Skip to content

Skip to table of contents

 ਇਤਿਹਾਸ ਦੇ ਝਰੋਖੇ ਵਿੱਚੋਂ

ਪਲੈਟੋ

ਪਲੈਟੋ

ਪਲੈਟੋ (ਲਗਭਗ 427-347 ਈ. ਪੂ.) ਝੂਠੇ ਧਰਮ ਨੂੰ ਮੰਨਣ ਵਾਲਾ ਯੂਨਾਨੀ ਫ਼ਿਲਾਸਫ਼ਰ ਸੀ। ਉਹ ਐਥਿਨਜ਼ ਦੇ ਇਕ ਉੱਚੇ ਘਰਾਣੇ ਵਿਚ ਪੈਦਾ ਹੋਇਆ ਅਤੇ ਉਸ ਨੇ ਉੱਚੀ ਸਿੱਖਿਆ ਹਾਸਲ ਕੀਤੀ। ਉਸ ਉੱਤੇ ਪ੍ਰਸਿੱਧ ਫ਼ਿਲਾਸਫ਼ਰ ਸੁਕਰਾਤ ਅਤੇ ਫ਼ਿਲਾਸਫ਼ਰ ਤੇ ਗਣਿਤ-ਸ਼ਾਸਤਰੀ ਪਾਇਥਾਗੋਰਸ ਦੇ ਚੇਲਿਆਂ ਦਾ ਬਹੁਤ ਪ੍ਰਭਾਵ ਪਿਆ।

ਭੂਮੱਧ-ਸਾਗਰ ਦੇ ਆਲੇ-ਦੁਆਲੇ ਦੇ ਦੇਸ਼ਾਂ ਦਾ ਸਫ਼ਰ ਕਰਨ ਅਤੇ ਸਿਸਲੀ ਦੇ ਯੂਨਾਨੀ ਸ਼ਹਿਰ ਸੈਰਾਕੁਸ ਦੀ ਰਾਜਨੀਤੀ ਵਿਚ ਸ਼ਾਮਲ ਹੋਣ ਤੋਂ ਬਾਅਦ ਪਲੈਟੋ ਐਥਿਨਜ਼ ਵਾਪਸ ਆ ਗਿਆ ਜਿੱਥੇ ਉਸ ਨੇ “ਅਕੈਡਮੀ” ਦੀ ਨੀਂਹ ਰੱਖੀ। ਇਸ ਨੂੰ ਅਕਸਰ ਯੂਰਪ ਦੀ ਪਹਿਲੀ ਯੂਨੀਵਰਸਿਟੀ ਯਾਨੀ ਅਕੈਡਮੀ ਕਿਹਾ ਜਾਂਦਾ ਹੈ ਜੋ ਗਣਿਤ ਅਤੇ ਫ਼ਿਲਾਸਫ਼ੀ ਦੀ ਰਿਸਰਚ ਦਾ ਕੇਂਦਰ ਬਣ ਗਈ।

ਤੁਹਾਨੂੰ ਕਿਉਂ ਦਿਲਚਸਪੀ ਲੈਣੀ ਚਾਹੀਦੀ ਹੈ?

ਪਲੈਟੋ ਦੀਆਂ ਸਿੱਖਿਆਵਾਂ ਦਾ ਲੱਖਾਂ ਹੀ ਲੋਕਾਂ ਦੇ ਧਾਰਮਿਕ ਵਿਸ਼ਵਾਸਾਂ ਉੱਤੇ ਬਹੁਤ ਅਸਰ ਪਿਆ ਜਿਨ੍ਹਾਂ ਵਿਚ ਈਸਾਈ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਈ ਲੋਕਾਂ ਨੇ ਗ਼ਲਤੀ ਨਾਲ ਮੰਨ ਲਿਆ ਕਿ ਇਹ ਧਾਰਮਿਕ ਵਿਸ਼ਵਾਸ ਬਾਈਬਲ ’ਤੇ ਆਧਾਰਿਤ ਹਨ। ਪਲੈਟੋ ਦੀਆਂ ਸਿੱਖਿਆਵਾਂ ਵਿੱਚੋਂ ਇਕ ਮੁੱਖ ਸਿੱਖਿਆ ਹੈ ਕਿ ਇਨਸਾਨਾਂ ਦੇ ਮਰਨ ਤੋਂ ਬਾਅਦ ਆਤਮਾ ਅਮਰ ਹੋ ਜਾਂਦੀ ਹੈ।

“ਅਮਰ ਆਤਮਾ ਪਲੈਟੋ ਦਾ ਮਨ-ਪਸੰਦ ਵਿਸ਼ਾ ਹੈ।”—ਬਾਡੀ ਐਂਡ ਸੋਲ ਇਨ ਏਸ਼ੀਅੰਟ ਫ਼ਿਲਾਸਫ਼ੀ

ਪਲੈਟੋ ਨੂੰ ਮੌਤ ਤੋਂ ਬਾਅਦ ਦੇ ਜੀਵਨ ਵਿਚ ਡੂੰਘੀ ਦਿਲਚਸਪੀ ਸੀ। ਬਾਡੀ ਐਂਡ ਸੋਲ ਇਨ ਏਸ਼ੀਅੰਟ ਫ਼ਿਲਾਸਫ਼ੀ ਨਾਂ ਦੀ ਕਿਤਾਬ ਕਹਿੰਦੀ ਹੈ ਕਿ “ਆਤਮਾ ਦੀ ਅਮਰਤਾ ਪਲੈਟੋ ਦੇ ਮਨ-ਪਸੰਦ ਵਿਸ਼ਿਆਂ ਵਿੱਚੋਂ ਇਕ ਸੀ।” ਉਸ ਨੂੰ ਪੱਕਾ ਯਕੀਨ ਸੀ ਕਿ “ਜਦੋਂ ਸਰੀਰ ਮਰ ਜਾਂਦਾ ਹੈ, ਤਾਂ ਇਨਸਾਨ ਦਾ ਕੁਝ ਹਿੱਸਾ ਜੀਉਂਦਾ ਰਹਿੰਦਾ ਹੈ ਜਿਸ ਨੂੰ ਇਨਾਮ ਜਾਂ ਸਜ਼ਾ ਦਿੱਤੀ ਜਾਂਦੀ ਹੈ।” ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਉਸ ਨੇ ਧਰਤੀ ਉੱਤੇ ਜੀਉਂਦੇ ਹੁੰਦਿਆਂ ਕਿਹੋ ਜਿਹੇ ਕੰਮ ਕੀਤੇ ਸਨ। *

 ਪਲੈਟੋ ਦੀਆਂ ਸਿੱਖਿਆਵਾਂ ਕਿਵੇਂ ਫੈਲੀਆਂ?

ਪਲੈਟੋ ਦੀ ਅਕੈਡਮੀ ਨੌਂ ਸਦੀਆਂ ਦੌਰਾਨ (387 ਈ. ਪੂ. ਤੋਂ 529 ਈ. ਤਕ) ਬਹੁਤ ਪ੍ਰਭਾਵਸ਼ਾਲੀ ਰਹੀ। ਪਲੈਟੋ ਦੀਆਂ ਸਿੱਖਿਆਵਾਂ ਯੂਨਾਨ ਅਤੇ ਰੋਮ ਅਧੀਨ ਦੇਸ਼ਾਂ ਵਿਚ ਮਸ਼ਹੂਰ ਹੋ ਗਈਆਂ। ਯਹੂਦੀ ਫ਼ਿਲਾਸਫ਼ਰ ਸਿਕੰਦਰੀਆ ਦੇ ਫੀਲੋ ਨੇ ਪਲੈਟੋ ਦੇ ਵਿਚਾਰਾਂ ਨੂੰ ਅਪਣਾ ਲਿਆ ਜਿਵੇਂ ਈਸਾਈ-ਜਗਤ ਦੇ ਬਹੁਤ ਸਾਰੇ ਧਾਰਮਿਕ ਆਗੂਆਂ ਨੇ ਕੀਤਾ। ਨਤੀਜੇ ਵਜੋਂ, ਝੂਠੇ ਧਰਮਾਂ ਨੂੰ ਮੰਨਣ ਵਾਲੇ ਫ਼ਿਲਾਸਫ਼ਰਾਂ ਦੀਆਂ ਸਿੱਖਿਆਵਾਂ, ਜਿਨ੍ਹਾਂ ਵਿਚ ਅਮਰ ਆਤਮਾ ਦੀ ਸਿੱਖਿਆ ਵੀ ਸ਼ਾਮਲ ਹੈ, ਯਹੂਦੀ ਅਤੇ ਈਸਾਈ ਧਰਮ ਵਿਚ ਸਮਾ ਗਈਆਂ।

ਐਂਕਰ ਬਾਈਬਲ ਡਿਕਸ਼ਨਰੀ ਕਹਿੰਦੀ ਹੈ: ‘ਕੁਝ ਹੱਦ ਤਕ ਸਾਰਾ ਈਸਾਈ ਧਰਮ-ਸ਼ਾਸਤਰ ਆਪਣੇ ਜ਼ਮਾਨੇ ਦੇ ਯੂਨਾਨੀ ਫ਼ਲਸਫ਼ੇ, ਮੁੱਖ ਤੌਰ ਤੇ ਪਲੈਟੋ ਦੇ ਫ਼ਲਸਫ਼ੇ ਉੱਤੇ ਆਧਾਰਿਤ ਹੈ, ਇਸ ਲਈ ਕੁਝ ਈਸਾਈ ਦਾਰਸ਼ਨਿਕਾਂ ਨੂੰ ਪਲੈਟੋ ਨੂੰ ਮੰਨਣ ਵਾਲੇ ਕਹਿਣਾ ਸਹੀ ਹੋਵੇਗਾ।’ ਧਿਆਨ ਦਿਓ ਕਿ ਥੱਲੇ ਦੱਸੀਆਂ ਕਿਤਾਬਾਂ ਕੀ ਕਹਿੰਦੀਆਂ ਹਨ।

ਪਲੈਟੋ ਨੇ ਕੀ ਕਿਹਾ: “[ਮੌਤ ਹੋਣ ਤੇ] ਸਾਡੀ ਰੂਹ ਜਿਸ ਨੂੰ ਅਸੀਂ ਅਮਰ ਆਤਮਾ ਕਹਿੰਦੇ ਹਾਂ, ਦੂਜੇ ਦੇਵਤਿਆਂ ਦੀ ਹਜ਼ੂਰੀ ਵਿਚ ਚਲੀ ਜਾਂਦੀ ਹੈ ਜਿੱਥੇ . . . ਇਹ ਲੇਖਾ ਦਿੰਦੀ ਹੈ। ਚੰਗੇ ਲੋਕਾਂ ਦੀ ਆਤਮਾ ਦਲੇਰੀ ਨਾਲ ਉੱਥੇ ਜਾਂਦੀ ਹੈ, ਪਰ ਬੁਰੇ ਲੋਕਾਂ ਦੀ ਆਤਮਾ ਡਰ ਨਾਲ ਥਰ-ਥਰ ਕੰਬਦੀ ਹੈ।”—ਪਲੈਟੋ—ਨਿਯਮ, ਕਿਤਾਬ 12.

ਬਾਈਬਲ ਕੀ ਕਹਿੰਦੀ ਹੈ: ਇਨਸਾਨ ਇਕ ਜਾਨ ਹੈ ਤੇ ਜਾਨਵਰ ਵੀ ਜਾਨਾਂ ਹਨ। ਮੌਤ ਹੋਣ ਤੇ ਇਨਸਾਨ ਦਾ ਕੁਝ ਨਹੀਂ ਬਚਦਾ। * ਥੱਲੇ ਦੱਸੇ ਹਵਾਲਿਆਂ ’ਤੇ ਧਿਆਨ ਦਿਓ:

  • “ਪਹਿਲਾ ਆਦਮ ਜੀਉਂਦਾ ਇਨਸਾਨ ਬਣਿਆ।”1 ਕੁਰਿੰਥੀਆਂ 15:45.

  • “ਪਰਮੇਸ਼ੁਰ ਨੇ ਆਖਿਆ ਕਿ ਧਰਤੀ ਜੀਉਂਦੇ ਪ੍ਰਾਣੀਆਂ ਨੂੰ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਤੇ ਡੰਗਰਾਂ ਨੂੰ ਅਰ ਘਿੱਸਰਨ ਵਾਲਿਆਂ ਨੂੰ ਅਰ ਧਰਤੀ ਦੇ ਜਾਨਵਰਾਂ ਨੂੰ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਉਪਜਾਵੇ।”—ਉਤਪਤ 1:24.

  • ‘ਮੇਰੀ ਜਾਨ ਮਰੇ।’—ਗਿਣਤੀ 23:10.

  • “ਜਿਹੜੀ ਜਾਨ ਪਾਪ ਕਰਦੀ ਹੈ ਉਹੀ ਮਰੇਗੀ।”—ਹਿਜ਼ਕੀਏਲ 18:4.

ਇਸ ਤੋਂ ਸਪੱਸ਼ਟ ਹੈ ਕਿ ਬਾਈਬਲ ਨਹੀਂ ਸਿਖਾਉਂਦੀ ਕਿ ਸਰੀਰ ਦੇ ਮਰਨ ਤੋਂ ਬਾਅਦ ਆਤਮਾ ਜੀਉਂਦੀ ਰਹਿੰਦੀ ਹੈ। ਤਾਂ ਫਿਰ ਆਪਣੇ ਆਪ ਨੂੰ ਪੁੱਛੋ, ‘ਕੀ ਮੇਰੇ ਵਿਸ਼ਵਾਸ ਬਾਈਬਲ ’ਤੇ ਆਧਾਰਿਤ ਹਨ ਜਾਂ ਪਲੈਟੋ ਦੇ ਫ਼ਲਸਫ਼ੇ ’ਤੇ?’ (g13 02-E)

^ ਪੇਰਗ੍ਰੈਫ 7 ਭਾਵੇਂ ਪਲੈਟੋ ਨੇ ਅਮਰ ਆਤਮਾ ਦੀ ਸਿੱਖਿਆ ਫੈਲਾਈ, ਪਰ ਉਹ ਪਹਿਲਾ ਇਨਸਾਨ ਨਹੀਂ ਸੀ ਜਿਸ ਨੇ ਇਹ ਸਿੱਖਿਆ ਅਪਣਾਈ ਸੀ। ਇਹ ਸਿੱਖਿਆ ਵੱਖੋ-ਵੱਖਰੇ ਰੂਪਾਂ ਵਿਚ ਮਿਸਰ ਅਤੇ ਬਾਬਲ ਸਮੇਤ ਹੋਰ ਕਈ ਝੂਠੇ ਧਰਮਾਂ ਵਿਚ ਪਹਿਲਾਂ ਤੋਂ ਹੀ ਫੈਲੀ ਹੋਈ ਸੀ।

^ ਪੇਰਗ੍ਰੈਫ 12 ਬਾਈਬਲ ਸਿਖਾਉਂਦੀ ਹੈ ਕਿ ਮਰੇ ਲੋਕ ਮਾਨੋ ਸੁੱਤੇ ਪਏ ਹਨ ਤੇ ਦੁਬਾਰਾ ਜੀਉਂਦੇ ਹੋਣ ਦੀ ਉਡੀਕ ਕਰ ਰਹੇ ਹਨ। (ਉਪਦੇਸ਼ਕ ਦੀ ਪੋਥੀ 9:5; ਯੂਹੰਨਾ 11:11-14; ਰਸੂਲਾਂ ਦੇ ਕੰਮ 24:15) ਸੋ ਜੇ ਲੋਕ ਮਰ ਕੇ ਅਮਰ ਹੋ ਗਏ ਹਨ, ਤਾਂ ਫਿਰ ਉਨ੍ਹਾਂ ਨੂੰ ਮਰਨ ਅਤੇ ਦੁਬਾਰਾ ਜੀਉਂਦੇ ਹੋਣ ਦੀ ਕੋਈ ਲੋੜ ਹੀ ਨਹੀਂ।