Skip to content

Skip to table of contents

ਰੱਬ ਦੀ ਬਰਕਤ ਧਨ-ਦੌਲਤ ਤੋਂ ਵੀ ਬਿਹਤਰ ਹੈ

ਰੱਬ ਦੀ ਬਰਕਤ ਧਨ-ਦੌਲਤ ਤੋਂ ਵੀ ਬਿਹਤਰ ਹੈ

ਯਾਨ ਤੇ ਉਸ ਦੀ ਪਤਨੀ ਅਮਰੀਕਾ ਵਿਚ ਰਹਿੰਦੇ ਹਨ। ਯਾਨ ਦੀ ਬਹੁਤ ਚੰਗੀ ਨੌਕਰੀ ਹੁੰਦੀ ਸੀ। ਉਸ ਨੇ ਛੋਟੀ ਹੀ ਉਮਰ ਵਿਚ ਦੁਨੀਆਂ ਦੀ ਸੈਰ ਕਰ ਲਈ ਤੇ ਬਹੁਤ ਪੈਸਾ ਬਣਾ ਲਿਆ ਸੀ। ਉਨ੍ਹਾਂ ਦਾ ਬਹੁਤ ਸੋਹਣਾ ਘਰ ਸੀ ਅਤੇ ਉਹ ਐਸ਼ੋ-ਆਰਾਮ ਦੀ ਜ਼ਿੰਦਗੀ ਜੀ ਰਹੇ ਸਨ। ਦੁਨੀਆਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਕੋਲ ਸਭ ਕੁਝ ਸੀ।

ਕੋਸਟਾਸ * ਦੀ ਵੀ ਮਿਸਾਲ ਵੱਲ ਧਿਆਨ ਦਿਓ। ਉਸ ਨੂੰ ਇਕ ਵੱਡੇ ਯੂਰਪੀ ਬੈਂਕ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਦਰਅਸਲ 5,000 ਉਮੀਦਵਾਰਾਂ ਵਿੱਚੋਂ ਸਿਰਫ਼ 80 ਜਣੇ ਇਸ ਨੌਕਰੀ ਲਈ ਚੁਣੇ ਗਏ ਸਨ। ਕੋਸਟਾਸ ਉਨ੍ਹਾਂ ਵਿੱਚੋਂ ਇਕ ਸੀ। ਕੁਝ ਹੀ ਸਾਲਾਂ ਵਿਚ ਉਸ ਦੀ ਕਈ ਵਾਰ ਪ੍ਰੋਮੋਸ਼ਨ ਹੋਈ। ਫਿਰ ਉਸ ਨੂੰ ਇਕ ਹੋਰ ਬੈਂਕ ਵਿਚ ਇਕ ਅਹਿਮ ਵਿਭਾਗ ਦਾ ਹੈੱਡ ਬਣਾਇਆ ਗਿਆ। ਜਦ ਉਸ ਨੇ ਇਹ ਨੌਕਰੀ ਛੱਡ ਕੇ ਆਪਣੀ ਕੰਪਨੀ ਸ਼ੁਰੂ ਕੀਤੀ, ਤਾਂ ਉਹ ਇਕ ਸਾਲ ਵਿਚ ਉੱਨਾ ਪੈਸਾ ਕਮਾ ਰਿਹਾ ਸੀ ਜਿੰਨਾ ਆਮ ਲੋਕ ਆਪਣੀ ਪੂਰੀ ਜ਼ਿੰਦਗੀ ਵਿਚ ਵੀ ਨਹੀਂ ਕਮਾਉਂਦੇ। ਉਸ ਨੂੰ ਲੱਗਾ ਕਿ ਉਸ ਕੋਲ ਸਭ ਕੁਝ ਸੀ।

ਪਰ ਹੁਣ ਇਨ੍ਹਾਂ ਦੋਹਾਂ ਆਦਮੀਆਂ ਨੂੰ ਯਕੀਨ ਹੈ ਕਿ ਧਨ-ਦੌਲਤ ਨਹੀਂ, ਸਗੋਂ ਰੱਬ ਦੀ ਬਰਕਤ ਬਿਹਤਰ ਹੈ। ਅੱਜ ਯਾਨ ਮੁਫ਼ਤ ਵਿਚ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦਿੰਦਾ ਹੈ ਤਾਂਕਿ ਉਹ ਰੱਬ ਨੂੰ ਹੋਰ ਚੰਗੀ ਤਰ੍ਹਾਂ ਜਾਣਨ। ਉਹ ਕਹਿੰਦਾ ਹੈ: “ਮੈਂ ਆਪਣੇ ਤਜਰਬੇ ਤੋਂ ਦੱਸ ਸਕਦਾ ਹਾਂ ਕਿ ਤੁਸੀਂ ਧਨ-ਦੌਲਤ ਨਾਲ ਖ਼ੁਸ਼ੀ ਨਹੀਂ ਖ਼ਰੀਦ ਸਕਦੇ। ਤੁਹਾਡਾ ਸਾਰਾ ਜ਼ੋਰ ਪੈਸਾ ਕਮਾਉਣ ਵਿਚ ਲੱਗ ਜਾਂਦਾ ਹੈ ਅਤੇ ਹੋਰਨਾਂ ਕੰਮਾਂ ਲਈ ਸਮਾਂ ਨਹੀਂ ਬਚਦਾ। ਪਰ ਬਾਈਬਲ ਦੇ ਅਸੂਲਾਂ ਉੱਤੇ ਚੱਲ ਕੇ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ ਜਿਵੇਂ ਕਿ ਵਿਆਹੁਤਾ ਜ਼ਿੰਦਗੀ ਵਿਚ ਸੁਖ ਅਤੇ ਮਨ ਦੀ ਸ਼ਾਂਤੀ।”

ਕੋਸਟਾਸ ਕਹਿੰਦਾ ਹੈ: “ਰੱਬ ਨਹੀਂ ਚਾਹੁੰਦਾ ਕਿ ਅਸੀਂ ਪੈਸੇ ਦੇ ਮਗਰ ਲੱਗੇ ਰਹੀਏ। ਮੇਰਾ ਵਿਸ਼ਵਾਸ ਹੈ ਕਿ ਸਾਡੀਆਂ ਲੋੜਾਂ ਤੋਂ ਵੱਧ ਜੋ ਕੁਝ ਵੀ ਰੱਬ ਸਾਨੂੰ ਦਿੰਦਾ ਹੈ, ਸਾਨੂੰ ਉਹ ਉਸ ਦੇ ਕੰਮਾਂ ਲਈ ਵਰਤਣਾ ਚਾਹੀਦਾ ਹੈ।” ਹੁਣ ਕੋਸਟਾਸ ਅਤੇ ਉਸ ਦਾ ਪਰਿਵਾਰ ਹੋਰ ਭਾਸ਼ਾ ਸਿੱਖ ਰਹੇ ਹਨ ਤਾਂਕਿ ਉਹ ਹੋਰਨਾਂ ਲੋਕਾਂ ਨੂੰ ਬਾਈਬਲ ਬਾਰੇ ਸਿਖਾਉਣ। ਉਹ ਕਹਿੰਦਾ ਹੈ: “ਅਸੀਂ ਦੇਖਿਆ ਹੈ ਕਿ ਸਾਨੂੰ ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”—ਰਸੂਲਾਂ ਦੇ ਕਰਤੱਬ 20:35.

ਯਾਨ ਅਤੇ ਕੋਸਟਾਸ ਦੋਹਾਂ ਨੇ ਸਿੱਖਿਆ ਹੈ ਕਿ ਰੱਬ ਦੀ ਮਿਹਰ ਧਨ-ਦੌਲਤ ਜੋੜਨ ਨਾਲੋਂ ਜ਼ਿਆਦਾ ਕੀਮਤੀ ਹੈ। ਹਾਰਵਰਡ ਯੂਨੀਵਰਸਿਟੀ ਦੇ ਇਕ ਪ੍ਰੋਫ਼ੈਸਰ ਨੇ ਕਿਹਾ ਕਿ ਕੁਝ ਡਾਕਟਰਾਂ ਨੇ “ਇਹ ਪਤਾ ਕਰਨ ਲਈ ਕਈ ਸਾਲਾਂ ਤੋਂ ਰਿਸਰਚ ਕੀਤੀ ਹੈ ਕਿ ਧਨ ਅਤੇ ਖ਼ੁਸ਼ੀ ਦਾ ਕੀ ਮੇਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦ ਪੈਸਾ ਲੋਕਾਂ ਨੂੰ ਘੋਰ ਗ਼ਰੀਬੀ ਵਿੱਚੋਂ ਕੱਢਦਾ ਹੈ, ਤਾਂ ਇਹ ਲੋਕਾਂ ਦੀ ਖ਼ੁਸ਼ੀ ਨੂੰ ਵਧਾਉਂਦਾ ਹੈ। ਲੇਕਿਨ ਇਸ ਤੋਂ ਬਾਅਦ ਪੈਸਾ ਲੋਕਾਂ ਦੀ ਖ਼ੁਸ਼ੀ ਨੂੰ ਬਹੁਤਾ ਨਹੀਂ ਵਧਾਉਂਦਾ।”

ਪੈਸਾ ਖ਼ੁਸ਼ੀ ਨਹੀਂ ਖ਼ਰੀਦ ਸਕਦਾ

ਕਿਸੇ ਨੇ ਠੀਕ ਹੀ ਕਿਹਾ ਹੈ ਕਿ “ਇਕ ਵਾਰ ਜਦ ਕੋਈ ਗ਼ਰੀਬੀ ਵਿੱਚੋਂ ਨਿਕਲ ਆਵੇ, ਤਾਂ ਇਸ ਤੋਂ ਬਾਅਦ ਤਨਖ਼ਾਹ ਵਧਣ ਨਾਲ ਉਸ ਦੀ ਖ਼ੁਸ਼ੀ ਇੰਨੀ ਨਹੀਂ ਵਧਦੀ।” ਤਕਰੀਬਨ ਸੌ ਸਾਲ ਪਹਿਲਾਂ ਇਕ ਰਿਪੋਰਟਰ ਨੂੰ ਇਸ ਗੱਲ ਦੀ ਸੱਚਾਈ ਪਤਾ ਲੱਗੀ। ਉਸ ਨੇ ਸਟੀਲ ਇੰਡਸਟਰੀ ਦੇ ਇਕ ਮੋਢੀ ਐਂਡਰੂ ਕਾਰਨੀਜੀ ਦੀ ਇੰਟਰਵਿਊ ਲਈ ਜੋ ਉਸ ਸਮੇਂ ਦੁਨੀਆਂ ਦੇ ਸਭ ਤੋਂ ਅਮੀਰ ਬੰਦਿਆਂ ਵਿੱਚੋਂ ਇਕ ਸੀ। ਕਾਰਨੀਜੀ ਨੇ ਉਸ ਨੂੰ ਦੱਸਿਆ: “ਲੋਕਾਂ ਨੂੰ ਮੇਰੇ ਨਾਲ ਈਰਖਾ ਨਹੀਂ ਹੋਣੀ ਚਾਹੀਦੀ। ਮੇਰੀ ਦੌਲਤ ਕਿਸ ਕੰਮ ਦੀ ਹੈ? ਮੈਂ 60 ਸਾਲਾਂ ਦਾ ਹਾਂ ਅਤੇ ਮੈਨੂੰ ਤਾਂ ਖਾਣਾ ਵੀ ਨਹੀਂ ਪਚਦਾ। ਮੈਂ ਫਿਰ ਤੋਂ ਜਵਾਨ ਅਤੇ ਸਿਹਤਮੰਦ ਹੋਣ ਲਈ ਆਪਣਾ ਸਾਰਾ ਪੈਸਾ ਦੇਣ ਨੂੰ ਤਿਆਰ ਹਾਂ।”

ਰਿਪੋਰਟਰ ਨੇ ਅੱਗੇ ਦੱਸਿਆ: “ਸ਼੍ਰੀਮਾਨ ਕਾਰਨੀਜੀ ਦਾ ਚਿਹਰਾ ਇਕਦਮ ਬਦਲ ਗਿਆ। ਦੁੱਖ ਅਤੇ ਕੁੜੱਤਣ ਨਾਲ ਉਸ ਨੇ ਹੌਲੀ ਆਵਾਜ਼ ਵਿਚ ਕਿਹਾ, “ਆਪਣੀ ਜ਼ਿੰਦਗੀ ਦੁਬਾਰਾ ਜੀਣ ਲਈ ਮੈਂ ਆਪਣਾ ਸਭ ਕੁਝ ਦੇਣ ਲਈ ਤਿਆਰ ਹਾਂ।” ਪੈਟਰੋਲੀਅਮ ਦੇ ਵੱਡੇ ਬਿਜ਼ਨਿਸਮੈਨ ਕਰੋੜਪਤੀ ਪੌਲ ਗੈਟੀ ਨੇ ਵੀ ਪੈਸੇ ਬਾਰੇ ਇਹੀ ਕਿਹਾ: “ਇਹ ਜ਼ਰੂਰੀ ਨਹੀਂ ਕਿ ਪੈਸੇ ਦਾ ਖ਼ੁਸ਼ੀ ਨਾਲ ਕੋਈ ਸੰਬੰਧ ਹੈ। ਸ਼ਾਇਦ ਦੁੱਖ ਨਾਲ ਹੈ।”

ਤੁਸੀਂ ਸ਼ਾਇਦ ਉਸ ਬਾਈਬਲ ਦੇ ਲਿਖਾਰੀ ਨਾਲ ਸਹਿਮਤ ਹੋਵੋ ਜਿਸ ਨੇ ਰੱਬ ਅੱਗੇ ਦੁਆ ਕੀਤੀ: “ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇਹ, ਮੇਰੀ ਲੋੜ ਜੋਗੀ ਰੋਟੀ ਮੈਨੂੰ ਖਿਲਾ, ਮਤੇ ਮੈਂ ਰੱਜ ਪੁੱਜ ਕੇ ਮੁੱਕਰ ਜਾਵਾਂ ਅਤੇ ਆਖਾਂ ‘ਯਹੋਵਾਹ ਕੌਣ ਹੈ?’ ਅਥਵਾ ਕਿਤੇ ਮੈਂ ਥੁੜਿਆ ਹੋਇਆ ਹੋਵਾਂ ਤੇ ਚੋਰੀ ਕਰਾਂ, ਅਤੇ ਆਪਣੇ ਪਰਮੇਸ਼ੁਰ ਦੇ ਨਾਮ ਦੀ ਭੰਡੀ ਕਰਾਂ।”—ਕਹਾਉਤਾਂ 30:8, 9.

ਪ੍ਰਾਚੀਨ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਕਿਹਾ: “ਮੈਂ ਵੱਡਾ ਹੋਇਆ ਅਤੇ ਜਿਹੜੇ ਮੈਥੋਂ ਪਹਿਲਾਂ ਯਰੂਸ਼ਲਮ ਵਿੱਚ ਹੋਏ ਸਨ ਓਹਨਾਂ ਸਭਨਾਂ ਨਾਲੋਂ ਬਹੁਤ ਵਾਧਾ ਕੀਤਾ।” ਪਰ ਫਿਰ ਉਸ ਨੇ ਕਿਹਾ: ‘ਇਹ ਸਾਰੇ ਦਾ ਸਾਰਾ ਵਿਅਰਥ ਅਤੇ ਹਵਾ ਦਾ ਫੱਕਣਾ ਸੀ।’ ਸੁਲੇਮਾਨ ਨੇ ਇਹ ਵੀ ਕਿਹਾ ਕਿ “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।”—ਉਪਦੇਸ਼ਕ ਦੀ ਪੋਥੀ 2:9-11; 5:12, 13; ਕਹਾਉਤਾਂ 10:22.

ਸੋਚ-ਸਮਝ ਕੇ ਪੈਸੇ ਖ਼ਰਚਣ ਨਾਲ ਅਸੀਂ ਜ਼ਿਆਦਾ ਖ਼ੁਸ਼ ਹੋ ਸਕਦੇ ਹਾਂ

ਅਣਗਿਣਤ ਬਰਕਤਾਂ

ਸਾਨੂੰ ਸੱਚੀ ਖ਼ੁਸ਼ੀ ਸਿਰਫ਼ ਉਦੋਂ ਮਿਲ ਸਕਦੀ ਹੈ ਜਦ ਅਸੀਂ ਰੱਬ ਨਾਲ ਰਿਸ਼ਤਾ ਜੋੜਦੇ ਹਾਂ। ਜਦ ਅਸੀਂ ਰੱਬ ਦੀ ਸੇਵਾ ਕਰਦੇ ਹਾਂ, ਤਾਂ ਉਹ ਸਾਡੀ ਝੋਲੀ ਬਰਕਤਾਂ ਨਾਲ ਭਰ ਦਿੰਦਾ ਹੈ।

ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਸਾਨੂੰ ਹਮੇਸ਼ਾ ਪੈਸੇ ਦੀ ਚਿੰਤਾ ਨਹੀਂ ਕਰਨੀ ਪਵੇਗੀ। ਬਾਈਬਲ ਸਾਨੂੰ ਉਸ ਸਮੇਂ ਬਾਰੇ ਦੱਸਦੀ ਹੈ ਜਦ ਇਸ ਲਾਲਚੀ ਅਤੇ ਬੇਈਮਾਨ ਦੁਨੀਆਂ ਦਾ ਅੰਤ ਹੋਵੇਗਾ। (1 ਯੂਹੰਨਾ 2:15-17) ਫਿਰ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਲੋਕ ਰੱਬ ਦੇ ਧਰਮੀ ਅਸੂਲਾਂ ਉੱਤੇ ਚੱਲਣਗੇ। ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਸਾਰੀ ਧਰਤੀ ਸੁੰਦਰ ਬਣਾਈ ਜਾਵੇਗੀ ਜਿਵੇਂ ਪਹਿਲਾਂ ਇਨਸਾਨਾਂ ਲਈ ਬਣਾਈ ਗਈ ਸੀ। ਇਹ ਕਿੰਨੀ ਵੱਡੀ ਬਰਕਤ ਹੋਵੇਗੀ ਜਦ ਧਰਤੀ ਉੱਤੇ ਸੁਖ, ਸ਼ਾਂਤੀ ਅਤੇ ਪਿਆਰ ਦਾ ਬੋਲਬਾਲਾ ਹੋਵੇਗਾ!—ਯਸਾਯਾਹ 2:2-4; 2 ਪਤਰਸ 3:13; 1 ਯੂਹੰਨਾ 4:8-11.

ਪਰਮੇਸ਼ੁਰ ਦੀ ਸੇਵਾ ਕਰਨ ਨਾਲ ਸਾਡੀਆਂ ਜ਼ਿੰਦਗੀਆਂ ਹੋਰ ਖ਼ੁਸ਼ਹਾਲ ਹੋ ਸਕਦੀਆਂ ਹਨ

ਉਸ ਸਮੇਂ ਸਾਡੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰੀ ਹੋਈ ਹੋਵੇਗੀ। ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ। ਸਾਰੇ ਰੱਜ ਕੇ ਖਾਣਗੇ, ਉਨ੍ਹਾਂ ਦਾ ਆਪਣਾ ਘਰ ਹੋਵੇਗਾ ਅਤੇ ਉਨ੍ਹਾਂ ਨੂੰ ਆਪਣੇ ਹੱਥਾਂ ਦੀ ਮਿਹਨਤ ਦਾ ਫਲ ਮਿਲੇਗਾ। ਇਨਸਾਨ ਇਨ੍ਹਾਂ ਹਾਲਾਤਾਂ ਵਿਚ ਹਮੇਸ਼ਾ ਲਈ ਧਰਤੀ ਉੱਤੇ ਜੀਣਗੇ। ਗ਼ਰੀਬੀ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ।—ਜ਼ਬੂਰਾਂ ਦੀ ਪੋਥੀ 72:16; ਯਸਾਯਾਹ 65:21-23; ਮੀਕਾਹ 4:4.

ਸੱਚੇ ਪਰਮੇਸ਼ੁਰ ਯਹੋਵਾਹ ਉੱਤੇ ਵਿਸ਼ਵਾਸ ਕਰਨ ਵਾਲੇ ਲੋਕ ਨਿਰਾਸ਼ ਨਹੀਂ ਹੋਣਗੇ। (ਰੋਮੀਆਂ 10:11-13) ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਅਸੀਂ ਧਨ-ਦੌਲਤ ਉੱਤੇ ਭਰੋਸਾ ਰੱਖਣ ਦੀ ਬਜਾਇ ਪਰਮੇਸ਼ੁਰ ਉੱਤੇ ਭਰੋਸਾ ਰੱਖੀਏ!—1 ਤਿਮੋਥਿਉਸ 6:6-10. (g09 03)

^ ਪੈਰਾ 3 ਨਾਂ ਬਦਲਿਆ ਗਿਆ ਹੈ।