Skip to content

Skip to table of contents

ਪਰਮੇਸ਼ੁਰ ਨੂੰ ਜਾਣੋ

“ਮੈਂ ਤੈਨੂੰ ਨਹੀਂ ਭੁੱਲਾਂਗਾ”

“ਮੈਂ ਤੈਨੂੰ ਨਹੀਂ ਭੁੱਲਾਂਗਾ”

ਕੀ ਯਹੋਵਾਹ ਵਾਕਈ ਆਪਣੇ ਲੋਕਾਂ ਦੀ ਪਰਵਾਹ ਕਰਦਾ ਹੈ? ਜੇ ਹਾਂ, ਤਾਂ ਉਹ ਉਨ੍ਹਾਂ ਦੀ ਕਿੰਨੀ ਕੁ ਪਰਵਾਹ ਕਰਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਅਸੀਂ ਸਿਰਫ਼ ਪਰਮੇਸ਼ੁਰ ਦੇ ਬਚਨ ਤੋਂ ਹੀ ਜਾਣ ਸਕਦੇ ਹਾਂ। ਬਾਈਬਲ ਵਿਚ ਯਹੋਵਾਹ ਨੇ ਆਪਣੀਆਂ ਭਾਵਨਾਵਾਂ ਬਾਰੇ ਸਾਫ਼-ਸਾਫ਼ ਦੱਸਿਆ ਹੈ। ਯਸਾਯਾਹ 49:15 ਦੇ ਸ਼ਬਦਾਂ ’ਤੇ ਗੌਰ ਕਰੋ।

ਆਪਣੇ ਲੋਕਾਂ ਪ੍ਰਤੀ ਆਪਣੀਆਂ ਗਹਿਰੀਆਂ ਭਾਵਨਾਵਾਂ ਬਾਰੇ ਸਮਝਾਉਣ ਲਈ ਯਹੋਵਾਹ ਯਸਾਯਾਹ ਰਾਹੀਂ ਇਕ ਦਿਲ ਨੂੰ ਛੂਹ ਜਾਣ ਵਾਲੀ ਮਿਸਾਲ ਦਿੰਦਾ ਹੈ। ਉਹ ਇਸ ਸਵਾਲ ਨਾਲ ਗੱਲ ਕਰਨੀ ਸ਼ੁਰੂ ਕਰਦਾ ਹੈ: “ਭਲਾ, ਤੀਵੀਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸੱਕਦੀ, ਭਈ ਉਹ ਆਪਣੇ ਢਿੱਡ ਦੇ ਬਾਲ ਉੱਤੇ ਰਹਮ ਨਾ ਕਰੇ?” ਸ਼ਾਇਦ ਸਾਨੂੰ ਪਹਿਲਾਂ-ਪਹਿਲਾਂ ਲੱਗੇ ਕਿ ਇਸ ਸਵਾਲ ਦਾ ਸਿੱਧਾ ਜਿਹਾ ਜਵਾਬ ਹੈ। ਮਾਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਕਿੱਦਾਂ ਭੁਲਾ ਸਕਦੀ ਹੈ? ਉਸ ਦਾ ਬੱਚਾ ਦਿਨ-ਰਾਤ ਪੂਰੀ ਤਰ੍ਹਾਂ ਉਸ ਉੱਤੇ ਨਿਰਭਰ ਕਰਦਾ ਹੈ। ਉਹ ਰੋ ਕੇ ਦੱਸਦਾ ਹੈ ਕਿ ਉਸ ਨੂੰ ਕਿਹੜੀ ਚੀਜ਼ ਦੀ ਲੋੜ ਹੈ! ਪਰ ਯਹੋਵਾਹ ਇਹ ਸਵਾਲ ਪੁੱਛ ਕੇ ਸਾਨੂੰ ਕੁਝ ਸਮਝਾਉਣਾ ਚਾਹੁੰਦਾ ਸੀ।

ਇਕ ਮਾਂ ਆਪਣੇ ਬੱਚੇ ਨੂੰ ਦੁੱਧ ਕਿਉਂ ਪਿਲ਼ਾਉਂਦੀ ਹੈ ਤੇ ਉਸ ਦੀ ਦੇਖ-ਭਾਲ ਕਿਉਂ ਕਰਦੀ ਹੈ? ਸਿਰਫ਼ ਉਸ ਨੂੰ ਰੋਂਦਿਆਂ ਨੂੰ ਚੁੱਪ ਕਰਾਉਣ ਲਈ? ਨਹੀਂ! ਇਕ ਮਾਂ ਕੁਦਰਤੀ “ਆਪਣੇ ਢਿੱਡ ਦੇ ਬਾਲ” ਉੱਤੇ ਰਹਿਮ ਜਾਂ ਦਇਆ ਕਰਦੀ ਹੈ। (ਯਸਾਯਾਹ 54:10) ਆਪਣੇ ਮਾਸੂਮ ਤੇ ਬੇਬੱਸ ਬੱਚੇ ਲਈ ਇਕ ਮਾਂ ਦੀ ਮਮਤਾ ਬਹੁਤ ਹੀ ਗਹਿਰੀ ਭਾਵਨਾ ਹੁੰਦੀ ਹੈ।

ਪਰ ਅਫ਼ਸੋਸ ਦੀ ਗੱਲ ਹੈ ਕਿ ਹਰ ਮਾਂ ਆਪਣੇ ਦੁੱਧ ਚੁੰਘਦੇ ਬੱਚੇ ’ਤੇ ਦਇਆ ਨਹੀਂ ਕਰਦੀ। ਯਹੋਵਾਹ ਕਹਿੰਦਾ ਹੈ ਕਿ ਇਹ ਮਾਵਾਂ ਆਪਣੇ ਬੱਚੇ ਨੂੰ “ਭੁੱਲ” ਵੀ ਸਕਦੀਆਂ ਹਨ। ਅਸੀਂ ਅਜਿਹੀ ਦੁਨੀਆਂ ਵਿਚ ਰਹਿ ਰਹੇ ਹਾਂ ਜਿਸ ਵਿਚ ਬਹੁਤ ਸਾਰੇ ਲੋਕ ‘ਵਿਸ਼ਵਾਸਘਾਤੀ ਤੇ ਨਿਰਮੋਹੀ’ ਹਨ। (2 ਤਿਮੋਥਿਉਸ 3:1-5) ਕਦੇ-ਕਦੇ ਅਸੀਂ ਅਜਿਹੀਆਂ ਮਾਵਾਂ ਬਾਰੇ ਸੁਣਦੇ ਹਾਂ ਜੋ ਬੱਚਿਆਂ ਦੀ ਦੇਖ-ਭਾਲ ਕਰਨ ਵਿਚ ਲਾਪਰਵਾਹੀ ਕਰਦੀਆਂ ਹਨ, ਉਨ੍ਹਾਂ ਨੂੰ ਮਾਰਦੀਆਂ-ਕੁੱਟਦੀਆਂ ਹਨ ਜਾਂ ਨਵਜੰਮੇ ਬੱਚੇ ਨੂੰ ਕਿਤੇ ਛੱਡ ਕੇ ਚਲੇ ਜਾਂਦੀਆਂ ਹਨ। ਯਸਾਯਾਹ 49:15 ਉੱਤੇ ਟਿੱਪਣੀ ਕਰਦਿਆਂ ਇਕ ਕਿਤਾਬ ਕਹਿੰਦੀ ਹੈ: “ਮਾਵਾਂ ਭੁੱਲਣਹਾਰ ਹਨ ਅਤੇ ਕਦੇ-ਕਦੇ ਪਿਆਰ ਕਰਨ ਦੀ ਬਜਾਇ ਉਹ ਖ਼ੁਦਗਰਜ਼ ਹੋ ਜਾਂਦੀਆਂ ਹਨ। ਹਾਂ, ਮਾਂ ਵੀ ਸ਼ਾਇਦ ਆਪਣੀ ਮਮਤਾ ਨੂੰ ਭੁੱਲ ਜਾਵੇ।”

ਯਹੋਵਾਹ ਸਾਨੂੰ ਭਰੋਸਾ ਦਿਵਾਉਂਦਾ ਹੈ: “ਪਰ ਮੈਂ ਤੈਨੂੰ ਨਹੀਂ ਭੁੱਲਾਂਗਾ।” ਹੁਣ ਅਸੀਂ ਯਸਾਯਾਹ 49:15 ਵਿਚ ਯਹੋਵਾਹ ਦੇ ਸਵਾਲ ਪੁੱਛਣ ਦਾ ਕਾਰਨ ਸਮਝ ਸਕਦੇ ਹਾਂ। ਉਹ ਇਸ ਆਇਤ ਵਿਚ ਸਮਝਾ ਰਿਹਾ ਹੈ ਕਿ ਉਹ ਇਕ ਨਾਮੁਕੰਮਲ ਮਾਂ ਨਾਲੋਂ ਕਿਤੇ ਜ਼ਿਆਦਾ ਹਮਦਰਦੀ ਦਿਖਾਉਂਦਾ ਹੈ। ਨਾਮੁਕੰਮਲ ਮਾਵਾਂ ਸ਼ਾਇਦ ਆਪਣੇ ਬੇਬੱਸ ਬੱਚੇ ਲਈ ਹਮਦਰਦੀ ਜਾਂ ਮਮਤਾ ਨਾ ਦਿਖਾਉਣ, ਪਰ ਯਹੋਵਾਹ ਕਦੇ ਵੀ ਆਪਣੇ ਲੋੜਵੰਦ ਭਗਤਾਂ ਲਈ ਹਮਦਰਦੀ ਦਿਖਾਉਣੀ ਨਹੀਂ ਭੁੱਲੇਗਾ। ਇਹ ਢੁਕਵਾਂ ਹੈ ਕਿ ਉੱਪਰ ਜ਼ਿਕਰ ਕੀਤੀ ਕਿਤਾਬ ਵਿਚ ਯਸਾਯਾਹ 49:15 ਬਾਰੇ ਕਿਹਾ ਗਿਆ ਹੈ ਕਿ “ਪੁਰਾਣੇ ਨੇਮ ਦੀ ਇਸ ਆਇਤ ਵਿਚ ਸਾਨੂੰ ਪਰਮੇਸ਼ੁਰ ਦੇ ਪਿਆਰ ਦਾ ਸਭ ਤੋਂ ਜ਼ਬਰਦਸਤ ਸਬੂਤ ਮਿਲਦਾ ਹੈ।”

ਕੀ ਸਾਨੂੰ “ਪਰਮੇਸ਼ੁਰ ਦੀ ਦਇਆ” ਬਾਰੇ ਜਾਣ ਕੇ ਦਿਲਾਸਾ ਨਹੀਂ ਮਿਲਦਾ? (ਲੂਕਾ 1:78) ਕਿਉਂ ਨਾ ਜਾਣੋ ਕਿ ਤੁਸੀਂ ਯਹੋਵਾਹ ਦੇ ਨੇੜੇ ਕਿਵੇਂ ਜਾ ਸਕਦੇ ਹੋ? ਇਹ ਪਿਆਰ ਕਰਨ ਵਾਲਾ ਪਰਮੇਸ਼ੁਰ ਆਪਣੇ ਭਗਤਾਂ ਨੂੰ ਭਰੋਸਾ ਦਿਵਾਉਂਦਾ ਹੈ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।”—ਇਬਰਾਨੀਆਂ 13:5. (w12-E 02/01)