Skip to content

Skip to table of contents

ਹਰ ਕੋਈ ਤੰਦਰੁਸਤ ਰਹਿਣਾ ਚਾਹੁੰਦਾ ਹੈ!

ਹਰ ਕੋਈ ਤੰਦਰੁਸਤ ਰਹਿਣਾ ਚਾਹੁੰਦਾ ਹੈ!

ਹਰ ਕੋਈ ਤੰਦਰੁਸਤ ਰਹਿਣਾ ਚਾਹੁੰਦਾ ਹੈ!

ਅੱਜ ਤੋਂ ਲਗਭਗ 2,700 ਸਾਲ ਪਹਿਲਾਂ ਰੱਬ ਦੇ ਇਕ ਨਬੀ ਨੇ ਅਜਿਹੇ ਸਮੇਂ ਬਾਰੇ ਦੱਸਿਆ ਸੀ ਜਦੋਂ ਬੀਮਾਰੀਆਂ ਨਹੀਂ ਰਹਿਣਗੀਆਂ। ਉਸ ਦੀ ਇਹ ਭਵਿੱਖਬਾਣੀ ਅਸੀਂ ਬਾਈਬਲ ਵਿਚ ਯਸਾਯਾਹ ਨਾਂ ਦੀ ਪੋਥੀ ਵਿਚ ਪੜ੍ਹ ਸਕਦੇ ਹਾਂ। ਉਸ ਨੇ ਲਿਖਿਆ ਸੀ ਕਿ ਇਕ ਅਜਿਹਾ ਸਮਾਂ ਆਵੇਗਾ ਜਦੋਂ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” ਉਦੋਂ “ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।” (ਯਸਾਯਾਹ 33:24; 35:5, 6) ਅਜਿਹੇ ਸੁਨਹਿਰੇ ਭਵਿੱਖ ਬਾਰੇ ਬਾਈਬਲ ਵਿਚ ਹੋਰ ਵੀ ਕਈ ਭਵਿੱਖਬਾਣੀਆਂ ਹਨ। ਉਦਾਹਰਣ ਲਈ, ਬਾਈਬਲ ਦੀ ਆਖ਼ਰੀ ਕਿਤਾਬ ਵੀ ਉਸ ਸਮੇਂ ਬਾਰੇ ਦੱਸਦੀ ਹੈ ਜਦੋਂ ਪਰਮੇਸ਼ੁਰ ਸਾਰੇ ਦੁੱਖ-ਦਰਦ ਮਿਟਾ ਦੇਵੇਗਾ।—ਪਰਕਾਸ਼ ਦੀ ਪੋਥੀ 21:4.

ਕੀ ਇਹ ਗੱਲਾਂ ਸੱਚ ਹੋਣਗੀਆਂ? ਕੀ ਵਾਕਈ ਅਜਿਹਾ ਸਮਾਂ ਆਵੇਗਾ ਜਦੋਂ ਹਰ ਇਨਸਾਨ ਤੰਦਰੁਸਤ ਹੋ ਜਾਵੇਗਾ ਤੇ ਬੀਮਾਰੀਆਂ ਦਾ ਨਾਮੋ-ਨਿਸ਼ਾਨ ਤਕ ਨਹੀਂ ਰਹੇਗਾ? ਇਹ ਸੱਚ ਹੈ ਕਿ ਆਮ ਕਰਕੇ ਲੋਕ ਅੱਜ ਪਹਿਲਾਂ ਨਾਲੋਂ ਜ਼ਿਆਦਾ ਸਿਹਤਮੰਦ ਹਨ। ਪਰ ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਇਨਸਾਨ ਸੌ ਫੀ ਸਦੀ ਤੰਦਰੁਸਤ ਹੈ। ਬੀਮਾਰੀਆਂ ਅਜੇ ਵੀ ਇਨਸਾਨਾਂ ਉੱਤੇ ਕਹਿਰ ਢਾਹੁੰਦੀਆਂ ਹਨ। ਮਹਾਂਮਾਰੀਆਂ ਦੇ ਖ਼ੌਫ਼ ਨੇ ਲੋਕਾਂ ਦਾ ਚੈਨ ਖੋਹ ਲਿਆ ਹੈ। ਸੱਚ ਤਾਂ ਇਹ ਹੈ ਕਿ ਆਧੁਨਿਕ ਜ਼ਮਾਨੇ ਵਿਚ ਵੀ ਕੋਈ ਵੀ ਇਨਸਾਨ ਸਰੀਰਕ ਤੇ ਮਾਨਸਿਕ ਬੀਮਾਰੀਆਂ ਤੋਂ ਬਚਿਆ ਹੋਇਆ ਨਹੀਂ ਹੈ।

ਬੀਮਾਰ ਹੋਣਾ ਬਹੁਤ ਮਹਿੰਗਾ ਪੈਂਦਾ ਹੈ

ਬੀਮਾਰੀ ਕਈ ਤਰੀਕਿਆਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨਾਲ ਸਮਾਂ ਤੇ ਪੈਸਾ ਦੋਨੋਂ ਜ਼ਾਇਆ ਹੁੰਦੇ ਹਨ। ਉਦਾਹਰਣ ਲਈ, ਇਕ ਸਰਵੇਖਣ ਤੋਂ ਪਤਾ ਲੱਗਾ ਕਿ ਹਾਲ ਹੀ ਦੇ ਇਕ ਸਾਲ ਦੌਰਾਨ ਯੂਰਪ ਵਿਚ ਕਰਮਚਾਰੀਆਂ ਨੇ ਸਿਹਤ ਵਿਗੜਨ ਕਰਕੇ 50 ਕਰੋੜ ਦਿਨ ਕੰਮ ਨਹੀਂ ਕੀਤਾ। ਹੋਰ ਦੇਸ਼ਾਂ ਵਿਚ ਵੀ ਇਹੋ ਹਾਲ ਹੈ। ਬੀਮਾਰੀਆਂ ਦਾ ਭੈੜਾ ਅਸਰ ਸਭ ਤੇ ਪੈਂਦਾ ਹੈ। ਬੀਮਾਰ ਹੋਣ ਕਾਰਨ ਲੋਕ ਜਾਂ ਤਾਂ ਕੰਮ ਤੇ ਨਹੀਂ ਜਾਂਦੇ ਜਾਂ ਜਾਂਦੇ ਵੀ ਹਨ, ਤਾਂ ਪੂਰੀ ਤਰ੍ਹਾਂ ਕੰਮ ਨਹੀਂ ਕਰਦੇ। ਇਸ ਕਰਕੇ ਕੰਪਨੀਆਂ ਤੇ ਸਰਕਾਰਾਂ ਨੂੰ ਵੱਡਾ ਮਾਲੀ ਨੁਕਸਾਨ ਸਹਿਣਾ ਪੈਂਦਾ ਹੈ। ਉਹ ਇਹ ਨੁਕਸਾਨ ਕਿਵੇਂ ਪੂਰਾ ਕਰਦੀਆਂ ਹਨ? ਇਸ ਨੁਕਸਾਨ ਨੂੰ ਪੂਰਾ ਕਰਨ ਲਈ ਕੰਪਨੀਆਂ ਆਪਣੇ ਮਾਲ ਦਾ ਦਾਮ ਵਧਾ ਦਿੰਦੀਆਂ ਹਨ ਤੇ ਸਰਕਾਰ ਹੋਰ ਜ਼ਿਆਦਾ ਟੈਕਸ ਲੈਣਾ ਸ਼ੁਰੂ ਕਰ ਦਿੰਦੀ ਹੈ। ਇਸ ਨਾਲ ਆਖ਼ਰ ਨੁਕਸਾਨ ਕਿਸ ਦਾ ਹੁੰਦਾ ਹੈ? ਘੁੰਮ-ਫਿਰ ਕੇ ਪੈਸਾ ਤੁਹਾਡੀ ਜੇਬ ਤੋਂ ਹੀ ਨਿਕਲਦਾ ਹੈ!

ਇਹ ਅਫ਼ਸੋਸ ਦੀ ਗੱਲ ਹੈ ਕਿ ਗ਼ਰੀਬ ਲੋਕ ਬੀਮਾਰੀ ਸਮੇਂ ਆਪਣਾ ਡਾਕਟਰੀ ਇਲਾਜ ਕਰਵਾਉਣ ਦੀ ਸਮਰਥਾ ਨਹੀਂ ਰੱਖਦੇ। ਗ਼ਰੀਬ ਦੇਸ਼ਾਂ ਵਿਚ ਲੱਖਾਂ ਲੋਕਾਂ ਨੂੰ ਡਾਕਟਰੀ ਸਹੂਲਤਾਂ ਮੁਹੱਈਆ ਨਹੀਂ ਹੁੰਦੀਆਂ ਜਾਂ ਇਹ ਸਹੂਲਤਾਂ ਨਾਂਹ ਦੇ ਬਰਾਬਰ ਹੁੰਦੀਆਂ ਹਨ। ਅਮੀਰ ਦੇਸ਼ਾਂ ਵਿਚ ਚਾਹੇ ਵਧੀਆ ਡਾਕਟਰੀ ਸਹੂਲਤਾਂ ਉਪਲਬਧ ਹਨ, ਪਰ ਇਹ ਬਹੁਤ ਸਾਰੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਹਨ। ਮਿਸਾਲ ਲਈ, ਅਮਰੀਕਾ ਦੀ 4 ਕਰੋੜ 60 ਲੱਖ ਆਬਾਦੀ ਵਿੱਚੋਂ ਬਹੁਤਿਆਂ ਦਾ ਸਿਹਤ ਬੀਮਾ ਨਾ ਹੋਣ ਕਰਕੇ ਉਨ੍ਹਾਂ ਲਈ ਆਪਣਾ ਇਲਾਜ ਕਰਾਉਣਾ ਲਗਭਗ ਨਾਮੁਮਕਿਨ ਹੁੰਦਾ ਹੈ।

ਬੀਮਾਰੀ ਕਰਕੇ ਇਨਸਾਨ ਨੂੰ ਨਾ ਸਿਰਫ਼ ਪੈਸੇ ਦੀ ਚਿੰਤਾ ਸਤਾਉਂਦੀ ਹੈ, ਸਗੋਂ ਉਸ ਨੂੰ ਮਾਨਸਿਕ ਸੰਤਾਪ ਵੀ ਸਹਿਣਾ ਪੈਂਦਾ ਹੈ। ਆਪਣੀ ਘਾਤਕ ਬੀਮਾਰੀ ਦਾ ਪਤਾ ਲੱਗਣ ਤੇ ਲੋਕ ਜੀਉਂਦੇ-ਜੀ ਹੀ ਮਰ ਜਾਂਦੇ ਹਨ। ਕਈ ਆਪਣੇ ਪਿਆਰਿਆਂ ਨੂੰ ਦੁਖਦਾਈ ਬੀਮਾਰੀ ਝੱਲਦੇ ਦੇਖ ਕੇ ਤੜਫ ਉੱਠਦੇ ਹਨ। ਕਈਆਂ ਲਈ ਤਾਂ ਸਰੀਰਕ ਪੀੜ ਜ਼ਿੰਦਗੀ ਦਾ ਹਿੱਸਾ ਹੀ ਬਣ ਗਈ ਹੈ ਤੇ ਕਈ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦੇ ਗਮ ਵਿਚ ਡੁੱਬ ਜਾਂਦੇ ਹਨ।

ਇਸ ਲਈ ਹਰ ਕੋਈ ਅਜਿਹੀ ਦੁਨੀਆਂ ਵਿਚ ਜੀਣਾ ਚਾਹੁੰਦਾ ਹੈ ਜਿਸ ਵਿਚ ਬੀਮਾਰੀਆਂ ਨਾ ਹੋਣ। ਇਨਸਾਨ ਚੰਗੀ ਸਿਹਤ ਦਾ ਚਾਹਵਾਨ ਹੈ! ਇਸ ਸਮੇਂ ਤੁਹਾਨੂੰ ਸ਼ਾਇਦ ਇਹ ਇਕ ਸੁਪਨਾ ਜਾਪੇ, ਪਰ ਕਈ ਲੋਕ ਮੰਨਦੇ ਹਨ ਕਿ ਅਜਿਹਾ ਜ਼ਮਾਨਾ ਜ਼ਰੂਰ ਆਵੇਗਾ। ਕਈਆਂ ਨੂੰ ਵਿਸ਼ਵਾਸ ਹੈ ਕਿ ਨਵੀਆਂ-ਨਵੀਆਂ ਦਵਾਈਆਂ ਤੇ ਡਾਕਟਰੀ ਤਕਨੀਕਾਂ ਦੀ ਖੋਜ ਸਦਕਾ ਜਲਦੀ ਹੀ ਸਾਰੀਆਂ ਬੀਮਾਰੀਆਂ ਖ਼ਤਮ ਕੀਤੀਆਂ ਜਾਣਗੀਆਂ। ਦੂਜੇ ਪਾਸੇ, ਕਈ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਬਾਈਬਲ ਵਿਚ ਦਿੱਤੀਆਂ ਭਵਿੱਖਬਾਣੀਆਂ ਅਨੁਸਾਰ ਅਜਿਹਾ ਸੰਸਾਰ ਲਿਆਵੇਗਾ ਜਿਸ ਵਿਚ ਬੀਮਾਰੀਆਂ ਨੂੰ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ। ਕੀ ਇਨਸਾਨ ਸਾਨੂੰ ਬੀਮਾਰੀਆਂ ਤੋਂ ਮੁਕਤੀ ਦਿਵਾਏਗਾ? ਜਾਂ ਕੀ ਪਰਮੇਸ਼ੁਰ ਬੀਮਾਰੀਆਂ ਨੂੰ ਖ਼ਤਮ ਕਰੇਗਾ? ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ? (g 1/07)