾਂ ਇਕੱਠੀਆਂ ਕਰ ਕੇ ਇਨ੍ਹਾਂ ਸ਼ਾਂਤੀ-ਪਸੰਦ ਲੋਕਾਂ ਉੱਤੇ ਸਭ ਤੋਂ ਵੱਡਾ ਹਮਲਾ ਕਰੇਗਾ ਅਤੇ ਇਹ ਲੋਕ ਉਸ ਵੇਲੇ ਬੇਸਹਾਰਾ ਨਜ਼ਰ ਆਉਣਗੇ। (ਹਿਜ਼ਕੀਏਲ 38:8-12; ਪ੍ਰਕਾਸ਼ ਦੀ ਕਿਤਾਬ 16:13, 14, 16) ਅਸੀਂ ਇਹ ਗੱਲ ਯਕੀਨ ਨਾਲ ਕਿੱਦਾਂ ਕਹਿ ਸਕਦੇ ਹਾਂ? ਬਾਈਬਲ ਵਿਚ ਖ਼ਾਸ ਘਟਨਾਵਾਂ ਬਾਰੇ ਪਹਿਲਾਂ ਹੀ ਦੱਸਿਆ ਗਿਆ ਹੈ ਜਿਨ੍ਹਾਂ ਦੀ ਮਦਦ ਨਾਲ ਅਸੀਂ ਜਾਣ ਸਕਦੇ ਹਾਂ ਕਿ ਆਰਮਾਗੇਡਨ ਦੀ ਲੜਾਈ ਕਦੋਂ ਹੋਵੇਗੀ। ਉਨ੍ਹਾਂ ਵਿੱਚੋਂ ਕਈ ਘਟਨਾਵਾਂ ਹੁਣ ਵਾਪਰ ਰਹੀਆਂ ਹਨ।

ਹੁਣ ਵਾਪਰ ਰਹੀਆਂ ਘਟਨਾਵਾਂ

ਯਿਸੂ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ ਸੀ ਕਿ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਕਿ ‘ਯੁਗ ਦਾ ਆਖ਼ਰੀ ਸਮਾਂ’ ਕਦੋਂ ਹੋਵੇਗਾ। (ਮੱਤੀ 24:3) ਯਿਸੂ ਨੇ ਜਵਾਬ ਵਿਚ ਉਨ੍ਹਾਂ ਨੂੰ ਉਸ ਸਮੇਂ ਬਾਰੇ ਦੱਸਿਆ ਜਦੋਂ “ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ, ਥਾਂ-ਥਾਂ ਕਾਲ਼ ਪੈਣਗੇ ਤੇ ਭੁਚਾਲ਼ ਆਉਣਗੇ।” ਫਿਰ ਯਿਸੂ ਨੇ ਕਿਹਾ: “ਇਹ ਸਭ ਕੁਝ ਪੀੜਾਂ ਦੀ ਸ਼ੁਰੂਆਤ ਹੈ।” (ਮੱਤੀ 24:7, 8) ਅਤੇ ਪੌਲੁਸ ਰਸੂਲ ਨੇ ਇਸ ਸਮੇਂ ਨੂੰ “ਆਖ਼ਰੀ ਦਿਨ” ਕਿਹਾ ਜਿਨ੍ਹਾਂ ਦਾ “ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ।” (2 ਤਿਮੋਥਿਉਸ 3:1) ਕੀ ਤੁਹਾਨੂੰ ਲੱਗਦਾ ਹੈ ਕਿ ਇਹ ਗੱਲਾਂ ਅੱਜ ਹੋ ਰਹੀਆਂ ਹਨ?

ਇਹ ਸਮਾਂ ਇੰਨਾ ਮੁਸ਼ਕਲ ਕਿਉਂ ਹੋਣਾ ਸੀ? ਯੂਹੰਨਾ ਰਸੂਲ ਇਸ ਦਾ ਕਾਰਨ ਦੱਸਦਾ ਹੈ। ਉਸ ਨੇ ਕਿਹਾ ਸੀ ਕਿ ‘ਥੋੜ੍ਹੇ ਹੀ ਸਮੇਂ’ ਲਈ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤ ਧਰਤੀ ਉੱਤੇ ਸੁੱਟੇ ਜਾਣਗੇ। ਅਤੇ ਇਸ ਸਮੇਂ ਦੌਰਾਨ ਸ਼ੈਤਾਨ “ਬਹੁਤ ਗੁੱਸੇ ਵਿਚ” ਹੋਵੇਗਾ। (ਪ੍ਰਕਾਸ਼ ਦੀ ਕਿਤਾਬ 12:7-12) ਕੀ ਤੁਸੀਂ ਅੱਜ ਦੇਖ ਸਕਦੇ ਹੋ ਕਿ ਪੂਰੀ ਦੁਨੀਆਂ ਵਿਚ ਲੋਕ ਕਿੰਨੇ ਗੁੱਸੇ ਹੁੰਦੇ ਹਨ ਅਤੇ ਕਿੰਨੇ ਹਿੰਸਕ ਹਨ?

ਯਿਸੂ ਨੇ ਇਹ ਵੀ ਕਿਹਾ ਸੀ ਕਿ ਇਸ ਬਹੁਤ ਹੀ ਮੁਸ਼ਕਲਾਂ ਭਰੇ ਸਮੇਂ ਦੌਰਾਨ ਇਕ ਬਹੁਤ ਵੱਡਾ ਕੰਮ ਕੀਤਾ ਜਾਵੇਗਾ। ਉਸ ਨੇ ਕਿਹਾ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ [ਪਰਮੇਸ਼ੁਰ ਦੇ] ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।” (ਮੱਤੀ 24:14) ਅੱਜ 235 ਤੋਂ ਜ਼ਿਆਦਾ ਦੇਸ਼ਾਂ ਵਿਚ ਯਹੋਵਾਹ ਦੇ ਗਵਾਹ 500 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ। ਬਾਈਬਲ ਉੱਤੇ ਆਧਾਰਿਤ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦੁਨੀਆਂ ਦੇ ਸਭ ਤੋਂ ਜ਼ਿਆਦਾ ਵੰਡੇ ਜਾਣ ਵਾਲੇ ਰਸਾਲੇ ਹਨ। ਗਵਾਹਾਂ ਨੇ ਤਕਰੀਬਨ 100 ਭਾਸ਼ਾਵਾਂ ਵਿਚ ਬਾਈਬਲ ਦਾ ਵੀ ਅਨੁਵਾਦ ਕੀਤਾ ਹੈ। ਇਹ ਸਾਰਾ ਕੰਮ ਉਹ ਆਪਣੀ ਇੱਛਾ ਨਾਲ ਕਰਦੇ ਹਨ ਅਤੇ ਇਹ ਕੰਮ ਦਾਨ ਕੀਤੇ ਗਏ ਪੈਸਿਆਂ ਨਾਲ ਚੱਲਦਾ ਹੈ। ਕੀ ਪ੍ਰਚਾਰ ਦਾ ਇਹ ਮਾਅਰਕੇ ਦਾ ਕੰਮ ਯਿਸੂ ਦੀ ਭਵਿੱਖਬਾਣੀ ਦੀ ਪੂਰਤੀ ਨਹੀਂ ਹੈ?

ਬਾਈਬਲ ਉਨ੍ਹਾਂ ਘਟਨਾਵਾਂ ਬਾਰੇ ਵੀ ਦੱਸਦੀ ਹੈ ਜਿਨ੍ਹਾਂ ਤੋਂ ਤੁਰੰਤ ਬਾਅਦ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਵਿਰੋਧੀਆਂ ਵਿਚਕਾਰ ਲੜਾਈ ਹੋਵੇਗੀ। ਇਨ੍ਹਾਂ ਘਟਨਾਵਾਂ ਬਾਰੇ ਤਿੰਨ ਭਵਿੱਖਬਾਣੀਆਂ ਉੱਤੇ ਗੌਰ ਕਰੋ ਜੋ ਤੁਸੀਂ ਪੂਰੀਆਂ ਹੁੰਦੀਆਂ ਦੇਖੋਗੇ।

ਜਲਦੀ ਵਾਪਰਨ ਵਾਲੀਆਂ ਘਟਨਾਵਾਂ

ਭਵਿੱਖਬਾਣੀ 1. ਬਾਈਬਲ ਦੱਸਦੀ ਹੈ ਕਿ ਕੌਮਾਂ “ਸ਼ਾਂਤੀ ਅਤੇ ਸੁਰੱਖਿਆ” ਕਾਇਮ ਹੋਣ ਦਾ ਐਲਾਨ ਕਰਨਗੀਆਂ। ਉਨ੍ਹਾਂ ਦੇ ਭਾਣੇ ਉਹ ਵੱਡੀਆਂ-ਵੱਡੀਆਂ ਸਮੱਸਿਆਵਾਂ ਦਾ ਹੱਲ ਜਲਦੀ ਕਰ ਲੈਣਗੀਆਂ। ਪਰ ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਜੋ ਘਟਨਾਵਾਂ ਵਾਪਰਨਗੀਆਂ, ਉਨ੍ਹਾਂ ਕਾਰਨ ਸ਼ਾਂਤੀ ਕਿਤੇ ਵੀ ਨਜ਼ਰ ਨਹੀਂ ਆਵੇਗੀ।—1 ਥੱਸਲੁਨੀਕੀਆਂ 5:1-3.

ਭਵਿੱਖਬਾਣੀ 2. ਫਿਰ ਵੱਖੋ-ਵੱਖਰੀਆਂ ਸਰਕਾਰਾਂ ਦੁਨੀਆਂ ਦੇ ਸਾਰੇ ਧਰਮਾਂ ਦੇ ਖ਼ਿਲਾਫ਼ ਕਦਮ ਉਠਾਉਣਗੀਆਂ। ਬਾਈਬਲ ਵਿਚ ਇਨ੍ਹਾਂ ਸਰਕਾਰਾਂ ਨੂੰ ਵਹਿਸ਼ੀ ਦਰਿੰਦੇ ਵਜੋਂ ਦਰਸਾਇਆ ਗਿਆ ਹੈ ਅਤੇ ਦੁਨੀਆਂ ਦੇ ਸਾਰੇ ਧਰਮਾਂ ਨੂੰ ਇਕ ਤੀਵੀਂ ਵਜੋਂ ਦਰਸਾਇਆ ਗਿਆ ਹੈ ਜੋ ਦਰਿੰਦੇ ਉੱਤੇ ਬੈਠੀ ਹੋਈ ਹੈ। (ਪ੍ਰਕਾਸ਼ ਦੀ ਕਿਤਾਬ 17:3, 15-18) ਇਹ ਦਰਿੰਦਾ ਪਰਮੇਸ਼ੁਰ ਦੀ ਭਗਤੀ ਕਰਨ ਦਾ ਦਾਅਵਾ ਕਰਨ ਵਾਲੇ ਧਰਮਾਂ ਦਾ ਨਾਮੋ-ਨਿਸ਼ਾਨ ਮਿਟਾ ਕੇ ਅਣਜਾਣੇ ਵਿਚ ਪਰਮੇਸ਼ੁਰ ਦੀ ਇੱਛਾ ਪੂਰੀ ਕਰੇਗਾ।

ਤਸਵੀਰੀ ਭਾਸ਼ਾ ਵਰਤ ਕੇ ਯੂਹੰਨਾ ਰਸੂਲ ਨੇ ਇਸ ਘਟਨਾ ਨੂੰ ਇਸ ਤਰ੍ਹਾਂ ਸਮਝਾਇਆ: “ਤੂੰ ਜਿਹੜੇ ਦਸ ਸਿੰਗ ਅਤੇ ਵਹਿਸ਼ੀ ਦਰਿੰਦਾ ਦੇਖਿਆ ਸੀ, ਉਹ ਉਸ ਕੰਜਰੀ ਨਾਲ ਨਫ਼ਰਤ ਕਰਨਗੇ ਅਤੇ ਉਸ ਨੂੰ ਬਰਬਾਦ ਤੇ ਨੰਗਾ ਕਰ ਦੇਣਗੇ ਅਤੇ ਉਸ ਦਾ ਮਾਸ ਖਾ ਜਾਣਗੇ ਅਤੇ ਉਸ ਨੂੰ ਪੂਰੀ ਤਰ੍ਹਾਂ ਅੱਗ ਵਿਚ ਸਾੜ ਸੁੱਟਣਗੇ। ਕਿਉਂਕਿ ਪਰਮੇਸ਼ੁਰ ਆਪਣੇ ਇਸ ਇਰਾਦੇ ਨੂੰ ਪੂਰਾ ਕਰਨ ਦਾ ਵਿਚਾਰ ਉਨ੍ਹਾਂ ਦੇ ਦਿਲਾਂ ਵਿਚ ਪਾਵੇਗਾ।”—ਪ੍ਰਕਾਸ਼ ਦੀ ਕਿਤਾਬ 17:16, 17.

ਭਵਿੱਖਬਾਣੀ 3. ਝੂਠੇ ਧਰਮਾਂ ਉੱਤੇ ਇਸ ਸਫ਼ਲ ਹਮਲੇ ਤੋਂ ਬਾਅਦ, ਸ਼ੈਤਾਨ ਯਹੋਵਾਹ ਪਰਮੇਸ਼ੁਰ ਦੇ ਭਗਤਾਂ ਉੱਤੇ ਹਮਲਾ ਕਰਨ ਲਈ ਕੌਮਾਂ ਨੂੰ ਇਕੱਠਾ ਕਰੇਗਾ।—ਪ੍ਰਕਾਸ਼ ਦੀ ਕਿਤਾਬ 7:14; ਮੱਤੀ 24:21.

ਤੁਹਾਡੇ ’ਤੇ ਕੀ ਅਸਰ ਪਵੇਗਾ?

ਜੇ ਤੁਹਾਨੂੰ ਡੂੰਘਾਈ ਨਾਲ ਬਾਈਬਲ ਦੀ ਸਟੱਡੀ ਕਰਨ ਦਾ ਮੌਕਾ ਨਹੀਂ ਮਿਲਿਆ, ਤਾਂ ਸ਼ਾਇਦ ਤੁਹਾਨੂੰ ਵਿਸ਼ਵਾਸ ਕਰਨਾ ਮੁਸ਼ਕਲ ਲੱਗੇ ਕਿ ਉੱਪਰ ਦੱਸੀਆਂ ਘਟਨਾਵਾਂ ਸੱਚ-ਮੁੱਚ ਵਾਪਰਨਗੀਆਂ। ਪਰ ਭਰੋਸਾ ਰੱਖਣ ਦਾ ਜਾਇਜ਼ ਕਾਰਨ ਹੈ ਕਿ ਇਨ੍ਹਾਂ ਭਵਿੱਖਬਾਣੀਆਂ ਦੀ ਛੋਟੀ-ਛੋਟੀ ਗੱਲ ਵੀ ਪੂਰੀ ਹੋਵੇਗੀ ਅਤੇ ਇਹ ਸਾਰਾ ਕੁਝ ਬਹੁਤ ਜਲਦੀ ਹੋਵੇਗਾ। ਇਸ ਗੱਲ ਦਾ ਸਬੂਤ ਬਾਈਬਲ ਦੀਆਂ ਉਨ੍ਹਾਂ ਬਹੁਤ ਸਾਰੀਆਂ ਭਵਿੱਖਬਾਣੀਆਂ ਤੋਂ ਮਿਲਦਾ ਹੈ ਜੋ ਪੂਰੀਆਂ ਹੋ ਚੁੱਕੀਆਂ ਹਨ। *

ਕਿਉਂ ਨਾ ਸਮਾਂ ਕੱਢ ਕੇ ਦੇਖੋ ਕਿ ਯਹੋਵਾਹ ਦੇ ਗਵਾਹ ਕਿਉਂ ਯਕੀਨ ਕਰਦੇ ਹਨ ਕਿ ‘ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ਦੀ ਲੜਾਈ’ ਬਹੁਤ ਜਲਦੀ ਹੋਣ ਵਾਲੀ ਹੈ ਅਤੇ ਤੁਹਾਨੂੰ ਡਰਨ ਦੀ ਲੋੜ ਕਿਉਂ ਨਹੀਂ? ਉਨ੍ਹਾਂ ਨੂੰ ਪੁੱਛੋ ਕਿ ਬਾਈਬਲ ਮੁਤਾਬਕ ਤੁਹਾਨੂੰ ਕੀ ਕਰਨ ਦੀ ਲੋੜ ਹੈ ਤਾਂਕਿ ਤੁਸੀਂ ਵੀ ਉਨ੍ਹਾਂ ਵਿਚ ਸ਼ਾਮਲ ਹੋ ਸਕੋ ਜਿਨ੍ਹਾਂ ਦੀ ਯਹੋਵਾਹ ਪਰਮੇਸ਼ੁਰ ਰੱਖਿਆ ਕਰੇਗਾ। (ਪ੍ਰਕਾਸ਼ ਦੀ ਕਿਤਾਬ 16:14) ਹੋ ਸਕਦਾ ਹੈ ਕਿ ਜੋ ਕੁਝ ਤੁਸੀਂ ਸਿੱਖੋਗੇ ਉਸ ਕਰਕੇ ਭਵਿੱਖ ਬਾਰੇ ਤੁਹਾਡਾ ਨਜ਼ਰੀਆ ਬਦਲ ਜਾਵੇ। (w12-E 02/01)

[ਫੁਟਨੋਟ]

^ ਪੈਰਾ 17 ਇਸ ਗੱਲ ਦਾ ਸਬੂਤ ਕਿ ਬਾਈਬਲ ਦੀਆਂ ਕਈ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ, ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਦੂਜਾ ਅਤੇ ਨੌਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ਾ 8 ਉੱਤੇ ਸੁਰਖੀ]

ਕੀ ਯਹੋਵਾਹ ਦੇ ਗਵਾਹਾਂ ਦਾ ਕੰਮ ਬਾਈਬਲ ਦੀ ਭਵਿੱਖਬਾਣੀ ਦੀ ਪੂਰਤੀ ਹੋ ਸਕਦਾ ਹੈ?