Skip to content

Skip to table of contents

ਯਹੋਵਾਹ ਹਰ ਕੰਮ ਸਹੀ ਢੰਗ ਨਾਲ ਕਰਦਾ ਹੈ

ਯਹੋਵਾਹ ਹਰ ਕੰਮ ਸਹੀ ਢੰਗ ਨਾਲ ਕਰਦਾ ਹੈ

“ਪਰਮੇਸ਼ੁਰ ਗੜਬੜੀ ਦਾ ਪਰਮੇਸ਼ੁਰ ਨਹੀਂ ਹੈ, ਸਗੋਂ ਸ਼ਾਂਤੀ ਦਾ ਪਰਮੇਸ਼ੁਰ ਹੈ।”1 ਕੁਰਿੰ. 14:33.

1, 2. (ੳ) ਪਰਮੇਸ਼ੁਰ ਨੇ ਸਭ ਤੋਂ ਪਹਿਲਾਂ ਕਿਸ ਨੂੰ ਬਣਾਇਆ ਤੇ ਯਹੋਵਾਹ ਨੇ ਉਸ ਨੂੰ ਕਿਵੇਂ ਵਰਤਿਆ? (ਅ) ਸਾਨੂੰ ਕਿਵੇਂ ਪਤਾ ਹੈ ਕਿ ਦੂਤਾਂ ਨੂੰ ਸੰਗਠਿਤ ਕੀਤਾ ਗਿਆ ਹੈ?

ਸਾਰੇ ਬ੍ਰਹਿਮੰਡ ਦਾ ਸ੍ਰਿਸ਼ਟੀਕਰਤਾ ਯਹੋਵਾਹ ਸਾਰੇ ਕੰਮ ਸਹੀ ਢੰਗ ਨਾਲ ਕਰਦਾ ਹੈ। ਉਸ ਨੇ ਸਭ ਤੋਂ ਪਹਿਲਾਂ ਆਪਣੇ ਪੁੱਤਰ ਯਿਸੂ ਨੂੰ ਬਣਾਇਆ ਜਿਸ ਨੂੰ “ਸ਼ਬਦ” ਕਿਹਾ ਜਾਂਦਾ ਹੈ ਕਿਉਂਕਿ ਪਰਮੇਸ਼ੁਰ ਉਸ ਦੇ ਰਾਹੀਂ ਗੱਲ ਕਰਦਾ ਹੈ। ਸ਼ਬਦ ਨੇ ਸਦੀਆਂ ਤੋਂ ਯਹੋਵਾਹ ਦੀ ਸੇਵਾ ਕੀਤੀ ਹੈ। ਬਾਈਬਲ ਦੱਸਦੀ ਹੈ: “ਸਾਰੀਆਂ ਚੀਜ਼ਾਂ ਦੀ ਸ੍ਰਿਸ਼ਟੀ ਤੋਂ ਬਹੁਤ ਸਮਾਂ ਪਹਿਲਾਂ ‘ਸ਼ਬਦ’ ਸੀ ਅਤੇ ‘ਸ਼ਬਦ’ ਪਰਮੇਸ਼ੁਰ ਦੇ ਨਾਲ ਸੀ।” ਬਾਈਬਲ ਉਸ ਬਾਰੇ ਇਹ ਵੀ ਦੱਸਦੀ ਹੈ: “ਸਾਰੀਆਂ ਚੀਜ਼ਾਂ ਉਸ ਰਾਹੀਂ ਬਣਾਈਆਂ ਗਈਆਂ ਅਤੇ ਅਜਿਹੀ ਕੋਈ ਵੀ ਚੀਜ਼ ਨਹੀਂ ਹੈ ਜੋ ਉਸ ਤੋਂ ਬਿਨਾਂ ਬਣਾਈ ਗਈ ਹੋਵੇ।” 2,000 ਤੋਂ ਜ਼ਿਆਦਾ ਸਾਲ ਪਹਿਲਾਂ ਪਰਮੇਸ਼ੁਰ ਨੇ ਯਿਸੂ ਨੂੰ ਧਰਤੀ ’ਤੇ ਭੇਜਿਆ। ਮੁਕੰਮਲ ਇਨਸਾਨ ਵਜੋਂ ਉਸ ਨੇ ਵਫ਼ਾਦਾਰੀ ਨਾਲ ਆਪਣੇ ਪਿਤਾ ਦੀ ਹਰ ਗੱਲ ਪੂਰੀ ਕੀਤੀ।ਯੂਹੰ. 1:1-3, 14.

2 ਧਰਤੀ ’ਤੇ ਆਉਣ ਤੋਂ ਪਹਿਲਾਂ ਯਿਸੂ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ “ਰਾਜ ਮਿਸਤਰੀ” ਵਜੋਂ ਕੰਮ ਕੀਤਾ। (ਕਹਾ. 8:30) ਯਹੋਵਾਹ ਨੇ ਉਸ ਦੇ ਜ਼ਰੀਏ ਸਵਰਗ ਵਿਚ ਅਰਬਾਂ-ਖਰਬਾਂ ਦੂਤਾਂ ਨੂੰ ਬਣਾਇਆ। (ਕੁਲੁ. 1:16) ਇਨ੍ਹਾਂ ਦੂਤਾਂ ਦੇ ਸੰਬੰਧ ਵਿਚ ਬਾਈਬਲ ਦਾ ਇਕ ਬਿਰਤਾਂਤ ਦੱਸਦਾ ਹੈ: “ਹਜ਼ਾਰਾਂ ਹੀ ਹਜ਼ਾਰ [ਯਹੋਵਾਹ] ਦੀ ਟਹਿਲ ਕਰਦੇ ਸਨ, ਅਤੇ ਲੱਖਾਂ ਦਰ ਲੱਖ ਉਹ ਦੇ ਅੱਗੇ ਖਲੋਤੇ ਸਨ!” (ਦਾਨੀ. 7:10) ਇਨ੍ਹਾਂ ਅਣਗਿਣਤ ਦੂਤਾਂ ਨੂੰ ਯਹੋਵਾਹ ਦੀ ‘ਸੈਨਾ’ ਕਿਹਾ ਗਿਆ ਹੈ ਜੋ ਵਧੀਆ ਢੰਗ ਨਾਲ ਸੰਗਠਿਤ ਕੀਤੀ ਗਈ ਹੈ।ਜ਼ਬੂ. 103:21.

3. ਬ੍ਰਹਿਮੰਡ ਵਿਚ ਕਿੰਨੇ ਤਾਰੇ ਤੇ ਗ੍ਰਹਿ ਹਨ ਤੇ ਇਨ੍ਹਾਂ ਨੂੰ ਕਿਵੇਂ ਸੰਗਠਿਤ ਕੀਤਾ ਗਿਆ ਹੈ?

 3 ਜਦੋਂ ਯਹੋਵਾਹ ਨੇ ਬ੍ਰਹਿਮੰਡ ਬਣਾਇਆ, ਤਾਂ ਉਸ ਨੇ ਇੰਨੇ ਸਾਰੇ ਤਾਰੇ ਤੇ ਗ੍ਰਹਿ ਬਣਾਏ ਜਿਨ੍ਹਾਂ ਨੂੰ ਤੁਸੀਂ ਕਦੇ ਗਿਣ ਨਹੀਂ ਸਕਦੇ। ਬ੍ਰਹਿਮੰਡ ਵਿਚ ਅਰਬਾਂ-ਖਰਬਾਂ ਤਾਰੇ ਤੇ ਗ੍ਰਹਿ ਹਨ। ਹਾਲ ਹੀ ਵਿਚ ਵਿਗਿਆਨੀਆਂ ਨੇ ਬ੍ਰਹਿਮੰਡ ਦੀ ਹੋਰ ਖੋਜਬੀਨ ਕੀਤੀ। ਇਸ ਖੋਜਬੀਨ ਬਾਰੇ ਰਿਪੋਰਟ ਦਿੰਦੇ ਹੋਏ ਅਮਰੀਕਾ ਦੀ ਇਕ ਅਖ਼ਬਾਰ ਨੇ ਕਿਹਾ ਕਿ ਵਿਗਿਆਨੀਆਂ ਨੇ ਪਹਿਲਾਂ ਜਿੰਨਾ ਅਨੁਮਾਨ ਲਾਇਆ ਸੀ, ਉਸ ਤੋਂ ਤਿੰਨ ਗੁਣਾ ਜ਼ਿਆਦਾ ਤਾਰੇ ਜਾਂ ਗ੍ਰਹਿ ਹਨ। * ਕੀ ਇਨ੍ਹਾਂ ਤਾਰਿਆਂ ਜਾਂ ਗ੍ਰਹਿਆਂ ਨੂੰ ਚੰਗੀ ਤਰ੍ਹਾਂ ਸੰਗਠਿਤ ਕੀਤਾ ਗਿਆ ਹੈ? ਜੀ ਹਾਂ, ਤਾਰਿਆਂ ਨੂੰ ਗਲੈਕਸੀਆਂ ਵਿਚ ਰੱਖਿਆ ਗਿਆ ਹੈ ਤੇ ਹਰ ਗਲੈਕਸੀ ਵਿਚ ਬਹੁਤ ਸਾਰੇ ਗ੍ਰਹਿ ਤੇ ਅਰਬਾਂ-ਖਰਬਾਂ ਤਾਰੇ ਹਨ। ਅੱਗੋਂ ਬਹੁਤ ਸਾਰੀਆਂ ਗਲੈਕਸੀਆਂ ਦੇ ਗੁੱਛੇ ਹਨ ਅਤੇ ਫਿਰ ਇਨ੍ਹਾਂ ਗੁੱਛਿਆਂ ਦੇ ਵੱਡੇ-ਵੱਡੇ ਗੁੱਛੇ ਹਨ।

4. ਅਸੀਂ ਇਹ ਯਕੀਨ ਕਿਉਂ ਰੱਖ ਸਕਦੇ ਹਾਂ ਕਿ ਯਹੋਵਾਹ ਧਰਤੀ ’ਤੇ ਆਪਣੇ ਸੇਵਕਾਂ ਨੂੰ ਸੰਗਠਿਤ ਕਰਦਾ ਹੈ?

4 ਸਵਰਗ ਵਿਚ ਦੂਤਾਂ ਅਤੇ ਬ੍ਰਹਿਮੰਡ ਵਿਚ ਤਾਰਿਆਂ ਤੇ ਗ੍ਰਹਿਆਂ ਨੂੰ ਬੜੇ ਹੀ ਵਧੀਆ ਢੰਗ ਨਾਲ ਸੰਗਠਿਤ ਕੀਤਾ ਗਿਆ ਹੈ। (ਯਸਾ. 40:26) ਇਸ ਲਈ ਅਸੀਂ ਇਹ ਵੀ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਧਰਤੀ ’ਤੇ ਆਪਣੇ ਸੇਵਕਾਂ ਨੂੰ ਵੀ ਸੰਗਠਿਤ ਕਰਦਾ ਹੈ। ਇਹ ਜ਼ਰੂਰੀ ਹੈ ਕਿ ਉਸ ਦੇ ਸੇਵਕ ਸਾਰਾ ਕੁਝ ਢੰਗ ਸਿਰ ਕਰਨ ਕਿਉਂਕਿ ਉਨ੍ਹਾਂ ਕੋਲ ਯਹੋਵਾਹ ਦੀ ਸੇਵਾ ਵਿਚ ਕਰਨ ਨੂੰ ਬਹੁਤ ਕੁਝ ਹੈ। ਹਜ਼ਾਰਾਂ ਸਾਲਾਂ ਤੋਂ ਯਹੋਵਾਹ ਆਪਣੇ ਲੋਕਾਂ ਨੂੰ ਸੰਗਠਿਤ ਕਰਦਾ ਆਇਆ ਹੈ ਤਾਂਕਿ ਉਹ ਵਫ਼ਾਦਾਰੀ ਨਾਲ ਉਸ ਦੀ ਭਗਤੀ ਕਰ ਸਕਣ। ਬਹੁਤ ਸਾਰੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਲੋਕਾਂ ਦੇ ਨਾਲ ਹੈ ਤੇ ਉਹ “ਗੜਬੜੀ ਦਾ ਪਰਮੇਸ਼ੁਰ ਨਹੀਂ ਹੈ, ਸਗੋਂ ਸ਼ਾਂਤੀ ਦਾ ਪਰਮੇਸ਼ੁਰ ਹੈ।”1 ਕੁਰਿੰਥੀਆਂ 14:33, 40 ਪੜ੍ਹੋ।

ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਸੰਗਠਿਤ ਕੀਤਾ

5. ਧਰਤੀ ਲਈ ਰੱਖੇ ਯਹੋਵਾਹ ਦੇ ਮਕਸਦ ਵਿਚ ਰੁਕਾਵਟ ਕਿਵੇਂ ਪਈ ਸੀ?

5 ਜਦੋਂ ਯਹੋਵਾਹ ਨੇ ਪਹਿਲੇ ਜੋੜੇ ਨੂੰ ਬਣਾਇਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।” (ਉਤ. 1:28) ਇੱਕੋ ਵਾਰੀ ਹੀ ਲੱਖਾਂ ਇਨਸਾਨਾਂ ਨੂੰ ਬਣਾ ਕੇ ਧਰਤੀ ’ਤੇ ਘਸਮਾਣ ਪਾਉਣ ਦੀ ਬਜਾਇ ਯਹੋਵਾਹ ਨੇ ਸਭ ਤੋਂ ਪਹਿਲਾਂ ਆਦਮ ਤੇ ਹੱਵਾਹ ਨੂੰ ਬਣਾਇਆ। ਫਿਰ ਉਨ੍ਹਾਂ ਦੋਵਾਂ ਦੇ ਬੱਚੇ ਹੋਣੇ ਸਨ ਤੇ ਉਨ੍ਹਾਂ ਦੇ ਬੱਚਿਆਂ ਦੇ ਅੱਗੇ ਬੱਚੇ ਹੋਣੇ ਸਨ ਜਦੋਂ ਤਕ ਪੂਰੀ ਧਰਤੀ ਇਨਸਾਨਾਂ ਨਾਲ ਨਹੀਂ ਭਰ ਜਾਣੀ ਸੀ। ਪਰਮੇਸ਼ੁਰ ਨੇ ਇਨਸਾਨਾਂ ਲਈ ਮਕਸਦ ਰੱਖਿਆ ਸੀ ਕਿ ਉਹ ਸਾਰੀ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਉਣ। ਜਦੋਂ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ, ਤਾਂ ਕੁਝ ਸਮੇਂ ਲਈ ਉਸ ਦੇ ਮਕਸਦ ਵਿਚ ਰੁਕਾਵਟ ਪੈ ਗਈ। (ਉਤ. 3:1-6) ਆਦਮ ਤੇ ਹੱਵਾਹ ਦੇ ਜ਼ਿਆਦਾਤਰ ਬੱਚੇ ਯਹੋਵਾਹ ਦੀ ਸੇਵਾ ਨਹੀਂ ਕਰਦੇ ਸਨ ਤੇ ਕੁਝ ਸਮੇਂ ਬਾਅਦ “ਯਹੋਵਾਹ ਨੇ ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ।” ਇਸ ਬੁਰਾਈ ਕਰਕੇ ‘ਧਰਤੀ ਬਿਗੜੀ ਹੋਈ ਸੀ ਅਰ ਜ਼ੁਲਮ ਨਾਲ ਭਰੀ ਹੋਈ ਸੀ।’ ਇਸ ਲਈ ਪਰਮੇਸ਼ੁਰ ਨੇ ਬੁਰਾਈ ਨੂੰ ਖ਼ਤਮ ਕਰਨ ਲਈ ਪੂਰੀ ਧਰਤੀ ’ਤੇ ਜਲ-ਪਰਲੋ ਲਿਆਉਣ ਦਾ ਫ਼ੈਸਲਾ ਕੀਤਾ।ਉਤ. 6:5, 11-13, 17.

6, 7. (ੳ) ਯਹੋਵਾਹ ਨੇ ਨੂਹ ’ਤੇ ਮਿਹਰ ਕਿਉਂ ਕੀਤੀ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਨੂਹ ਦੇ ਜ਼ਮਾਨੇ ਵਿਚ ਯਹੋਵਾਹ ਦਾ ਕਹਿਣਾ ਨਾ ਮੰਨਣ ਵਾਲੇ ਲੋਕਾਂ ਨਾਲ ਕੀ ਹੋਇਆ?

6 ਸਾਰਿਆਂ ਨੂੰ ਜਲ-ਪਰਲੋ ਵਿਚ ਨਾਸ਼ ਨਹੀਂ ਕੀਤਾ ਗਿਆ। ਬਾਈਬਲ ਦੱਸਦੀ ਹੈ: “ਨੂਹ ਉੱਤੇ ਯਹੋਵਾਹ ਦੀ ਕਿਰਪਾ ਦੀ ਨਿਗਾਹ ਹੋਈ” ਜੋ “ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ” ਯਾਨੀ ਉਸ ਵਿਚ ਕੋਈ ਬੁਰਾਈ ਨਹੀਂ ਸੀ। ਨੂਹ “ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ,” ਇਸ ਲਈ ਯਹੋਵਾਹ ਨੇ ਉਸ ਨੂੰ ਇਕ ਵੱਡੀ ਕਿਸ਼ਤੀ ਬਣਾਉਣ ਲਈ ਕਿਹਾ। (ਉਤ. 6:8, 9, 14-16) ਕਿਸ਼ਤੀ ਨੂੰ ਇਸ ਤਰ੍ਹਾਂ ਡੀਜ਼ਾਈਨ ਕੀਤਾ ਗਿਆ ਸੀ ਕਿ ਉਹ ਪਾਣੀ ’ਤੇ ਤਰ ਸਕੇ ਤਾਂਕਿ ਉਸ ਵਿਚ ਬੈਠੇ ਲੋਕ ਤੇ ਜਾਨਵਰ ਬਚ ਸਕਣ। ਬਾਈਬਲ ਦੱਸਦੀ ਹੈ: “ਜਿਵੇਂ ਯਹੋਵਾਹ ਨੇ ਆਗਿਆ ਦਿੱਤੀ ਨੂਹ ਨੇ ਸਭ ਕੁਝ ਤਿਵੇਂ ਹੀ ਕੀਤਾ।” ਉਸ ਨੇ ਆਪਣੇ ਪਰਿਵਾਰ ਦੀ ਮਦਦ ਨਾਲ ਕਿਸ਼ਤੀ ਬਣਾਉਣ ਦਾ ਕੰਮ ਸਹੀ ਢੰਗ ਨਾਲ ਪੂਰਾ ਕੀਤਾ। ਕਿਸ਼ਤੀ ਵਿਚ ਜਾਨਵਰਾਂ ਨੂੰ ਲਿਆਉਣ ਤੋਂ ਬਾਅਦ ਯਹੋਵਾਹ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ।ਉਤ. 7:5, 16.

 7 ਜਦੋਂ 2370 ਈ. ਪੂ. ਵਿਚ ਜਲ-ਪਰਲੋ ਆਈ, ਤਾਂ ਯਹੋਵਾਹ ਨੇ ‘ਹਰ ਪ੍ਰਾਣੀ ਨੂੰ ਧਰਤੀ ਤੋਂ ਮਿਟਾ ਦਿੱਤਾ।’ (ਉਤ. 7:23) ਪਰ ਉਸ ਨੇ ਵਫ਼ਾਦਾਰ ਨੂਹ ਤੇ ਉਸ ਦੇ ਪਰਿਵਾਰ ਨੂੰ ਕਿਸ਼ਤੀ ਵਿਚ ਬਚਾ ਲਿਆ। ਅੱਜ ਧਰਤੀ ’ਤੇ ਹਰ ਇਨਸਾਨ ਨੂਹ, ਉਸ ਦੇ ਪੁੱਤਰਾਂ ਤੇ ਉਨ੍ਹਾਂ ਦੀਆਂ ਪਤਨੀਆਂ ਦੀਆਂ ਪੀੜ੍ਹੀਆਂ ਵਿੱਚੋਂ ਹੈ। ਪਰ ਅਵਿਸ਼ਵਾਸੀ ਲੋਕਾਂ ਵਿੱਚੋਂ ਕੋਈ ਨਹੀਂ ਬਚਿਆ ਕਿਉਂਕਿ ਉਨ੍ਹਾਂ ਨੇ “ਧਾਰਮਿਕਤਾ ਦੇ ਪ੍ਰਚਾਰਕ” ਨੂਹ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ ਸੀ।2 ਪਤ. 2:5.

ਕਿਸ਼ਤੀ ਦਾ ਕੰਮ ਸਹੀ ਢੰਗ ਨਾਲ ਹੋਣ ਕਰਕੇ ਜਲ-ਪਰਲੋ ਵਿੱਚੋਂ ਅੱਠ ਲੋਕ ਬਚ ਗਏ (ਪੈਰੇ 6, 7 ਦੇਖੋ)

8. ਇਜ਼ਰਾਈਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦਾ ਹੁਕਮ ਦੇਣ ਤੋਂ ਪਹਿਲਾਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਵੇਂ ਸੰਗਠਿਤ ਕੀਤਾ ਸੀ?

8 ਜਲ-ਪਰਲੋ ਤੋਂ 800 ਤੋਂ ਜ਼ਿਆਦਾ ਸਾਲਾਂ ਬਾਅਦ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਕੌਮ ਵਜੋਂ ਸੰਗਠਿਤ ਕੀਤਾ। ਉਸ ਨੇ ਉਨ੍ਹਾਂ ਦੀਆਂ ਜ਼ਿੰਦਗੀਆਂ ਦੇ ਹਰ ਪਹਿਲੂ ਸੰਬੰਧੀ ਹਿਦਾਇਤਾਂ ਦਿੱਤੀਆਂ, ਖ਼ਾਸ ਕਰਕੇ ਭਗਤੀ ਦੇ ਮਾਮਲੇ ਵਿਚ। ਮਿਸਾਲ ਲਈ, ਉਨ੍ਹਾਂ ਵਿੱਚੋਂ ਕਈਆਂ ਨੂੰ ਪੁਜਾਰੀਆਂ ਤੇ ਲੇਵੀਆਂ ਵਜੋਂ ਜ਼ਿੰਮੇਵਾਰੀ ਦਿੱਤੀ ਗਈ। ਨਾਲੇ ਉਸ ਨੇ ਕੁਝ ਔਰਤਾਂ ਨੂੰ “ਮੰਡਲੀ ਦੇ ਤੰਬੂ ਦੇ ਦਰਵੱਜੇ ਦੀਆਂ ਸੇਵਾ ਦਾਰਨੀਆਂ” ਵਜੋਂ ਕੰਮ ਦਿੱਤਾ। (ਕੂਚ 38:8) ਜਦੋਂ ਯਹੋਵਾਹ ਨੇ ਇਜ਼ਰਾਈਲ ਕੌਮ ਨੂੰ ਕਨਾਨ ਦੇਸ਼ ਜਾ ਕੇ ਰਹਿਣ ਦਾ ਹੁਕਮ ਦਿੱਤਾ, ਤਾਂ ਜ਼ਿਆਦਾਤਰ ਇਜ਼ਰਾਈਲੀ ਡਰ ਗਏ ਤੇ ਉਨ੍ਹਾਂ ਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਉੱਕਾ ਹੀ ਏਸ ਦੇਸ ਵਿੱਚ ਨਾ ਵੜੋਗੇ ਜਿਹ ਦੀ ਮੈਂ ਸੌਂਹ ਖਾਧੀ ਸੀ ਭਈ ਮੈਂ ਤੁਹਾਨੂੰ ਉਸ ਵਿੱਚ ਵਸਾਵਾਂਗਾ, ਯਫ਼ੁੰਨਹ ਦੇ ਪੁੱਤ੍ਰ ਕਾਲੇਬ ਅਤੇ ਨੂਨ ਦੇ ਪੁੱਤ੍ਰ ਯਹੋਸ਼ੁਆ ਤੋਂ ਛੁੱਟ।” ਯਹੋਸ਼ੁਆ ਤੇ ਕਾਲੇਬ ਹੀ ਵਾਅਦਾ ਕੀਤੇ ਹੋਏ ਦੇਸ਼ ਤੋਂ ਚੰਗੀ ਖ਼ਬਰ ਲੈ ਕੇ ਆਏ ਸਨ। (ਗਿਣ. 14:30, 37, 38) ਕੁਝ ਸਮੇਂ ਬਾਅਦ ਯਹੋਵਾਹ ਨੇ ਯਹੋਸ਼ੁਆ ਨੂੰ ਕੌਮ ਦਾ ਆਗੂ ਬਣਾਇਆ। (ਗਿਣ. 27:18-23) ਇਜ਼ਰਾਈਲੀਆਂ ਨੂੰ ਕਨਾਨ ਲੈ ਕੇ ਜਾਣ ਤੋਂ ਪਹਿਲਾਂ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਤਕੜਾ ਹੋ ਅਤੇ ਹੌਸਲਾ ਰੱਖ? ਨਾ ਕੰਬ ਅਤੇ ਨਾ ਘਾਬਰ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ।”ਯਹੋ. 1:9.

9. ਰਾਹਾਬ ਯਹੋਵਾਹ ਤੇ ਉਸ ਦੇ ਲੋਕਾਂ ਬਾਰੇ ਕੀ ਸੋਚਦੀ ਸੀ?

9 ਯਹੋਸ਼ੁਆ ਜਿੱਥੇ ਵੀ ਗਿਆ, ਯਹੋਵਾਹ ਉਸ ਦੇ ਨਾਲ ਰਿਹਾ। ਮਿਸਾਲ ਲਈ, ਗੌਰ ਕਰੋ ਜਦੋਂ ਇਜ਼ਰਾਈਲੀਆਂ ਨੇ ਕਨਾਨ ਦੇ ਸ਼ਹਿਰ ਯਰੀਹੋ ਨੇੜੇ ਡੇਰਾ ਲਾਇਆ ਸੀ, ਤਾਂ ਉਦੋਂ ਕੀ ਹੋਇਆ। 1473 ਈ. ਪੂ. ਵਿਚ ਯਹੋਸ਼ੁਆ ਨੇ ਯਰੀਹੋ ਸ਼ਹਿਰ ਵਿਚ ਦੋ ਜਾਸੂਸ ਭੇਜੇ ਜਿੱਥੇ ਉਹ ਰਾਹਾਬ ਨਾਂ ਦੀ ਵੇਸਵਾ ਨੂੰ ਮਿਲੇ। ਉਸ ਨੇ ਉਨ੍ਹਾਂ ਨੂੰ ਆਪਣੇ ਘਰ ਦੀ ਛੱਤ ’ਤੇ ਲੁਕਾਇਆ ਅਤੇ ਯਰੀਹੋ ਦੇ ਰਾਜੇ ਦੇ ਫ਼ੌਜੀਆਂ ਤੋਂ ਬਚਾਇਆ। ਰਾਹਾਬ ਨੇ ਉਨ੍ਹਾਂ ਜਾਸੂਸਾਂ ਨੂੰ ਕਿਹਾ: ‘ਮੈਂ ਤਾਂ ਜਾਣਦੀ ਹਾਂ ਕਿ ਯਹੋਵਾਹ ਨੇ ਏਹ ਦੇਸ ਤੁਹਾਨੂੰ ਦੇ  ਦਿੱਤਾ ਹੈ ਕਿਉਂ ਜੋ ਅਸਾਂ ਸੁਣਿਆ ਹੈ ਕਿ ਜਿਸ ਵੇਲੇ ਤੁਸੀਂ ਮਿਸਰ ਵਿੱਚੋਂ ਨਿੱਕਲੇ ਤਾਂ ਯਹੋਵਾਹ ਨੇ ਤੁਹਾਡੇ ਅੱਗੋਂ ਲਾਲ ਸਮੁੰਦਰ ਦੇ ਪਾਣੀ ਨੂੰ ਕਿਵੇਂ ਸੁਕਾ ਦਿੱਤਾ ਅਤੇ ਤੁਸਾਂ ਅਮੋਰੀਆਂ ਦੇ ਦੋਹਾਂ ਰਾਜਿਆਂ ਨਾਲ ਕੀ ਕੀਤਾ।’ ਉਸ ਨੇ ਅੱਗੇ ਕਿਹਾ: “ਯਹੋਵਾਹ ਤੁਹਾਡਾ ਪਰਮੇਸ਼ੁਰ ਉੱਪਰਲੇ ਸੁਰਗ ਵਿੱਚ ਅਤੇ ਹੇਠਲੀ ਧਰਤੀ ਉੱਤੇ ਉਹੋ ਪਰਮੇਸ਼ੁਰ ਹੈ।” (ਯਹੋ. 2:9-11) ਰਾਹਾਬ ਤੇ ਉਸ ਦੇ ਪਰਿਵਾਰ ਨੇ ਉਸ ਵੇਲੇ ਯਹੋਵਾਹ ਦੇ ਸੰਗਠਨ ਦਾ ਸਾਥ ਦਿੱਤਾ। ਇਸ ਤੋਂ ਬਾਅਦ ਜਦੋਂ ਇਜ਼ਰਾਈਲੀਆਂ ਨੇ ਯਰੀਹੋ ਸ਼ਹਿਰ ਨੂੰ ਜਿੱਤ ਲਿਆ, ਤਾਂ ਯਹੋਵਾਹ ਨੇ ਰਾਹਾਬ ਤੇ ਉਸ ਦੇ ਪਰਿਵਾਰ ਨੂੰ ਬਚਾਇਆ। (ਯਹੋ. 6:25) ਰਾਹਾਬ ਨੇ ਯਹੋਵਾਹ ’ਤੇ ਨਿਹਚਾ ਕੀਤੀ ਤੇ ਉਸ ਦੇ ਲੋਕਾਂ ਦਾ ਆਦਰ ਕੀਤਾ।

ਪਹਿਲੀ ਸਦੀ ਦੇ ਮਸੀਹੀ ਸੰਗਠਿਤ ਕੀਤੇ ਗਏ ਸਨ

10. ਯਿਸੂ ਨੇ ਯਹੂਦੀ ਧਾਰਮਿਕ ਆਗੂਆਂ ਨੂੰ ਕੀ ਕਿਹਾ ਸੀ ਤੇ ਕਿਉਂ?

10 ਯਹੋਸ਼ੁਆ ਦੀ ਅਗਵਾਈ ਅਧੀਨ ਇਜ਼ਰਾਈਲ ਕੌਮ ਇਕ ਤੋਂ ਬਾਅਦ ਇਕ ਸ਼ਹਿਰ ਜਿੱਤਦੀ ਗਈ ਤੇ ਉਨ੍ਹਾਂ ਨੇ ਕਨਾਨ ਦੇਸ਼ ’ਤੇ ਕਬਜ਼ਾ ਕਰ ਲਿਆ। ਪਰ ਅਗਲੇ 1500 ਸਾਲਾਂ ਦੌਰਾਨ ਕੀ ਹੋਇਆ? ਇਸ ਸਮੇਂ ਦੌਰਾਨ ਇਜ਼ਰਾਈਲੀਆਂ ਨੇ ਵਾਰ-ਵਾਰ ਯਹੋਵਾਹ ਦੇ ਕਾਨੂੰਨਾਂ ਨੂੰ ਤੋੜਿਆ। ਜਦੋਂ ਯਿਸੂ ਧਰਤੀ ’ਤੇ ਆਇਆ, ਤਾਂ ਇਜ਼ਰਾਈਲੀ ਲੋਕ ਪਰਮੇਸ਼ੁਰ ਤੇ ਉਸ ਦੇ ਨਬੀਆਂ ਦਾ ਬਿਲਕੁਲ ਵੀ ਕਹਿਣਾ ਨਹੀਂ ਮੰਨਦੇ ਸਨ। ਇਸ ਕਰਕੇ ਯਰੂਸ਼ਲਮ ਵਿਚ ਰਹਿੰਦੇ ਇਜ਼ਰਾਈਲੀਆਂ ਨੂੰ ਯਿਸੂ ਨੇ “ਨਬੀਆਂ ਦੇ ਕਾਤਲ” ਕਿਹਾ। (ਮੱਤੀ 23:37, 38 ਪੜ੍ਹੋ।) ਪਰਮੇਸ਼ੁਰ ਨੇ ਯਹੂਦੀ ਧਾਰਮਿਕ ਆਗੂਆਂ ਨੂੰ ਉਨ੍ਹਾਂ ਦੀ ਅਣਆਗਿਆਕਾਰੀ ਕਰਕੇ ਠੁਕਰਾ ਦਿੱਤਾ। ਸੋ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਪਰਮੇਸ਼ੁਰ ਦਾ ਰਾਜ ਤੁਹਾਡੇ ਤੋਂ ਲੈ ਲਿਆ ਜਾਵੇਗਾ ਅਤੇ ਉਸ ਕੌਮ ਨੂੰ ਦਿੱਤਾ ਜਾਵੇਗਾ ਜਿਹੜੀ ਇਸ ਰਾਜ ਵਿਚ ਜਾਣ ਦੇ ਯੋਗ ਫਲ ਪੈਦਾ ਕਰਦੀ ਹੈ।”ਮੱਤੀ 21:43.

11, 12. (ੳ) ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਵਿਚ ਯਹੋਵਾਹ ਨੇ ਯਹੂਦੀ ਕੌਮ ਨੂੰ ਠੁਕਰਾ ਕੇ ਕਿਸੇ ਹੋਰ ਸੰਗਠਨ ਨੂੰ ਚੁਣ ਲਿਆ ਸੀ? (ਅ) ਪਰਮੇਸ਼ੁਰ ਵੱਲੋਂ ਚੁਣੇ ਸੰਗਠਨ ਵਿਚ ਕੌਣ ਲੋਕ ਸਨ?

11 ਪਹਿਲੀ ਸਦੀ ਵਿਚ ਯਹੋਵਾਹ ਨੇ ਅਵਿਸ਼ਵਾਸੀ ਇਜ਼ਰਾਈਲ ਕੌਮ ਨੂੰ ਠੁਕਰਾ ਦਿੱਤਾ। ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਧਰਤੀ ’ਤੇ ਉਸ ਦੇ ਵਫ਼ਾਦਾਰ ਸੇਵਕ ਸੰਗਠਿਤ ਨਹੀਂ ਸਨ। ਯਹੋਵਾਹ ਨੇ ਪੰਤੇਕੁਸਤ 33 ਈਸਵੀ ਦੇ ਦਿਨ ਆਪਣੀ ਮਿਹਰ ਇਕ ਨਵੇਂ ਸੰਗਠਨ ’ਤੇ ਕੀਤੀ। ਉਸ ਦਿਨ ਯਿਸੂ ਦੇ ਲਗਭਗ 120 ਚੇਲੇ ਯਰੂਸ਼ਲਮ ਵਿਚ ਕਿਸੇ ਜਗ੍ਹਾ ਇਕੱਠੇ ਹੋਏ ਸਨ। ਉਸ ਸਮੇਂ “ਆਕਾਸ਼ੋਂ ਇਕ ਆਵਾਜ਼ ਸੁਣਾਈ ਦਿੱਤੀ ਜਿਵੇਂ ਤੇਜ਼ ਹਨੇਰੀ ਦੀ ਹੁੰਦੀ ਹੈ ਅਤੇ ਸਾਰਾ ਘਰ ਜਿੱਥੇ ਉਹ ਬੈਠੇ ਹੋਏ ਸਨ, ਉਸ ਆਵਾਜ਼ ਨਾਲ ਗੂੰਜ ਉੱਠਿਆ।” ਫਿਰ “ਅੱਗ ਦੀਆਂ ਲਾਟਾਂ ਵਰਗੀਆਂ ਜੀਭਾਂ ਦਿਖਾਈ ਦਿੱਤੀਆਂ ਅਤੇ ਲਾਟਾਂ ਵੱਖੋ-ਵੱਖ ਹੋ ਗਈਆਂ ਅਤੇ ਇਕ-ਇਕ ਲਾਟ ਹਰ ਇਕ ਉੱਤੇ ਠਹਿਰ ਗਈ, ਅਤੇ ਉਹ ਸਾਰੇ ਪਵਿੱਤਰ ਸ਼ਕਤੀ ਨਾਲ ਭਰ ਗਏ ਅਤੇ ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਵੱਖੋ-ਵੱਖਰੀਆਂ ਬੋਲੀਆਂ ਬੋਲਣ ਦੀ ਯੋਗਤਾ ਦਿੱਤੀ ਅਤੇ ਉਹ ਉਨ੍ਹਾਂ ਬੋਲੀਆਂ ਵਿਚ ਬੋਲਣ ਲੱਗ ਪਏ।” (ਰਸੂ. 2:1-4) ਇਸ ਘਟਨਾ ਤੋਂ ਇਹ ਸਾਫ਼ ਜ਼ਾਹਰ ਹੋ ਗਿਆ ਕਿ ਯਹੋਵਾਹ ਮਸੀਹ ਦੇ ਚੇਲਿਆਂ ਦੇ ਇਸ ਨਵੇਂ ਸੰਗਠਨ ਦੀ ਅਗਵਾਈ ਕਰ ਰਿਹਾ ਸੀ।

12 ਉਸ ਦਿਨ “ਲਗਭਗ 3,000 ਲੋਕ ਚੇਲਿਆਂ ਨਾਲ ਰਲ਼ ਗਏ।” ਇਸ ਤੋਂ ਇਲਾਵਾ, “ਯਹੋਵਾਹ ਰੋਜ਼ ਹੋਰ ਲੋਕਾਂ ਨੂੰ ਬਚਾ ਕੇ ਚੇਲਿਆਂ ਨਾਲ ਰਲ਼ਾਉਂਦਾ ਰਿਹਾ।” (ਰਸੂ. 2:41, 47) ਯਿਸੂ ਦੇ ਚੇਲਿਆਂ ਨੇ ਵਧੀਆ ਤਰੀਕੇ ਨਾਲ ਪ੍ਰਚਾਰ ਕੀਤਾ ਜਿਸ ਕਰਕੇ “ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਫੈਲਦਾ ਗਿਆ ਅਤੇ ਯਰੂਸ਼ਲਮ ਵਿਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਗਈ।” ਇੱਥੋਂ ਤਕ ਕਿ “ਬਹੁਤ ਸਾਰੇ ਪੁਜਾਰੀ ਵੀ ਯਿਸੂ ’ਤੇ ਨਿਹਚਾ ਕਰਨ ਲੱਗ ਪਏ।” (ਰਸੂ. 6:7) ਇਸ ਤਰ੍ਹਾਂ ਇਸ ਨਵੇਂ ਸੰਗਠਨ ਦੇ ਮੈਂਬਰਾਂ ਦਾ ਸੰਦੇਸ਼ ਸੁਣ ਕੇ ਬਹੁਤ ਸਾਰੇ ਨੇਕਦਿਲ ਲੋਕ ਸੱਚਾਈ ਵਿਚ ਆ ਗਏ। ਬਾਅਦ ਵਿਚ ਜਦੋਂ ਯਹੋਵਾਹ ਨੇ “ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ” ਮਸੀਹੀ ਮੰਡਲੀ ਵਿਚ ਲਿਆਉਣਾ ਸ਼ੁਰੂ ਕੀਤਾ, ਉਦੋਂ ਵੀ ਉਸ ਨੇ ਸਬੂਤ ਦਿੱਤਾ ਕਿ ਉਹ ਇਸ ਸੰਗਠਨ ਦੇ ਨਾਲ ਸੀ।ਰਸੂਲਾਂ ਦੇ ਕੰਮ 10:44, 45 ਪੜ੍ਹੋ।

13. ਪਰਮੇਸ਼ੁਰ ਨੇ ਆਪਣੇ ਨਵੇਂ ਸੰਗਠਨ ਨੂੰ ਕਿਹੜਾ ਕੰਮ ਦਿੱਤਾ ਸੀ?

13 ਮਸੀਹ ਦੇ ਚੇਲਿਆਂ ਨੂੰ ਪੱਕਾ ਪਤਾ ਸੀ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹੜਾ ਕੰਮ ਦਿੱਤਾ ਸੀ। ਯਿਸੂ ਨੇ ਖ਼ੁਦ ਉਨ੍ਹਾਂ ਲਈ ਮਿਸਾਲ ਕਾਇਮ ਕੀਤੀ। ਉਸ ਨੇ ਆਪਣੇ ਬਪਤਿਸਮੇ ਤੋਂ ਜਲਦੀ ਬਾਅਦ ‘ਸਵਰਗ ਦੇ ਰਾਜ’ ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। (ਮੱਤੀ 4:17) ਯਿਸੂ ਨੇ ਆਪਣੇ ਚੇਲਿਆਂ ਨੂੰ ਵੀ ਇਹੀ ਕੰਮ ਕਰਨਾ ਸਿਖਾਇਆ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਯਰੂਸ਼ਲਮ, ਪੂਰੇ ਯਹੂਦੀਆ, ਸਾਮਰੀਆ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।” (ਰਸੂਲਾਂ ਦੇ ਕੰਮ 1:8) ਯਿਸੂ ਦੇ  ਚੇਲਿਆਂ ਨੂੰ ਪਤਾ ਸੀ ਕਿ ਉਨ੍ਹਾਂ ਨੇ ਕੀ ਕਰਨਾ ਸੀ। ਮਿਸਾਲ ਲਈ, ਪਸੀਦੀਆ ਦੇ ਸ਼ਹਿਰ ਅੰਤਾਕੀਆ ਵਿਚ ਪੌਲੁਸ ਤੇ ਬਰਨਾਬਾਸ ਨੇ ਵਿਰੋਧ ਕਰਨ ਵਾਲੇ ਯਹੂਦੀਆਂ ਨੂੰ ਬੇਧੜਕ ਹੋ ਕੇ ਕਿਹਾ: “ਇਹ ਜ਼ਰੂਰੀ ਸੀ ਕਿ ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਪਹਿਲਾਂ ਤੁਹਾਨੂੰ ਸੁਣਾਇਆ ਜਾਵੇ। ਪਰ ਹੁਣ ਕਿਉਂਕਿ ਤੁਸੀਂ ਇਸ ਨੂੰ ਕਬੂਲ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਦਿਖਾ ਦਿੱਤਾ ਹੈ ਕਿ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਲਾਇਕ ਨਹੀਂ ਹੋ, ਇਸ ਲਈ ਅਸੀਂ ਗ਼ੈਰ-ਯਹੂਦੀ ਕੌਮਾਂ ਕੋਲ ਜਾ ਰਹੇ ਹਾਂ। ਅਸਲ ਵਿਚ, ਯਹੋਵਾਹ ਨੇ ਸਾਨੂੰ ਇਹ ਹੁਕਮ ਦਿੱਤਾ ਹੈ, ‘ਮੈਂ ਤੈਨੂੰ ਗ਼ੈਰ-ਯਹੂਦੀ ਕੌਮਾਂ ਲਈ ਚਾਨਣ ਬਣਾਇਆ ਹੈ ਤਾਂਕਿ ਤੂੰ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਮੁਕਤੀ ਦੇ ਜ਼ਰੀਏ ਦਾ ਐਲਾਨ ਕਰ ਸਕੇਂ।’” (ਰਸੂ. 13:14, 45-47) ਪਹਿਲੀ ਸਦੀ ਤੋਂ ਪਰਮੇਸ਼ੁਰ ਦਾ ਸੰਗਠਨ ਲੋਕਾਂ ਨੂੰ ਦੱਸ ਰਿਹਾ ਹੈ ਕਿ ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਬਚਾਉਣ ਲਈ ਕਿਹੜਾ ਇੰਤਜ਼ਾਮ ਕੀਤਾ ਹੈ।

ਪਰਮੇਸ਼ੁਰ ਦੇ ਸੇਵਕ ਬਚ ਗਏ

14. ਪਹਿਲੀ ਸਦੀ ਵਿਚ ਯਰੂਸ਼ਲਮ ਦਾ ਕੀ ਹਸ਼ਰ ਹੋਇਆ ਸੀ, ਪਰ ਕਿਹੜੇ ਲੋਕ ਬਚ ਗਏ?

14 ਜ਼ਿਆਦਾਤਰ ਯਹੂਦੀਆਂ ਨੇ ਖ਼ੁਸ਼ ਖ਼ਬਰੀ ਨੂੰ ਸਵੀਕਾਰ ਨਹੀਂ ਕੀਤਾ। ਨਾਲੇ ਜਦੋਂ ਯਿਸੂ ਨੇ ਉਨ੍ਹਾਂ ਨੂੰ ਯਰੂਸ਼ਲਮ ’ਤੇ ਆਉਣ ਵਾਲੀ ਤਬਾਹੀ ਬਾਰੇ ਦੱਸਿਆ, ਤਾਂ ਉਨ੍ਹਾਂ ਨੇ ਉਸ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਉਸ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ: “ਜਦੋਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘਿਰਿਆ ਹੋਇਆ ਦੇਖੋਗੇ, ਤਾਂ ਸਮਝ ਜਾਣਾ ਕਿ ਇਸ ਦੀ ਤਬਾਹੀ ਦਾ ਸਮਾਂ ਨੇੜੇ ਆ ਗਿਆ ਹੈ। ਉਸ ਸਮੇਂ ਜਿਹੜੇ ਯਹੂਦੀਆ ਵਿਚ ਹੋਣ, ਉਹ ਪਹਾੜਾਂ ਨੂੰ ਭੱਜਣਾ ਸ਼ੁਰੂ ਕਰ ਦੇਣ ਅਤੇ ਜਿਹੜੇ ਯਰੂਸ਼ਲਮ ਵਿਚ ਹੋਣ, ਉਹ ਉੱਥੋਂ ਨਿਕਲ ਜਾਣ ਅਤੇ ਜਿਹੜੇ ਇਸ ਦੇ ਆਲੇ-ਦੁਆਲੇ ਦੇ ਪੇਂਡੂ ਇਲਾਕਿਆਂ ਵਿਚ ਹੋਣ, ਉਹ ਸ਼ਹਿਰ ਵਿਚ ਨਾ ਆਉਣ।” (ਲੂਕਾ 21:20, 21) ਯਿਸੂ ਨੇ ਜੋ ਕਿਹਾ ਸੀ, ਉਹੀ ਹੋਇਆ। ਯਹੂਦੀਆਂ ਦੀ ਬਗਾਵਤ ਕਰਕੇ 66 ਈਸਵੀ ਵਿਚ ਸੈਸਟੀਅਸ ਗੈਲਸ ਅਧੀਨ ਰੋਮੀ ਫ਼ੌਜ ਨੇ ਯਰੂਸ਼ਲਮ ਨੂੰ ਘੇਰਾ ਪਾ ਲਿਆ। ਪਰ ਇਹ ਫ਼ੌਜਾਂ ਅਚਾਨਕ ਪਿੱਛੇ ਹਟ ਗਈਆਂ ਜਿਸ ਕਰਕੇ ਯਿਸੂ ਦੇ ਚੇਲਿਆਂ ਨੂੰ ਯਰੂਸ਼ਲਮ ਅਤੇ ਯਹੂਦੀਆ ਤੋਂ ਭੱਜਣ ਦਾ ਮੌਕਾ ਮਿਲ ਗਿਆ। ਇਤਿਹਾਸਕਾਰ ਯੂਸੀਬੀਅਸ ਅਨੁਸਾਰ ਬਹੁਤ ਸਾਰੇ ਲੋਕ ਯਰਦਨ ਨਦੀ ਦੇ ਪਾਰ ਪੀਰਿਆ ਵਿਚ ਪੈਲਾ ਨਾਂ ਦੇ ਸ਼ਹਿਰ ਨੂੰ ਭੱਜ ਗਏ। 70 ਈਸਵੀ ਵਿਚ ਜਨਰਲ ਟਾਈਟਸ ਦੇ ਅਧੀਨ ਰੋਮੀ ਫ਼ੌਜਾਂ ਵਾਪਸ ਆ ਗਈਆਂ ਤੇ ਉਨ੍ਹਾਂ ਨੇ ਯਰੂਸ਼ਲਮ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਪਰ ਵਫ਼ਾਦਾਰ ਮਸੀਹੀ ਬਚ ਗਏ ਕਿਉਂਕਿ ਉਨ੍ਹਾਂ ਨੇ ਯਿਸੂ ਦੀ ਚੇਤਾਵਨੀ ਨੂੰ ਸੁਣਿਆ ਸੀ।

15. ਕਿਹੜੀਆਂ ਗੱਲਾਂ ਦੇ ਬਾਵਜੂਦ ਮਸੀਹੀਆਂ ਦੀ ਗਿਣਤੀ ਵਿਚ ਵਾਧਾ ਹੋਇਆ?

15 ਪਹਿਲੀ ਸਦੀ ਵਿਚ ਮਸੀਹੀਆਂ ਨੂੰ ਸਤਾਇਆ ਗਿਆ, ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਤੇ ਉਨ੍ਹਾਂ ਦੀ ਨਿਹਚਾ ਪਰਖੀ ਗਈ। ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਮਸੀਹੀ ਬਣੇ। (ਰਸੂ. 11:19-21; 19:1, 19, 20) ਇੰਨਾ ਵਾਧਾ ਕਿਉਂ ਹੋਇਆ? ਕਿਉਂਕਿ ਮਸੀਹੀ ਮੰਡਲੀ ’ਤੇ ਯਹੋਵਾਹ ਦੀ ਮਿਹਰ ਸੀ।ਕਹਾ. 10:22.

16. ਸਾਰੇ ਮਸੀਹੀਆਂ ਨੂੰ ਨਿਹਚਾ ਵਿਚ ਮਜ਼ਬੂਤ ਰਹਿਣ ਲਈ ਕੀ ਕਰਨ ਦੀ ਲੋੜ ਸੀ?

16 ਹਰ ਮਸੀਹੀ ਨੂੰ ਨਿਹਚਾ ਵਿਚ ਮਜ਼ਬੂਤ ਰਹਿਣ ਤੇ ਏਕਤਾ ਬਣਾਈ ਰੱਖਣ ਲਈ ਆਪ ਮਿਹਨਤ ਕਰਨ ਦੀ ਲੋੜ ਸੀ। ਇਸ ਕਰਕੇ ਉਨ੍ਹਾਂ ਲਈ ਬਾਈਬਲ ਦੀ ਧਿਆਨ ਨਾਲ ਸਟੱਡੀ ਕਰਨੀ, ਬਾਕਾਇਦਾ ਮੀਟਿੰਗਾਂ ਵਿਚ ਜਾਣਾ ਤੇ ਰਾਜ ਦੇ ਪ੍ਰਚਾਰ ਵਿਚ ਜੋਸ਼ ਨਾਲ ਹਿੱਸਾ ਲੈਣਾ ਜ਼ਰੂਰੀ ਸੀ। ਮੰਡਲੀਆਂ ਵਧੀਆ ਤਰੀਕੇ ਨਾਲ ਸੰਗਠਿਤ ਕੀਤੀਆਂ ਗਈਆਂ ਸਨ। ਉਨ੍ਹਾਂ ਵਿਚ ਬਜ਼ੁਰਗ ਤੇ ਸਹਾਇਕ ਸੇਵਕ ਸਨ ਜੋ ਦਿਲੋਂ ਭੈਣਾਂ-ਭਰਾਵਾਂ ਦੀ ਮਦਦ ਕਰਦੇ ਸਨ। ਮੰਡਲੀਆਂ ਨੂੰ ਇਨ੍ਹਾਂ ਭਰਾਵਾਂ ਦੀ ਮਿਹਨਤ ਤੋਂ ਬਹੁਤ ਫ਼ਾਇਦਾ ਹੁੰਦਾ ਸੀ। (ਫ਼ਿਲਿ. 1:1; 1 ਪਤ. 5:1-4) ਨਾਲੇ ਪੌਲੁਸ ਤੇ ਹੋਰ ਸਫ਼ਰੀ ਨਿਗਾਹਬਾਨ ਮੰਡਲੀਆਂ ਵਿਚ ਜਾ ਕੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਂਦੇ ਸਨ। (ਰਸੂ. 15:36, 40, 41) ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਅੱਜ ਅਸੀਂ ਵੀ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਭਗਤੀ ਕਰਦੇ ਹਾਂ। ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਹਮੇਸ਼ਾ ਆਪਣੇ ਸੇਵਕਾਂ ਨੂੰ ਸੰਗਠਿਤ ਕੀਤਾ ਹੈ! *

17. ਅਗਲੇ ਲੇਖ ਵਿਚ ਕਿਸ ਗੱਲ ’ਤੇ ਚਰਚਾ ਕੀਤੀ ਜਾਵੇਗੀ?

17 ਅਸੀਂ ਆਖ਼ਰੀ ਦਿਨਾਂ ਵਿਚ ਰਹਿ ਰਹੇ ਹਾਂ ਤੇ ਸ਼ੈਤਾਨ ਦੀ ਦੁਨੀਆਂ ਦਾ ਜਲਦੀ ਹੀ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। ਪਰ ਪਰਮੇਸ਼ੁਰ ਦਾ ਸੰਗਠਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਕੀ ਤੁਸੀਂ ਯਹੋਵਾਹ ਦੇ ਸੰਗਠਨ ਨਾਲ ਅੱਗੇ ਵਧ ਰਹੇ ਹੋ? ਕੀ ਤੁਸੀਂ ਸੱਚਾਈ ਵਿਚ ਤਰੱਕੀ ਕਰ ਰਹੇ ਹੋ? ਅਗਲੇ ਲੇਖ ਵਿਚ ਦੱਸਿਆ ਜਾਵੇਗਾ ਕਿ ਤੁਸੀਂ ਇਹ ਕਿਵੇਂ ਕਰ ਸਕਦੇ ਹੋ।

^ ਪੇਰਗ੍ਰੈਫ 3 ਵਿਗਿਆਨੀਆਂ ਅਨੁਸਾਰ ਆਕਾਸ਼ ਵਿਚ ਤਾਰਿਆਂ ਤੇ ਗ੍ਰਹਿਆਂ ਦੀ ਗਿਣਤੀ 300 ਸੈੱਕਸਟਿਲੀਅਨ (3 ਨਾਲ 23 ਸਿਫ਼ਰਾਂ) ਹੈ!

^ ਪੇਰਗ੍ਰੈਫ 16 15 ਜੁਲਾਈ 2002 ਦੇ ਪਹਿਰਾਬੁਰਜ ਵਿਚ “ਮਸੀਹੀ ਆਤਮਾ ਤੇ ਸੱਚਾਈ ਨਾਲ ਭਗਤੀ ਕਰਦੇ ਹਨ” ਤੇ “ਵਫ਼ਾਦਾਰ ਮਸੀਹੀ ਸੱਚਾਈ ਉੱਤੇ ਚੱਲਦੇ ਰਹਿੰਦੇ ਹਨ” ਨਾਂ ਦੇ ਲੇਖ ਦੇਖੋ।