Skip to content

Skip to table of contents

ਕੀ ਤੁਸੀਂ ਆਪਣੀ ਅਨਮੋਲ ਵਿਰਾਸਤ ਦੀ ਕਦਰ ਕਰਦੇ ਹੋ?

ਕੀ ਤੁਸੀਂ ਆਪਣੀ ਅਨਮੋਲ ਵਿਰਾਸਤ ਦੀ ਕਦਰ ਕਰਦੇ ਹੋ?

‘ਪਰਮੇਸ਼ੁਰ ਨੇ ਗ਼ੈਰ-ਯਹੂਦੀ ਕੌਮਾਂ ਵੱਲ ਧਿਆਨ ਦਿੱਤਾ ਤਾਂਕਿ ਉਹ ਉਨ੍ਹਾਂ ਲੋਕਾਂ ਨੂੰ ਆਪਣਾ ਨਾਂ ਦੇਵੇ।’—ਰਸੂ. 15:14.

1, 2. (ੳ) ‘ਦਾਊਦ ਦਾ ਘਰ’ ਜਾਂ ਡੇਰਾ ਕੀ ਹੈ ਅਤੇ ਇਸ ਨੂੰ ਦੁਬਾਰਾ ਕਦੋਂ ਬਣਾਇਆ ਗਿਆ ਸੀ? (ਅ) ਅੱਜ ਕੌਣ ਯਹੋਵਾਹ ਦੀ ਸੇਵਾ ਕਰ ਰਹੇ ਹਨ?

ਸੰਨ 49 ਈਸਵੀ ਵਿਚ ਯਰੂਸ਼ਲਮ ਵਿਚ ਪ੍ਰਬੰਧਕ ਸਭਾ ਦੀ ਇਕ ਖ਼ਾਸ ਮੀਟਿੰਗ ਵਿਚ ਚੇਲੇ ਯਾਕੂਬ ਨੇ ਕਿਹਾ ਸੀ: “ਪਤਰਸ ਨੇ ਖੋਲ੍ਹ ਕੇ ਦੱਸਿਆ ਕਿ ਕਿਵੇਂ ਪਰਮੇਸ਼ੁਰ ਨੇ ਪਹਿਲੀ ਵਾਰ ਗ਼ੈਰ-ਯਹੂਦੀ ਕੌਮਾਂ ਵੱਲ ਧਿਆਨ ਦਿੱਤਾ ਤਾਂਕਿ ਉਹ ਉਨ੍ਹਾਂ ਲੋਕਾਂ ਨੂੰ ਆਪਣਾ ਨਾਂ ਦੇਵੇ। ਨਬੀਆਂ ਦੀਆਂ ਲਿਖਤਾਂ ਵੀ ਇਸ ਗੱਲ ਨਾਲ ਸਹਿਮਤ ਹਨ ਜਿਨ੍ਹਾਂ ਵਿਚ ਲਿਖਿਆ ਹੈ: ‘ਇਨ੍ਹਾਂ ਗੱਲਾਂ ਪਿੱਛੋਂ ਮੈਂ ਵਾਪਸ ਆ ਕੇ ਦਾਊਦ ਦੇ ਡਿਗੇ ਹੋਏ ਘਰ ਨੂੰ ਮੁੜ ਬਣਾਵਾਂਗਾ; ਮੈਂ ਇਸ ਦੇ ਖੰਡਰਾਂ ਦੀ ਮੁਰੰਮਤ ਕਰਾਂਗਾ ਅਤੇ ਇਸ ਨੂੰ ਮੁੜ ਬਣਾਵਾਂਗਾ, ਤਾਂਕਿ ਇਸ ਕੌਮ ਦੇ ਬਚੇ ਹੋਏ ਲੋਕ ਸਾਰੀਆਂ ਕੌਮਾਂ ਦੇ ਲੋਕਾਂ ਨਾਲ, ਜਿਨ੍ਹਾਂ ਨੂੰ ਮੈਂ ਆਪਣਾ ਨਾਂ ਦਿਆਂਗਾ, ਮਿਲ ਕੇ ਦਿਲੋਂ ਯਹੋਵਾਹ ਦੀ ਭਾਲ ਕਰਨ, ਯਹੋਵਾਹ ਕਹਿੰਦਾ ਹੈ। ਉਹੀ ਇਹ ਕੰਮ ਕਰ ਰਿਹਾ ਹੈ, ਅਤੇ ਉਸ ਨੇ ਬਹੁਤ ਸਮਾਂ ਪਹਿਲਾਂ ਹੀ ਇਹ ਕੰਮ ਕਰਨ ਦਾ ਫ਼ੈਸਲਾ ਕੀਤਾ ਸੀ।’”—ਰਸੂ. 15:13-18.

2 ‘ਦਾਊਦ ਦੇ ਘਰ’ ਜਾਂ ਡੇਰੇ ਦਾ ਮਤਲਬ ਉਸ ਦੇ ਸ਼ਾਹੀ ਖ਼ਾਨਦਾਨ ਦੇ ਰਾਜੇ ਸਨ। ਇਹ ਘਰ ਉਦੋਂ ਡਿਗਿਆ ਜਦੋਂ ਯਹੂਦਾਹ ਦੇ ਆਖ਼ਰੀ ਰਾਜੇ ਸਿਦਕੀਯਾਹ ਨੂੰ ਰਾਜ-ਗੱਦੀ ਤੋਂ ਲਾਹਿਆ ਗਿਆ। (ਆਮੋ. 9:11) ਪਰ ਭਵਿੱਖਬਾਣੀ ਵਿਚ ਕਿਹਾ ਗਿਆ ਸੀ ਕਿ ਪਰਮੇਸ਼ੁਰ ਇਸ ਨੂੰ ਦੁਬਾਰਾ ਬਣਾਵੇਗਾ। ਸੋ ਇਹ ਘਰ ਉਦੋਂ ਦੁਬਾਰਾ ਬਣਿਆ ਜਦੋਂ ਦਾਊਦ ਦੀ ਪੀੜ੍ਹੀ ਵਿਚ ਪੈਦਾ ਹੋਏ ਯਿਸੂ ਮਸੀਹ ਨੂੰ ਉਸ ਦੀ ਰਾਜ-ਗੱਦੀ ਉੱਤੇ ਬਿਠਾਇਆ ਗਿਆ। (ਹਿਜ਼. 21:27; ਰਸੂ. 2:29-36) ਚੇਲੇ ਯਾਕੂਬ ਨੇ ਦਿਖਾਇਆ ਕਿ ਇਸ ਭਵਿੱਖਬਾਣੀ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਵਿੱਚੋਂ ਕੁਝ ਲੋਕਾਂ ਨੂੰ ਸਵਰਗ ਵਿਚ ਯਿਸੂ ਨਾਲ ਰਾਜ ਕਰਨ ਲਈ ਚੁਣਿਆ ਜਾਵੇਗਾ। ਯਿਸੂ ਦੀਆਂ ਲੱਖਾਂ “ਹੋਰ ਭੇਡਾਂ” ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ ਸੱਚਾਈ ਦਾ ਪ੍ਰਚਾਰ ਕਰ ਰਹੀਆਂ ਹਨ।—ਯੂਹੰ. 10:16.

ਯਹੋਵਾਹ ਦੇ ਲੋਕਾਂ ਸਾਮ੍ਹਣੇ ਇਕ ਵੱਡੀ ਮੁਸ਼ਕਲ

3, 4. ਬਾਬਲ ਵਿਚ ਪਰਮੇਸ਼ੁਰ ਦੇ ਲੋਕ ਵਫ਼ਾਦਾਰ ਕਿਵੇਂ ਰਹੇ?

3 ਜਦੋਂ ਯਹੂਦੀਆਂ ਨੂੰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ, ਤਾਂ ਉਦੋਂ ਜ਼ਾਹਰ ਹੋ ਗਿਆ ਕਿ ‘ਦਾਊਦ ਦਾ ਘਰ’ ਢਹਿ ਗਿਆ ਸੀ। ਬਾਬਲ ਵਿਚ ਯਹੋਵਾਹ ਦੀ ਬਜਾਇ ਹੋਰ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ, ਇਸ ਕਰਕੇ ਪਰਮੇਸ਼ੁਰ ਦੇ ਲੋਕ 607 ਈਸਵੀ ਪੂਰਵ ਤੋਂ ਲੈ ਕੇ 537 ਈਸਵੀ ਪੂਰਵ ਤਕ 70 ਸਾਲਾਂ ਦੌਰਾਨ ਆਪਣੀ ਵਫ਼ਾਦਾਰੀ ਕਿਵੇਂ ਕਾਇਮ ਰੱਖ ਸਕਦੇ ਸਨ? ਉਸੇ ਤਰੀਕੇ ਨਾਲ ਜਿਵੇਂ ਅੱਜ ਯਹੋਵਾਹ ਦੇ ਲੋਕ ਸ਼ੈਤਾਨ ਦੀ ਦੁਨੀਆਂ ਵਿਚ ਵਫ਼ਾਦਾਰ ਰਹਿੰਦੇ ਹਨ। (1 ਯੂਹੰ. 5:19) ਯਹੋਵਾਹ ਦੇ ਲੋਕਾਂ ਨੂੰ ਜੋ ਅਨਮੋਲ ਵਿਰਾਸਤ ਮਿਲੀ ਹੈ, ਉਸ ਦੀ ਮਦਦ ਨਾਲ ਉਹ ਵਫ਼ਾਦਾਰ ਰਹਿੰਦੇ ਹਨ।

4 ਸਾਨੂੰ ਵਿਰਾਸਤ ਵਿਚ ਪੂਰੀ ਬਾਈਬਲ ਮਿਲੀ ਹੈ। ਬਾਬਲ ਵਿਚ ਗ਼ੁਲਾਮ ਯਹੂਦੀਆਂ ਕੋਲ ਪੂਰੀਆਂ ਇਬਰਾਨੀ ਲਿਖਤਾਂ ਵੀ ਨਹੀਂ ਸਨ। ਪਰ ਉਨ੍ਹਾਂ ਕੋਲ ਮੂਸਾ ਦਾ ਕਾਨੂੰਨ ਸੀ ਜਿਸ ਵਿਚ ਦਸ ਹੁਕਮ ਦਿੱਤੇ ਗਏ ਸਨ। ਉਨ੍ਹਾਂ ਨੂੰ ‘ਸੀਯੋਨ ਦੇ ਗੀਤ’ ਵੀ ਆਉਂਦੇ ਸਨ ਅਤੇ ਉਨ੍ਹਾਂ ਨੂੰ ਕਈ ਕਹਾਉਤਾਂ ਵੀ ਯਾਦ ਸਨ। ਉਨ੍ਹਾਂ ਨੂੰ ਪੁਰਾਣੇ ਜ਼ਮਾਨੇ ਦੇ ਪਰਮੇਸ਼ੁਰ ਦੇ ਹੋਰ ਸੇਵਕਾਂ ਬਾਰੇ ਵੀ ਪਤਾ ਸੀ ਜਿਨ੍ਹਾਂ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਭਗਤੀ ਕੀਤੀ ਸੀ। ਯਹੂਦੀ ਆਪਣੇ ਦੇਸ਼ ਨੂੰ ਯਾਦ ਕਰ-ਕਰ ਕੇ ਰੋਂਦੇ ਹੁੰਦੇ ਸਨ ਅਤੇ ਉਹ ਯਹੋਵਾਹ ਨੂੰ ਨਹੀਂ ਭੁੱਲੇ। (ਜ਼ਬੂਰਾਂ ਦੀ ਪੋਥੀ 137:1-6 ਪੜ੍ਹੋ।) ਇਨ੍ਹਾਂ ਸਾਰੀਆਂ ਗੱਲਾਂ ਕਰਕੇ ਉਹ ਬਾਬਲ ਵਿਚ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹੇ ਭਾਵੇਂ ਉੱਥੇ ਲੋਕ ਗ਼ਲਤ ਸਿੱਖਿਆਵਾਂ ਤੇ ਰੀਤੀ-ਰਿਵਾਜਾਂ ਨੂੰ ਮੰਨਦੇ ਸਨ।

ਤ੍ਰਿਏਕ ਦੀ ਸਿੱਖਿਆ ਨਵੀਂ ਨਹੀਂ ਹੈ

5. ਬਾਬਲ ਅਤੇ ਮਿਸਰ ਵਿਚ ਕਿਹੜੇ ਤ੍ਰਿਏਕਾਂ ਦੀ ਪੂਜਾ ਕੀਤੀ ਜਾਂਦੀ ਸੀ?

5 ਬਾਬਲ ਵਿਚ ਆਮ ਤੌਰ ਤੇ ਤ੍ਰਿਏਕ ਦੀ ਪੂਜਾ ਕੀਤੀ ਜਾਂਦੀ ਸੀ। ਤ੍ਰਿਏਕ ਦਾ ਮਤਲਬ ਹੈ ਤਿੰਨ ਦੇਵਤੇ। ਉਦਾਹਰਣ ਲਈ, ਇਕ ਤ੍ਰਿਏਕ ਵਿਚ ਸਿੰਨ (ਚੰਨ ਦੇਵਤਾ), ਸ਼ਾਮਾਸ਼ (ਸੂਰਜ ਦੇਵਤਾ) ਤੇ ਇਸ਼ਟਾਰ (ਪਿਆਰ ਅਤੇ ਲੜਾਈ ਦੀ ਦੇਵੀ) ਸ਼ਾਮਲ ਸਨ। ਮਿਸਰ ਦੇ ਧਰਮ ਵਿਚ ਤ੍ਰਿਏਕ ਵਿਚ ਸ਼ਾਮਲ ਦੇਵੀ-ਦੇਵਤੇ ਇੱਕੋ ਪਰਿਵਾਰ ਦੇ ਹੁੰਦੇ ਸਨ ਜਿਵੇਂ ਕਿ ਪਿਤਾ, ਮਾਤਾ ਤੇ ਪੁੱਤਰ। ਭਾਵੇਂ ਇਹ ਸਾਰੇ ਤ੍ਰਿਏਕ ਦਾ ਹਿੱਸਾ ਹੁੰਦੇ ਸਨ, ਪਰ ਇਨ੍ਹਾਂ ਨੂੰ ਹਮੇਸ਼ਾ ਬਰਾਬਰ ਨਹੀਂ ਸਮਝਿਆ ਜਾਂਦਾ ਸੀ। ਇਕ ਹੋਰ ਮਿਸਰੀ ਤ੍ਰਿਏਕ ਵਿਚ ਦੇਵਤਾ ਓਸਾਈਰਸ, ਦੇਵੀ ਆਈਸਸ ਅਤੇ ਉਨ੍ਹਾਂ ਦਾ ਪੁੱਤਰ ਹੋਰਸ ਸ਼ਾਮਲ ਸਨ।

6. ਈਸਾਈ-ਜਗਤ ਵਿਚ ਕਿਹੜੇ ਤ੍ਰਿਏਕ ਦੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਅਸੀਂ ਇਸ ਗ਼ਲਤ ਸਿੱਖਿਆ ਉੱਤੇ ਵਿਸ਼ਵਾਸ ਕਿਉਂ ਨਹੀਂ ਕਰਦੇ?

6 ਈਸਾਈ-ਜਗਤ ਵਿਚ ਵੀ ਤ੍ਰਿਏਕ ਦੀ ਸਿੱਖਿਆ ਦਿੱਤੀ ਜਾਂਦੀ ਹੈ ਜਿਸ ਮੁਤਾਬਕ ਪਿਤਾ, ਪੁੱਤਰ ਤੇ ਪਵਿੱਤਰ ਆਤਮਾ ਤਿੰਨੇ ਮਿਲ ਕੇ ਇਕ ਪਰਮੇਸ਼ੁਰ ਹਨ। ਪਰ ਇਸ ਸਿੱਖਿਆ ਮੁਤਾਬਕ ਯਹੋਵਾਹ ਸਰਬਸ਼ਕਤੀਮਾਨ ਪਰਮੇਸ਼ੁਰ ਨਹੀਂ ਹੈ ਕਿਉਂਕਿ ਤ੍ਰਿਏਕ ਦਾ ਹਿੱਸਾ ਹੋਣ ਕਰਕੇ ਉਸ ਕੋਲ ਪੂਰੀ ਤਾਕਤ ਨਹੀਂ ਹੈ। ਯਹੋਵਾਹ ਦੇ ਲੋਕ ਇਸ ਗ਼ਲਤ ਸਿੱਖਿਆ ਨੂੰ ਨਹੀਂ ਮੰਨਦੇ ਕਿਉਂਕਿ ਬਾਈਬਲ ਵਿੱਚੋਂ ਉਨ੍ਹਾਂ ਨੇ ਜਾਣਿਆ ਹੈ ਕਿ “ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ।” (ਬਿਵ. 6:4) ਯਿਸੂ ਨੇ ਵੀ ਇਸ ਆਇਤ ਦਾ ਹਵਾਲਾ ਦਿੱਤਾ ਸੀ ਅਤੇ ਸੱਚੇ ਮਸੀਹੀ ਯਿਸੂ ਦੀ ਗੱਲ ਉੱਤੇ ਵਿਸ਼ਵਾਸ ਕਰਦੇ ਹਨ।—ਮਰ. 12:29.

7. ਬਪਤਿਸਮਾ ਲੈ ਕੇ ਸੱਚਾ ਮਸੀਹੀ ਬਣਨ ਤੋਂ ਪਹਿਲਾਂ ਇਕ ਇਨਸਾਨ ਨੂੰ ਪਰਮੇਸ਼ੁਰ ਬਾਰੇ ਕੀ ਸਿੱਖਣ ਦੀ ਲੋੜ ਹੈ?

7 ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਹੁਕਮ ਦਿੱਤਾ ਸੀ: “ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਦੇ ਨਾਂ ’ਤੇ, ਪੁੱਤਰ ਦੇ ਨਾਂ ’ਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ’ਤੇ ਬਪਤਿਸਮਾ ਦਿਓ।” (ਮੱਤੀ 28:19) ਜਿਹੜਾ ਵੀ ਇਨਸਾਨ ਬਪਤਿਸਮਾ ਲੈ ਕੇ ਸੱਚਾ ਮਸੀਹੀ ਅਤੇ ਯਹੋਵਾਹ ਦਾ ਗਵਾਹ ਬਣਨਾ ਚਾਹੁੰਦਾ ਹੈ, ਉਸ ਨੂੰ ਵਿਸ਼ਵਾਸ ਕਰਨਾ ਪਵੇਗਾ ਕਿ ਪਿਤਾ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਹੈ। ਯਿਸੂ ਪਰਮੇਸ਼ੁਰ ਦਾ ਪੁੱਤਰ ਹੈ ਜਿਸ ਨੂੰ ਅਧਿਕਾਰ ਦਿੱਤਾ ਗਿਆ ਹੈ। ਉਸ ਨੂੰ ਇਹ ਵੀ ਵਿਸ਼ਵਾਸ ਕਰਨ ਦੀ ਲੋੜ ਹੈ ਕਿ ਪਵਿੱਤਰ ਸ਼ਕਤੀ ਕੋਈ ਆਤਮਾ ਨਹੀਂ ਹੈ ਜਿਸ ਦਾ ਪਰਮੇਸ਼ੁਰ ਤੇ ਯਿਸੂ ਵਾਂਗ ਸਵਰਗੀ ਸਰੀਰ ਹੈ। ਇਸ ਲਈ ਤ੍ਰਿਏਕ ਦੀ ਸਿੱਖਿਆ ਗ਼ਲਤ ਹੈ ਅਤੇ ਪਰਮੇਸ਼ੁਰ ਦਾ ਨਿਰਾਦਰ ਕਰਦੀ ਹੈ। ਇਸ ਸਿੱਖਿਆ ਬਾਰੇ ਸੱਚਾਈ ਜਾਣਨੀ ਸਾਡੀ ਅਨਮੋਲ ਵਿਰਾਸਤ ਦਾ ਹਿੱਸਾ ਹੈ।

ਜਾਦੂਗਰੀ

8. ਬਾਬਲੀ ਲੋਕ ਦੇਵੀ-ਦੇਵਤਿਆਂ ਅਤੇ ਰਾਖਸ਼ਾਂ ਬਾਰੇ ਕੀ ਵਿਸ਼ਵਾਸ ਰੱਖਦੇ ਸਨ?

8 ਬਾਬਲ ਵਿਚ ਲੋਕ ਦੇਵੀ-ਦੇਵਤਿਆਂ ਉੱਤੇ ਵਿਸ਼ਵਾਸ ਕਰਨ ਦੇ ਨਾਲ-ਨਾਲ ਰਾਖਸ਼ਾਂ ਅਤੇ ਜਾਦੂਗਰੀ ਵਿਚ ਵੀ ਵਿਸ਼ਵਾਸ ਰੱਖਦੇ ਸਨ। ਇਕ ਕਿਤਾਬ ਕਹਿੰਦੀ ਹੈ ਕਿ ਬਾਬਲੀ ਲੋਕ ਵਿਸ਼ਵਾਸ ਕਰਦੇ ਸਨ ਕਿ ਰਾਖਸ਼ ਲੋਕਾਂ ਨੂੰ ਬੀਮਾਰ ਜਾਂ ਪਾਗਲ ਕਰ ਸਕਦੇ ਸਨ। ਲੋਕ ਆਪਣੇ ਦੇਵੀ-ਦੇਵਤਿਆਂ ਨੂੰ ਬੇਨਤੀ ਕਰਦੇ ਸਨ ਕਿ ਉਹ ਰਾਖਸ਼ਾਂ ਤੋਂ ਉਨ੍ਹਾਂ ਦੀ ਰੱਖਿਆ ਕਰਨ।

9. (ੳ) ਬਾਬਲ ਵਿਚ ਗ਼ੁਲਾਮ ਹੁੰਦੇ ਹੋਏ ਕਈ ਯਹੂਦੀ ਕਿਹੜੀਆਂ ਗ਼ਲਤ ਸਿੱਖਿਆਵਾਂ ਉੱਤੇ ਵਿਸ਼ਵਾਸ ਕਰਨ ਲੱਗ ਪਏ? (ਅ) ਅਸੀਂ ਜਾਦੂਗਰੀ ਦੇ ਖ਼ਤਰਿਆਂ ਤੋਂ ਕਿਉਂ ਬਚੇ ਰਹਿੰਦੇ ਹਾਂ?

9 ਬਾਬਲ ਵਿਚ ਰਹਿੰਦੇ ਹੋਏ ਬਹੁਤ ਸਾਰੇ ਯਹੂਦੀ ਇਨ੍ਹਾਂ ਗ਼ਲਤ ਸਿੱਖਿਆਵਾਂ ’ਤੇ ਵਿਸ਼ਵਾਸ ਕਰਨ ਲੱਗ ਪਏ। ਬਾਅਦ ਵਿਚ ਕਈ ਯਹੂਦੀ ਇਸ ਯੂਨਾਨੀ ਸਿੱਖਿਆ ਉੱਤੇ ਵੀ ਵਿਸ਼ਵਾਸ ਕਰਨ ਲੱਗ ਪਏ ਕਿ ਕੁਝ ਰਾਖਸ਼ ਚੰਗੇ ਵੀ ਹੋ ਸਕਦੇ ਸਨ। ਪਰ ਪਰਮੇਸ਼ੁਰ ਨੇ ਸਾਨੂੰ ਦੱਸਿਆ ਹੈ ਕਿ ਜਾਦੂਗਰੀ ਕਰਨੀ ਜਾਂ ਦੁਸ਼ਟ ਦੂਤਾਂ ਨਾਲ ਗੱਲਬਾਤ ਕਰਨੀ ਗ਼ਲਤ ਅਤੇ ਖ਼ਤਰਨਾਕ ਹੈ। ਇਹ ਸੱਚਾਈ ਵੀ ਸਾਡੀ ਅਨਮੋਲ ਵਿਰਾਸਤ ਦਾ ਹਿੱਸਾ ਹੈ। (ਯਸਾ. 47:1, 12-15) ਯਹੋਵਾਹ ਦੀ ਗੱਲ ਮੰਨ ਕੇ ਅਸੀਂ ਜਾਦੂਗਰੀ ਵਗੈਰਾ ਤੋਂ ਦੂਰ ਰਹਿੰਦੇ ਹਾਂ ਅਤੇ ਇਸ ਕਰਕੇ ਅਸੀਂ ਇਸ ਦੇ ਖ਼ਤਰਿਆਂ ਤੋਂ ਬਚੇ ਰਹਿੰਦੇ ਹਾਂ।—ਬਿਵਸਥਾ ਸਾਰ 18:10-12; ਪ੍ਰਕਾਸ਼ ਦੀ ਕਿਤਾਬ 21:8 ਪੜ੍ਹੋ।

10. ਮਹਾਂ ਬਾਬਲ ਦੀਆਂ ਸਿੱਖਿਆਵਾਂ ਕਿੱਥੋਂ ਸ਼ੁਰੂ ਹੋਈਆਂ ਸਨ?

10 ਅੱਜ ਵੀ ਦੁਨੀਆਂ ਦੇ ਧਰਮਾਂ ਵਿਚ ਜਾਦੂਗਰੀ ਵਗੈਰਾ ਕੀਤੀ ਜਾਂਦੀ ਹੈ। ਇਹ ਸਾਰੇ ਧਰਮ ਪੁਰਾਣੇ ਬਾਬਲ ਦੇ ਧਰਮ ਵਰਗੇ ਹਨ ਕਿਉਂਕਿ ਗ਼ਲਤ ਸਿੱਖਿਆਵਾਂ ਬਾਬਲ ਤੋਂ ਹੀ ਸ਼ੁਰੂ ਹੋਈਆਂ ਸਨ। ਇਸ ਕਰਕੇ ਬਾਈਬਲ ਵਿਚ ਇਨ੍ਹਾਂ ਸਾਰੇ ਧਰਮਾਂ ਨੂੰ ਮਹਾਂ ਬਾਬਲ ਕਿਹਾ ਗਿਆ ਹੈ। (ਪ੍ਰਕਾ. 18:21-24) ਮਹਾਂ ਬਾਬਲ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਕਿਉਂਕਿ ਇਸ ਵਿਚ ਜਾਦੂਗਰੀ, ਮੂਰਤੀ-ਪੂਜਾ ਤੇ ਹੋਰ ਪਾਪ ਕੀਤੇ ਜਾਂਦੇ ਹਨ।—ਪ੍ਰਕਾਸ਼ ਦੀ ਕਿਤਾਬ 18:1-5 ਪੜ੍ਹੋ।

11. ਸਾਡੇ ਕਿਤਾਬਾਂ-ਰਸਾਲਿਆਂ ਵਿਚ ਜਾਦੂਗਰੀ ਬਾਰੇ ਕੀ ਦੱਸਿਆ ਗਿਆ ਹੈ?

11 ਯਹੋਵਾਹ ਨੇ ਕਿਹਾ ਸੀ: ‘ਤੁਸਾਂ ਜਾਦੂ ਨਾ ਕਰਨੇ।’ (ਲੇਵੀ. 19:26) ਯਹੋਵਾਹ ਇਹੋ ਜਿਹੇ ਕੰਮਾਂ ਨੂੰ “ਝੱਲ ਨਹੀਂ ਸੱਕਦਾ।” (ਯਸਾ. 1:13) ਮਈ 1885 ਦੇ ਜ਼ਾਯੰਸ ਵਾਚ ਟਾਵਰ ਵਿਚ ਜਾਦੂਗਰੀ ਬਾਰੇ ਚੇਤਾਵਨੀ ਦਿੱਤੀ ਗਈ ਸੀ ਕਿਉਂਕਿ ਉਸ ਵੇਲੇ ਵੀ ਲੋਕ ਇਨ੍ਹਾਂ ਕੰਮਾਂ ਵਿਚ ਲੱਗੇ ਹੋਏ ਸਨ। ਇਸ ਵਿਚ ਕਿਹਾ ਗਿਆ ਸੀ: ‘ਪੁਰਾਣੇ ਜ਼ਮਾਨੇ ਦੇ ਧਰਮਾਂ ਵਿਚ ਸਿਖਾਇਆ ਜਾਂਦਾ ਸੀ ਕਿ ਲੋਕ ਮਰ ਕੇ ਵੀ ਜੀਉਂਦੇ ਰਹਿੰਦੇ ਹਨ ਅਤੇ ਕਿਸੇ ਹੋਰ ਦੁਨੀਆਂ ਵਿਚ ਚਲੇ ਜਾਂਦੇ ਹਨ। ਸਾਰੇ ਸਭਿਆਚਾਰਾਂ ਵਿਚ ਕਥਾ-ਕਹਾਣੀਆਂ ਇਸ ਵਿਚਾਰ ’ਤੇ ਆਧਾਰਿਤ ਹਨ।’ ਇਸ ਰਸਾਲੇ ਵਿਚ ਇਹ ਵੀ ਦੱਸਿਆ ਗਿਆ ਸੀ: ‘ਦੁਸ਼ਟ ਦੂਤ ਮਰੇ ਹੋਏ ਲੋਕਾਂ ਦੀ ਆਵਾਜ਼ ਵਿਚ ਜੀਉਂਦੇ ਲੋਕਾਂ ਨਾਲ ਗੱਲ ਕਰਦੇ ਹਨ। ਇਸ ਤਰ੍ਹਾਂ ਦੁਸ਼ਟ ਦੂਤਾਂ ਨੇ ਬਹੁਤ ਸਾਰੇ ਲੋਕਾਂ ਨੂੰ ਭਰਮਾਇਆ ਹੈ ਤੇ ਉਨ੍ਹਾਂ ਦੀ ਸੋਚ ਅਤੇ ਕੰਮਾਂ ਉੱਤੇ ਅਸਰ ਪਾਇਆ ਹੈ।’ ਇਕ ਪੁਰਾਣੀ ਕਿਤਾਬ ਜਾਦੂਗਰੀ ਬਾਰੇ ਬਾਈਬਲ ਕੀ ਕਹਿੰਦੀ ਹੈ? (ਅੰਗ੍ਰੇਜ਼ੀ) ਵਿਚ ਵੀ ਜਾਦੂਗਰੀ ਤੋਂ ਖ਼ਬਰਦਾਰ ਕੀਤਾ ਗਿਆ ਸੀ। ਅੱਜ ਵੀ ਸਾਨੂੰ ਕਿਤਾਬਾਂ-ਰਸਾਲਿਆਂ ਵਿਚ ਇਸ ਤੋਂ ਸਾਵਧਾਨ ਕੀਤਾ ਜਾਂਦਾ ਹੈ।

ਕੀ ਮਰੇ ਹੋਏ ਲੋਕਾਂ ਨੂੰ ਕਿਸੇ ਜਗ੍ਹਾ ਤੜਫਾਇਆ ਜਾਂਦਾ ਹੈ?

12. ਪਵਿੱਤਰ ਸ਼ਕਤੀ ਦੀ ਮਦਦ ਨਾਲ ਸੁਲੇਮਾਨ ਨੇ ਮਰੇ ਹੋਏ ਲੋਕਾਂ ਦੀ ਹਾਲਤ ਬਾਰੇ ਕੀ ਕਿਹਾ ਸੀ?

12 “ਜਿਨ੍ਹਾਂ ਨੇ ਸੱਚਾਈ ਸਿੱਖੀ ਹੈ,” ਉਹ ਸਾਰੇ ਇਸ ਸਵਾਲ ਦਾ ਜਵਾਬ ਦੇ ਸਕਦੇ ਹਨ। (2 ਯੂਹੰ. 1) ਅਸੀਂ ਸੁਲੇਮਾਨ ਦੀ ਇਸ ਗੱਲ ਨਾਲ ਸਹਿਮਤ ਹਾਂ: “ਮੋਏ ਹੋਏ ਸ਼ੇਰ ਨਾਲੋਂ ਜੀਉਂਦਾ ਕੁੱਤਾ ਚੰਗਾ ਹੈ। ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ।” ਉਸ ਨੇ ਇਹ ਵੀ ਕਿਹਾ ਸੀ ਕਿ ਮਰਨ ਤੋਂ ਬਾਅਦ ਲੋਕ ਨਾ ਸੋਚ ਸਕਦੇ ਹਨ ਤੇ ਨਾ ਹੀ ਕੁਝ ਕਰ ਸਕਦੇ ਹਨ।—ਉਪ. 9:4, 5, 10.

13. ਯੂਨਾਨੀ ਧਰਮ ਅਤੇ ਸਭਿਆਚਾਰ ਦਾ ਯਹੂਦੀਆਂ ਉੱਤੇ ਕੀ ਅਸਰ ਪਿਆ ਸੀ?

13 ਯਹੋਵਾਹ ਨੇ ਯਹੂਦੀਆਂ ਨੂੰ ਮਰੇ ਹੋਏ ਲੋਕਾਂ ਬਾਰੇ ਸੱਚਾਈ ਦੱਸੀ ਸੀ। ਪਰ ਜਦੋਂ ਯਹੂਦਾਹ ਅਤੇ ਸੀਰੀਆ ਉੱਤੇ ਯੂਨਾਨ ਦਾ ਰਾਜ ਹੋ ਗਿਆ, ਤਾਂ ਯੂਨਾਨੀ ਹਾਕਮਾਂ ਨੇ ਕੋਸ਼ਿਸ਼ ਕੀਤੀ ਕਿ ਲੋਕ ਯੂਨਾਨੀ ਧਰਮ ਅਤੇ ਸਭਿਆਚਾਰ ਅਪਣਾ ਲੈਣ। ਇਸ ਕਰਕੇ ਯਹੂਦੀ ਵਿਸ਼ਵਾਸ ਕਰਨ ਲੱਗ ਪਏ ਕਿ ਮਰਨ ਤੋਂ ਬਾਅਦ ਇਨਸਾਨ ਦੀ ਆਤਮਾ ਕਿਸੇ ਹੋਰ ਜਗ੍ਹਾ ਜਾ ਕੇ ਜੀਉਂਦੀ ਰਹਿੰਦੀ ਹੈ ਜਿੱਥੇ ਉਸ ਨੂੰ ਤੜਫਾਇਆ ਜਾਂਦਾ ਹੈ। ਪਰ ਯੂਨਾਨੀਆਂ ਤੋਂ ਵੀ ਪਹਿਲਾਂ ਲੋਕ ਇਸ ਸਿੱਖਿਆ ਉੱਤੇ ਵਿਸ਼ਵਾਸ ਕਰਦੇ ਸਨ। ਬਾਬਲ ਅਤੇ ਅੱਸ਼ੂਰ ਦੇ ਧਰਮਾਂ ਬਾਰੇ ਇਕ ਕਿਤਾਬ ਕਹਿੰਦੀ ਹੈ ਕਿ ਬਾਬਲੀ ਲੋਕ ਮੰਨਦੇ ਸਨ ਕਿ ਪਤਾਲ ਵਿਚ ਦੇਵਤੇ ਤੇ ਰਾਖਸ਼ ਲੋਕਾਂ ਨੂੰ ਤੜਫਾਉਂਦੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਬਾਬਲੀ ਵਿਸ਼ਵਾਸ ਕਰਦੇ ਸਨ ਕਿ ਮਰਨ ਤੋਂ ਬਾਅਦ ਇਨਸਾਨ ਦੀ ਆਤਮਾ ਜੀਉਂਦੀ ਰਹਿੰਦੀ ਹੈ।

14. ਅੱਯੂਬ ਅਤੇ ਅਬਰਾਹਾਮ ਮਰੇ ਹੋਏ ਲੋਕਾਂ ਦੀ ਹਾਲਤ ਬਾਰੇ ਅਤੇ ਦੁਬਾਰਾ ਜੀਉਂਦੇ ਹੋਣ ਬਾਰੇ ਕੀ ਜਾਣਦੇ ਸਨ?

14 ਭਾਵੇਂ ਧਰਮੀ ਇਨਸਾਨ ਅੱਯੂਬ ਕੋਲ ਬਾਈਬਲ ਨਹੀਂ ਸੀ, ਫਿਰ ਵੀ ਉਹ ਮੌਤ ਬਾਰੇ ਸੱਚਾਈ ਜਾਣਦਾ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਯਹੋਵਾਹ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ ਅਤੇ ਉਹ ਆਪਣੇ ਭਗਤਾਂ ਨੂੰ ਦੁਬਾਰਾ ਜੀਉਂਦਾ ਕਰਨਾ ਚਾਹੁੰਦਾ ਹੈ। (ਅੱਯੂ. 14:14, 15) ਅਬਰਾਹਾਮ ਨੂੰ ਵੀ ਵਿਸ਼ਵਾਸ ਸੀ ਕਿ ਪਰਮੇਸ਼ੁਰ ਮਰੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ। (ਇਬਰਾਨੀਆਂ 11:17-19 ਪੜ੍ਹੋ।) ਜਿਹੜਾ ਇਨਸਾਨ ਮਰ ਹੀ ਨਹੀਂ ਸਕਦਾ, ਉਸ ਨੂੰ ਦੁਬਾਰਾ ਜੀਉਂਦਾ ਕਰਨਾ ਨਾਮੁਮਕਿਨ ਹੈ। ਇਸ ਲਈ ਪਰਮੇਸ਼ੁਰ ਤੋਂ ਡਰਨ ਵਾਲੇ ਲੋਕ ਅਮਰ ਆਤਮਾ ਦੀ ਸਿੱਖਿਆ ’ਤੇ ਵਿਸ਼ਵਾਸ ਨਹੀਂ ਕਰਦੇ ਹਨ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਅੱਯੂਬ ਅਤੇ ਅਬਰਾਹਾਮ ਨੂੰ ਮਰੇ ਹੋਏ ਲੋਕਾਂ ਦੀ ਸਹੀ ਹਾਲਤ ਬਾਰੇ ਪਤਾ ਲੱਗਾ ਅਤੇ ਉਨ੍ਹਾਂ ਨੇ ਦੁਬਾਰਾ ਜੀਉਂਦੇ ਹੋਣ ਦੀ ਉਮੀਦ ਉੱਤੇ ਨਿਹਚਾ ਕੀਤੀ। ਇਹ ਸੱਚਾਈਆਂ ਵੀ ਸਾਡੀ ਅਨਮੋਲ ਵਿਰਾਸਤ ਦਾ ਹਿੱਸਾ ਹਨ।

ਸਾਨੂੰ “ਰਿਹਾਈ ਦੀ ਕੀਮਤ” ਦੀ ਲੋੜ ਹੈ

15, 16. ਸਾਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਕਿਵੇਂ ਮਿਲਿਆ ਹੈ?

15 ਅਸੀਂ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਪਾਪ ਅਤੇ ਮੌਤ ਤੋਂ ਛੁਡਾਉਣ ਦਾ ਪ੍ਰਬੰਧ ਕੀਤਾ ਹੈ। (ਰੋਮੀ. 5:12) ਸਾਨੂੰ ਪਤਾ ਹੈ ਕਿ ਯਿਸੂ “ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ ਅਤੇ ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ” ਸੀ। (ਮਰ. 10:45) ਇਹ ਜਾਣ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ‘ਯਿਸੂ ਮਸੀਹ ਨੇ ਰਿਹਾਈ ਦੀ ਕੀਮਤ ਦਿੱਤੀ।’—ਰੋਮੀ. 3:22-24.

16 ਪਹਿਲੀ ਸਦੀ ਦੇ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਨੂੰ ਆਪਣੇ ਪਾਪਾਂ ਤੋਂ ਤੋਬਾ ਕਰਨ ਅਤੇ ਯਿਸੂ ਦੀ ਕੁਰਬਾਨੀ ਉੱਤੇ ਨਿਹਚਾ ਕਰਨ ਦੀ ਲੋੜ ਸੀ। ਨਹੀਂ ਤਾਂ ਉਨ੍ਹਾਂ ਦੇ ਪਾਪ ਮਾਫ਼ ਨਹੀਂ ਹੋ ਸਕਦੇ ਸਨ। ਅੱਜ ਵੀ ਇਸੇ ਤਰ੍ਹਾਂ ਹੈ। (ਯੂਹੰ. 3:16, 36) ਜਿਹੜਾ ਵਿਅਕਤੀ ਤ੍ਰਿਏਕ, ਅਮਰ ਆਤਮਾ ਜਾਂ ਕਿਸੇ ਹੋਰ ਗ਼ਲਤ ਸਿੱਖਿਆ ਨੂੰ ਮੰਨਦਾ ਰਹਿੰਦਾ ਹੈ, ਉਸ ਨੂੰ ਯਿਸੂ ਦੀ ਕੁਰਬਾਨੀ ਤੋਂ ਕੋਈ ਫ਼ਾਇਦਾ ਨਹੀਂ ਹੋਵੇਗਾ। ਪਰ ਸਾਨੂੰ ਫ਼ਾਇਦਾ ਹੋ ਸਕਦਾ ਹੈ ਕਿਉਂਕਿ ਅਸੀਂ ਪਰਮੇਸ਼ੁਰ ਦੇ ਪੁੱਤਰ ਬਾਰੇ ਸੱਚਾਈ ਜਾਣਦੇ ਹਾਂ ਜਿਸ ਦੇ ਰਾਹੀਂ ਪਰਮੇਸ਼ੁਰ ਨੇ “ਰਿਹਾਈ ਦੀ ਕੀਮਤ ਅਦਾ ਕਰ ਕੇ ਸਾਨੂੰ ਛੁਡਾਇਆ ਹੈ ਯਾਨੀ ਸਾਡੇ ਪਾਪ ਮਾਫ਼ ਕੀਤੇ ਹਨ।”—ਕੁਲੁ. 1:13, 14.

ਯਹੋਵਾਹ ਦੀ ਸੇਵਾ ਕਰਦੇ ਰਹੋ!

17, 18. ਅਸੀਂ ਆਪਣੇ ਸੰਗਠਨ ਦੇ ਇਤਿਹਾਸ ਦੀ ਜਾਣਕਾਰੀ ਕਿੱਥੋਂ ਲੈ ਸਕਦੇ ਹਾਂ ਅਤੇ ਇਸ ਤੋਂ ਸਾਨੂੰ ਕੀ ਫ਼ਾਇਦਾ ਹੋਵੇਗਾ?

17 ਵਿਰਾਸਤ ਵਿਚ ਯਹੋਵਾਹ ਨੇ ਸਾਨੂੰ ਸੱਚੀਆਂ ਸਿੱਖਿਆਵਾਂ ਹੀ ਨਹੀਂ ਦਿੱਤੀਆਂ ਹਨ, ਸਗੋਂ ਸਾਡੀ ਮਦਦ ਕਰਨ ਲਈ ਹੋਰ ਵੀ ਬਹੁਤ ਕੁਝ ਦਿੱਤਾ ਹੈ। ਕਈ ਦਹਾਕਿਆਂ ਤੋਂ ਸਾਡੇ ਕਿਤਾਬਾਂ-ਰਸਾਲਿਆਂ ਵਿਚ ਸੰਗਠਨ ਦੇ ਇਤਿਹਾਸ ਬਾਰੇ ਜਾਣਕਾਰੀ, ਵੱਖੋ-ਵੱਖਰੇ ਦੇਸ਼ਾਂ ਵਿਚ ਸਾਡੇ ਕੰਮ ਬਾਰੇ ਦਿਲਚਸਪ ਰਿਪੋਰਟਾਂ ਅਤੇ ਭੈਣਾਂ-ਭਰਾਵਾਂ ਦੇ ਤਜਰਬੇ ਦਿੱਤੇ ਜਾਂਦੇ ਹਨ। ਇਨ੍ਹਾਂ ਬਾਰੇ ਹੋਰ ਜਾਣਕਾਰੀ ਯੀਅਰ ਬੁੱਕ, ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ, ਵਿਡਿਓ ਫੇਥ ਇਨ ਐਕਸ਼ਨ ਪਾਰਟ 1 ਤੇ ਪਾਰਟ 2 ਦਿੱਤੀ ਗਈ ਹੈ ਜੋ ਕਈ ਭਾਸ਼ਾਵਾਂ ਵਿਚ ਉਪਲਬਧ ਹਨ।

18 ਜਿਵੇਂ ਇਜ਼ਰਾਈਲੀਆਂ ਨੂੰ ਇਹ ਗੱਲ ਯਾਦ ਰੱਖ ਕੇ ਫ਼ਾਇਦਾ ਹੁੰਦਾ ਸੀ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਕਿਵੇਂ ਛੁਡਾਇਆ ਸੀ, ਉਸੇ ਤਰ੍ਹਾਂ ਸਾਨੂੰ ਵੀ ਯਹੋਵਾਹ ਦੇ ਸੰਗਠਨ ਬਾਰੇ ਜਾਣਕਾਰੀ ਲੈ ਕੇ ਫ਼ਾਇਦਾ ਹੁੰਦਾ ਹੈ। (ਕੂਚ 12:26, 27) ਮੂਸਾ ਨੇ ਆਪਣੀ ਅੱਖੀਂ ਪਰਮੇਸ਼ੁਰ ਦੇ ਚਮਤਕਾਰ ਦੇਖੇ ਸਨ, ਇਸ ਕਰਕੇ ਉਸ ਨੇ ਹਰ ਇਜ਼ਰਾਈਲੀ ਨੂੰ ਸਲਾਹ ਦਿੱਤੀ: “ਪੁਰਾਣਿਆਂ ਦਿਨਾਂ ਨੂੰ ਯਾਦ ਕਰ, ਪੀੜ੍ਹੀਆਂ ਦੀਆਂ ਪੀੜ੍ਹੀਆਂ ਦੇ ਦਿਨਾਂ ਉੱਤੇ ਵਿਚਾਰ ਕਰ, ਆਪਣੇ ਪਿਉ ਤੋਂ ਪੁੱਛ, ਉਹ ਤੈਨੂੰ ਦੱਸੇਗਾ, ਆਪਣੇ ਬਜ਼ੁਰਗਾਂ ਤੋਂ, ਓਹ ਤੈਨੂੰ ਆਖਣਗੇ।” (ਬਿਵ. 32:7) ਯਹੋਵਾਹ ਦੀ ‘ਪਰਜਾ ਅਤੇ ਜੂਹ ਦੀਆਂ ਭੇਡਾਂ’ ਹੋਣ ਕਰਕੇ ਅਸੀਂ ਸਾਰੇ ਖ਼ੁਸ਼ੀ-ਖ਼ੁਸ਼ੀ ਉਸ ਦੀ ਵਡਿਆਈ ਕਰਦੇ ਹਾਂ ਅਤੇ ਦੂਸਰਿਆਂ ਨੂੰ ਉਸ ਦੇ ਚਮਤਕਾਰਾਂ ਬਾਰੇ ਦੱਸਦੇ ਹਾਂ। (ਜ਼ਬੂ. 79:13) ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਇਤਿਹਾਸ ਦੀ ਜਾਣਕਾਰੀ ਲਈਏ ਤੇ ਇਸ ਤੋਂ ਸਿੱਖੀਏ। ਇਸ ਤਰ੍ਹਾਂ ਕਰ ਕੇ ਸਾਨੂੰ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੀ ਹੱਲਾਸ਼ੇਰੀ ਮਿਲੇਗੀ।

19. ਸੱਚਾਈ ਦਾ ਗਿਆਨ ਹੋਣ ਕਰਕੇ ਸਾਨੂੰ ਕੀ ਕਰਨਾ ਚਾਹੀਦਾ ਹੈ?

19 ਅਸੀਂ ਖ਼ੁਸ਼ ਹਾਂ ਕਿ ਅਸੀਂ ਹਨੇਰੇ ਵਿਚ ਨਹੀਂ ਭਟਕ ਰਹੇ, ਸਗੋਂ ਪਰਮੇਸ਼ੁਰ ਨੇ ਆਪਣੇ ਗਿਆਨ ਦਾ ਚਾਨਣ ਸਾਡੇ ਉੱਤੇ ਪਾਇਆ ਹੈ। (ਕਹਾ. 4:18, 19) ਇਸ ਕਰਕੇ ਆਓ ਆਪਾਂ ਧਿਆਨ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰੀਏ ਅਤੇ ਜੋਸ਼ ਨਾਲ ਦੂਸਰਿਆਂ ਨੂੰ ਸੱਚਾਈ ਦੱਸੀਏ। ਨਾਲੇ ਅਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕਰੀਏ। ਉਸ ਨੇ ਪ੍ਰਾਰਥਨਾ ਕਰਦੇ ਹੋਏ ਕਿਹਾ ਸੀ: “ਮੈਂ ਕੇਵਲ ਤੇਰੇ ਹੀ ਧਰਮ ਦਾ ਜ਼ਿਕਰ ਕਰਾਂਗਾ। ਹੇ ਪਰਮੇਸ਼ੁਰ, ਤੈਂ ਮੈਨੂੰ ਜੁਆਨੀ ਤੋਂ ਸਿਖਲਾਇਆ ਹੈ, ਅਤੇ ਹੁਣ ਤੀਕੁਰ ਮੈਂ ਤੇਰੇ ਅਨੋਖੇ ਕੰਮਾਂ ਨੂੰ ਦੱਸਦਾ ਰਿਹਾ। ਸੋ ਬੁਢੇਪੇ ਤੇ ਧੌਲਿਆਂ ਤੀਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ, ਜਦ ਤੀਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ, ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ।”—ਜ਼ਬੂ. 71:16-18.

20. ਯਹੋਵਾਹ ਦੇ ਵਫ਼ਾਦਾਰ ਰਹਿ ਕੇ ਅਸੀਂ ਕੀ ਸਾਬਤ ਕਰਦੇ ਹਾਂ ਅਤੇ ਅਸੀਂ ਕੀ ਕਰਨਾ ਚਾਹੁੰਦੇ ਹਾਂ?

20 ਯਹੋਵਾਹ ਦੇ ਵਫ਼ਾਦਾਰ ਰਹਿ ਕੇ ਅਸੀਂ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ ਕਿ ਯਹੋਵਾਹ ਨੂੰ ਸਾਡੇ ਉੱਤੇ ਰਾਜ ਕਰਨ ਦਾ ਹੱਕ ਹੈ ਅਤੇ ਉਹੀ ਸਾਡੀ ਭਗਤੀ ਲੈਣ ਦਾ ਹੱਕਦਾਰ ਹੈ। (ਪ੍ਰਕਾ. 4:11) ਉਸ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਨੇਕਦਿਲ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ ਅਤੇ ਦੁਖੀ ਤੇ ਨਿਰਾਸ਼ ਲੋਕਾਂ ਨੂੰ ਹੌਸਲਾ ਦਿੰਦੇ ਹਾਂ। (ਯਸਾ. 61:1, 2) ਭਾਵੇਂ ਅੱਜ ਸ਼ੈਤਾਨ ਪਰਮੇਸ਼ੁਰ ਦੇ ਲੋਕਾਂ ਤੇ ਸਾਰੀ ਮਨੁੱਖਜਾਤੀ ਨੂੰ ਆਪਣੇ ਕੰਟ੍ਰੋਲ ਵਿਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਅਸੀਂ ਆਪਣੀ ਅਨਮੋਲ ਵਿਰਾਸਤ ਦੀ ਦਿਲੋਂ ਕਦਰ ਕਰਦੇ ਹਾਂ। ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਤੇ ਹੁਣ ਅਤੇ ਹਮੇਸ਼ਾ-ਹਮੇਸ਼ਾ ਲਈ ਉਸ ਦੀ ਮਹਿਮਾ ਕਰਦੇ ਰਹਿਣ ਦਾ ਪੱਕਾ ਇਰਾਦਾ ਕੀਤਾ ਹੈ।—ਜ਼ਬੂਰਾਂ ਦੀ ਪੋਥੀ 26:11; 86:12 ਪੜ੍ਹੋ।