Skip to content

Skip to table of contents

ਇਤਿਹਾਸ ਦੇ ਪੰਨਿਆਂ ਤੋਂ

ਇਕ “ਨਾ ਭੁੱਲਣ ਵਾਲੀ” ਚੀਜ਼ ਸਮੇਂ ’ਤੇ ਮਿਲੀ

ਇਕ “ਨਾ ਭੁੱਲਣ ਵਾਲੀ” ਚੀਜ਼ ਸਮੇਂ ’ਤੇ ਮਿਲੀ

ਇਹ “ਨਾ ਭੁੱਲਣ ਵਾਲੀ” ਚੀਜ਼ “ਸ੍ਰਿਸ਼ਟੀ ਡਰਾਮਾ” ਸੀ। ਇਹ ਡਰਾਮਾ ਬਿਲਕੁਲ ਸਹੀ ਸਮੇਂ ਤੇ ਲੋਕਾਂ ਨੂੰ ਦਿਖਾਇਆ ਗਿਆ ਸੀ ਕਿਉਂਕਿ ਉਸ ਸਮੇਂ ਯੂਰਪ ਵਿਚ ਹਿਟਲਰ ਰਾਜ ਨੇ ਯਹੋਵਾਹ ਦੇ ਲੋਕਾਂ ’ਤੇ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ ਸਨ। ਇਸ ਡਰਾਮੇ ਰਾਹੀਂ ਲੋਕਾਂ ਨੂੰ ਯਹੋਵਾਹ ਬਾਰੇ ਪਤਾ ਲੱਗਾ ਅਤੇ ਉਸ ਦੀ ਮਹਿਮਾ ਹੋਈ। ਇਸ ਦਾ ਦੇਖਣ ਵਾਲਿਆਂ ਦੇ ਮਨਾਂ ’ਤੇ ਡੂੰਘਾ ਅਸਰ ਪਿਆ। ਇਹ “ਸ੍ਰਿਸ਼ਟੀ ਡਰਾਮਾ” ਕੀ ਸੀ?

ਨਵੇਂ ਡਰਾਮੇ ਦਾ ਨਾਂ ਕਿਤਾਬ ਸ੍ਰਿਸ਼ਟੀ (Schöpfung) ’ਤੇ ਰੱਖਿਆ ਗਿਆ ਸੀ

1914 ਵਿਚ ਯਹੋਵਾਹ ਦੇ ਲੋਕਾਂ ਦੇ ਅਮਰੀਕਾ ਵਿਖੇ ਹੈੱਡ-ਕੁਆਟਰ ਨੇ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਰਿਲੀਜ਼ ਕੀਤਾ ਸੀ। ਇਹ ਡਰਾਮਾ ਅੱਠ ਘੰਟੇ ਲੰਬਾ ਸੀ ਜਿਸ ਵਿਚ ਰੰਗਦਾਰ ਫੋਟੋਆਂ ਦੀਆਂ ਸਲਾਈਡਾਂ, ਫ਼ਿਲਮ ਅਤੇ ਆਵਾਜ਼ ਇਸਤੇਮਾਲ ਕੀਤੀ ਗਈ ਸੀ। “ਫੋਟੋ-ਡਰਾਮਾ” ਲੱਖਾਂ ਲੋਕਾਂ ਨੇ ਦੇਖਿਆ ਸੀ। 1914 ਵਿਚ “ਯੂਰੀਕਾ ਡਰਾਮਾ” ਵੀ ਰਿਲੀਜ਼ ਕੀਤਾ ਗਿਆ ਜੋ ‘ਸ੍ਰਿਸ਼ਟੀ ਦੇ ਫੋਟੋ-ਡਰਾਮੇ’ ਨੂੰ ਛੋਟਾ ਕਰ ਕੇ ਬਣਾਇਆ ਗਿਆ ਸੀ। 1920 ਤੋਂ ਬਾਅਦ ਇਸ ਡਰਾਮੇ ਦੀਆਂ ਸਲਾਈਡਾਂ, ਫ਼ਿਲਮਾਂ ਦੀਆਂ ਰੀਲਾਂ ਤੇ ਪ੍ਰੋਜੈਕਟਰ ਖ਼ਰਾਬ ਹੋ ਚੁੱਕੇ ਸਨ। ਪਰ ਲੋਕ “ਫੋਟੋ-ਡਰਾਮਾ” ਦੇਖਣ ਦੀ ਮੰਗ ਕਰ ਰਹੇ ਸਨ। ਮਿਸਾਲ ਲਈ, ਜਰਮਨੀ ਦੇ ਲੂਡਵਿਗਸਬਰਗ ਸ਼ਹਿਰ ਦੇ ਲੋਕਾਂ ਨੇ ਪੁੱਛਿਆ, “‘ਫੋਟੋ-ਡਰਾਮਾ’ ਦੁਬਾਰਾ ਕਦੋਂ ਦਿਖਾਇਆ ਜਾਵੇਗਾ?” ਉਨ੍ਹਾਂ ਦੀ ਇਹ ਮੰਗ ਕਿਵੇਂ ਪੂਰੀ ਕੀਤੀ ਗਈ?

ਡਰਾਮੇ ਨੂੰ ਦੁਬਾਰਾ ਦਿਖਾਉਣ ਲਈ ਜਰਮਨੀ ਦੇ ਬੈਥਲ ਦੇ ਜ਼ਿੰਮੇਵਾਰ ਭਰਾਵਾਂ ਨੇ ਫਰਾਂਸ ਤੇ ਜਰਮਨੀ ਦੀਆਂ ਨਿਊਜ਼ ਏਜੰਸੀਆਂ ਅਤੇ ਗ੍ਰਾਫਿਕ ਕੰਪਨੀਆਂ ਤੋਂ ਫ਼ਿਲਮਾਂ ਅਤੇ ਸਲਾਈਡਾਂ ਖ਼ਰੀਦੀਆਂ। ਇਨ੍ਹਾਂ ਫ਼ਿਲਮਾਂ ਤੇ ਸਲਾਈਡਾਂ ਨੂੰ “ਫੋਟੋ-ਡਰਾਮਾ” ਦੀਆਂ ਪੁਰਾਣੀਆਂ ਸਲਾਈਡਾਂ ਨਾਲ ਜੋੜਿਆ ਗਿਆ ਜੋ ਅਜੇ ਠੀਕ ਸਨ।

ਇਸ ਡਰਾਮੇ ਲਈ ਭਰਾ ਏਰਿਖ਼ ਫ਼ਰੌਸਟ ਨੇ ਸੰਗੀਤ ਤਿਆਰ ਕੀਤਾ ਸੀ ਜੋ ਵਧੀਆ ਸੰਗੀਤਕਾਰ ਸੀ। ਇਸ ਨਵੇਂ ਡਰਾਮੇ ਵਿਚ ਕੋਈ ਆਵਾਜ਼ ਨਹੀਂ ਸੀ। ਡਰਾਮੇ ਦੌਰਾਨ ਭਰਾ ਸ੍ਰਿਸ਼ਟੀ ਕਿਤਾਬ ਤੇ ਹੋਰ ਕਿਤਾਬਾਂ ਵਿੱਚੋਂ ਕੁਝ ਗੱਲਾਂ ਪੜ੍ਹ ਕੇ ਸੁਣਾਉਂਦੇ ਸਨ। ਇਸ ਕਰਕੇ “ਫੋਟੋ-ਡਰਾਮਾ” ਦੇ ਇਸ ਨਵੇਂ ਵਰਯਨ ਨੂੰ ਨਵਾਂ ਨਾਂ ਦਿੱਤਾ ਗਿਆ—“ਸ੍ਰਿਸ਼ਟੀ ਡਰਾਮਾ।”

‘ਫੋਟੋ ਡਰਾਮੇ’ ਵਾਂਗ ਨਵਾਂ ਡਰਾਮਾ ਵੀ ਅੱਠ ਘੰਟੇ ਲੰਬਾ ਸੀ ਤੇ ਹਰ ਸ਼ਾਮ ਇਸ ਦਾ ਥੋੜ੍ਹਾ ਜਿਹਾ ਹਿੱਸਾ ਦਿਖਾਇਆ ਜਾਂਦਾ ਸੀ। ਇਸ ਡਰਾਮੇ ਵਿਚ ਸ੍ਰਿਸ਼ਟੀ ਦੇ ਦਿਨਾਂ ਬਾਰੇ ਦਿਲਚਸਪ ਜਾਣਕਾਰੀ ਦੇਣ ਦੇ ਨਾਲ-ਨਾਲ ਇਹ ਵੀ ਦੱਸਿਆ ਗਿਆ ਸੀ ਕਿ ਦੁਨੀਆਂ ਦੇ ਇਤਿਹਾਸ ਅਤੇ ਬਾਈਬਲ ਵਿਚ ਕੀ ਸੰਬੰਧ ਹੈ। ਇਸ ਤੋਂ ਇਲਾਵਾ, ਇਸ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਦੁਨੀਆਂ ਦੇ ਧਰਮਾਂ ਨੇ ਮਨੁੱਖਜਾਤੀ ਨੂੰ ਕਿਵੇਂ ਕੁਰਾਹੇ ਪਾਇਆ ਹੈ। ਜਰਮਨੀ ਦੇ ਬ੍ਰਾਂਚ ਆਫ਼ਿਸ ਦੀ ਮਦਦ ਨਾਲ ਇਹ “ਸ੍ਰਿਸ਼ਟੀ ਡਰਾਮਾ” ਆਸਟ੍ਰੀਆ, ਸਵਿਟਜ਼ਰਲੈਂਡ, ਜਰਮਨੀ ਅਤੇ ਲਕਜ਼ਮਬਰਗ ਤੋਂ ਇਲਾਵਾ ਉਨ੍ਹਾਂ ਥਾਵਾਂ ’ਤੇ ਵੀ ਦਿਖਾਇਆ ਗਿਆ ਜਿੱਥੇ ਲੋਕ ਜਰਮਨ ਭਾਸ਼ਾ ਬੋਲਦੇ ਸਨ।

ਭਰਾ ਏਰਿਖ਼ ਫ਼ਰੌਸਟ ਅਤੇ ਉਸ ਵੱਲੋਂ ‘ਸ੍ਰਿਸ਼ਟੀ ਡਰਾਮੇ’ ਲਈ ਤਿਆਰ ਕੀਤਾ ਗਿਆ ਸੰਗੀਤ

ਭਰਾ ਏਰਿਖ਼ ਫ਼ਰੌਸਟ ਨੇ ਦੱਸਿਆ: “ਮੈਂ ਆਪਣੇ ਸਾਥੀਆਂ ਨੂੰ, ਖ਼ਾਸ ਕਰਕੇ ਸੰਗੀਤ ਵਜਾਉਣ ਵਾਲਿਆਂ ਨੂੰ, ਕਹਿੰਦਾ ਸੀ ਕਿ ਡਰਾਮੇ ਦੇ ਇੰਟਰਵਲ ਦੌਰਾਨ ਉਹ ਹਰ ਲਾਈਨ ਵਿਚ ਜਾ ਕੇ ਲੋਕਾਂ ਨੂੰ ਬਾਈਬਲ-ਆਧਾਰਿਤ ਪ੍ਰਕਾਸ਼ਨ ਦੇਣ। ਇਸ ਤਰ੍ਹਾਂ ਅਸੀਂ ਡਰਾਮੇ ਦੌਰਾਨ ਜਿੰਨੇ ਪ੍ਰਕਾਸ਼ਨ ਵੰਡੇ, ਉੱਨੇ ਅਸੀਂ ਘਰ-ਘਰ ਜਾ ਕੇ ਨਹੀਂ ਵੰਡ ਸਕੇ।” ਭਰਾ ਯੋਹਾਨਸ ਰਾਉਟੈ ਨੇ ਪੋਲੈਂਡ ਅਤੇ ਅੱਜ ਦੇ ਚੈੱਕ ਗਣਰਾਜ ਵਿਚ ਇਹ ਡਰਾਮਾ ਦਿਖਾਇਆ ਸੀ। ਉਹ ਯਾਦ ਕਰਦਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਪਤੇ ਭਰਾਵਾਂ ਨੂੰ ਦਿੱਤੇ ਤਾਂਕਿ ਉਨ੍ਹਾਂ ਨੂੰ ਦੁਬਾਰਾ ਮਿਲਿਆ ਜਾਵੇ। ਅਸੀਂ ਉਨ੍ਹਾਂ ਲੋਕਾਂ ਨੂੰ ਜਾ ਕੇ ਮਿਲੇ ਤੇ ਬਾਈਬਲ ਬਾਰੇ ਹੋਰ ਗੱਲਬਾਤ ਕੀਤੀ।

ਹਰ ਜਗ੍ਹਾ “ਸ੍ਰਿਸ਼ਟੀ ਡਰਾਮਾ” ਦੇਖਣ ਆਏ ਲੋਕਾਂ ਨਾਲ ਹਾਲ ਖਚਾਖਚ ਭਰਿਆ ਹੁੰਦਾ ਸੀ ਤੇ ਸ਼ਹਿਰਾਂ ਵਿਚ ਸਾਰੇ ਪਾਸੇ ਯਹੋਵਾਹ ਦੇ ਗਵਾਹਾਂ ਦੇ ਚਰਚੇ ਹੁੰਦੇ ਸਨ। ਇਸ ਡਰਾਮੇ ਨੂੰ 1933 ਤਕ ਤਕਰੀਬਨ 10 ਲੱਖ ਲੋਕ ਦੇਖ ਚੁੱਕੇ ਸਨ। ਭੈਣ ਕੇਟ ਖਾਊਸ ਕਹਿੰਦੀ ਹੈ: “ਡਰਾਮਾ ਦੇਖਣ ਲਈ ਅਸੀਂ ਪੰਜ ਦਿਨ ਰੋਜ਼ ਉੱਚੀਆਂ-ਨੀਵੀਆਂ ਪਹਾੜੀਆਂ ਵਿੱਚੋਂ ਦੀ 20 ਕਿਲੋਮੀਟਰ (12 ਮੀਲ) ਪੈਦਲ ਤੁਰ ਕੇ ਆਉਂਦੇ-ਜਾਂਦੇ ਸੀ।” ਭੈਣ ਐਲਸੇ ਬਿਲਹਾਥਸ ਦੱਸਦੀ ਹੈ: “‘ਸ੍ਰਿਸ਼ਟੀ ਡਰਾਮਾ’ ਦੇਖ ਕੇ ਹੀ ਮੈਨੂੰ ਸੱਚਾਈ ਬਾਰੇ ਪਤਾ ਲੱਗਾ।”

ਭਰਾ ਐਲਫ੍ਰੈਡ ਆਲਮੈਨਡਿੰਗਾ ਦੱਸਦਾ ਹੈ: “ਮੇਰੇ ਮੰਮੀ ਜੀ ਡਰਾਮਾ ਦੇਖ ਕੇ ਇੰਨੇ ਖ਼ੁਸ਼ ਹੋਏ ਕਿ ਉਹ ਘਰ ਬਾਈਬਲ ਖ਼ਰੀਦ ਕੇ ਲੈ ਆਏ ਤੇ ਉਹ ਬਾਈਬਲ ਵਿੱਚੋਂ ‘ਪਰਗੇਟਰੀ’ ਸ਼ਬਦ [ਸਵਰਗ ਨੂੰ ਜਾਣ ਤੋਂ ਪਹਿਲਾਂ ਆਤਮਾ ਦੇ ਪਾਪ ਤੋਂ ਸ਼ੁੱਧ ਕੀਤੇ ਜਾਣ ਦੀ ਸਿੱਖਿਆ] ਲੱਭਣ ਲੱਗੇ।” ਉਸ ਨੂੰ ਬਾਈਬਲ ਵਿਚ ਇਹ ਸ਼ਬਦ ਨਹੀਂ ਲੱਭਿਆ, ਇਸ ਕਰਕੇ ਉਸ ਨੇ ਚਰਚ ਜਾਣਾ ਛੱਡ ਦਿੱਤਾ ਤੇ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲੈ ਲਿਆ। ਭਰਾ ਏਰਿਖ਼ ਫ਼ਰੌਸਟ ਨੇ ਕਿਹਾ: “ਬਹੁਤ ਸਾਰੇ ਲੋਕ ‘ਸ੍ਰਿਸ਼ਟੀ ਡਰਾਮਾ’ ਦੇਖ ਕੇ ਸੱਚਾਈ ਵਿਚ ਆਏ।”—3 ਯੂਹੰ. 1-3.

ਜਿਸ ਸਮੇਂ ਬਹੁਤ ਸਾਰੇ ਲੋਕ “ਸ੍ਰਿਸ਼ਟੀ ਡਰਾਮਾ” ਦੇਖ ਰਹੇ ਸਨ, ਉਸ ਸਮੇਂ ਦੌਰਾਨ ਨਾਜ਼ੀ ਪਾਰਟੀ ਨੂੰ ਯੂਰਪ ਵਿਚ ਸਮਰਥਨ ਮਿਲ ਰਿਹਾ ਸੀ ਅਤੇ ਇਹ ਪਾਰਟੀ ਮੁਸ਼ਕਲਾਂ ਖੜ੍ਹੀਆਂ ਕਰ ਰਹੀ ਸੀ। 1933 ਦੇ ਸ਼ੁਰੂ ਵਿਚ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ’ਤੇ ਪਾਬੰਦੀ ਲਾ ਦਿੱਤੀ ਗਈ। ਉਸ ਸਮੇਂ ਤੋਂ ਲੈ ਕੇ 1945 ਵਿਚ ਦੂਜੇ ਵਿਸ਼ਵ ਯੁੱਧ ਦੇ ਖ਼ਤਮ ਹੋਣ ਤਕ ਯੂਰਪ ਵਿਚ ਯਹੋਵਾਹ ਦੇ ਲੋਕਾਂ ਨੇ ਬਹੁਤ ਸਤਾਹਟਾਂ ਦਾ ਸਾਮ੍ਹਣਾ ਕੀਤਾ। ਭਰਾ ਏਰਿਖ਼ ਫ਼ਰੌਸਟ ਲਗਭਗ ਅੱਠ ਸਾਲ ਤਕ ਜੇਲ੍ਹ ਵਿਚ ਰਿਹਾ। ਪਰ ਉਹ ਬਚ ਗਿਆ ਤੇ ਇਸ ਤੋਂ ਬਾਅਦ ਉਸ ਨੇ ਵੀਸਬਾਡਨ, ਜਰਮਨੀ ਦੇ ਬੈਥਲ ਵਿਚ ਸੇਵਾ ਕੀਤੀ। ਕਿੰਨਾ ਵਧੀਆ ਸੀ ਕਿ ਨਾ ਭੁੱਲਣ ਵਾਲਾ “ਸ੍ਰਿਸ਼ਟੀ ਡਰਾਮਾ” ਬਿਲਕੁਲ ਸਮੇਂ ’ਤੇ ਦਿਖਾਇਆ ਗਿਆ ਜਿਸ ਨੇ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕੀਤਾ। ਇਸ ਕਰਕੇ ਬਹੁਤ ਸਾਰੇ ਮਸੀਹੀ ਦੂਜੇ ਵਿਸ਼ਵ ਯੁੱਧ ਦੌਰਾਨ ਪਰੀਖਿਆਵਾਂ ਦਾ ਸਾਮ੍ਹਣਾ ਕਰ ਸਕੇ।—ਜਰਮਨੀ ਵਿਚ ਸਾਡੇ ਇਤਿਹਾਸਕ ਰਿਕਾਰਡ ਤੋਂ।