Skip to content

Skip to table of contents

ਕੋਈ ਵੀ ਗੱਲ ਤੁਹਾਨੂੰ ਪਰਮੇਸ਼ੁਰ ਤੋਂ ਮਹਿਮਾ ਪਾਉਣ ਤੋਂ ਨਾ ਰੋਕੇ

ਕੋਈ ਵੀ ਗੱਲ ਤੁਹਾਨੂੰ ਪਰਮੇਸ਼ੁਰ ਤੋਂ ਮਹਿਮਾ ਪਾਉਣ ਤੋਂ ਨਾ ਰੋਕੇ

“ਮਨ ਦਾ ਅਧੀਨ ਆਦਰ ਪ੍ਰਾਪਤ ਕਰੇਗਾ।”—ਕਹਾ. 29:23.

1, 2. (ੳ) ਬਾਈਬਲ ਵਿਚ “ਮਹਿਮਾ” ਜਾਂ “ਆਦਰ” ਲਈ ਜੋ ਇਬਰਾਨੀ ਸ਼ਬਦ ਵਰਤਿਆ ਗਿਆ ਹੈ ਉਸ ਦਾ ਕੀ ਮਤਲਬ ਹੈ? (ਅ) ਇਸ ਲੇਖ ਵਿਚ ਅਸੀਂ ਕਿਹੜੇ ਸਵਾਲਾਂ ’ਤੇ ਚਰਚਾ ਕਰਾਂਗੇ?

“ਮਹਿਮਾ” ਜਾਂ “ਆਦਰ” ਸ਼ਬਦ ਸੁਣ ਕੇ ਤੁਹਾਡੇ ਮਨ ਵਿਚ ਸ਼ਾਇਦ ਪਰਮੇਸ਼ੁਰ ਦੀ ਸੋਹਣੀ ਸ੍ਰਿਸ਼ਟੀ ਦਾ ਖ਼ਿਆਲ ਆਵੇ। (ਜ਼ਬੂ. 19:1) ਜਾਂ ਫਿਰ ਤੁਸੀਂ ਉਸ ਮਾਣ-ਸਨਮਾਨ ਬਾਰੇ ਸੋਚੋ ਜੋ ਅਮੀਰ ਤੇ ਬੁੱਧੀਮਾਨ ਲੋਕਾਂ ਨੂੰ ਜਾਂ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਆਪਣੀ ਜ਼ਿੰਦਗੀ ਵਿਚ ਵੱਡੇ-ਵੱਡੇ ਕੰਮ ਕਰਦੇ ਹਨ। ਬਾਈਬਲ ਵਿਚ “ਮਹਿਮਾ” ਜਾਂ “ਆਦਰ” ਲਈ ਇੱਕੋ ਇਬਰਾਨੀ ਸ਼ਬਦ ਹੈ ਜਿਸ ਦਾ ਮਤਲਬ ਹੈ ਭਾਰਾ। ਪੁਰਾਣੇ ਜ਼ਮਾਨੇ ਵਿਚ ਸਿੱਕੇ ਸੋਨੇ ਜਾਂ ਚਾਂਦੀ ਵਰਗੀਆਂ ਕੀਮਤੀ ਧਾਤਾਂ ਦੇ ਬਣੇ ਹੁੰਦੇ ਸਨ। ਸਿੱਕਾ ਜਿੰਨਾ ਭਾਰਾ ਹੁੰਦਾ ਸੀ ਉੱਨਾ ਹੀ ਇਹ ਕੀਮਤੀ ਹੁੰਦਾ ਸੀ। ਇਸੇ ਲਈ ਮਹਿਮਾ ਦਾ ਮਤਲਬ ਬਹੁਮੁੱਲਾ ਜਾਂ ਪ੍ਰਭਾਵਸ਼ਾਲੀ ਵੀ ਹੋ ਸਕਦਾ ਹੈ।

2 ਅਸੀਂ ਸ਼ਾਇਦ ਕਿਸੇ ਇਨਸਾਨ ਦੀ ਤਾਕਤ, ਰੁਤਬੇ ਤੇ ਹੈਸੀਅਤ ਨੂੰ ਦੇਖ ਕੇ ਪ੍ਰਭਾਵਿਤ ਹੋਈਏ, ਪਰ ਕੀ ਪਰਮੇਸ਼ੁਰ ਵੀ ਇਨਸਾਨਾਂ ਵਿਚ ਇਹੀ ਗੱਲਾਂ ਦੇਖਦਾ ਹੈ? ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਕਿਨ੍ਹਾਂ ਨੂੰ ਮਹਿਮਾ ਜਾਂ ਆਦਰ ਦਿੰਦਾ ਹੈ। ਮਿਸਾਲ ਲਈ, ਕਹਾਉਤਾਂ 22:4 ਵਿਚ ਲਿਖਿਆ ਹੈ: “ਅਧੀਨਗੀ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।” ਨਾਲੇ ਚੇਲੇ ਯਾਕੂਬ ਨੇ ਵੀ ਲਿਖਿਆ: “ਆਪਣੇ ਆਪ ਨੂੰ ਯਹੋਵਾਹ ਦੀਆਂ ਨਜ਼ਰਾਂ ਵਿਚ ਨਿਮਰ ਕਰੋ ਅਤੇ ਉਹ ਤੁਹਾਨੂੰ ਉੱਚਾ ਕਰੇਗਾ।” (ਯਾਕੂ. 4:10) ਯਹੋਵਾਹ ਇਨਸਾਨਾਂ ਨੂੰ ਮਹਿਮਾ ਕਿਵੇਂ ਦਿੰਦਾ ਹੈ? ਕਿਹੜੀਆਂ ਗੱਲਾਂ ਸਾਨੂੰ ਇਹ ਮਹਿਮਾ ਪਾਉਣ ਤੋਂ ਰੋਕ ਸਕਦੀਆਂ ਹਨ? ਅਸੀਂ ਦੂਜਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਤਾਂਕਿ ਉਹ ਵੀ ਮਹਿਮਾ ਪਾ ਸਕਣ?

3-5. ਯਹੋਵਾਹ ਸਾਨੂੰ ਕਿਵੇਂ ਮਹਿਮਾ ਦਿੰਦਾ ਹੈ?

3 ਜ਼ਬੂਰਾਂ ਦੇ ਲਿਖਾਰੀ ਨੂੰ ਯਹੋਵਾਹ ਪਰਮੇਸ਼ੁਰ ’ਤੇ ਭਰੋਸਾ ਸੀ ਕਿ ਪਰਮੇਸ਼ੁਰ ਉਸ ਨੂੰ ਮਹਿਮਾ ਦੇਵੇਗਾ। (ਜ਼ਬੂਰਾਂ ਦੀ ਪੋਥੀ 73:23, 24 ਪੜ੍ਹੋ।) ਯਹੋਵਾਹ ਮਹਿਮਾ ਕਿਵੇਂ ਦਿੰਦਾ ਹੈ? ਯਹੋਵਾਹ ਆਪਣੇ ਨਿਮਰ ਸੇਵਕਾਂ ਨੂੰ ਕਈ ਤਰੀਕਿਆਂ ਨਾਲ ਮਹਿਮਾ ਦਿੰਦਾ ਹੈ। ਮਿਸਾਲ ਲਈ, ਉਹ ਆਪਣੀ ਇੱਛਾ ਸਮਝਣ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ। (1 ਕੁਰਿੰ. 2:7) ਆਪਣੇ ਬਚਨ ਨੂੰ ਸੁਣਨ ਤੇ ਉਸ ਦੀ ਪਾਲਣਾ ਕਰਨ ਵਾਲੇ ਲੋਕਾਂ ਨਾਲ ਉਹ ਰਿਸ਼ਤਾ ਜੋੜਦਾ ਹੈ।—ਯਾਕੂ. 4:8.

4 ਯਹੋਵਾਹ ਆਪਣੇ ਲੋਕਾਂ ਨੂੰ ਪ੍ਰਚਾਰ ਕਰਨ ਦਾ ਵੀ ਸਨਮਾਨ ਦਿੰਦਾ ਹੈ। (2 ਕੁਰਿੰ. 4:1, 7) ਜਦੋਂ ਅਸੀਂ ਪ੍ਰਚਾਰ ਵਿਚ ਪਰਮੇਸ਼ੁਰ ਦੀ ਵਡਿਆਈ ਕਰਦੇ ਹਾਂ ਅਤੇ ਲੋਕਾਂ ਦੀ ਮਦਦ ਕਰਦੇ ਹਾਂ, ਤਾਂ ਉਹ ਸਾਨੂੰ ਮਹਿਮਾ ਦਿੰਦਾ ਹੈ ਕਿਉਂਕਿ ਉਹ ਵਾਅਦਾ ਕਰਦਾ ਹੈ: “ਓਹ ਜਿਹੜੇ ਮੇਰਾ ਆਦਰ ਕਰਦੇ ਹਨ ਮੈਂ ਵੀ ਉਨ੍ਹਾਂ ਦਾ ਆਦਰ ਕਰਾਂਗਾ।” (1 ਸਮੂ. 2:30) ਜੀ-ਜਾਨ ਨਾਲ ਪ੍ਰਚਾਰ ਕਰਨ ਵਾਲਿਆਂ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ ਤੇ ਪਰਮੇਸ਼ੁਰ ਦੇ ਹੋਰ ਸੇਵਕਾਂ ਵਿਚ ਉਨ੍ਹਾਂ ਦੀ ਨੇਕਨਾਮੀ ਹੁੰਦੀ ਹੈ।—ਕਹਾ. 11:16; 22:1.

5 ‘ਯਹੋਵਾਹ ਦੀ ਉਡੀਕ ਅਤੇ ਉਹ ਦੇ ਰਾਹ ਦੀ ਪਾਲਨਾ ਕਰਨ’ ਵਾਲੇ ਇਨਸਾਨ ਦਾ ਭਵਿੱਖ ਕਿਹੋ ਜਿਹਾ ਹੋਵੇਗਾ? ਯਹੋਵਾਹ ਵਾਅਦਾ ਕਰਦਾ ਹੈ: “[ਯਹੋਵਾਹ] ਤੈਨੂੰ ਉੱਚਾ ਕਰੇਗਾ ਭਈ ਤੂੰ ਧਰਤੀ ਦਾ ਵਾਰਸ ਬਣੇਂ। ਤੂੰ ਦੁਸ਼ਟ ਦਾ ਛੇਕਿਆ ਜਾਣਾ ਵੇਖੇਂਗਾ।” (ਜ਼ਬੂ. 37:34) ਪਰਮੇਸ਼ੁਰ ਆਪਣੇ ਸੇਵਕਾਂ ਨੂੰ ਭਵਿੱਖ ਵਿਚ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕਰ ਕੇ ਵੀ ਉਨ੍ਹਾਂ ਦਾ ਆਦਰ ਕਰਦਾ ਹੈ।—ਜ਼ਬੂ. 37:29.

“ਮੈਂ ਇਨਸਾਨਾਂ ਤੋਂ ਆਪਣੀ ਮਹਿਮਾ ਨਹੀਂ ਕਰਾਉਣੀ ਚਾਹੁੰਦਾ”

6, 7. ਕਈ ਲੋਕਾਂ ਨੇ ਯਿਸੂ ’ਤੇ ਵਿਸ਼ਵਾਸ ਕਿਉਂ ਨਹੀਂ ਕੀਤਾ ਸੀ?

6 ਕਿਹੜੀਆਂ ਚੀਜ਼ਾਂ ਸਾਨੂੰ ਯਹੋਵਾਹ ਤੋਂ ਮਹਿਮਾ ਪਾਉਣ ਤੋਂ ਰੋਕ ਸਕਦੀਆਂ ਹਨ? ਇਕ ਹੈ: ਅਸੀਂ ਉਨ੍ਹਾਂ ਲੋਕਾਂ ਦੀਆਂ ਗੱਲਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਾਂ ਜਿਨ੍ਹਾਂ ਦਾ ਯਹੋਵਾਹ ਨਾਲ ਕੋਈ ਰਿਸ਼ਤਾ ਨਹੀਂ ਹੈ। ਗੌਰ ਕਰੋ ਕਿ ਯੂਹੰਨਾ ਰਸੂਲ ਨੇ ਯਿਸੂ ਦੇ ਦਿਨਾਂ ਵਿਚ ਆਗੂਆਂ ਬਾਰੇ ਕੀ ਕਿਹਾ ਸੀ: “ਯਹੂਦੀਆਂ ਦੇ ਬਹੁਤ ਸਾਰੇ ਆਗੂ ਉਸ ਉੱਤੇ ਨਿਹਚਾ ਕਰਨ ਲੱਗ ਪਏ ਸਨ, ਪਰ ਫ਼ਰੀਸੀਆਂ ਦੇ ਡਰ ਕਰਕੇ ਆਪਣੀ ਨਿਹਚਾ ਦਾ ਇਜ਼ਹਾਰ ਨਹੀਂ ਕਰਦੇ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਸਭਾ ਘਰ ਵਿੱਚੋਂ ਉਨ੍ਹਾਂ ਨੂੰ ਛੇਕਿਆ ਜਾਵੇ; ਸੋ ਉਹ ਪਰਮੇਸ਼ੁਰ ਤੋਂ ਮਹਿਮਾ ਪਾਉਣ ਦੀ ਬਜਾਇ ਇਨਸਾਨਾਂ ਤੋਂ ਮਹਿਮਾ ਕਰਾਉਣੀ ਜ਼ਿਆਦਾ ਪਸੰਦ ਕਰਦੇ ਸਨ।” (ਯੂਹੰ. 12:42, 43) ਕਿੰਨਾ ਚੰਗਾ ਹੁੰਦਾ ਜੇ ਇਨ੍ਹਾਂ ਆਗੂਆਂ ਨੇ ਫ਼ਰੀਸੀਆਂ ਦੀਆਂ ਗੱਲਾਂ ਨੂੰ ਜ਼ਿਆਦਾ ਅਹਿਮੀਅਤ ਨਾ ਦਿੱਤੀ ਹੁੰਦੀ।

7 ਆਪਣੀ ਸੇਵਕਾਈ ਦੇ ਸ਼ੁਰੂ ਵਿਚ ਹੀ ਯਿਸੂ ਨੇ ਇਹ ਦੱਸਿਆ ਸੀ ਕਿ ਕਿਉਂ ਬਹੁਤ ਸਾਰੇ ਲੋਕ ਉਸ ਨੂੰ ਕਬੂਲ ਨਹੀਂ ਕਰਨਗੇ ਅਤੇ ਉਸ ’ਤੇ ਨਿਹਚਾ ਨਹੀਂ ਕਰਨਗੇ। (ਯੂਹੰਨਾ 5:39-44 ਪੜ੍ਹੋ।) ਇਜ਼ਰਾਈਲੀ ਕੌਮ ਸਦੀਆਂ ਤੋਂ ਮਸੀਹ ਦੇ ਆਉਣ ਦੀ ਉਡੀਕ ਕਰ ਰਹੀ ਸੀ। ਜਦੋਂ ਯਿਸੂ ਨੇ ਸਿੱਖਿਆ ਦੇਣੀ ਸ਼ੁਰੂ ਕੀਤੀ, ਤਾਂ ਸ਼ਾਇਦ ਕੁਝ ਲੋਕਾਂ ਨੂੰ ਦਾਨੀਏਲ ਦੀ ਭਵਿੱਖਬਾਣੀ ਤੋਂ ਪਤਾ ਹੋਣਾ ਕਿ ਮਸੀਹ ਦੇ ਆਉਣ ਦਾ ਸਮਾਂ ਆ ਗਿਆ ਸੀ। ਕੁਝ ਮਹੀਨੇ ਪਹਿਲਾਂ ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲਾ ਪ੍ਰਚਾਰ ਕਰ ਰਿਹਾ ਸੀ, ਤਾਂ ਬਹੁਤ ਸਾਰੇ ਲੋਕ ਉਸ ਬਾਰੇ ਕਹਿ ਰਹੇ ਸਨ: “ਕਿਤੇ ਇਹੀ ਮਸੀਹ ਤਾਂ ਨਹੀਂ?” (ਲੂਕਾ 3:15) ਪਰ ਜਦ ਮਸੀਹ ਆਇਆ, ਤਾਂ ਧਾਰਮਿਕ ਆਗੂਆਂ ਨੇ ਉਸ ਨੂੰ ਕਬੂਲ ਨਹੀਂ ਕੀਤਾ। ਕਿਉਂ? ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੇਰਾ ਵਿਸ਼ਵਾਸ ਕਿਵੇਂ ਕਰ ਸਕਦੇ ਹੋ ਜਦੋਂ ਕਿ ਤੁਸੀਂ ਇਕ-ਦੂਜੇ ਤੋਂ ਆਪਣੀ ਮਹਿਮਾ ਕਰਾਉਂਦੇ ਹੋ ਅਤੇ ਉਹ ਮਹਿਮਾ ਨਹੀਂ ਚਾਹੁੰਦੇ ਜੋ ਇੱਕੋ-ਇਕ ਪਰਮੇਸ਼ੁਰ ਦਿੰਦਾ ਹੈ।”

8, 9. ਇਕ ਮਿਸਾਲ ਰਾਹੀਂ ਸਮਝਾਓ ਕਿ ਸਾਡੇ ਲਈ ਯਹੋਵਾਹ ਤੋਂ ਮਹਿਮਾ ਪਾਉਣ ਦੀ ਬਜਾਇ ਇਨਸਾਨਾਂ ਤੋਂ ਮਹਿਮਾ ਪਾਉਣੀ ਜ਼ਿਆਦਾ ਅਹਿਮ ਕਿਵੇਂ ਹੋ ਸਕਦੀ ਹੈ?

8 ਕਈ ਵਾਰ ਲੋਕ ਯਹੋਵਾਹ ਤੋਂ ਮਹਿਮਾ ਪਾਉਣ ਦੀ ਬਜਾਇ ਇਨਸਾਨਾਂ ਤੋਂ ਮਹਿਮਾ ਪਾਉਣ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ। ਇਸ ਸੰਬੰਧੀ ਆਓ ਆਪਾਂ ਇਕ ਮਿਸਾਲ ’ਤੇ ਗੌਰ ਕਰੀਏ। ਸਾਡਾ ਬ੍ਰਹਿਮੰਡ ਤਾਰਿਆਂ ਨਾਲ ਭਰਿਆ ਹੋਇਆ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇ ਜਦੋਂ ਤੁਸੀਂ ਤਾਰਿਆਂ ਨਾਲ ਭਰਿਆ ਆਕਾਸ਼ ਦੇਖਿਆ ਸੀ। ਉਦੋਂ “ਤਾਰਿਆਂ ਦੀ ਚਮਕ” ਦੇਖ ਕੇ ਤੁਹਾਡਾ ਦਿਲ ਸ਼ਰਧਾ ਨਾਲ ਭਰ ਗਿਆ ਹੋਣਾ। (1 ਕੁਰਿੰ. 15:40, 41) ਪਰ ਸ਼ਹਿਰਾਂ ਵਿਚ ਬਹੁਤ ਸਾਰੀਆਂ ਲਾਈਟਾਂ ਹੋਣ ਕਰਕੇ ਤਾਰਿਆਂ ਦੀ ਚਮਕ ਦੇਖੀ ਨਹੀਂ ਜਾ ਸਕਦੀ। ਕਿਉਂ? ਕੀ ਇਹ ਇਸ ਕਰਕੇ ਹੈ ਕਿ ਸੜਕਾਂ, ਸਟੇਡੀਅਮਾਂ ਅਤੇ ਘਰਾਂ ਵਿਚ ਲੱਗੀਆਂ ਲਾਈਟਾਂ ਦੀ ਚਮਕ ਤਾਰਿਆਂ ਦੀ ਚਮਕ ਨਾਲੋਂ ਜ਼ਿਆਦਾ ਹੈ? ਬਿਲਕੁਲ ਨਹੀਂ। ਇਹ ਇਸ ਕਰਕੇ ਹੈ ਕਿਉਂਕਿ ਸ਼ਹਿਰ ਦੀਆਂ ਲਾਈਟਾਂ ਸਾਡੇ ਜ਼ਿਆਦਾ ਨੇੜੇ ਹਨ ਜਿਸ ਕਰਕੇ ਦੂਰ ਤਾਰਿਆਂ ਦੀ ਚਮਕ ਦੇਖਣੀ ਔਖੀ ਹੋ ਜਾਂਦੀ ਹੈ। ਸੋ ਤਾਰਿਆਂ ਦੀ ਚਮਕ ਦੇਖਣ ਲਈ ਸਾਨੂੰ ਸ਼ਹਿਰ ਦੀਆਂ ਲਾਈਟਾਂ ਤੋਂ ਕਿਤੇ ਦੂਰ ਜਾਣਾ ਪਵੇਗਾ।

9 ਇਸੇ ਤਰ੍ਹਾਂ ਇਨਸਾਨਾਂ ਤੋਂ ਮਿਲਣ ਵਾਲੀ ਮਹਿਮਾ ਸਾਨੂੰ ਯਹੋਵਾਹ ਤੋਂ ਮਿਲਣ ਵਾਲੀ ਮਹਿਮਾ ਤੋਂ ਜ਼ਿਆਦਾ ਅਹਿਮ ਲੱਗੇ। ਬਹੁਤ ਸਾਰੇ ਲੋਕ ਖ਼ੁਸ਼ ਖ਼ਬਰੀ ਨੂੰ ਨਹੀਂ ਸੁਣਦੇ ਕਿਉਂਕਿ ਉਹ ਆਪਣੇ ਮਿੱਤਰਾਂ ਤੇ ਪਰਿਵਾਰ ਤੋਂ ਡਰਦੇ ਹਨ ਕਿ ਉਹ ਕੀ ਕਹਿਣਗੇ। ਯਹੋਵਾਹ ਦੇ ਸੇਵਕਾਂ ਨੂੰ ਵੀ ਇਸ ਗੱਲ ਦੀ ਚਿੰਤਾ ਹੋ ਸਕਦੀ ਹੈ ਕਿ ਦੂਸਰੇ ਉਨ੍ਹਾਂ ਬਾਰੇ ਕੀ ਸੋਚਣਗੇ। ਮਿਸਾਲ ਲਈ, ਸ਼ਾਇਦ ਇਕ ਨੌਜਵਾਨ ਨੂੰ ਉਸ ਜਗ੍ਹਾ ਪ੍ਰਚਾਰ ਕਰਨ ਲਈ ਕਿਹਾ ਜਾਵੇ ਜਿੱਥੇ ਸਾਰੇ ਉਸ ਨੂੰ ਜਾਣਦੇ ਹੋਣ। ਪਰ ਬਹੁਤ ਸਾਰੇ ਲੋਕ ਇਹ ਨਾ ਜਾਣਦੇ ਹੋਣ ਕਿ ਉਹ ਇਕ ਯਹੋਵਾਹ ਦਾ ਗਵਾਹ ਹੈ। ਕੀ ਉਹ ਉੱਥੇ ਪ੍ਰਚਾਰ ਕਰਨ ਤੋਂ ਡਰੇਗਾ? ਇਕ ਹੋਰ ਮਿਸਾਲ, ਸ਼ਾਇਦ ਕੋਈ ਮਸੀਹੀ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨੀ ਚਾਹੁੰਦਾ ਹੋਵੇ, ਪਰ ਦੂਸਰੇ ਉਸ ਦਾ ਇਸ ਗੱਲ ਕਰਕੇ ਮਜ਼ਾਕ ਉਡਾਉਣ। ਕੀ ਉਹ ਉਨ੍ਹਾਂ ਦੀਆਂ ਗੱਲਾਂ ਵੱਲ ਧਿਆਨ ਦੇਵੇਗਾ ਜੋ ਯਹੋਵਾਹ ਦੀ ਸੇਵਾ ਦੀ ਜ਼ਿਆਦਾ ਕਦਰ ਨਹੀਂ ਕਰਦੇ? ਜਾਂ ਸ਼ਾਇਦ ਕਿਸੇ ਮਸੀਹੀ ਨੇ ਗੰਭੀਰ ਪਾਪ ਕੀਤਾ ਹੋਵੇ। ਕੀ ਉਹ ਆਪਣੇ ਪਾਪ ਨੂੰ ਲੁਕਾਵੇਗਾ ਕਿਉਂਕਿ ਉਹ ਮੰਡਲੀ ਵਿਚ ਆਪਣੀ ਬਦਨਾਮੀ ਨਹੀਂ ਕਰਾਉਣੀ ਚਾਹੁੰਦਾ ਜਾਂ ਆਪਣੇ ਪਰਿਵਾਰ ਜਾਂ ਦੋਸਤਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ? ਜੇ ਉਹ ਯਹੋਵਾਹ ਨਾਲ ਆਪਣੀ ਦੋਸਤੀ ਨੂੰ ਜ਼ਿਆਦਾ ਅਹਿਮੀਅਤ ਦਿੰਦਾ ਹੈ, ਤਾਂ ਉਹ ਬਜ਼ੁਰਗਾਂ ਤੋਂ ਮਦਦ ਮੰਗੇਗਾ।—ਯਾਕੂਬ 5:14-16 ਪੜ੍ਹੋ।

10. (ੳ) ਕੀ ਹੋ ਸਕਦਾ ਹੈ ਜੇ ਅਸੀਂ ਇਸ ਗੱਲ ਬਾਰੇ ਜ਼ਿਆਦਾ ਫ਼ਿਕਰ ਕਰੀਏ ਕਿ ਦੂਜੇ ਸਾਡੇ ਬਾਰੇ ਕੀ ਸੋਚਦੇ ਹਨ? (ਅ) ਜੇ ਅਸੀਂ ਅਧੀਨਤਾ ਦਿਖਾਉਂਦੇ ਹਾਂ, ਤਾਂ ਅਸੀਂ ਕੀ ਯਕੀਨ ਰੱਖ ਸਕਦੇ ਹਾਂ?

10 ਅਸੀਂ ਸ਼ਾਇਦ ਸੱਚਾਈ ਵਿਚ ਤਰੱਕੀ ਕਰ ਰਹੇ ਹਾਂ, ਪਰ ਕੋਈ ਭਰਾ ਸਾਨੂੰ ਸਲਾਹ ਦਿੰਦਾ ਹੈ। ਸਾਨੂੰ ਉਸ ਦੀ ਸਲਾਹ ਮੰਨਣ ਦਾ ਫ਼ਾਇਦਾ ਹੋਵੇਗਾ। ਪਰ ਜੇ ਅਸੀਂ ਘਮੰਡੀ ਹਾਂ ਜਾਂ ਚਾਹੁੰਦੇ ਹਾਂ ਕਿ ਕਿਸੇ ਸਾਮ੍ਹਣੇ ਸਾਨੂੰ ਸ਼ਰਮਿੰਦਾ ਨਾ ਹੋਣਾ ਪਵੇ ਜਾਂ ਆਪਣੀ ਗ਼ਲਤੀ ਦੇ ਬਹਾਨੇ ਬਣਾਉਂਦੇ ਹਾਂ, ਤਾਂ ਅਸੀਂ ਸਲਾਹ ਨੂੰ ਨਹੀਂ ਮੰਨਾਂਗੇ। ਜਾਂ ਮੰਨ ਲਓ ਤੁਸੀਂ ਕਿਸੇ ਭੈਣ ਜਾਂ ਭਰਾ ਨਾਲ ਮਿਲ ਕੇ ਕੋਈ ਕੰਮ ਕਰ ਰਹੇ ਹੋ। ਕੀ ਤੁਹਾਨੂੰ ਇਸ ਗੱਲ ਦੀ ਚਿੰਤਾ ਹੈ ਕਿ ਇਸ ਕੰਮ ਕਰਕੇ ਕਿਸ ਦੀ ਤਾਰੀਫ਼ ਕੀਤੀ ਜਾਵੇਗੀ? ਜੇ ਤੁਸੀਂ ਇਹੋ ਜਿਹੀਆਂ ਗੱਲਾਂ ਦਾ ਸਾਮ੍ਹਣਾ ਕਰ ਰਹੇ ਹੋ, ਤਾਂ ਯਾਦ ਰੱਖੋ ਕਿ “ਮਨ ਦਾ ਅਧੀਨ ਆਦਰ ਪ੍ਰਾਪਤ ਕਰੇਗਾ।”—ਕਹਾ. 29:23.

11. ਜਦੋਂ ਕੋਈ ਸਾਡੀ ਤਾਰੀਫ਼ ਕਰਦਾ ਹੈ, ਤਾਂ ਉਸ ਬਾਰੇ ਸਾਨੂੰ ਅੰਦਰੋਂ ਕੀ ਸੋਚਣਾ ਚਾਹੀਦਾ ਹੈ ਅਤੇ ਕਿਉਂ?

11 ਮੰਡਲੀ ਵਿਚ ਬਜ਼ੁਰਗਾਂ ਨੂੰ ਇਨਸਾਨਾਂ ਤੋਂ ਆਪਣੀ ਵਾਹ-ਵਾਹ ਕਰਾਉਣ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ। ਨਾਲੇ ਉਨ੍ਹਾਂ ਭਰਾਵਾਂ ਨੂੰ ਵੀ ਖ਼ਬਰਦਾਰ ਰਹਿਣਾ ਚਾਹੀਦਾ ਹੈ ਜੋ “ਨਿਗਾਹਬਾਨ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼” ਕਰਦੇ ਹਨ। (1 ਤਿਮੋ. 3:1; 1 ਥੱਸ. 2:6) ਇਕ ਭਰਾ ਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ ਜਦੋਂ ਕੋਈ ਉਸ ਦੇ ਵਧੀਆ ਕੰਮ ਲਈ ਉਸ ਨੂੰ ਸ਼ਾਬਾਸ਼ ਦਿੰਦਾ ਹੈ? ਸ਼ਾਊਲ ਦੀ ਤਰ੍ਹਾਂ ਉਹ ਆਪਣੇ ਲਈ ਕੋਈ ਯਾਦਗਾਰ ਕਾਇਮ ਨਹੀਂ ਕਰੇਗਾ। (1 ਸਮੂ. 15:12) ਪਰ ਕੀ ਉਹ ਦਿਲੋਂ ਮੰਨਦਾ ਹੈ ਕਿ ਉਸ ਨੇ ਜੋ ਵੀ ਕੀਤਾ ਹੈ ਸਿਰਫ਼ ਯਹੋਵਾਹ ਦੀ ਮਦਦ ਨਾਲ ਕੀਤਾ ਹੈ ਅਤੇ ਭਵਿੱਖ ਵਿਚ ਵੀ ਉਸ ਨੂੰ ਪਰਮੇਸ਼ੁਰ ਦੀ ਬਰਕਤ ਤੇ ਮਦਦ ਦੀ ਲੋੜ ਹੈ। (1 ਪਤ. 4:11) ਜਦੋਂ ਕੋਈ ਸਾਡੀ ਤਾਰੀਫ਼ ਕਰਦਾ ਹੈ, ਤਾਂ ਉਸ ਬਾਰੇ ਅਸੀਂ ਅੰਦਰੋਂ ਜੋ ਸੋਚਦੇ ਹਾਂ ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਤੋਂ ਆਦਰ ਪਾਉਣਾ ਚਾਹੁੰਦੇ ਹਾਂ ਜਾਂ ਲੋਕਾਂ ਤੋਂ।—ਕਹਾ. 27:21.

“ਤੁਸੀਂ ਆਪਣੇ ਪਿਉ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ ਚਾਹੁੰਦੇ ਹੋ”

12. ਕੁਝ ਯਹੂਦੀਆਂ ਨੇ ਯਿਸੂ ਦਾ ਸੰਦੇਸ਼ ਕਿਉਂ ਨਹੀਂ ਸੁਣਿਆ ਸੀ?

12 ਸਾਡੀਆਂ ਇੱਛਾਵਾਂ ਵੀ ਸਾਨੂੰ ਪਰਮੇਸ਼ੁਰ ਤੋਂ ਮਹਿਮਾ ਪਾਉਣ ਤੋਂ ਰੋਕ ਸਕਦੀਆਂ ਹਨ। ਗ਼ਲਤ ਇੱਛਾਵਾਂ ਸਾਨੂੰ ਸੱਚਾਈ ਸੁਣਨ ਤੋਂ ਰੋਕ ਸਕਦੀਆਂ ਹਨ। (ਯੂਹੰਨਾ 8:43-47 ਪੜ੍ਹੋ।) ਯਿਸੂ ਨੇ ਕੁਝ ਯਹੂਦੀਆਂ ਬਾਰੇ ਦੱਸਿਆ ਸੀ ਜਿਨ੍ਹਾਂ ਨੇ ਉਸ ਦੇ ਸੰਦੇਸ਼ ਨੂੰ ਨਹੀਂ ਸੁਣਿਆ ਸੀ ਕਿਉਂਕਿ ‘ਉਹ ਆਪਣੇ ਪਿਉ ਸ਼ੈਤਾਨ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ ਚਾਹੁੰਦੇ ਸਨ।’

13, 14. (ੳ) ਖੋਜਕਾਰ ਸਾਡੇ ਦਿਮਾਗ਼ ਤੇ ਇਨਸਾਨਾਂ ਦੀ ਆਵਾਜ਼ ਬਾਰੇ ਕੀ ਕਹਿੰਦੇ ਹਨ? (ਅ) ਅਸੀਂ ਇਹ ਫ਼ੈਸਲਾ ਕਿਵੇਂ ਕਰਾਂਗੇ ਕਿ ਅਸੀਂ ਕਿਸ ਦੀ ਆਵਾਜ਼ ਸੁਣਾਂਗੇ?

13 ਕਈ ਵਾਰ ਅਸੀਂ ਉਨ੍ਹਾਂ ਗੱਲਾਂ ਵੱਲ ਹੀ ਧਿਆਨ ਦਿੰਦੇ ਹਾਂ ਜੋ ਅਸੀਂ ਸੁਣਨੀਆਂ ਚਾਹੁੰਦੇ ਹਾਂ। (2 ਪਤ. 3:5) ਯਹੋਵਾਹ ਨੇ ਸਾਨੂੰ ਇਸ ਕਾਬਲੀਅਤ ਨਾਲ ਬਣਾਇਆ ਹੈ ਕਿ ਅਸੀਂ ਕੁਝ ਆਵਾਜ਼ਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ। ਜ਼ਰਾ ਸੋਚੋ ਕਿ ਤੁਸੀਂ ਹੁਣ ਕਿੰਨੀਆਂ ਆਵਾਜ਼ਾਂ ਸੁਣ ਸਕਦੇ ਹੋ। ਸ਼ਾਇਦ ਕੁਝ ਪਲ ਪਹਿਲਾਂ ਤੁਸੀਂ ਇਹ ਆਵਾਜ਼ਾਂ ਨਹੀਂ ਸੁਣੀਆਂ ਸਨ। ਕਿਉਂ? ਭਾਵੇਂ ਕਿ ਤੁਹਾਡੇ ਦਿਮਾਗ਼ ਕੋਲ ਅਲੱਗ-ਅਲੱਗ ਆਵਾਜ਼ਾਂ ਸੁਣਨ ਦੀ ਕਾਬਲੀਅਤ ਹੈ, ਪਰ ਇਹ ਸਿਰਫ਼ ਇਕ ਆਵਾਜ਼ ’ਤੇ ਧਿਆਨ ਲਾਉਣ ਵਿਚ ਤੁਹਾਡੀ ਮਦਦ ਕਰਦਾ ਹੈ। ਪਰ ਖੋਜਕਾਰ ਮੰਨਦੇ ਹਨ ਕਿ ਦਿਮਾਗ਼ ਲਈ ਇਹ ਕਰਨਾ ਉਦੋਂ ਮੁਸ਼ਕਲ ਹੋ ਜਾਂਦਾ ਹੈ ਜਦੋਂ ਇੱਕੋ ਸਮੇਂ ਤੇ ਦੋ ਇਨਸਾਨ ਤੁਹਾਡੇ ਨਾਲ ਗੱਲ ਕਰ ਰਹੇ ਹੋਣ। ਤੁਸੀਂ ਸਿਰਫ਼ ਇਕ ਇਨਸਾਨ ਦੀ ਗੱਲ ਵੱਲ ਧਿਆਨ ਦੇ ਸਕਦੇ ਹੋ। ਇਸ ਲਈ ਤੁਹਾਨੂੰ ਫ਼ੈਸਲਾ ਕਰਨਾ ਪਵੇਗਾ ਕਿ ਤੁਸੀਂ ਕਿਸ ਦੀ ਗੱਲ ਸੁਣੋਗੇ। ਯਿਸੂ ਦੇ ਸਮੇਂ ਦੇ ਯਹੂਦੀ ਆਪਣੇ ਪਿਉ ਸ਼ੈਤਾਨ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ ਚਾਹੁੰਦੇ ਸਨ, ਇਸ ਕਰਕੇ ਉਨ੍ਹਾਂ ਨੇ ਯਿਸੂ ਦੀ ਗੱਲ ਨਹੀਂ ਸੁਣੀ।

14 ਬਾਈਬਲ ਕਹਿੰਦੀ ਹੈ ਕਿ ਇਕ ਪਾਸੇ ਬੁੱਧ ਸਾਨੂੰ ਆਵਾਜ਼ਾਂ ਮਾਰਦੀ ਹੈ ਤੇ ਦੂਜੇ ਪਾਸੇ ਮੂਰਖਤਾ। (ਕਹਾ. 9:1-5, 13-17) ਦੋਨੋਂ ਸਾਡਾ ਧਿਆਨ ਖਿੱਚਣਾ ਚਾਹੁੰਦੀਆਂ ਹਨ, ਪਰ ਸਾਨੂੰ ਫ਼ੈਸਲਾ ਕਰਨਾ ਪਵੇਗਾ ਕਿ ਅਸੀਂ ਕਿਸ ਦੀ ਆਵਾਜ਼ ਸੁਣਾਂਗੇ। ਸਾਡਾ ਫ਼ੈਸਲਾ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਅਸੀਂ ਕਿਸ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਹਾਂ। ਯਿਸੂ ਦੀਆਂ ਭੇਡਾਂ ਉਸ ਦੀ ਆਵਾਜ਼ ਸੁਣਦੀਆਂ ਹਨ ਤੇ ਉਸ ਦੇ ਪਿੱਛੇ-ਪਿੱਛੇ ਆਉਂਦੀਆਂ ਹਨ। (ਯੂਹੰ. 10:16, 27) ਉਹ ‘ਸੱਚਾਈ ਵੱਲ ਹਨ।’ (ਯੂਹੰ. 18:37) “ਉਹ ਕਿਸੇ ਵੀ ਅਜਨਬੀ ਦੀ ਆਵਾਜ਼ ਨਹੀਂ ਪਛਾਣਦੀਆਂ।” (ਯੂਹੰ. 10:5) ਯਿਸੂ ਦੇ ਪਿੱਛੇ ਚੱਲਣ ਵਾਲੇ ਨਿਮਰ ਲੋਕਾਂ ਨੂੰ ਮਹਿਮਾ ਮਿਲੇਗੀ।—ਕਹਾ. 3:13, 16; 8:1, 18.

“ਤੁਹਾਡੀ ਵਡਿਆਈ ਹੋਵੇਗੀ”

15. ਪੌਲੁਸ ਦੇ ਦੁੱਖ ਮਹਿਮਾ ਪਾਉਣ ਵਿਚ ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਸਨ?

15 ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਤੋਂ ਦੂਸਰਿਆਂ ਨੂੰ ਪਰਮੇਸ਼ੁਰ ਤੋਂ ਮਹਿਮਾ ਪਾਉਣ ਦੀ ਪ੍ਰੇਰਣਾ ਮਿਲੇਗੀ। ਅਫ਼ਸੁਸ ਦੀ ਮੰਡਲੀ ਨੂੰ ਪੌਲੁਸ ਨੇ ਲਿਖਿਆ: “ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਦੁੱਖਾਂ ਕਰਕੇ, ਜੋ ਮੈਂ ਤੁਹਾਡੀ ਖ਼ਾਤਰ ਝੱਲ ਰਿਹਾ ਹਾਂ, ਹਿੰਮਤ ਨਾ ਹਾਰੋ ਕਿਉਂਕਿ ਮੇਰੇ ਦੁੱਖਾਂ ਕਾਰਨ ਤੁਹਾਡੀ ਵਡਿਆਈ ਹੋਵੇਗੀ।” (ਅਫ਼. 3:13) ਪੌਲੁਸ ਨੇ ਕਿਉਂ ਕਿਹਾ ਸੀ ਕਿ ਉਸ ਦੇ ਦੁੱਖਾਂ ਕਰਕੇ ਅਫ਼ਸੁਸ ਦੇ ਭੈਣਾਂ-ਭਰਾਵਾਂ ਦੀ ਵਡਿਆਈ ਹੋਣੀ ਸੀ? ਦੁੱਖਾਂ ਦੇ ਬਾਵਜੂਦ ਉਸ ਨੇ ਵਫ਼ਾਦਾਰ ਰਹਿ ਕੇ ਦਿਖਾਇਆ ਕਿ ਯਹੋਵਾਹ ਦੀ ਸੇਵਾ ਕਰਨੀ ਉਨ੍ਹਾਂ ਲਈ ਕਿੰਨੇ ਸਨਮਾਨ ਦੀ ਗੱਲ ਹੋਣੀ ਚਾਹੀਦੀ ਸੀ। ਜੇ ਪੌਲੁਸ ਦੁੱਖਾਂ ਕਰਕੇ ਸੇਵਾ ਕਰਨੀ ਛੱਡ ਦਿੰਦਾ, ਤਾਂ ਭੈਣਾਂ-ਭਰਾਵਾਂ ਦੀਆਂ ਨਜ਼ਰਾਂ ਵਿਚ ਸ਼ਾਇਦ ਯਹੋਵਾਹ ਨਾਲ ਦੋਸਤੀ, ਪ੍ਰਚਾਰ ਕਰਨ ਦੇ ਸਨਮਾਨ ਜਾਂ ਉਨ੍ਹਾਂ ਦੀ ਉਮੀਦ ਦੀ ਕੋਈ ਕੀਮਤ ਨਾ ਰਹਿੰਦੀ। ਪੌਲੁਸ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਉਸ ਲਈ ਮਸੀਹ ਦਾ ਚੇਲਾ ਹੋਣਾ ਬਹੁਤ ਸਨਮਾਨ ਦੀ ਗੱਲ ਸੀ ਜਿਸ ਕਰਕੇ ਉਹ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਸੀ।

16. ਲੁਸਤ੍ਰਾ ਵਿਚ ਪੌਲੁਸ ਨਾਲ ਕੀ ਹੋਇਆ ਸੀ?

16 ਜ਼ਰਾ ਸੋਚੋ ਕਿ ਪੌਲੁਸ ਦੇ ਜੋਸ਼ ਤੇ ਵਫ਼ਾਦਾਰੀ ਦਾ ਦੂਜਿਆਂ ’ਤੇ ਕਿੰਨਾ ਚੰਗਾ ਅਸਰ ਪਿਆ ਹੋਣਾ। ਰਸੂਲਾਂ ਦੇ ਕੰਮ 14:19, 20 ਵਿਚ ਦੱਸਿਆ ਹੈ ਕਿ ਲੁਸਤ੍ਰਾ ਵਿਚ ਪੌਲੁਸ ਨਾਲ ਕੀ ਹੋਇਆ ਸੀ: “ਅੰਤਾਕੀਆ ਅਤੇ ਇਕੁਨਿਉਮ ਤੋਂ ਯਹੂਦੀ ਆਏ ਅਤੇ ਉਨ੍ਹਾਂ ਨੇ ਭੀੜ ਨੂੰ ਭੜਕਾ ਕੇ ਆਪਣੇ ਮਗਰ ਲਾ ਲਿਆ ਅਤੇ ਉਨ੍ਹਾਂ ਨੇ ਪੌਲੁਸ ਨੂੰ ਪੱਥਰ ਮਾਰੇ ਅਤੇ ਮਰਿਆ ਸਮਝ ਕੇ ਉਸ ਨੂੰ ਘਸੀਟ ਕੇ ਸ਼ਹਿਰੋਂ ਬਾਹਰ ਲੈ ਗਏ। ਪਰ ਜਦੋਂ ਚੇਲੇ ਆ ਕੇ ਉਸ ਦੇ ਆਲੇ-ਦੁਆਲੇ ਖੜ੍ਹੇ ਹੋਏ, ਤਾਂ ਉਹ ਉੱਠਿਆ ਅਤੇ ਸ਼ਹਿਰ ਨੂੰ ਚਲਾ ਗਿਆ। ਅਗਲੇ ਦਿਨ, ਉਹ ਬਰਨਾਬਾਸ ਨਾਲ ਦਰਬੇ ਨੂੰ ਚਲਾ ਗਿਆ।” ਜ਼ਰਾ ਕਲਪਨਾ ਕਰੋ ਕਿ ਪੌਲੁਸ ਲਈ ਬੁਰੀ ਤਰ੍ਹਾਂ ਕੁੱਟ ਖਾਣ ਮਗਰੋਂ ਦੂਜੇ ਦਿਨ 100 ਕਿਲੋਮੀਟਰ (60 ਮੀਲ) ਦੂਰ ਪੈਦਲ ਤੁਰ ਕੇ ਜਾਣਾ ਕਿੰਨਾ ਮੁਸ਼ਕਲ ਹੋਇਆ ਹੋਣਾ!

17, 18. (ੳ) ਪੌਲੁਸ ਨਾਲ ਲੁਸਤ੍ਰਾ ਵਿਚ ਜੋ ਹੋਇਆ ਸੀ ਉਸ ਬਾਰੇ ਤਿਮੋਥਿਉਸ ਨੂੰ ਸ਼ਾਇਦ ਕਿਵੇਂ ਪਤਾ ਸੀ? (ਅ) ਇਨ੍ਹਾਂ ਗੱਲਾਂ ਦਾ ਤਿਮੋਥਿਉਸ ਦੇ ਦਿਲ-ਦਿਮਾਗ਼ ’ਤੇ ਕੀ ਅਸਰ ਪਿਆ?

17 ਕੀ ਤਿਮੋਥਿਉਸ ਪੌਲੁਸ ਦੇ ਨਾਲ ਸੀ ਜਦੋਂ ਉਸ ਨੂੰ ਪੱਥਰ ਮਾਰੇ ਗਏ ਸਨ? ਰਸੂਲਾਂ ਦੀ ਕਿਤਾਬ ਵਿਚ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ, ਪਰ ਸ਼ਾਇਦ ਉਹ ਪੌਲੁਸ ਦੇ ਨਾਲ ਹੋਵੇ। ਤਿਮੋਥਿਉਸ ਨੂੰ ਲਿਖੀ ਪੌਲੁਸ ਦੀ ਦੂਜੀ ਚਿੱਠੀ ’ਤੇ ਗੌਰ ਕਰੋ: “ਤੂੰ ਮੇਰੀ ਸਿੱਖਿਆ, ਮੇਰੀ ਜ਼ਿੰਦਗੀ, . . . ਨੂੰ ਨੇੜਿਓਂ ਦੇਖਿਆ ਹੈ। ਨਾਲੇ ਤੂੰ ਜਾਣਦਾ ਹੈਂ ਕਿ ਮੈਂ ਅੰਤਾਕੀਆ, ਇਕੁਨਿਉਮ ਤੇ ਲੁਸਤ੍ਰਾ ਵਰਗੀਆਂ ਥਾਵਾਂ ਵਿਚ ਕਿੰਨੇ ਅਤਿਆਚਾਰ ਤੇ ਦੁੱਖ ਸਹੇ ਸਨ। ਮੈਂ ਇਹ ਸਾਰੇ ਅਤਿਆਚਾਰ ਸਹੇ, ਪਰ ਪ੍ਰਭੂ ਨੇ ਮੈਨੂੰ ਇਨ੍ਹਾਂ ਸਾਰਿਆਂ ਵਿੱਚੋਂ ਬਚਾਇਆ।” ਤਿਮੋਥਿਉਸ ਜਾਣਦਾ ਸੀ ਕਿ ਯਹੂਦੀਆਂ ਨੇ ਉਸ ਨੂੰ ਅੰਤਾਕੀਆ ਵਿੱਚੋਂ ਬਾਹਰ ਕੱਢ ਦਿੱਤਾ ਸੀ, ਇਕੁਨਿਉਮ ਵਿਚ ਉਸ ਦੇ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਲੁਸਤ੍ਰਾ ਵਿਚ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ।—2 ਤਿਮੋ. 3:10, 11; ਰਸੂ. 13:50; 14:5, 19.

18 ਤਿਮੋਥਿਉਸ ਨੇ ਇਨ੍ਹਾਂ ਘਟਨਾਵਾਂ ਨੂੰ “ਨੇੜਿਓਂ ਦੇਖਿਆ” ਸੀ ਅਤੇ ਜਾਣਦਾ ਸੀ ਕਿ ਇਨ੍ਹਾਂ ਮੁਸ਼ਕਲਾਂ ਵਿਚ ਪੌਲੁਸ ਵਫ਼ਾਦਾਰ ਰਿਹਾ। ਇਨ੍ਹਾਂ ਗੱਲਾਂ ਦਾ ਤਿਮੋਥਿਉਸ ਦੇ ਦਿਲ-ਦਿਮਾਗ਼ ’ਤੇ ਡੂੰਘਾ ਅਸਰ ਪਿਆ। ਜਦੋਂ ਪੌਲੁਸ ਲੁਸਤ੍ਰਾ ਆਇਆ, ਤਾਂ ਉਸ ਨੇ ਦੇਖਿਆ ਕਿ ਤਿਮੋਥਿਉਸ ਇਕ ਵਧੀਆ ਮਸੀਹੀ ਦੇ ਤੌਰ ਤੇ ਜਾਣਿਆ ਜਾਂਦਾ ਸੀ। ਨਾਲੇ “ਲੁਸਤ੍ਰਾ ਅਤੇ ਇਕੁਨਿਉਮ ਦੇ ਭਰਾ ਉਸ ਦੀਆਂ ਬਹੁਤ ਸਿਫ਼ਤਾਂ ਕਰਦੇ ਸਨ।” (ਰਸੂ. 16:1, 2) ਸਮੇਂ ਦੇ ਬੀਤਣ ਨਾਲ ਤਿਮੋਥਿਉਸ ਭਾਰੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣ ਗਿਆ।—ਫ਼ਿਲਿ. 2:19, 20; 1 ਤਿਮੋ. 1:3.

19. ਸਾਡੀ ਵਫ਼ਾਦਾਰੀ ਦਾ ਨੌਜਵਾਨਾਂ ’ਤੇ ਕੀ ਅਸਰ ਪੈ ਸਕਦਾ ਹੈ?

19 ਜੇ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਲੱਗੇ ਰਹਿੰਦੇ ਹਾਂ, ਤਾਂ ਸਾਡੀ ਮਿਸਾਲ ਦੂਜਿਆਂ ਦੀ, ਖ਼ਾਸ ਕਰਕੇ ਨੌਜਵਾਨਾਂ ਦੀ ਯਹੋਵਾਹ ਦੇ ਵਧੀਆ ਸੇਵਕ ਬਣਨ ਵਿਚ ਮਦਦ ਕਰ ਸਕਦੀ ਹੈ। ਨੌਜਵਾਨ ਸਾਨੂੰ ਦੇਖਦੇ ਹਨ ਤੇ ਸਾਡੇ ਤੋਂ ਸਿੱਖਦੇ ਹਨ ਕਿ ਅਸੀਂ ਪ੍ਰਚਾਰ ਵਿਚ ਲੋਕਾਂ ਨਾਲ ਕਿਵੇਂ ਗੱਲਬਾਤ ਕਰਦੇ ਹਾਂ। ਨਾਲੇ ਉਹ ਇਹ ਵੀ ਸਿੱਖਦੇ ਹਨ ਕਿ ਅਸੀਂ ਜ਼ਿੰਦਗੀ ਵਿਚ ਔਖੀਆਂ ਘੜੀਆਂ ਦਾ ਸਾਮ੍ਹਣਾ ਕਿਵੇਂ ਕਰਦੇ ਹਾਂ। ਪੌਲੁਸ ਨੇ ਕਿਹਾ ਕਿ ਉਸ ਨੇ ‘ਸਭ ਕੁਝ ਇਸ ਲਈ ਸਹਿਆ’ ਤਾਂਕਿ ਵਫ਼ਾਦਾਰ ਰਹਿਣ ਵਾਲੇ ਲੋਕ “ਮੁਕਤੀ ਅਤੇ ਹਮੇਸ਼ਾ ਕਾਇਮ ਰਹਿਣ ਵਾਲੀ ਮਹਿਮਾ ਪਾ ਸਕਣ।”—2 ਤਿਮੋ. 2:10.

ਨੌਜਵਾਨ ਸਿਆਣੇ ਭੈਣਾਂ-ਭਰਾਵਾਂ ਦੀ ਵਫ਼ਾਦਾਰੀ ਦੀ ਕਦਰ ਕਰਦੇ ਹਨ

20. ਸਾਨੂੰ ਹਮੇਸ਼ਾ ਉਹ ਮਹਿਮਾ ਪਾਉਣ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ ਜੋ ਯਹੋਵਾਹ ਸਾਨੂੰ ਦਿੰਦਾ ਹੈ?

20 ਤਾਂ ਫਿਰ, ਕੀ ਸਾਨੂੰ ਉਹ ਮਹਿਮਾ ਪਾਉਣ ਦੀ ਲਗਾਤਾਰ ਕੋਸ਼ਿਸ਼ ਨਹੀਂ ਕਰਨੀ ਚਾਹੀਦੀ “ਜੋ ਇੱਕੋ-ਇਕ ਪਰਮੇਸ਼ੁਰ ਦਿੰਦਾ ਹੈ”? (ਯੂਹੰ. 5:44; 7:18) ਬਿਲਕੁਲ। (ਰੋਮੀਆਂ 2:6, 7 ਪੜ੍ਹੋ।) ਯਹੋਵਾਹ ਉਨ੍ਹਾਂ ਨੂੰ ‘ਹਮੇਸ਼ਾ ਦੀ ਜ਼ਿੰਦਗੀ ਦੇਵੇਗਾ ਜਿਹੜੇ ਚੰਗੇ ਕੰਮਾਂ ਵਿਚ ਲੱਗੇ ਰਹਿ ਕੇ ਮਹਿਮਾ ਪਾਉਣੀ ਚਾਹੁੰਦੇ ਹਨ।’ ਇਸ ਤੋਂ ਇਲਾਵਾ, ਅਸੀਂ “ਚੰਗੇ ਕੰਮਾਂ ਵਿਚ ਲੱਗੇ ਰਹਿ ਕੇ” ਦੂਜਿਆਂ ਦੀ ਵਫ਼ਾਦਾਰ ਰਹਿਣ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਵਿਚ ਮਦਦ ਕਰ ਸਕਦੇ ਹਾਂ। ਇਸ ਲਈ ਕੋਈ ਵੀ ਗੱਲ ਤੁਹਾਨੂੰ ਪਰਮੇਸ਼ੁਰ ਤੋਂ ਮਹਿਮਾ ਪਾਉਣ ਤੋਂ ਨਾ ਰੋਕੇ।