Skip to content

Skip to table of contents

‘ਮੇਰਾ ਭੋਜਨ ਹੈ ਕਿ ਮੈਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਾਂ’

‘ਮੇਰਾ ਭੋਜਨ ਹੈ ਕਿ ਮੈਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਾਂ’

ਤੁਹਾਨੂੰ ਕਿਸ ਗੱਲ ਤੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ? ਕੀ ਤੁਹਾਨੂੰ ਵਿਆਹੁਤਾ ਜ਼ਿੰਦਗੀ ਤੋਂ ਜਾਂ ਪਰਿਵਾਰ ਦੀ ਦੇਖ-ਭਾਲ ਕਰ ਕੇ ਜਾਂ ਦੋਸਤਾਂ ਨਾਲ ਸਮਾਂ ਬਿਤਾ ਕੇ ਖ਼ੁਸ਼ੀ ਮਿਲਦੀ ਹੈ? ਤੁਹਾਨੂੰ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਇਕੱਠੇ ਖਾਣਾ ਖਾ ਕੇ ਜ਼ਰੂਰ ਖ਼ੁਸ਼ੀ ਹੁੰਦੀ ਹੋਣੀ। ਪਰ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਸਾਨੂੰ ਉਸ ਦੀ ਇੱਛਾ ਪੂਰੀ ਕਰ ਕੇ, ਉਸ ਦੇ ਬਚਨ ਦੀ ਸਟੱਡੀ ਕਰ ਕੇ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਜ਼ਿਆਦਾ ਖ਼ੁਸ਼ੀ ਮਿਲਦੀ ਹੈ।

ਪੁਰਾਣੇ ਇਜ਼ਰਾਈਲ ਦੇ ਰਾਜੇ ਦਾਊਦ ਨੇ ਸ੍ਰਿਸ਼ਟੀਕਰਤਾ ਦੀ ਮਹਿਮਾ ਦੇ ਗੀਤ ਗਾਉਂਦੇ ਹੋਏ ਕਿਹਾ: “ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।” (ਜ਼ਬੂ. 40:8) ਦਾਊਦ ਨੇ ਆਪਣੀ ਜ਼ਿੰਦਗੀ ਵਿਚ ਔਖੇ ਹਾਲਾਤਾਂ ਅਤੇ ਦਬਾਵਾਂ ਦਾ ਸਾਮ੍ਹਣਾ ਕੀਤਾ, ਪਰ ਉਸ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਦਿਲੋਂ ਖ਼ੁਸ਼ੀ ਮਿਲੀ। ਦਾਊਦ ਵਾਂਗ ਯਹੋਵਾਹ ਦੇ ਹੋਰ ਬਹੁਤ ਸਾਰੇ ਸੇਵਕਾਂ ਨੇ ਵੀ ਖ਼ੁਸ਼ੀ-ਖ਼ੁਸ਼ੀ ਸੱਚੇ ਪਰਮੇਸ਼ੁਰ ਦੀ ਸੇਵਾ ਕੀਤੀ ਸੀ।

ਪੌਲੁਸ ਰਸੂਲ ਨੇ ਜ਼ਬੂਰ 40:8 ਦੇ ਸ਼ਬਦਾਂ ਨੂੰ ਮਸੀਹ ’ਤੇ ਲਾਗੂ ਕਰਦਿਆਂ ਲਿਖਿਆ: “ਜਦੋਂ ਮਸੀਹ ਦੁਨੀਆਂ ਵਿਚ ਆਇਆ, ਤਾਂ ਉਸ ਨੇ ਪਰਮੇਸ਼ੁਰ ਨੂੰ ਕਿਹਾ: ‘“ਤੂੰ ਬਲ਼ੀਆਂ ਅਤੇ ਭੇਟਾਂ ਨਹੀਂ ਚਾਹੀਆਂ, ਪਰ ਤੂੰ ਮੇਰੇ ਲਈ ਇਕ ਸਰੀਰ ਤਿਆਰ ਕੀਤਾ। ਤੂੰ ਹੋਮ ਬਲ਼ੀਆਂ ਤੇ ਪਾਪ ਬਲ਼ੀਆਂ ਤੋਂ ਖ਼ੁਸ਼ ਨਹੀਂ ਸੀ।” ਫਿਰ ਮੈਂ ਕਿਹਾ, ‘“ਦੇਖ! ਮੈਂ ਆਇਆ ਹਾਂ। (ਧਰਮ-ਗ੍ਰੰਥ ਵਿਚ ਮੇਰੇ ਬਾਰੇ ਗੱਲ ਕੀਤੀ ਗਈ ਹੈ।) ਹੇ ਪਰਮੇਸ਼ੁਰ, ਮੈਂ ਤੇਰੀ ਇੱਛਾ ਪੂਰੀ ਕਰਨ ਆਇਆ ਹਾਂ।”’”ਇਬ. 10:5-7.

ਧਰਤੀ ’ਤੇ ਰਹਿੰਦਿਆਂ ਯਿਸੂ ਨੂੰ ਸ੍ਰਿਸ਼ਟੀ ਦੇਖ ਕੇ, ਦੋਸਤਾਂ ਨਾਲ ਸਮਾਂ ਬਿਤਾ ਕੇ, ਦੂਜਿਆਂ ਨਾਲ ਖਾਣਾ ਖਾ ਕੇ ਬਹੁਤ ਖ਼ੁਸ਼ੀ ਹੁੰਦੀ ਸੀ। (ਮੱਤੀ 6:26-29; ਯੂਹੰ. 2:1, 2; 12:1, 2) ਪਰ ਉਸ ਨੂੰ ਸਭ ਤੋਂ ਵੱਧ ਖ਼ੁਸ਼ੀ ਆਪਣੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰ ਕੇ ਹੁੰਦੀ ਸੀ। ਯਿਸੂ ਨੇ ਕਿਹਾ: “ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਘੱਲਣ ਵਾਲੇ ਦੀ ਇੱਛਾ ਪੂਰੀ ਕਰਾਂ ਅਤੇ ਉਸ ਨੇ ਮੈਨੂੰ ਜੋ ਕੰਮ ਦਿੱਤਾ ਹੈ, ਉਹ ਪੂਰਾ ਕਰਾਂ।” (ਯੂਹੰ. 4:34; 6:38) ਯਿਸੂ ਦੇ ਚੇਲਿਆਂ ਨੇ ਆਪਣੇ ਮਾਲਕ ਤੋਂ ਸੱਚੀ ਖ਼ੁਸ਼ੀ ਦਾ ਰਾਜ਼ ਜਾਣਿਆ। ਉਨ੍ਹਾਂ ਨੇ ਬੜੇ ਜੋਸ਼ ਅਤੇ ਖ਼ੁਸ਼ੀ ਨਾਲ ਦੂਜਿਆਂ ਨੂੰ ਰਾਜ ਦਾ ਸੰਦੇਸ਼ ਸੁਣਾਇਆ।ਲੂਕਾ 10:1, 8, 9, 17.

‘ਜਾਓ ਅਤੇ ਚੇਲੇ ਬਣਾਓ’

ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ: “ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਦੇ ਨਾਂ ’ਤੇ, ਪੁੱਤਰ ਦੇ ਨਾਂ ’ਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ’ਤੇ ਬਪਤਿਸਮਾ ਦਿਓ, ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ। ਅਤੇ ਦੇਖੋ! ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।” (ਮੱਤੀ 28:19, 20) ਇਸ ਹੁਕਮ ਨੂੰ ਮੰਨਦੇ ਹੋਏ ਅਸੀਂ ਹਰ ਜਗ੍ਹਾ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ ਅਤੇ ਦਿਲਚਸਪੀ ਲੈਣ ਵਾਲਿਆਂ ਨੂੰ ਦੁਬਾਰਾ ਮਿਲ ਕੇ ਬਾਈਬਲ ਸਟੱਡੀ ਕਰਾਉਂਦੇ ਹਾਂ। ਇਹ ਕੰਮ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ।

ਭਾਵੇਂ ਲੋਕ ਕੋਈ ਦਿਲਚਸਪੀ ਨਹੀਂ ਦਿਖਾਉਂਦੇ, ਪਰ ਪਿਆਰ ਸਾਨੂੰ ਲਗਾਤਾਰ ਪ੍ਰਚਾਰ ਕਰਦੇ ਰਹਿਣ ਲਈ ਪ੍ਰੇਰਦਾ ਹੈ

 ਭਾਵੇਂ ਕਿ ਲੋਕ ਸਾਡੇ ਸੰਦੇਸ਼ ਵਿਚ ਦਿਲਚਸਪੀ ਦਿਖਾਉਣ ਜਾਂ ਨਾ, ਪਰ ਪ੍ਰਚਾਰ ਵਿਚ ਖ਼ੁਸ਼ੀ ਪਾਉਣ ਲਈ ਸਾਡਾ ਰਵੱਈਆ ਸਹੀ ਹੋਣਾ ਚਾਹੀਦਾ ਹੈ। ਚਾਹੇ ਕੁਝ ਲੋਕ ਸਾਡੀ ਗੱਲ ਨਹੀਂ ਸੁਣਦੇ, ਫਿਰ ਵੀ ਅਸੀਂ ਪ੍ਰਚਾਰ ਕਰਨ ਵਿਚ ਕਿਉਂ ਲੱਗੇ ਰਹਿੰਦੇ ਹਾਂ? ਕਿਉਂਕਿ ਦੂਸਰਿਆਂ ਨੂੰ ਪ੍ਰਚਾਰ ਕਰ ਕੇ ਅਤੇ ਚੇਲੇ ਬਣਾ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਪਰਮੇਸ਼ੁਰ ਅਤੇ ਗੁਆਂਢੀ ਨੂੰ ਪਿਆਰ ਕਰਦੇ ਹਾਂ। ਦਰਅਸਲ ਸਾਡੀਆਂ ਅਤੇ ਸਾਡੇ ਗੁਆਂਢੀਆਂ ਦੀਆਂ ਜ਼ਿੰਦਗੀਆਂ ਖ਼ਤਰੇ ਵਿਚ ਹਨ। (ਹਿਜ਼. 3:17-21; 1 ਤਿਮੋ. 4:16) ਜਿਨ੍ਹਾਂ ਥਾਵਾਂ ’ਤੇ ਪ੍ਰਚਾਰ ਕਰਨਾ ਔਖਾ ਹੈ, ਉੱਥੇ ਕਈ ਭੈਣਾਂ-ਭਰਾਵਾਂ ਨੇ ਪ੍ਰਚਾਰ ਲਈ ਆਪਣੇ ਜੋਸ਼ ਨੂੰ ਬਰਕਰਾਰ ਰੱਖਿਆ ਹੈ ਜਾਂ ਆਪਣੇ ਵਿਚ ਦੁਬਾਰਾ ਜੋਸ਼ ਪੈਦਾ ਕੀਤਾ ਹੈ। ਆਓ ਅਸੀਂ ਕੁਝ ਗੱਲਾਂ ’ਤੇ ਗੌਰ ਕਰੀਏ ਜਿਨ੍ਹਾਂ ਨੇ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕੀਤੀ।

ਹਰ ਮੌਕੇ ਦਾ ਫ਼ਾਇਦਾ ਉਠਾਓ

ਸਹੀ ਸਵਾਲ ਪੁੱਛਣ ਨਾਲ ਪ੍ਰਚਾਰ ਵਿਚ ਚੰਗੇ ਨਤੀਜੇ ਨਿਕਲਦੇ ਹਨ। ਇਕ ਦਿਨ ਸਵੇਰੇ ਆਮਾਲੀਆ ਨਾਂ ਦੀ ਭੈਣ ਨੇ ਇਕ ਬੰਦੇ ਨੂੰ ਪਾਰਕ ਵਿਚ ਅਖ਼ਬਾਰ ਪੜ੍ਹਦਿਆਂ ਦੇਖਿਆ। ਉਸ ਨੇ ਉਸ ਬੰਦੇ ਕੋਲ ਜਾ ਕੇ ਪੁੱਛਿਆ: ‘ਕੀ ਤੁਸੀਂ ਕੋਈ ਚੰਗੀ ਖ਼ਬਰ ਪੜ੍ਹੀ ਹੈ?’ ਜਦ ਉਸ ਨੇ ਨਾਂਹ ਵਿਚ ਜਵਾਬ ਦਿੱਤਾ, ਤਾਂ ਆਮਾਲੀਆ ਨੇ ਕਿਹਾ, “ਮੈਂ ਤੁਹਾਨੂੰ ਪਰਮੇਸ਼ੁਰ ਦੇ ਰਾਜ ਬਾਰੇ ਇਕ ਚੰਗੀ ਖ਼ਬਰ ਦੱਸਣਾ ਚਾਹੁੰਦੀ ਹਾਂ।” ਇਸ ਨਾਲ ਉਸ ਬੰਦੇ ਵਿਚ ਦਿਲਚਸਪੀ ਪੈਦਾ ਹੋ ਗਈ ਅਤੇ ਉਹ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਗਿਆ। ਦਰਅਸਲ ਆਮਾਲੀਆ ਉਸ ਪਾਰਕ ਵਿਚ ਤਿੰਨ ਸਟੱਡੀਆਂ ਸ਼ੁਰੂ ਕਰ ਸਕੀ।

ਜੈਨਸ ਆਪਣੇ ਕੰਮ ਦੀ ਥਾਂ ’ਤੇ ਪ੍ਰਚਾਰ ਕਰਦੀ ਹੈ। ਜਦ ਇਕ ਚੌਕੀਦਾਰ ਅਤੇ ਉਸ ਦੇ ਨਾਲ ਕੰਮ ਕਰਨ ਵਾਲੀ ਇਕ ਔਰਤ ਨੇ ਪਹਿਰਾਬੁਰਜ ਵਿਚ ਛਪੇ ਇਕ ਲੇਖ ਵਿਚ ਦਿਲਚਸਪੀ ਦਿਖਾਈ, ਤਾਂ ਜੈਨਸ ਉਨ੍ਹਾਂ ਨੂੰ ਲਗਾਤਾਰ ਮੈਗਜ਼ੀਨ ਦੇਣ ਲੱਗੀ। ਇੱਦਾਂ ਹੀ ਉਸ ਨੇ ਆਪਣੇ ਨਾਲ ਕੰਮ ਕਰਨ ਵਾਲੀ ਇਕ ਹੋਰ ਤੀਵੀਂ ਨੂੰ ਮੈਗਜ਼ੀਨ ਦੇਣੇ ਸ਼ੁਰੂ ਕੀਤੇ ਜੋ ਪਹਿਰਾਬੁਰਜ ਅਤੇ ਜਾਗਰੂਕ ਬਣੋ! ਵਿਚ ਅਲੱਗ-ਅਲੱਗ ਵਿਸ਼ਿਆਂ ’ਤੇ ਲੇਖ ਦੇਖ ਕੇ ਬਹੁਤ ਹੈਰਾਨ ਹੋਈ। ਕੰਮ ’ਤੇ ਇਕ ਹੋਰ ਔਰਤ ਨੇ ਜਦ ਜੈਨਸ ਨੂੰ ਮੈਗਜ਼ੀਨ ਦਿੰਦਿਆਂ ਦੇਖਿਆ, ਤਾਂ ਉਸ ਨੇ ਵੀ ਮੈਗਜ਼ੀਨ ਮੰਗੇ। ਜੈਨਸ ਕਹਿੰਦੀ ਹੈ: “ਯਹੋਵਾਹ ਦੀ ਕਿੰਨੀ ਵੱਡੀ ਬਰਕਤ!” ਇੱਦਾਂ ਉਸ ਨੇ ਕੰਮ ਦੀ ਥਾਂ ’ਤੇ 11 ਲੋਕਾਂ ਨੂੰ ਲਗਾਤਾਰ ਮੈਗਜ਼ੀਨ ਦੇਣੇ ਸ਼ੁਰੂ ਕੀਤੇ।

ਸਹੀ ਨਜ਼ਰੀਆ ਬਣਾਈ ਰੱਖੋ

ਇਕ ਸਫ਼ਰੀ ਨਿਗਾਹਬਾਨ ਨੇ ਸਲਾਹ ਦਿੱਤੀ ਕਿ ਘਰ-ਘਰ ਪ੍ਰਚਾਰ ਕਰਦਿਆਂ ਪ੍ਰਚਾਰਕਾਂ ਨੂੰ ਸਿਰਫ਼ ਇਹ ਕਹਿ ਕੇ ਹੀ ਗੱਲਬਾਤ ਖ਼ਤਮ ਨਹੀਂ ਕਰ ਦੇਣੀ ਚਾਹੀਦੀ ਕਿ ਉਹ ਕਿਸੇ ਹੋਰ ਦਿਨ ਦੁਬਾਰਾ ਮਿਲਣ ਆਉਣਗੇ। ਇਸ ਦੀ ਬਜਾਇ, ਉਹ ਘਰ-ਮਾਲਕ ਨੂੰ ਪੁੱਛ ਸਕਦੇ ਹਨ: “ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਬਾਈਬਲ ਬਾਰੇ ਹੋਰ ਕਿੱਦਾਂ ਸਿੱਖਿਆ ਜਾ ਸਕਦਾ ਹੈ। ਮੈਂ ਕਿਹੜੇ ਦਿਨ ਜਾਂ ਕਿਹੜੇ ਸਮੇਂ ਤੁਹਾਨੂੰ ਦੁਬਾਰਾ ਮਿਲ ਸਕਦਾ ਹਾਂ?” ਫਿਰ ਸਫ਼ਰੀ ਨਿਗਾਹਬਾਨ ਨੇ ਰਿਪੋਰਟ ਦਿੱਤੀ ਕਿ ਇਕ ਮੰਡਲੀ ਵਿਚ ਉਸ ਦੇ ਦੌਰੇ ਦੌਰਾਨ ਭੈਣਾਂ-ਭਰਾਵਾਂ ਨੇ ਇਸ ਤਰੀਕੇ ਨੂੰ ਵਰਤਦਿਆਂ ਇਕ ਹਫ਼ਤੇ ਵਿਚ 44 ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ।

ਪਹਿਲੀ ਵਾਰ ਕਿਸੇ ਨੂੰ ਮਿਲਣ ਤੋਂ ਬਾਅਦ ਜਲਦੀ ਹੀ ਰਿਟਰਨ ਵਿਜ਼ਿਟ ਕਰੋ, ਜੇ ਹੋ ਸਕੇ, ਤਾਂ ਕੁਝ ਹੀ ਦਿਨਾਂ ਵਿਚ ਮਿਲਣ ਜਾਓ। ਇੱਦਾਂ ਕਰਨਾ ਜ਼ਿਆਦਾ ਅਸਰਕਾਰੀ ਹੋ ਸਕਦਾ ਹੈ। ਕਿਉਂ? ਕਿਉਂਕਿ ਇੱਦਾਂ ਕਰਨ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਨੇਕਦਿਲ ਲੋਕਾਂ ਦੀ ਬਾਈਬਲ ਸਮਝਣ ਵਿਚ ਮਦਦ ਕਰਨੀ ਚਾਹੁੰਦੇ ਹਾਂ। ਜਦ ਇਕ ਔਰਤ ਨੂੰ ਪੁੱਛਿਆ ਗਿਆ ਕਿ ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਿਉਂ ਸ਼ੁਰੂ ਕੀਤੀ, ਤਾਂ ਉਸ ਨੇ ਕਿਹਾ, “ਮੈਂ ਇਸ ਲਈ ਬਾਈਬਲ ਸਟੱਡੀ ਸ਼ੁਰੂ ਕੀਤੀ ਕਿਉਂਕਿ ਉਨ੍ਹਾਂ ਨੇ ਮੇਰੇ ਵਿਚ ਗਹਿਰੀ ਦਿਲਚਸਪੀ ਦਿਖਾਈ ਅਤੇ ਮੇਰੇ ਨਾਲ ਬੜੇ ਪਿਆਰ ਨਾਲ ਗੱਲਬਾਤ ਕੀਤੀ।”

ਤੁਸੀਂ ਘਰ-ਮਾਲਕ ਨੂੰ ਪੁੱਛ ਸਕਦੇ ਹੋ, “ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਬਾਈਬਲ ਬਾਰੇ ਹੋਰ ਕਿੱਦਾਂ ਸਿੱਖਿਆ ਜਾ ਸਕਦਾ ਹੈ।

 ਮਾਦਾਈ ਨਾਂ ਦੀ ਭੈਣ ਨੇ ਪਾਇਨੀਅਰ ਸਕੂਲ ਤੋਂ ਥੋੜ੍ਹੀ ਹੀ ਦੇਰ ਬਾਅਦ 15 ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ ਅਤੇ 5 ਬਾਈਬਲ ਸਟੱਡੀਆਂ ਹੋਰ ਪ੍ਰਚਾਰਕਾਂ ਨੂੰ ਵੀ ਦਿੱਤੀਆਂ। ਉਸ ਦੀਆਂ ਕਈ ਸਟੱਡੀਆਂ ਲਗਾਤਾਰ ਮੀਟਿੰਗਾਂ ’ਤੇ ਆਉਣ ਲੱਗੀਆਂ। ਕਿਹੜੀ ਗੱਲ ਨੇ ਮਾਦਾਈ ਦੀ ਇੰਨੀਆਂ ਬਾਈਬਲ ਸਟੱਡੀਆਂ ਸ਼ੁਰੂ ਕਰਨ ਵਿਚ ਮਦਦ ਕੀਤੀ? ਪਾਇਨੀਅਰ ਸਕੂਲ ਨੇ ਮਾਦਾਈ ਦੇ ਮਨ ਵਿਚ ਇਹ ਗੱਲ ਬਿਠਾ ਦਿੱਤੀ ਕਿ ਉਸ ਨੂੰ ਦਿਲਚਸਪੀ ਦਿਖਾਉਣ ਵਾਲੇ ਲੋਕਾਂ ਨੂੰ ਦੁਬਾਰਾ ਮਿਲਣ ਜਾਂਦੇ ਰਹਿਣਾ ਚਾਹੀਦਾ ਹੈ। ਇਕ ਹੋਰ ਗਵਾਹ ਨੇ ਬਹੁਤ ਸਾਰੇ ਲੋਕਾਂ ਦੀ ਸੱਚਾਈ ਸਿੱਖਣ ਵਿਚ ਮਦਦ ਕੀਤੀ ਹੈ। ਉਸ ਨੇ ਕਿਹਾ: “ਮੈਂ ਸਿੱਖਿਆ ਹੈ ਕਿ ਜਿਹੜੇ ਲੋਕ ਯਹੋਵਾਹ ਬਾਰੇ ਜਾਣਨਾ ਚਾਹੁੰਦੇ ਹਨ, ਉਨ੍ਹਾਂ ਦੀ ਮਦਦ ਕਰਨ ਲਈ ਵਾਰ-ਵਾਰ ਰਿਟਰਨ ਵਿਜ਼ਿਟ ਕਰਨੀ ਬਹੁਤ ਜ਼ਰੂਰੀ ਹੈ।”

ਜਲਦੀ ਹੀ ਰਿਟਰਨ ਵਿਜ਼ਿਟ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਲੋਕਾਂ ਦੀ ਬਾਈਬਲ ਸਮਝਣ ਵਿਚ ਮਦਦ ਕਰਨੀ ਚਾਹੁੰਦੇ ਹਾਂ

ਰਿਟਰਨ ਵਿਜ਼ਿਟਾਂ ਅਤੇ ਬਾਈਬਲ ਸਟੱਡੀਆਂ ਕਰਾਉਣ ਵਿਚ ਬਹੁਤ ਮਿਹਨਤ ਕਰਨੀ ਪੈਂਦੀ ਹੈ। ਪਰ ਸਾਨੂੰ ਸਾਡੀ ਮਿਹਨਤ ਤੋਂ ਕਿਤੇ ਵਧ ਕੇ ਇਨਾਮ ਮਿਲਦਾ ਹੈ। ਆਪਣੇ ਆਪ ਨੂੰ ਪ੍ਰਚਾਰ ਦੇ ਕੰਮ ਵਿਚ ਲਗਾਈ ਰੱਖਣ ਨਾਲ ਅਸੀਂ ਲੋਕਾਂ ਦੀ “ਸੱਚਾਈ ਦਾ ਸਹੀ ਗਿਆਨ ਪ੍ਰਾਪਤ” ਕਰਨ ਵਿਚ ਮਦਦ ਕਰ ਸਕਦੇ ਹਾਂ ਜਿਸ ਨਾਲ ਉਨ੍ਹਾਂ ਦੀਆਂ ਜਾਨਾਂ ਬਚ ਸਕਦੀਆਂ ਹਨ। (1 ਤਿਮੋ. 2:3, 4) ਇੱਦਾਂ ਕਰਨ ਨਾਲ ਸਾਨੂੰ ਬਹੁਤ ਖ਼ੁਸ਼ੀ ਅਤੇ ਸੰਤੁਸ਼ਟੀ ਮਿਲ ਸਕਦੀ ਹੈ।