ਸਹੀ ਤੇ ਗ਼ਲਤ ਬਾਰੇ: ਤੁਹਾਨੂੰ ਫ਼ੈਸਲਾ ਲੈਣਾ ਪੈਣਾ
ਯਹੋਵਾਹ ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਜੋ ਵੀ ਫ਼ੈਸਲੇ ਕਰਦੇ ਹਾਂ, ਉਨ੍ਹਾਂ ਦਾ ਸਾਡੀ ਜ਼ਿੰਦਗੀ ʼਤੇ ਗਹਿਰਾ ਅਸਰ ਪੈਂਦਾ ਹੈ। ਇਨ੍ਹਾਂ ਫ਼ੈਸਲਿਆਂ ਕਰਕੇ ਜਾਂ ਤਾਂ ਸਾਨੂੰ ਖ਼ੁਸ਼ੀ ਮਿਲ ਸਕਦੀ ਹੈ ਜਾਂ ਦੁੱਖ। ਇਸ ਲਈ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੀਆਂ ਸਲਾਹਾਂ ਮੁਤਾਬਕ ਜ਼ਿੰਦਗੀ ਬਤੀਤ ਕਰੀਏ।
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸ਼ਾਂਤੀ ਨਾਲ ਅਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਬਿਤਾਈਏ।
“ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ, ਜੋ ਤੈਨੂੰ ਤੇਰੇ ਫ਼ਾਇਦੇ ਲਈ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਹਾਂ ਜਿਸ ਰਾਹ ਤੈਨੂੰ ਜਾਣਾ ਚਾਹੀਦਾ ਹੈ। ਜੇ ਤੂੰ ਮੇਰੇ ਹੁਕਮਾਂ ਵੱਲ ਧਿਆਨ ਦੇਵੇਂ, ਤਾਂ ਤੇਰੀ ਸ਼ਾਂਤੀ ਨਦੀ ਵਾਂਗ ਅਤੇ ਤੇਰੀ ਧਾਰਮਿਕਤਾ ਸਮੁੰਦਰ ਦੀਆਂ ਲਹਿਰਾਂ ਵਾਂਗ ਹੋਵੇਗੀ।”—ਯਸਾਯਾਹ 48:17, 18.
ਰੱਬ ਨੇ ਹੀ ਸਾਨੂੰ ਬਣਾਇਆ ਹੈ, ਇਸ ਲਈ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਾਡੇ ਲਈ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਸਲਾਹ ਮੁਤਾਬਕ ਚੱਲੀਏ ਕਿਉਂਕਿ ਇਸ ਵਿਚ ਹੀ ਸਾਡਾ ਭਲਾ ਹੈ। ਜਦੋਂ ਅਸੀਂ ਰੱਬ ਦੇ ਹੁਕਮਾਂ ʼਤੇ ਚੱਲਦੇ ਹਾਂ, ਤਾਂ ਸਾਨੂੰ ਇਹ ਫ਼ਿਕਰ ਨਹੀਂ ਰਹਿੰਦਾ ਕਿ ਸਾਡੇ ਫ਼ੈਸਲਿਆਂ ਦੇ ਵਧੀਆ ਨਤੀਜੇ ਨਿਕਲਣਗੇ ਜਾਂ ਨਹੀਂ। ਅਸੀਂ ਹਮੇਸ਼ਾ ਸਹੀ ਫ਼ੈਸਲੇ ਕਰਦੇ ਹਾਂ ਤੇ ਇਸ ਕਰਕੇ ਸਾਨੂੰ ਖ਼ੁਸ਼ੀ ਤੇ ਸ਼ਾਂਤੀ ਮਿਲਦੀ ਹੈ।
ਯਹੋਵਾਹ ਸਾਡੇ ਤੋਂ ਉਹ ਮੰਗ ਨਹੀਂ ਕਰਦਾ ਜੋ ਅਸੀਂ ਕਰ ਨਹੀਂ ਸਕਦੇ।
“ਇਹ ਹੁਕਮ ਜੋ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ, ਤੁਹਾਡੇ ਲਈ ਮੰਨਣੇ ਇੰਨੇ ਔਖੇ ਨਹੀਂ ਹਨ ਅਤੇ ਨਾ ਹੀ ਤੁਹਾਡੀ ਪਹੁੰਚ ਤੋਂ ਬਾਹਰ ਹਨ।”—ਬਿਵਸਥਾ ਸਾਰ 30:11.
ਯਹੋਵਾਹ ਉਨ੍ਹਾਂ ਦੀ ਮਦਦ ਕਰਨ ਦਾ ਵਾਅਦਾ ਕਰਦਾ ਹੈ ਜੋ ਉਸ ਦੇ ਮਿਆਰਾਂ ਮੁਤਾਬਕ ਜੀਉਣ ਦਾ ਫ਼ੈਸਲਾ ਕਰਦੇ ਹਨ।
“ਮੈਂ, ਤੇਰਾ ਪਰਮੇਸ਼ੁਰ ਯਹੋਵਾਹ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਕਹਿੰਦਾ ਹਾਂ, ‘ਨਾ ਡਰ। ਮੈਂ ਤੇਰੀ ਮਦਦ ਕਰਾਂਗਾ।’”—ਯਸਾਯਾਹ 41:13.
ਅਸੀਂ ਰੱਬ ਦੀ ਮਰਜ਼ੀ ਮੁਤਾਬਕ ਚੱਲ ਸਕਦੇ ਹਾਂ ਕਿਉਂਕਿ ਉਹ ਸਾਡੀ ਮਦਦ ਕਰੇਗਾ। ਉਹ ਆਪਣੇ ਬਚਨ ਬਾਈਬਲ ਦੇ ਜ਼ਰੀਏ ਸਾਡੀ ਮਦਦ ਕਰ ਸਕਦਾ ਹੈ ਜਿਸ ਵਿੱਚੋਂ ਸਾਨੂੰ ਹੌਸਲਾ ਤੇ ਉਮੀਦ ਮਿਲਦੀ ਹੈ।
ਪੂਰੀ ਦੁਨੀਆਂ ਵਿਚ ਲੱਖਾਂ ਲੋਕਾਂ ਨੇ ਦੇਖਿਆ ਹੈ ਕਿ ਬਾਈਬਲ ਦੇ ਮਿਆਰਾਂ ਮੁਤਾਬਕ ਚੱਲ ਕੇ ਉਨ੍ਹਾਂ ਦੀ ਜ਼ਿੰਦਗੀ ਹੋਰ ਵੀ ਵਧੀਆ ਹੋ ਗਈ ਹੈ। ਕਿਉਂ ਨਾ ਤੁਸੀਂ ਵੀ ਬਾਈਬਲ ਵਿਚ ਦਿੱਤੀਆਂ ਹੋਰ ਵੀ ਵਧੀਆ ਸਲਾਹਾਂ ਜਾਣੋ? ਇੱਦਾਂ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਸਾਡੀ ਵੈੱਬਸਾਈਟ jw.org/pa ʼਤੇ ਦਿੱਤੇ ਬਾਈਬਲ-ਆਧਾਰਿਤ ਬਰੋਸ਼ਰ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਤੋਂ ਜਾਣਕਾਰੀ ਲੈ ਸਕਦੇ ਹੋ। ਇਸ ਬਰੋਸ਼ਰ ਵਿਚ ਇਹ ਪਾਠ ਦਿੱਤੇ ਗਏ ਹਨ:
-
ਕੀ ਰੱਬ ਦਾ ਬਚਨ ਸਾਨੂੰ ਸਹੀ ਰਾਹ ਦਿਖਾ ਸਕਦਾ?
-
ਸੁਨਹਿਰੇ ਭਵਿੱਖ ਦੀ ਉਮੀਦ
-
ਕੀ ਤੁਸੀਂ ਬਾਈਬਲ ʼਤੇ ਯਕੀਨ ਕਰ ਸਕਦੇ ਹੋ?
ਜਦੋਂ ਤੁਸੀਂ ਪਰਮੇਸ਼ੁਰ ਦੇ ਬਚਨ ਬਾਈਬਲ ਦੀ ਜਾਂਚ ਕਰੋਗੇ, ਤਾਂ ਤੁਸੀਂ ਜਾਣੋਗੇ ਕਿ ਬਾਈਬਲ ਪੁਰਾਣੀ ਨਹੀਂ ਹੋਈ ਹੈ, ਸਗੋਂ ਇਸ ਵਿਚ ਦੱਸੀਆਂ ਗੱਲਾਂ ਅੱਜ ਵੀ ਲਾਗੂ ਹੁੰਦੀਆਂ ਹਨ ਤੇ ‘ਭਰੋਸੇ ਦੇ ਲਾਇਕ ਹਨ ਅਤੇ ਹਮੇਸ਼ਾ ਰਹਿਣਗੀਆਂ।’ (ਜ਼ਬੂਰ 111:8) ਸਹੀ-ਗ਼ਲਤ ਬਾਰੇ ਬਾਈਬਲ ਵਿਚ ਦਿੱਤੀਆਂ ਸਲਾਹਾਂ ਨੂੰ ਮੰਨ ਕੇ ਸਾਡੀ ਜ਼ਿੰਦਗੀ ਸਭ ਤੋਂ ਵਧੀਆ ਹੋ ਸਕਦੀ ਹੈ। ਪਰ ਰੱਬ ਸਾਨੂੰ ਇਨ੍ਹਾਂ ਮੁਤਾਬਕ ਚੱਲਣ ਲਈ ਮਜਬੂਰ ਨਹੀਂ ਕਰਦਾ। (ਬਿਵਸਥਾ ਸਾਰ 30:19, 20; ਯਹੋਸ਼ੁਆ 24:15) ਇਹ ਅਜਿਹਾ ਫ਼ੈਸਲਾ ਹੈ ਜੋ ਸਾਨੂੰ ਸਾਰਿਆਂ ਨੂੰ ਆਪ ਕਰਨਾ ਪੈਣਾ।