Skip to content

Skip to table of contents

 ਮੁਲਾਕਾਤ | ਮਾਸੀਮੋ ਤਿਸਤਾਰੇਲੀ

ਰੋਬੋਟ ਬਣਾਉਣ ਵਾਲਾ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ

ਰੋਬੋਟ ਬਣਾਉਣ ਵਾਲਾ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ

ਇਟਲੀ ਦੇ ਸਾਸੱਰੀ ਸੂਬੇ ਦੀ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਮਾਸੀਮੋ ਤਿਸਤਾਰੇਲੀ ਇਕ ਵਿਗਿਆਨੀ ਹੈ। ਉਹ ਤਿੰਨ ਅੰਤਰਰਾਸ਼ਟਰੀ ਸਾਇੰਸ ਰਸਾਲਿਆਂ ਦਾ ਐਸੋਸੀਏਟ ਐਡੀਟਰ ਹੈ ਅਤੇ ਉਸ ਨੇ ਹੋਰ ਵਿਗਿਆਨੀਆਂ ਨਾਲ ਮਿਲ ਕੇ ਸਾਇੰਸ ਦੀਆਂ ਖੋਜਾਂ ’ਤੇ ਸੌ ਤੋਂ ਵੀ ਜ਼ਿਆਦਾ ਰਿਪੋਰਟਾਂ ਲਿਖੀਆਂ ਹਨ। ਉਹ ਇਸ ਗੱਲ ਦਾ ਅਧਿਐਨ ਕਰਦਾ ਹੈ ਕਿ ਇਨਸਾਨ ਚਿਹਰਿਆਂ ਨੂੰ ਕਿਵੇਂ ਪਹਿਚਾਣਦੇ ਹਨ ਅਤੇ ਗੇਂਦ ਕੈਚ ਕਰਨ ਵਰਗੇ ਆਸਾਨ ਜਾਪਦੇ ਕੰਮ ਕਿਵੇਂ ਕਰਦੇ ਹਨ। ਫਿਰ ਉਹ ਰੋਬੋਟ ਦੀਆਂ ਅੱਖਾਂ ਇਸ ਤਰੀਕੇ ਨਾਲ ਡੀਜ਼ਾਈਨ ਕਰਦਾ ਹੈ ਕਿ ਰੋਬੋਟ ਸਾਡੇ ਵਾਂਗ ਦੇਖ ਕੇ ਸਭ ਕੁਝ ਕਰ ਸਕਣ। ਜਾਗਰੂਕ ਬਣੋ! ਨੇ ਉਸ ਨੂੰ ਉਸ ਦੇ ਵਿਗਿਆਨ ਦੇ ਕਿੱਤੇ ਅਤੇ ਧਾਰਮਿਕ ਵਿਸ਼ਵਾਸਾਂ ਬਾਰੇ ਪੁੱਛਿਆ।

ਤੁਸੀਂ ਕਿਹੜੇ ਧਰਮ ਨੂੰ ਮੰਨਦੇ ਸੀ?

ਮੇਰੇ ਮਾਤਾ-ਪਿਤਾ ਕੈਥੋਲਿਕ ਸਨ, ਪਰ ਉਹ ਚਰਚ ਨਹੀਂ ਸੀ ਜਾਂਦੇ। ਜਵਾਨੀ ਵਿਚ ਮੈਨੂੰ ਨਾਸਤਿਕਵਾਦੀ ਵਿਚਾਰ ਜ਼ਿਆਦਾ ਚੰਗੇ ਲੱਗਦੇ ਸਨ। ਮੈਨੂੰ ਸਿਖਾਇਆ ਗਿਆ ਸੀ ਕਿ ਜ਼ਿੰਦਗੀ ਵਿਕਾਸਵਾਦ ਦੇ ਜ਼ਰੀਏ ਹੋਂਦ ਵਿਚ ਆਈ ਸੀ ਅਤੇ ਮੈਂ ਇਹ ਗੱਲ ਸੱਚ ਮੰਨ ਲਈ। ਭਾਵੇਂ ਮੈਂ ਮੰਨਦਾ ਨਹੀਂ ਸੀ ਕਿ ਕੋਈ ਸ੍ਰਿਸ਼ਟੀਕਰਤਾ ਹੈ, ਫਿਰ ਵੀ ਮੈਨੂੰ ਲੱਗਦਾ ਸੀ ਕਿ ਸਾਡੇ ਤੋਂ ਉੱਤਮ ਕੁਝ ਤਾਂ ਹੈ। ਇਹ ਜਾਣਨ ਲਈ ਮੈਂ ਬੁੱਧ ਧਰਮ, ਹਿੰਦੂ ਧਰਮ ਅਤੇ ਤਾਓਵਾਦ ਦੀਆਂ ਸਿੱਖਿਆਵਾਂ ਦਾ ਅਧਿਐਨ ਕਰਨ ਲੱਗ ਪਿਆ, ਪਰ ਮੈਨੂੰ ਤਸੱਲੀ ਨਹੀਂ ਹੋਈ।

ਕਿਹੜੀ ਗੱਲ ਨੇ ਵਿਗਿਆਨ ਵਿਚ ਤੁਹਾਡੀ ਦਿਲਚਸਪੀ ਜਗਾਈ?

ਬਚਪਨ ਤੋਂ ਹੀ ਮੈਂ ਮਸ਼ੀਨਾਂ ਵਿਚ ਰੁਚੀ ਰੱਖਦਾ ਸੀ। ਮੈਂ ਆਪਣੇ ਬਿਜਲੀ ਨਾਲ ਚੱਲਣ ਵਾਲੇ ਖਿਡੌਣਿਆਂ ਦੇ ਪੁਰਜੇ-ਪੁਰਜੇ ਕਰ ਦਿੰਦਾ ਸੀ ਤੇ ਫਿਰ ਉਨ੍ਹਾਂ ਨੂੰ ਦੁਬਾਰਾ ਜੋੜਦਾ ਸੀ। ਮੈਂ ਆਪਣੇ ਪਿਤਾ ਜੀ, ਜੋ ਟੈਲੀਕਮਿਊਨੀਕੇਸ਼ਨ ਇੰਜੀਨੀਅਰ ਸਨ, ਉੱਤੇ ਸਵਾਲਾਂ ਦੀ ਬੁਛਾੜ ਕਰ ਦਿੰਦਾ ਸੀ ਕਿ ਰੇਡੀਓ ਅਤੇ ਟੈਲੀਫ਼ੋਨ ਕਿਵੇਂ ਕੰਮ ਕਰਦੇ ਹਨ।

ਵਿਗਿਆਨੀ ਦੇ ਤੌਰ ਤੇ ਤੁਹਾਨੂੰ ਕੀ-ਕੀ ਕਰਨਾ ਪੈਂਦਾ ਹੈ?

ਮੈਂ ਜੇਨੋਆ ਦੀ ਯੂਨੀਵਰਸਿਟੀ ਵਿਚ ਇਲੈਕਟ੍ਰਾਨਿਕ ਇੰਜੀਨੀਅਰੀ ਕੀਤੀ ਅਤੇ ਫਿਰ ਮੈਂ ਡਿਗਰੀ ਹਾਸਲ ਕਰਨ ਲਈ ਰੀਸਰਚ ਕੀਤੀ ਕਿ ਰੋਬੋਟਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਹੈ। ਮੈਂ ਇਹ ਅਧਿਐਨ ਕਰਨ ਵਿਚ ਮਾਹਰ ਹੋ ਗਿਆ ਕਿ ਇਨਸਾਨ ਦੀਆਂ ਅੱਖਾਂ ਤੇ ਇਨ੍ਹਾਂ ਨਾਲ ਜੁੜੇ ਬਾਕੀ ਅੰਗ ਕਿਵੇਂ ਕੰਮ ਕਰਦੇ ਹਨ। ਫਿਰ ਇਨ੍ਹਾਂ ਦੀ ਨਕਲ ਕਰ ਕੇ ਮੈਂ ਵੱਖੋ-ਵੱਖਰੇ ਤਰੀਕਿਆਂ ਨਾਲ ਰੋਬੋਟਾਂ ਨੂੰ ਡੀਜ਼ਾਈਨ ਕਰਦਾ ਸੀ।

ਤੁਹਾਨੂੰ ਅੱਖਾਂ ਬਾਰੇ ਜਾਣਨ ਵਿਚ ਇੰਨੀ ਦਿਲਚਸਪੀ ਕਿਉਂ ਸੀ?

ਸਾਰਾ ਕੁਝ ਬਹੁਤ ਗੁੰਝਲਦਾਰ ਹੈ ਤੇ ਇਸ ਵਿਚ ਸਿਰਫ਼ ਅੱਖਾਂ ਹੀ ਸ਼ਾਮਲ ਨਹੀਂ ਹਨ।  ਅੱਖਾਂ ਨਾਲ ਹੋਰ ਵੀ ਅੰਗ ਜੁੜੇ ਹਨ ਜਿਨ੍ਹਾਂ ਕਰਕੇ ਅਸੀਂ ਉਹੀ ਕਰਦੇ ਹਾਂ ਜੋ ਅਸੀਂ ਦੇਖਦੇ ਹਾਂ। ਮਿਸਾਲ ਲਈ, ਸੋਚੋ ਕਿ ਗੇਂਦ ਕੈਚ ਕਰਨ ਲੱਗਿਆਂ ਕੀ ਹੁੰਦਾ ਹੈ। ਜਿਉਂ ਹੀ ਤੁਸੀਂ ਗੇਂਦ ਕੈਚ ਕਰਨ ਲਈ ਦੌੜਦੇ ਹੋ, ਤਾਂ ਤੁਹਾਡੀ ਅੱਖ ਦਾ ਲੈੱਨਜ਼ ਤੁਹਾਡੇ ਰੈਟੀਨਾ ਉੱਤੇ ਗੇਂਦ ਦੀ ਤਸਵੀਰ ਬਣਾਉਂਦਾ ਹੈ। ਇਹ ਤਸਵੀਰ ਜਿਸ ਤਰੀਕੇ ਨਾਲ ਰੈਟੀਨਾ ਤੋਂ ਪਾਰ ਜਾਵੇਗੀ, ਉਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਗੇਂਦ ਕਿਸ ਪਾਸਿਓਂ ਆ ਰਹੀ ਹੈ ਤੇ ਅੱਖ ਕਿਸ ਪਾਸੇ ਦੇਖਦੀ ਹੈ। ਤੁਸੀਂ ਆਮ ਤੌਰ ਤੇ ਆਪਣੀ ਨਜ਼ਰ ਗੇਂਦ ਉੱਤੇ ਟਿਕਾਈ ਰੱਖਦੇ ਹੋ। ਫਿਰ ਇਸ ਦੀ ਤਸਵੀਰ ਤੁਹਾਡੇ ਰੈਟੀਨਾ ’ਤੇ ਟਿਕ ਜਾਂਦੀ ਹੈ ਭਾਵੇਂ ਗੇਂਦ ਦੇ ਪਿੱਛੇ ਜੋ ਮਰਜ਼ੀ ਹਿਲ-ਜੁਲ ਹੁੰਦੀ ਹੋਵੇ।

ਇਸ ਦੇ ਨਾਲ-ਨਾਲ ਤੁਹਾਡੀਆਂ ਅੱਖਾਂ ਅਤੇ ਇਨ੍ਹਾਂ ਨਾਲ ਜੁੜੇ ਅੰਗ ਗੇਂਦ ਦੀ ਰਫ਼ਤਾਰ ਅਤੇ ਇਸ ਦੀ ਦਿਸ਼ਾ ਨੂੰ ਜਾਣ ਲੈਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਕੰਮ ਰੈਟੀਨਾ ’ਤੇ ਉਦੋਂ ਸ਼ੁਰੂ ਹੋ ਜਾਂਦਾ ਹੈ ਜਦੋਂ ਤੁਹਾਡੀਆਂ ਅੱਖਾਂ ਗੇਂਦ ਦੀ ਦਿਸ਼ਾ ਅਤੇ ਇਸ ਪਿੱਛੇ ਹੋ ਰਹੀ ਹਿਲ-ਜੁਲ ਦਾ ਅੰਦਾਜ਼ਾ ਲਾਉਂਦੀਆਂ ਹਨ। ਫਿਰ ਤੁਹਾਡੀ ਆਪਟਿਕ ਨਾੜੀ ਰੈਟੀਨਾ ਤੋਂ ਮਿਲੇ ਸੰਦੇਸ਼ ਨੂੰ ਦਿਮਾਗ਼ ਤਕ ਪਹੁੰਚਾਉਂਦੀ ਹੈ ਤੇ ਅੱਗੋਂ ਦਿਮਾਗ਼ ਇਸ ਜਾਣਕਾਰੀ ਨੂੰ ਪੜ੍ਹ ਲੈਂਦਾ ਹੈ ਅਤੇ ਤੁਹਾਨੂੰ ਗੇਂਦ ਕੈਚ ਕਰਨ ਲਈ ਉਕਸਾਉਂਦਾ ਹੈ। ਇਹ ਸਾਰੀ ਗੁੰਝਲਦਾਰ ਪ੍ਰਕ੍ਰਿਆ ਸਾਨੂੰ ਹੱਕੇ-ਬੱਕੇ ਕਰ ਦਿੰਦੀ ਹੈ।

ਕਿਹੜੀ ਗੱਲ ਨੇ ਤੁਹਾਨੂੰ ਸ੍ਰਿਸ਼ਟੀਕਰਤਾ ’ਤੇ ਵਿਸ਼ਵਾਸ ਕਰਨ ਲਈ ਪ੍ਰੇਰਿਆ?

ਮੈਂ 1990 ਵਿਚ ਕੁਝ ਮਹੀਨੇ ਡਬਲਿਨ, ਆਇਰਲੈਂਡ ਦੇ ਟ੍ਰਿਨਟੀ ਕਾਲਜ ਵਿਚ ਰੀਸਰਚ ਕਰਦਿਆਂ ਗੁਜ਼ਾਰੇ। ਜਦੋਂ ਮੈਂ ਤੇ ਮੇਰੀ ਪਤਨੀ ਬਾਰਬਰਾ ਘਰ ਵਾਪਸ ਆ ਰਹੇ ਸਾਂ, ਤਾਂ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਿਆ। ਅਸੀਂ ਮੇਰੀ ਭੈਣ ਨੂੰ ਵੀ ਮਿਲਣ ਗਏ ਜੋ ਯਹੋਵਾਹ ਦੀ ਗਵਾਹ ਹੈ। ਮੇਰੀ ਭੈਣ ਨੇ ਮੈਨੂੰ ਅੰਗ੍ਰੇਜ਼ੀ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਇਕ ਕਿਤਾਬ ਦਿੱਤੀ ਜਿਸ ਦਾ ਵਿਸ਼ਾ ਹੈ: ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਵਿਕਾਸਵਾਦ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਇਸ ਕਿਤਾਬ ਵਿਚ ਧਿਆਨ ਨਾਲ ਰੀਸਰਚ ਕਰ ਕੇ ਪਾਈ ਜਾਣਕਾਰੀ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਬਿਨਾਂ ਸੋਚੇ-ਸਮਝੇ ਵਿਕਾਸਵਾਦ ਦੀ ਥਿਊਰੀ ਨੂੰ ਮੰਨਣ ਲੱਗ ਪਿਆ ਸੀ। ਮਿਸਾਲ ਲਈ, ਮੈਂ ਸੋਚਿਆ ਕਿ ਫਾਸਿਲ (ਪਥਰਾਟ) ਰਿਕਾਰਡ ਇਸ ਥਿਊਰੀ ਦਾ ਪੱਕਾ ਸਬੂਤ ਸੀ। ਪਰ ਇਹ ਸੱਚ ਨਹੀਂ ਹੈ। ਦਰਅਸਲ ਮੈਂ ਜਿੰਨਾ ਜ਼ਿਆਦਾ ਵਿਕਾਸਵਾਦ ਦੀ ਥਿਊਰੀ ਦੀ ਖੋਜਬੀਨ ਕੀਤੀ, ਉੱਨਾ ਹੀ ਜ਼ਿਆਦਾ ਮੈਨੂੰ ਵਿਸ਼ਵਾਸ ਹੋ ਗਿਆ ਕਿ ਇਸ ਥਿਊਰੀ ਦਾ ਕੋਈ ਸਿਰ-ਪੈਰ ਨਹੀਂ ਹੈ।

ਮੈਂ ਰੋਬੋਟ ਬਣਾਉਣ ਦੇ ਆਪਣੇ ਕੰਮ ਬਾਰੇ ਸੋਚਿਆ। ਮੈਂ ਕਿਸ ਦੇ ਡੀਜ਼ਾਈਨ ਦੀ ਨਕਲ ਕਰ ਰਿਹਾ ਸੀ?

ਫਿਰ ਮੈਂ ਰੋਬੋਟ ਬਣਾਉਣ ਦੇ ਆਪਣੇ ਕੰਮ ਬਾਰੇ ਸੋਚਿਆ। ਮੈਂ ਕਿਸ ਦੇ ਡੀਜ਼ਾਈਨ ਦੀ ਨਕਲ ਕਰ ਰਿਹਾ ਸੀ? ਮੈਂ ਕਦੇ ਵੀ ਇਸ ਤਰ੍ਹਾਂ ਦਾ ਰੋਬੋਟ ਨਹੀਂ ਬਣਾ ਸਕਦਾ ਜੋ ਸਾਡੇ ਵਾਂਗ ਗੇਂਦ ਕੈਚ ਕਰ ਸਕੇ। ਰੋਬੋਟ ਸਿਰਫ਼ ਉਨ੍ਹਾਂ ਹਾਲਾਤਾਂ ਵਿਚ ਹੀ ਗੇਂਦ ਕੈਚ ਕਰ ਸਕਦਾ ਹੈ ਜਿਨ੍ਹਾਂ ਹਾਲਾਤਾਂ ਲਈ ਉਸ ਨੂੰ ਪ੍ਰੋਗ੍ਰਾਮ ਕੀਤਾ ਜਾਂਦਾ ਹੈ। ਹੋਰਨਾਂ ਹਾਲਾਤਾਂ ਵਿਚ ਉਹ ਇਸ ਤਰ੍ਹਾਂ ਨਹੀਂ ਕਰ ਸਕਦਾ। ਸਾਡੀ ਸਿੱਖਣ ਦੀ ਕਾਬਲੀਅਤ ਕਿਸੇ ਵੀ ਮਸ਼ੀਨ ਨਾਲੋਂ ਉੱਤਮ ਹੈ ਤੇ ਇਹ ਮਾਮੂਲੀ ਮਸ਼ੀਨਾਂ ਤਾਂ ਸਿਰਫ਼ ਇਨਸਾਨਾਂ ਨੇ ਬਣਾਈਆਂ ਹਨ! ਕਈ ਕਾਰਨਾਂ ਵਿੱਚੋਂ ਇਕ ਕਾਰਨ ਇਹ ਹੈ ਜਿਸ ਕਰਕੇ ਮੈਂ ਮੰਨਣ ਲੱਗ ਪਿਆ ਕਿ ਕੋਈ ਤਾਂ ਹੈ ਜਿਸ ਨੇ ਸਾਨੂੰ ਬਣਾਇਆ ਹੈ।

ਤੁਸੀਂ ਯਹੋਵਾਹ ਦੇ ਗਵਾਹ ਕਿਉਂ ਬਣੇ?

ਇਕ ਕਾਰਨ ਇਹ ਹੈ ਕਿ ਮੈਂ ਅਤੇ ਬਾਰਬਰਾ ਉਨ੍ਹਾਂ ਦੇ ਚੰਗੀ ਤਰ੍ਹਾਂ ਅਧਿਐਨ ਕਰਨ ਦੇ ਤਰੀਕੇ ਪਸੰਦ ਕਰਦੇ ਸੀ। ਮੈਨੂੰ ਖ਼ਾਸ ਤੌਰ ਤੇ ਉਨ੍ਹਾਂ ਵੱਲੋਂ ਕੀਤੀ ਰੀਸਰਚ ਬਹੁਤ ਚੰਗੀ ਲੱਗੀ ਜੋ ਉਹ ਆਪਣੇ ਪ੍ਰਕਾਸ਼ਨਾਂ ਵਿਚ ਛਾਪਦੇ ਹਨ। ਡੂੰਘੀ ਰੀਸਰਚ ਮੇਰੇ ਵਰਗੇ ਲੋਕਾਂ ਨੂੰ ਭਾਉਂਦੀ ਹੈ ਜੋ ਚੀਜ਼ਾਂ ਦੀ ਿਨੱਕੀ-ਿਨੱਕੀ ਗੱਲ ’ਤੇ ਖੋਜ ਕਰਨੀ ਚਾਹੁੰਦੇ ਹਨ। ਮਿਸਾਲ ਲਈ, ਮੈਂ ਬਾਈਬਲ ਵਿਚਲੀਆਂ ਕਈ ਭਵਿੱਖਬਾਣੀਆਂ ਵਿਚ ਗਹਿਰੀ ਦਿਲਚਸਪੀ ਲੈਣ ਲੱਗ ਪਿਆ। ਇਨ੍ਹਾਂ ਦਾ ਅਧਿਐਨ ਕਰ ਕੇ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਬਾਈਬਲ ਪਰਮੇਸ਼ੁਰ ਨੇ ਲਿਖਵਾਈ ਹੈ। 1992 ਵਿਚ ਮੈਂ ਅਤੇ ਬਾਰਬਰਾ ਬਪਤਿਸਮਾ ਲੈ ਕੇ ਯਹੋਵਾਹ ਦੇ ਗਵਾਹ ਬਣ ਗਏ।

ਕੀ ਸਾਇੰਸ ਦੀ ਸਟੱਡੀ ਕਰ ਕੇ ਤੁਹਾਡੀ ਨਿਹਚਾ ਕਮਜ਼ੋਰ ਹੋਈ?

ਨਹੀਂ, ਸਗੋਂ ਸਾਇੰਸ ਨੇ ਮੇਰੀ ਨਿਹਚਾ ਪੱਕੀ ਕੀਤੀ ਹੈ। ਮਿਸਾਲ ਲਈ, ਸੋਚੋ ਕਿ ਅਸੀਂ ਚਿਹਰਿਆਂ ਨੂੰ ਕਿਵੇਂ ਪਛਾਣਦੇ ਹਾਂ। ਬੱਚਾ ਜਨਮ ਲੈਣ ਤੋਂ ਕੁਝ ਹੀ ਘੰਟਿਆਂ ਬਾਅਦ ਇਸ ਤਰ੍ਹਾਂ ਕਰ ਸਕਦਾ ਹੈ। ਮੈਂ ਤੇ ਤੁਸੀਂ ਇਕਦਮ ਭੀੜ ਵਿੱਚੋਂ ਕਿਸੇ ਦਾ ਚਿਹਰਾ ਝੱਟ ਪਛਾਣ ਲੈਂਦੇ ਹਾਂ ਜਿਸ ਨੂੰ ਅਸੀਂ ਜਾਣਦੇ ਹਾਂ। ਅਸੀਂ ਤਾਂ ਉਨ੍ਹਾਂ ਨੂੰ ਦੇਖ ਕੇ ਇਹ ਵੀ ਜਾਣ ਜਾਂਦੇ ਹਾਂ ਕਿ ਉਹ ਉਦਾਸ ਹੈ ਜਾਂ ਖ਼ੁਸ਼। ਪਰ ਅਸੀਂ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਹੁੰਦੇ ਹਾਂ ਕਿ ਸਾਡੇ ਦਿਮਾਗ਼ ਵਿਚ ਕਿੰਨੀ ਜਲਦੀ ਇੰਨੀ ਸਾਰੀ ਜਾਣਕਾਰੀ ਚਲੀ ਜਾਂਦੀ ਹੈ।

ਮੈਨੂੰ ਪੂਰਾ ਯਕੀਨ ਹੈ ਕਿ ਸਾਡੀਆਂ ਅੱਖਾਂ ਅਤੇ ਇਨ੍ਹਾਂ ਨਾਲ ਜੁੜੇ ਬਾਕੀ ਅੰਗ ਯਹੋਵਾਹ ਪਰਮੇਸ਼ੁਰ ਤੋਂ ਅਨਮੋਲ ਤੋਹਫ਼ਾ ਹਨ। ਮੈਂ ਯਹੋਵਾਹ ਦੇ ਸਾਰੇ ਤੋਹਫ਼ਿਆਂ ਲਈ, ਜਿਨ੍ਹਾਂ ਵਿਚ ਬਾਈਬਲ ਵੀ ਹੈ, ਉਸ ਦਾ ਧੰਨਵਾਦ ਕਰਦਾ ਹਾਂ ਅਤੇ ਦੂਸਰਿਆਂ ਨੂੰ ਉਸ ਬਾਰੇ ਦੱਸਦਾ ਹਾਂ। ਸੋ ਮੈਨੂੰ ਇਹੀ ਸਹੀ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਬਣਾਉਣ ਦਾ ਸਿਹਰਾ ਉਸ ਨੂੰ ਹੀ ਜਾਣਾ ਚਾਹੀਦਾ ਹੈ। (g13 02-E)