ਕਹਾਉਤਾਂ 10:1-32

  • ਬੁੱਧੀਮਾਨ ਪੁੱਤਰ ਆਪਣੇ ਪਿਤਾ ਨੂੰ ਖ਼ੁਸ਼ ਕਰਦਾ (1)

  • ਮਿਹਨਤੀ ਹੱਥ ਅਮੀਰ ਬਣਾਉਂਦੇ ਹਨ (4)

  • ਬਹੁਤੀਆਂ ਗੱਲਾਂ ਕਰਨ ਨਾਲ ਗ਼ਲਤੀ ਹੁੰਦੀ ਹੈ (19)

  • ਯਹੋਵਾਹ ਦੀ ਬਰਕਤ ਧਨੀ ਬਣਾਉਂਦੀ (22)

  • ਯਹੋਵਾਹ ਦਾ ਡਰ ਉਮਰ ਵਧਾਉਂਦਾ (27)

10  ਸੁਲੇਮਾਨ ਦੀਆਂ ਕਹਾਵਤਾਂ।+ ਬੁੱਧੀਮਾਨ ਪੁੱਤਰ ਆਪਣੇ ਪਿਤਾ ਨੂੰ ਖ਼ੁਸ਼ ਕਰਦਾ ਹੈ,+ਪਰ ਮੂਰਖ ਪੁੱਤਰ ਆਪਣੀ ਮਾਂ ਨੂੰ ਦੁੱਖ ਦਿੰਦਾ ਹੈ।   ਬੁਰਾਈ ਨਾਲ ਖੱਟੀ ਧਨ-ਦੌਲਤ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ,ਪਰ ਨੇਕੀ ਮੌਤ ਤੋਂ ਬਚਾ ਲੈਂਦੀ ਹੈ।+   ਯਹੋਵਾਹ ਧਰਮੀ ਨੂੰ ਭੁੱਖਾ ਨਹੀਂ ਰਹਿਣ ਦੇਵੇਗਾ,+ਪਰ ਉਹ ਦੁਸ਼ਟ ਦੀ ਲਾਲਸਾ ਪੂਰੀ ਕਰਨ ਤੋਂ ਨਾਂਹ ਕਰ ਦੇਵੇਗਾ।   ਆਲਸੀ ਹੱਥ ਗ਼ਰੀਬ ਬਣਾ ਦੇਣਗੇ,+ਪਰ ਮਿਹਨਤੀ ਹੱਥ ਅਮੀਰ ਬਣਾਉਂਦੇ ਹਨ।+   ਡੂੰਘੀ ਸਮਝ ਤੋਂ ਕੰਮ ਲੈਣ ਵਾਲਾ ਪੁੱਤਰ ਗਰਮੀਆਂ ਵਿਚ ਫ਼ਸਲ ਇਕੱਠੀ ਕਰਦਾ ਹੈ,ਪਰ ਬੇਸ਼ਰਮ ਪੁੱਤਰ ਵਾਢੀ ਦੌਰਾਨ ਘੂਕ ਸੁੱਤਾ ਰਹਿੰਦਾ ਹੈ।+   ਧਰਮੀ ਦੇ ਸਿਰ ’ਤੇ ਬਰਕਤਾਂ ਰਹਿੰਦੀਆਂ ਹਨ,+ਪਰ ਦੁਸ਼ਟ ਦਾ ਮੂੰਹ ਹਿੰਸਾ ਨੂੰ ਲੁਕਾਉਂਦਾ ਹੈ।   ਧਰਮੀ ਇਨਸਾਨ ਨੂੰ ਯਾਦ ਕਰ ਕੇ* ਉਸ ਨੂੰ ਅਸੀਸਾਂ ਦਿੱਤੀਆਂ ਜਾਂਦੀਆਂ ਹਨ,+ਪਰ ਦੁਸ਼ਟ ਦਾ ਨਾਂ ਗਲ਼-ਸੜ ਜਾਵੇਗਾ।+   ਬੁੱਧੀਮਾਨ ਇਨਸਾਨ ਹਿਦਾਇਤਾਂ* ਮੰਨੇਗਾ,+ਪਰ ਮੂਰਖਤਾ ਭਰੀਆਂ ਗੱਲਾਂ ਕਰਨ ਵਾਲਾ ਕੁਚਲ ਦਿੱਤਾ ਜਾਵੇਗਾ।+   ਖਰੇ ਰਾਹ ’ਤੇ ਤੁਰਨ ਵਾਲਾ ਸੁਰੱਖਿਅਤ ਚੱਲੇਗਾ,+ਪਰ ਟੇਢੀਆਂ ਚਾਲਾਂ ਚੱਲਣ ਵਾਲਾ ਫੜਿਆ ਜਾਵੇਗਾ।+ 10  ਜਿਹੜਾ ਧੋਖਾ ਦੇਣ ਲਈ ਅੱਖ ਮਾਰਦਾ ਹੈ, ਉਹ ਦੁੱਖ ਪਹੁੰਚਾਉਂਦਾ ਹੈ+ਅਤੇ ਮੂਰਖਤਾ ਭਰੀਆਂ ਗੱਲਾਂ ਕਰਨ ਵਾਲਾ ਕੁਚਲ ਦਿੱਤਾ ਜਾਵੇਗਾ।+ 11  ਧਰਮੀ ਦਾ ਮੂੰਹ ਜ਼ਿੰਦਗੀ ਦਾ ਸੋਮਾ ਹੈ,+ਪਰ ਦੁਸ਼ਟਾਂ ਦਾ ਮੂੰਹ ਹਿੰਸਾ ਨੂੰ ਲੁਕਾਉਂਦਾ ਹੈ।+ 12  ਨਫ਼ਰਤ ਝਗੜਿਆਂ ਨੂੰ ਛੇੜਦੀ ਹੈ,ਪਰ ਪਿਆਰ ਸਾਰੇ ਅਪਰਾਧਾਂ ਨੂੰ ਢਕ ਲੈਂਦਾ ਹੈ।+ 13  ਸੂਝ-ਬੂਝ ਰੱਖਣ ਵਾਲੇ ਇਨਸਾਨ ਦੇ ਬੁੱਲ੍ਹਾਂ ’ਤੇ ਬੁੱਧ ਹੁੰਦੀ ਹੈ,+ਪਰ ਬੇਅਕਲ* ਦੀ ਪਿੱਠ ਲਈ ਛਿਟੀ ਹੁੰਦੀ ਹੈ।+ 14  ਬੁੱਧੀਮਾਨ ਗਿਆਨ ਨੂੰ ਸਾਂਭ ਕੇ ਰੱਖਦੇ ਹਨ,+ਪਰ ਮੂਰਖ ਦਾ ਮੂੰਹ ਬਰਬਾਦੀ ਨੂੰ ਸੱਦਾ ਦਿੰਦਾ ਹੈ।+ 15  ਅਮੀਰ ਆਦਮੀ ਦੀ ਧਨ-ਦੌਲਤ ਉਸ ਲਈ ਕਿਲੇਬੰਦ ਸ਼ਹਿਰ ਹੈ। ਪਰ ਗ਼ਰੀਬਾਂ ਦੀ ਗ਼ਰੀਬੀ ਉਨ੍ਹਾਂ ਲਈ ਬਰਬਾਦੀ ਹੈ।+ 16  ਧਰਮੀ ਦੇ ਕੰਮ ਜ਼ਿੰਦਗੀ ਵੱਲ ਲੈ ਜਾਂਦੇ ਹਨ,ਪਰ ਦੁਸ਼ਟ ਦੀ ਕਮਾਈ ਪਾਪ ਵੱਲ ਲੈ ਜਾਂਦੀ ਹੈ।+ 17  ਅਨੁਸ਼ਾਸਨ ਵੱਲ ਧਿਆਨ ਦੇਣ ਵਾਲਾ ਜ਼ਿੰਦਗੀ ਦਾ ਰਾਹ ਦਿਖਾਉਂਦਾ ਹੈ,*ਪਰ ਜਿਹੜਾ ਤਾੜਨਾ ਨੂੰ ਕਬੂਲ ਨਹੀਂ ਕਰਦਾ, ਉਹ ਦੂਜਿਆਂ ਨੂੰ ਭਟਕਾ ਦਿੰਦਾ ਹੈ। 18  ਜਿਹੜਾ ਆਪਣੀ ਨਫ਼ਰਤ ਨੂੰ ਲੁਕਾਉਂਦਾ ਹੈ, ਉਹ ਝੂਠ ਬੋਲਦਾ ਹੈ+ਅਤੇ ਜਿਹੜਾ ਬਦਨਾਮ ਕਰਨ ਵਾਲੀਆਂ ਗੱਲਾਂ* ਫੈਲਾਉਂਦਾ ਹੈ, ਉਹ ਮੂਰਖ ਹੈ। 19  ਬਹੁਤੀਆਂ ਗੱਲਾਂ ਕਰਨ ਨਾਲ ਗ਼ਲਤੀ ਤੋਂ ਬਚਿਆ ਨਹੀਂ ਜਾ ਸਕਦਾ,+ਪਰ ਆਪਣੇ ਬੁੱਲ੍ਹਾਂ ਨੂੰ ਰੋਕੀ ਰੱਖਣ ਵਾਲਾ ਸਮਝਦਾਰ ਹੁੰਦਾ ਹੈ।+ 20  ਧਰਮੀ ਦੀ ਜ਼ਬਾਨ ਖਾਲਸ ਚਾਂਦੀ ਵਰਗੀ ਹੈ,+ਪਰ ਦੁਸ਼ਟ ਦਾ ਦਿਲ ਕਿਸੇ ਕੰਮ ਦਾ ਨਹੀਂ। 21  ਧਰਮੀ ਦੇ ਬੁੱਲ੍ਹ ਬਹੁਤਿਆਂ ਦਾ ਪੋਸ਼ਣ ਕਰਦੇ* ਹਨ,+ਪਰ ਮੂਰਖ ਅਕਲ ਦੀ ਘਾਟ ਕਰਕੇ ਮਰ ਜਾਂਦੇ ਹਨ।+ 22  ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ+ਅਤੇ ਉਹ ਇਸ ਨਾਲ ਕੋਈ ਸੋਗ* ਨਹੀਂ ਮਿਲਾਉਂਦਾ। 23  ਮੂਰਖ ਸ਼ਰਮਨਾਕ ਕੰਮ ਕਰਨ ਨੂੰ ਖੇਡ ਸਮਝਦਾ ਹੈ,ਪਰ ਸੂਝ-ਬੂਝ ਤੋਂ ਕੰਮ ਲੈਣ ਵਾਲੇ ਨੂੰ ਬੁੱਧ ਹਾਸਲ ਹੁੰਦੀ ਹੈ।+ 24  ਦੁਸ਼ਟ ਨੂੰ ਜਿਸ ਚੀਜ਼ ਦਾ ਡਰ ਹੈ, ਉਹੀ ਉਸ ’ਤੇ ਆ ਪਵੇਗੀ;ਪਰ ਧਰਮੀ ਦੀ ਇੱਛਾ ਪੂਰੀ ਕੀਤੀ ਜਾਵੇਗੀ।+ 25  ਤੂਫ਼ਾਨ ਥੰਮ੍ਹ ਜਾਣ ਤੇ ਦੁਸ਼ਟ ਮਿਟ ਚੁੱਕਾ ਹੋਵੇਗਾ,+ਪਰ ਧਰਮੀ ਇਨਸਾਨ ਉਹ ਨੀਂਹ ਹੈ ਜੋ ਹਮੇਸ਼ਾ ਟਿਕੀ ਰਹਿੰਦੀ ਹੈ।+ 26  ਜਿਵੇਂ ਦੰਦਾਂ ਨੂੰ ਸਿਰਕਾ ਅਤੇ ਅੱਖਾਂ ਨੂੰ ਧੂੰਆਂ ਲੱਗਦਾ ਹੈ,ਉਸੇ ਤਰ੍ਹਾਂ ਆਲਸੀ ਇਨਸਾਨ ਆਪਣੇ ਭੇਜਣ ਵਾਲੇ* ਨੂੰ ਲੱਗਦਾ ਹੈ। 27  ਯਹੋਵਾਹ ਦਾ ਡਰ ਉਮਰ ਵਧਾਉਂਦਾ ਹੈ,+ਪਰ ਦੁਸ਼ਟਾਂ ਦੇ ਸਾਲ ਘਟਾਏ ਜਾਣਗੇ।+ 28  ਧਰਮੀਆਂ ਦੀ ਆਸ ਖ਼ੁਸ਼ੀ ਦਿੰਦੀ ਹੈ,+ਪਰ ਦੁਸ਼ਟਾਂ ਦੀ ਉਮੀਦ ਮਿਟ ਜਾਵੇਗੀ।+ 29  ਯਹੋਵਾਹ ਦਾ ਰਾਹ ਨਿਰਦੋਸ਼ ਇਨਸਾਨ ਲਈ ਪੱਕਾ ਕਿਲਾ ਹੈ,+ਪਰ ਬੁਰੇ ਕੰਮ ਕਰਨ ਵਾਲਿਆਂ ਲਈ ਇਹ ਬਰਬਾਦੀ ਹੈ।+ 30  ਧਰਮੀ ਇਨਸਾਨ ਨੂੰ ਕਦੇ ਨਹੀਂ ਡੇਗਿਆ ਜਾਵੇਗਾ,+ਪਰ ਦੁਸ਼ਟ ਫਿਰ ਕਦੇ ਧਰਤੀ ’ਤੇ ਨਹੀਂ ਵੱਸਣਗੇ।+ 31  ਧਰਮੀ ਦੇ ਮੂੰਹੋਂ ਬੁੱਧ ਦੀਆਂ ਗੱਲਾਂ ਨਿਕਲਦੀਆਂ ਹਨ,*ਪਰ ਖੋਟੀਆਂ ਗੱਲਾਂ ਕਰਨ ਵਾਲੀ ਜੀਭ ਕੱਟ ਦਿੱਤੀ ਜਾਵੇਗੀ। 32  ਧਰਮੀ ਦੇ ਬੁੱਲ੍ਹ ਮਨਭਾਉਂਦੀਆਂ ਗੱਲਾਂ ਕਰਨੀਆਂ ਜਾਣਦੇ ਹਨ,ਪਰ ਦੁਸ਼ਟਾਂ ਦਾ ਮੂੰਹ ਖੋਟੀਆਂ ਗੱਲਾਂ ਕਰਦਾ ਹੈ।

ਫੁਟਨੋਟ

ਜਾਂ, “ਦੀ ਨੇਕਨਾਮੀ ਕਰਕੇ।”
ਇਬ, “ਹੁਕਮ।”
ਇਬ, “ਦਿਲ ਦੀ ਕਮੀ ਵਾਲੇ।”
ਜਾਂ ਸੰਭਵ ਹੈ, “ਜ਼ਿੰਦਗੀ ਦੇ ਰਾਹ ਉੱਤੇ ਹੈ।”
ਜਾਂ, “ਅਫ਼ਵਾਹਾਂ।”
ਜਾਂ, “ਨੂੰ ਸੇਧ ਦਿੰਦੇ।”
ਜਾਂ, “ਦੁੱਖ-ਦਰਦ; ਮੁਸ਼ਕਲ।”
ਜਾਂ, “ਮਾਲਕ।”
ਜਾਂ, “ਬੁੱਧ ਦਾ ਫਲ ਪੈਦਾ ਕਰਦਾ ਹੈ।”