Skip to content

Skip to table of contents

ਬੀਮਾਰੀਆਂ ਤੋਂ ਮੁਕਤ ਸੰਸਾਰ

ਬੀਮਾਰੀਆਂ ਤੋਂ ਮੁਕਤ ਸੰਸਾਰ

ਬੀਮਾਰੀਆਂ ਤੋਂ ਮੁਕਤ ਸੰਸਾਰ

“ਸਾਰਿਆਂ ਦੇਸ਼ਾਂ ਨੂੰ ਇਕ-ਦੂਸਰੇ ਦਾ ਸਾਥ ਦੇਣਾ ਚਾਹੀਦਾ ਹੈ ਤਾਂਕਿ ਦੁਨੀਆਂ ਦੇ ਸਾਰਿਆਂ ਲੋਕਾਂ ਨੂੰ ਬੁਨਿਆਦੀ ਡਾਕਟਰੀ ਸਹੂਲਤਾਂ ਉਪਲਬਧ ਹੋ ਸਕਣ। ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਇਕ ਦੇਸ਼ ਦੇ ਲੋਕਾਂ ਦੀ ਸਿਹਤ ਦਾ ਅਸਰ ਦੂਸਰੇ ਦੇਸ਼ਾਂ ਦੇ ਲੋਕਾਂ ਤੇ ਪੈਂਦਾ ਹੈ, ਚਾਹੇ ਭਲਾ ਚਾਹੇ ਬੁਰਾ।”—ਆਲਮਾਆਤਾ ਘੋਸ਼ਣਾ-ਪੱਤਰ, 12 ਸਤੰਬਰ 1978.

ਪੱਚੀ ਸਾਲ ਪਹਿਲਾਂ ਇਸ ਤਰ੍ਹਾਂ ਸੋਚਿਆ ਜਾਂਦਾ ਸੀ ਕਿ ਧਰਤੀ ਦੇ ਹਰੇਕ ਇਨਸਾਨ ਨੂੰ ਬੁਨਿਆਦੀ ਡਾਕਟਰੀ ਸਹੂਲਤਾਂ ਉਪਲਬਧ ਹੋ ਸਕਦੀਆਂ ਹਨ। ਉਸ ਸਮੇਂ ਆਲਮਾਆਤਾ ਸ਼ਹਿਰ (ਹੁਣ ਕਾਜ਼ਕਸਥਾਨ) ਵਿਚ ਬੁਨਿਆਦੀ ਡਾਕਟਰੀ ਸਹੂਲਤਾਂ ਬਾਰੇ ਕੀਤੀ ਗਈ ਇਕ ਅੰਤਰਰਾਸ਼ਟਰੀ ਕਾਨਫ਼ਰੰਸ ਦੌਰਾਨ ਸਾਰੇ ਡੈਲੀਗੇਟਾਂ ਨੇ ਇਹ ਫ਼ੈਸਲਾ ਕੀਤਾ ਕਿ ਸਾਲ 2000 ਤਕ ਦੁਨੀਆਂ ਦੇ ਹਰੇਕ ਬੰਦੇ ਨੂੰ ਸਭ ਤੋਂ ਭੈੜੀਆਂ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਾਏ ਜਾਣ। ਉਨ੍ਹਾਂ ਦੀ ਇਹ ਵੀ ਉਮੀਦ ਸੀ ਕਿ ਸਾਲ 2000 ਤਕ ਦੁਨੀਆਂ ਵਿਚ ਸਾਰਿਆਂ ਲਈ ਮਲ-ਮੂਤਰ ਨੂੰ ਸਹੀ ਢੰਗ ਨਾਲ ਟਿਕਾਣੇ ਲਗਾਉਣ ਦੇ ਪ੍ਰਬੰਧ ਕੀਤੇ ਜਾਣਗੇ ਤੇ ਸਾਫ਼ ਪਾਣੀ ਉਪਲਬਧ ਹੋਵੇਗਾ। ਵਿਸ਼ਵ ਸਿਹਤ ਸੰਗਠਨ ਦੇ ਸਾਰੇ ਮੈਂਬਰਾਂ ਨੇ ਇਸ ਐਲਾਨ ਦੀ ਹਿਮਾਇਤ ਕੀਤੀ ਤੇ ਉਨ੍ਹਾਂ ਨੇ ਇਸ ਘੋਸ਼ਣਾ-ਪੱਤਰ ਉੱਤੇ ਦਸਤਖਤ ਕੀਤੇ।

ਇਹ ਇਕ ਵਧੀਆ ਟੀਚਾ ਸੀ, ਪਰ ਅਸਲੀਅਤ ਕੁਝ ਹੋਰ ਸੀ। ਨਾ ਹੀ ਧਰਤੀ ਦੇ ਹਰੇਕ ਇਨਸਾਨ ਨੂੰ ਬੁਨਿਆਦੀ ਡਾਕਟਰੀ ਸਹੂਲਤਾਂ ਉਪਲਬਧ ਹੋਈਆਂ ਤੇ ਨਾ ਹੀ ਛੂਤ ਦੀਆਂ ਬੀਮਾਰੀਆਂ ਦਾ ਇਲਾਜ ਕੀਤਾ ਗਿਆ। ਹਾਲੇ ਵੀ ਅਰਬਾਂ ਹੀ ਲੋਕਾਂ ਨੂੰ ਇਨ੍ਹਾਂ ਬੀਮਾਰੀਆਂ ਤੋਂ ਖ਼ਤਰਾ ਹੈ। ਆਮ ਤੌਰ ਤੇ ਇਹ ਘਾਤਕ ਬੀਮਾਰੀਆਂ ਸਿਆਣਿਆਂ ਦੇ ਨਾਲ-ਨਾਲ ਨਿਆਣਿਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੀਆਂ ਹਨ।

ਏਡਜ਼, ਟੀ. ਬੀ. ਤੇ ਮਲੇਰੀਏ ਵਰਗੀਆਂ ਬੀਮਾਰੀਆਂ ਦਾ ਸਾਮ੍ਹਣਾ ਕਰਨ ਵਿਚ ਵੀ ਦੇਸ਼ਾਂ ਨੇ ‘ਇਕ-ਦੂਸਰੇ ਦਾ ਸਾਥ ਨਹੀਂ ਦਿੱਤਾ।’ ਹਾਲ ਹੀ ਵਿਚ ਏਡਜ਼, ਟੀ. ਬੀ. ਤੇ ਮਲੇਰੀਏ ਵਰਗੀਆਂ ਬੀਮਾਰੀਆਂ ਦੀ ਰੋਕਥਾਮ ਕਰਨ ਲਈ ਇਕ ਵਿਸ਼ਵ-ਵਿਆਪੀ ਫ਼ੰਡ ਨਿਸ਼ਚਿਤ ਕੀਤਾ ਗਿਆ ਸੀ। ਇਸ ਫ਼ੰਡ ਨੂੰ ਨਿਸ਼ਚਿਤ ਕਰਨ ਵਾਲਿਆਂ ਨੇ ਸਰਕਾਰ ਤੋਂ 610 ਅਰਬ ਰੁਪਏ ਮੰਗੇ। ਪਰ ਸਾਲ 2002 ਦੀਆਂ ਗਰਮੀਆਂ ਤਕ ਸਰਕਾਰ ਨੇ ਸਿਰਫ਼ 94 ਅਰਬ ਰੁਪਏ ਭੇਟ ਕੀਤੇ ਸਨ। ਦੇਖਣ ਵਾਲੀ ਗੱਲ ਹੈ ਕਿ ਇਸੇ ਸਾਲ ਦੌਰਾਨ ਸਰਕਾਰ ਨੇ ਮਿਲਟਰੀ ਦੇ ਕੰਮਾਂ ਲਈ 329 ਖਰਬ ਰੁਪਏ ਉਡਾਏ! ਇਹ ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਦੁਨੀਆਂ ਵਿਚ ਜ਼ਰਾ ਵੀ ਏਕਤਾ ਨਹੀਂ ਹੈ ਜਿਸ ਕਰਕੇ ਭੈੜੇ ਤੋਂ ਭੈੜੇ ਖ਼ਤਰੇ ਵੀ ਲੋਕਾਂ ਨੂੰ ਇਕ-ਦੂਜੇ ਦਾ ਸਾਥ ਦੇਣ ਲਈ ਪ੍ਰੇਰਿਤ ਨਹੀਂ ਕਰਦੇ।

ਭਾਵੇਂ ਕਿ ਸਿਹਤ-ਸੰਭਾਲ ਸੰਸਥਾਵਾਂ ਛੂਤ ਦੀਆਂ ਬੀਮਾਰੀਆਂ ਨੂੰ ਖ਼ਤਮ ਕਰਨ ਵਿਚ ਪੂਰੀ ਮਿਹਨਤ ਕਰਨੀ ਚਾਹੁੰਦੀਆਂ ਹਨ, ਫਿਰ ਵੀ ਉਹ ਸਫ਼ਲ ਨਹੀਂ ਹੋ ਰਹੀਆਂ। ਸਰਕਾਰਾਂ ਉਨ੍ਹਾਂ ਨੂੰ ਚੋਖਾ ਪੈਸਾ ਨਹੀਂ ਦਿੰਦੀਆਂ। ਹੁਣ ਇਕ ਪਾਸੇ ਤਾਂ ਸਮੱਸਿਆ ਇਹ ਹੈ ਕਿ ਕਈ ਦਵਾਈਆਂ ਰੋਗਾਣੂਆਂ ਉੱਤੇ ਕੋਈ ਅਸਰ ਨਹੀਂ ਕਰਦੀਆਂ ਤੇ ਦੂਜੇ ਪਾਸੇ ਲਾਪਰਵਾਹ ਲੋਕ ਬਦਚਲਣ ਜ਼ਿੰਦਗੀ ਬਤੀਤ ਕਰਦੇ ਹਨ। ਇਸ ਤੋਂ ਇਲਾਵਾ, ਕੁਝ ਇਲਾਕਿਆਂ ਵਿਚ ਗ਼ਰੀਬੀ, ਲੜਾਈਆਂ ਤੇ ਕਾਲ ਵਰਗੀਆਂ ਮੁਸ਼ਕਲਾਂ ਕਰਕੇ ਕਰੋੜਾਂ ਹੀ ਲੋਕਾਂ ਨੂੰ ਬੀਮਾਰੀਆਂ ਨੇ ਘੇਰਿਆ ਹੋਇਆ ਹੈ।

ਰੱਬ ਚਾਹੁੰਦਾ ਹੈ ਕਿ ਅਸੀਂ ਤੰਦਰੁਸਤ ਰਹੀਏ

ਖ਼ੁਸ਼ੀ ਦੀ ਗੱਲ ਹੈ ਕਿ ਬੀਮਾਰੀਆਂ ਨੂੰ ਖ਼ਤਮ ਕੀਤਾ ਜਾਵੇਗਾ! ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਪਰਮੇਸ਼ੁਰ ਮਨੁੱਖਾਂ ਦੀ ਸਿਹਤ ਵਿਚ ਬਹੁਤ ਦਿਲਚਸਪੀ ਲੈਂਦਾ ਹੈ। ਸਾਡੇ ਸਰੀਰ ਦੀ ਰੱਖਿਆ ਪ੍ਰਣਾਲੀ (immune system) ਇਸ ਗੱਲ ਦਾ ਇਕ ਵੱਡਾ ਸਬੂਤ ਹੈ। ਯਹੋਵਾਹ ਨੇ ਪ੍ਰਾਚੀਨ ਇਸਰਾਏਲ ਨੂੰ ਕਈ ਨਿਯਮ ਦਿੱਤੇ ਸਨ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਉਹ ਉਨ੍ਹਾਂ ਨੂੰ ਛੂਤ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਣਾ ਚਾਹੁੰਦਾ ਸੀ। *

ਇਸੇ ਤਰ੍ਹਾਂ ਯਿਸੂ ਮਸੀਹ ਵੀ ਆਪਣੇ ਪਿਤਾ ਯਹੋਵਾਹ ਵਾਂਗ ਬੀਮਾਰ ਲੋਕਾਂ ਤੇ ਤਰਸ ਖਾਂਦਾ ਸੀ। ਮਰਕੁਸ ਦੀ ਇੰਜੀਲ ਵਿਚ ਅਸੀਂ ਉਸ ਘਟਨਾ ਬਾਰੇ ਪੜ੍ਹ ਸਕਦੇ ਹਾਂ ਜਦੋਂ ਯਿਸੂ ਨੂੰ ਇਕ ਕੋੜ੍ਹੀ ਬੰਦਾ ਮਿਲਿਆ। ਕੋੜ੍ਹੀ ਨੇ ਯਿਸੂ ਨੂੰ ਕਿਹਾ: “ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ।” ਯਿਸੂ ਨੇ ਦੇਖਿਆ ਕਿ ਦੁੱਖਾਂ ਦਾ ਮਾਰਿਆ ਇਹ ਬੰਦਾ ਬਹੁਤ ਤੜਫ ਰਿਹਾ ਸੀ ਤੇ ਉਸ ਨੂੰ ਉਸ ਉੱਤੇ ਬਹੁਤ ਹੀ ਤਰਸ ਆਇਆ। ਯਿਸੂ ਨੇ ਕਿਹਾ: “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ।”—ਮਰਕੁਸ 1:40, 41.

ਯਿਸੂ ਨੇ ਸਿਰਫ਼ ਥੋੜ੍ਹੇ ਜਿਹੇ ਲੋਕਾਂ ਨੂੰ ਹੀ ਚੰਗਾ ਨਹੀਂ ਕੀਤਾ ਸੀ। ਬਾਈਬਲ ਦਾ ਇਕ ਲਿਖਾਰੀ ਦੱਸਦਾ ਹੈ ਕਿ ਯਿਸੂ ‘ਸਾਰੀ ਗਲੀਲ ਵਿੱਚ ਫਿਰਦਾ ਹੋਇਆ ਉਪਦੇਸ਼ ਦਿੰਦਾ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ ਕਰਦਾ ਅਤੇ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ।’ (ਮੱਤੀ 4:23) ਇਨ੍ਹਾਂ ਚਮਤਕਾਰਾਂ ਕਾਰਨ ਸਿਰਫ਼ ਯਹੂਦਿਯਾ ਤੇ ਗਲੀਲ ਦੇ ਲੋਕਾਂ ਦੀ ਹੀ ਮਦਦ ਨਹੀਂ ਹੋਈ, ਸਗੋਂ ਇਨ੍ਹਾਂ ਤੋਂ ਸਾਨੂੰ ਵੀ ਹੌਸਲਾ ਮਿਲਦਾ ਹੈ। ਅਸੀਂ ਯਕੀਨ ਕਰ ਸਕਦੇ ਹਾਂ ਕਿ ਜਦੋਂ ਪਰਮੇਸ਼ੁਰ ਦਾ ਰਾਜ ਆਵੇਗਾ, ਤਾਂ ਕੋਈ ਮਾਂਦਗੀ ਨਹੀਂ ਹੋਵੇਗੀ। ਇਸ ਰਾਜ ਬਾਰੇ ਯਿਸੂ ਨੇ ਪ੍ਰਚਾਰ ਕੀਤਾ ਸੀ ਅਤੇ ਇਸ ਰਾਜ ਨੂੰ ਆਉਣ ਤੋਂ ਕੋਈ ਨਹੀਂ ਰੋਕ ਸਕਦਾ।

ਵਿਸ਼ਵ-ਵਿਆਪੀ ਤੰਦਰੁਸਤੀ ਇਕ ਸੁਪਨਾ ਨਹੀਂ

ਬਾਈਬਲ ਸਾਨੂੰ ਯਕੀਨ ਦਿਲਾਉਂਦੀ ਹੈ ਕਿ ਹਰ ਇਨਸਾਨ ਦਾ ਤੰਦਰੁਸਤੀ ਲਈ ਦੇਖਿਆ ਸੁਪਨਾ ਪੂਰਾ ਹੋਵੇਗਾ। ਯੂਹੰਨਾ ਰਸੂਲ ਨੇ ਭਵਿੱਖਬਾਣੀ ਕੀਤੀ ਸੀ ਕਿ ‘ਪਰਮੇਸ਼ੁਰ ਮਨੁੱਖਾਂ ਨਾਲ ਡੇਰਾ ਕਰੇਗਾ।’ ਇਸ ਕਰਕੇ “ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” ਕੀ ਇਹ ਸ਼ਬਦ ਸੱਚ-ਮੁੱਚ ਪੂਰੇ ਹੋਣਗੇ? ਅਗਲੀ ਆਇਤ ਵਿਚ ਪਰਮੇਸ਼ੁਰ ਖ਼ੁਦ ਕਹਿੰਦਾ ਹੈ ਕਿ “ਏਹ ਬਚਨ ਨਿਹਚਾ ਜੋਗ ਅਤੇ ਸਤ ਹਨ।”—ਪਰਕਾਸ਼ ਦੀ ਪੋਥੀ 21:3-5.

ਬੀਮਾਰੀ ਦੇ ਨਾਲ-ਨਾਲ ਗ਼ਰੀਬੀ, ਕਾਲ ਤੇ ਲੜਾਈਆਂ ਨੂੰ ਖ਼ਤਮ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਅਕਸਰ ਇਨ੍ਹਾਂ ਬਿਪਤਾਵਾਂ ਦੁਆਰਾ ਹੀ ਛੂਤ ਦੇ ਰੋਗਾਣੂ ਫੈਲਦੇ ਹਨ। ਇਸ ਕਰਕੇ ਇਹ ਵੱਡਾ ਕੰਮ ਯਹੋਵਾਹ ਨੇ ਆਪਣੇ ਪੁੱਤਰ ਯਿਸੂ ਮਸੀਹ ਦੇ ਹੱਥਾਂ ਵਿਚ ਸੌਂਪਿਆ ਹੈ ਜੋ ਆਪਣੇ ਸਵਰਗੀ ਰਾਜ ਦੁਆਰਾ ਇਹ ਕੰਮ ਪੂਰਾ ਕਰੇਗਾ। ਅੱਜ ਲੱਖਾਂ ਹੀ ਲੋਕ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਰੱਬ ਅੱਗੇ ਤਰਲੇ ਕਰ ਰਹੇ ਹਨ। ਪਰਮੇਸ਼ੁਰ ਨੇ ਉਨ੍ਹਾਂ ਦੀਆਂ ਬੇਨਤੀਆਂ ਸੁਣ ਲਈਆਂ ਹਨ ਅਤੇ ਜਲਦੀ ਇਸ ਰਾਜ ਦੁਆਰਾ ਧਰਤੀ ਉੱਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕੀਤੀ ਜਾਵੇਗੀ।—ਮੱਤੀ 6:9, 10.

ਤਾਂ ਫਿਰ ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਯਿਸੂ ਨੇ ਦੱਸਿਆ ਕਿ ਧਰਤੀ ਉੱਤੇ ਕੁਝ ਖ਼ਾਸ ਘਟਨਾਵਾਂ ਵਾਪਰਨਗੀਆਂ ਜਿਨ੍ਹਾਂ ਤੋਂ ਸਾਨੂੰ ਪਤਾ ਚੱਲੇਗਾ ਕਿ ਉਸ ਦਾ ਰਾਜ ਹੁਣ ਆਉਣ ਵਾਲਾ ਹੈ। ਉਸ ਨੇ ਦੱਸਿਆ ਕਿ ‘ਥਾਂ ਥਾਂ ਮਰੀਆਂ ਪੈਣਗੀਆਂ।’ (ਲੂਕਾ 21:10, 11; ਮੱਤੀ 24:3, 7) ਯੂਨਾਨੀ ਭਾਸ਼ਾ ਤੋਂ ਤਰਜਮਾ ਕੀਤਾ ਗਿਆ “ਮਰੀਆਂ” ਸ਼ਬਦ ਦਾ ਅਰਥ ਹੈ “ਛੂਤ ਫੈਲਣ ਕਾਰਨ ਲੱਗਣ ਵਾਲੀ ਕੋਈ ਵੀ ਘਾਤਕ ਬੀਮਾਰੀ।” ਵੀਹਵੀਂ ਸਦੀ ਵਿਚ ਇੰਨੀ ਡਾਕਟਰੀ ਤਰੱਕੀ ਦੇ ਬਾਵਜੂਦ ਅਸੀਂ ਬਹੁਤ ਖ਼ਤਰਨਾਕ ਬੀਮਾਰੀਆਂ ਦੇਖੀਆਂ ਹਨ।—“ਸੰਨ 1914 ਤੋਂ ਮਹਾਂਮਾਰੀਆਂ ਦੁਆਰਾ ਮੌਤਾਂ” ਡੱਬੀ ਦੇਖੋ।

ਇੰਜੀਲਾਂ ਵਿਚ ਦਰਜ ਯਿਸੂ ਦੀਆਂ ਗੱਲਾਂ ਅਤੇ ਪਰਕਾਸ਼ ਦੀ ਪੋਥੀ ਦੀਆਂ ਭਵਿੱਖਬਾਣੀਆਂ ਦੋਵੇਂ ਮਿਲਦੀਆਂ-ਜੁਲਦੀਆਂ ਹਨ। ਪਰਕਾਸ਼ ਦੀ ਪੋਥੀ ਵਿਚ ਦੱਸਿਆ ਹੈ ਕਿ ਜਦੋਂ ਯਿਸੂ ਮਸੀਹ ਸਵਰਗ ਵਿਚ ਹਕੂਮਤ ਪ੍ਰਾਪਤ ਕਰਦਾ ਹੈ, ਤਾਂ ਉਹ ਇਕ ਘੋੜੇ ਉੱਤੇ ਸਵਾਰ ਹੁੰਦਾ ਹੈ ਅਤੇ ਉਸ ਦੇ ਨਾਲ ਤਿੰਨ ਹੋਰ ਘੋੜਸਵਾਰ ਵੀ ਹਨ। ਇਸ ਦਰਸ਼ਣ ਵਿਚ ਚੌਥਾ ਘੋੜਸਵਾਰ ‘ਇੱਕ ਕੁੱਲੇ ਘੋੜੇ’ ਤੇ ਬੈਠਾ ਹੈ ਤੇ ਉਹ ਧਰਤੀ ਤੇ ‘ਮਰੀਆਂ’ ਲਿਆਉਂਦਾ ਹੈ। (ਪਰਕਾਸ਼ ਦੀ ਪੋਥੀ 6:2, 4, 5, 8) ਸੰਨ 1914 ਤੋਂ ਬੁਰੀਆਂ ਤੋਂ ਬੁਰੀਆਂ ਬੀਮਾਰੀਆਂ ਕਾਰਨ ਹੋਈਆਂ ਮੌਤਾਂ ਇਸ ਗੱਲ ਦਾ ਸਬੂਤ ਹਨ ਕਿ ਇਹ ਘੋੜਸਵਾਰ ਹੁਣ ਆਪਣੇ ਘੋੜੇ ਤੇ ਸਵਾਰ ਹੈ। ਇਨ੍ਹਾਂ ‘ਮਰੀਆਂ’ ਦੇ ਕਾਰਨ ਇਨਸਾਨਾਂ ਉੱਤੇ ਆਉਂਦੇ ਦੁੱਖ-ਤਕਲੀਫ਼ ਹੋਰ ਸਬੂਤ ਹੈ ਕਿ ਪਰਮੇਸ਼ੁਰ ਦਾ ਰਾਜ ਨੇੜੇ ਹੈ। *ਮਰਕੁਸ 13:29.

ਭਾਵੇਂ ਕਿ ਪਿਛਲੇ ਕੁਝ ਦਹਾਕਿਆਂ ਤੋਂ ਡਾਕਟਰ ਕੁਝ ਹੱਦ ਤਕ ਛੂਤ ਦੀਆਂ ਬੀਮਾਰੀਆਂ ਨੂੰ ਘਟਾਉਣ ਵਿਚ ਸਫ਼ਲ ਹੋਏ ਹਨ, ਪਰ ਹੁਣ ਸਾਨੂੰ ਨਵੀਆਂ ਬੀਮਾਰੀਆਂ ਦਾ ਖ਼ਤਰਾ ਹੈ। ਇਸ ਤੋਂ ਦੇਖਿਆ ਜਾ ਸਕਦਾ ਹੈ ਕਿ ਸਾਨੂੰ ਇਨ੍ਹਾਂ ਬੀਮਾਰੀਆਂ ਦੇ ਪੂਰੇ ਖ਼ਾਤਮੇ ਲਈ ਰੱਬ ਦੀ ਲੋੜ ਹੈ। ਰੱਬ ਇਹੀ ਕਰਨ ਦਾ ਵਾਅਦਾ ਕਰਦਾ ਹੈ। ਯਸਾਯਾਹ ਨਬੀ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਰੱਬ ਦੇ ਰਾਜ ਵਿਚ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” ਇਸ ਤੋਂ ਇਲਾਵਾ, “[ਰੱਬ] ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।” (ਯਸਾਯਾਹ 25:8; 33:22, 24) ਜਦੋਂ ਇਹ ਸਮਾਂ ਆਵੇਗਾ, ਬੀਮਾਰੀਆਂ ਤੇ ਸਦਾ ਲਈ ਠੱਲ੍ਹ ਪਾ ਲਈ ਜਾਵੇਗੀ। (g04 5/22)

[ਫੁਟਨੋਟ]

^ ਪੈਰਾ 8 ਮੂਸਾ ਦੀ ਬਿਵਸਥਾ ਵਿਚ ਮਲ-ਮੂਤਰ ਨੂੰ ਟਿਕਾਣੇ ਲਾਉਣ, ਸਾਫ਼-ਸਫ਼ਾਈ, ਸਿਹਤ ਦੀ ਸਾਂਭ-ਸੰਭਾਲ ਅਤੇ ਛੂਤ ਦੇ ਰੋਗੀਆਂ ਨੂੰ ਵੱਖਰੇ ਰੱਖਣ ਦੇ ਨਿਯਮ ਦਿੱਤੇ ਗਏ ਸਨ। ਇਕ ਡਾਕਟਰ ਨੇ ਕਿਹਾ: “ਬਾਈਬਲ ਵਿਚ ਸਿਹਤ ਸੰਬੰਧੀ ਗੱਲਾਂ ਹਿਪੋਕ੍ਰਾਟੀਸ ਵੈਦ ਦੀਆਂ ਗੱਲਾਂ ਨਾਲੋਂ ਕਿਤੇ ਵਧੀਆ ਅਤੇ ਭਰੋਸੇਯੋਗ ਹਨ। ਬਾਈਬਲ ਲਿੰਗੀ ਮਾਮਲਿਆਂ, ਬੀਮਾਰੀਆਂ ਦੀ ਪਛਾਣ ਤੇ ਉਨ੍ਹਾਂ ਦੀ ਰੋਕਥਾਮ ਤੇ ਇਲਾਜ ਬਾਰੇ ਬਹੁਤ ਕੁਝ ਦੱਸਦੀ ਹੈ।”

^ ਪੈਰਾ 15 ਹੋਰ ਸਬੂਤ ਲਈ ਕਿ ਪਰਮੇਸ਼ੁਰ ਦਾ ਰਾਜ ਨੇੜੇ ਹੈ, ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਦਾ 11ਵਾਂ ਅਧਿਆਇ ਦੇਖੋ।

[ਸਫ਼ੇ 12 ਉੱਤੇ ਡੱਬੀ]

ਸੰਨ 1914 ਤੋਂ ਮਹਾਂਮਾਰੀਆਂ ਦੁਆਰਾ ਹੋਈਆਂ ਮੌਤਾਂ

ਹੇਠ ਦਿੱਤੇ ਗਏ ਅੰਕੜੇ ਅੰਦਾਜ਼ੇ ਮੁਤਾਬਕ ਹੀ ਹਨ। ਫਿਰ ਵੀ ਇਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਸੰਨ 1914 ਤੋਂ ਕਿਸ ਹੱਦ ਤਕ ਮਹਾਂਮਾਰੀਆਂ ਫੈਲੀਆਂ ਹਨ।

ਚੇਚਕ (30 ਕਰੋੜ ਤੋਂ ਲੈ ਕੇ 50 ਕਰੋੜ ਮੌਤਾਂ) ਚੇਚਕ ਲਈ ਕੋਈ ਅਸਰਦਾਰ ਇਲਾਜ ਨਹੀਂ ਸੀ। ਪਰ 1980 ਵਿਚ ਟੀਕੇ ਲਗਾਉਣ ਦਾ ਇਕ ਅੰਤਰਰਾਸ਼ਟਰੀ ਪ੍ਰੋਗ੍ਰਾਮ ਚਲਾਇਆ ਗਿਆ ਜਿਸ ਦੁਆਰਾ ਇਹ ਬੀਮਾਰੀ ਖ਼ਤਮ ਕੀਤੀ ਗਈ।

ਟੀ. ਬੀ. (10 ਕਰੋੜ ਤੋਂ ਲੈ ਕੇ 15 ਕਰੋੜ ਮੌਤਾਂ) ਟੀ. ਬੀ. ਕਾਰਨ ਹਾਲੇ ਵੀ ਤਕਰੀਬਨ 20 ਲੱਖ ਲੋਕ ਹਰ ਸਾਲ ਮਰਦੇ ਹਨ ਤੇ ਦੁਨੀਆਂ ਦੇ 3 ਵਿੱਚੋਂ 1 ਇਨਸਾਨ ਵਿਚ ਟੀ. ਬੀ. ਦੇ ਜੀਵਾਣੂ ਹਨ।

ਮਲੇਰੀਆ (8 ਕਰੋੜ ਤੋਂ ਲੈ ਕੇ 12 ਕਰੋੜ ਮੌਤਾਂ) 20 ਵੀਂ ਸਦੀ ਦੇ ਪਹਿਲੇ ਹਿੱਸੇ ਵਿਚ ਹਰ ਸਾਲ ਮਲੇਰੀਏ ਕਾਰਨ ਤਕਰੀਬਨ 20 ਲੱਖ ਲੋਕ ਮਰਦੇ ਸਨ। ਹੁਣ ਸਿਰਫ਼ ਅਫ਼ਰੀਕਾ ਵਿਚ ਹੀ ਇਸ ਬੀਮਾਰੀ ਦੇ ਸਭ ਤੋਂ ਜ਼ਿਆਦਾ ਸ਼ਿਕਾਰ ਹਨ ਜਿੱਥੇ ਹਰ ਸਾਲ 10 ਲੱਖ ਲੋਕ ਮਰਦੇ ਹਨ।

ਸਪੈਨਿਸ਼ ਇਨਫਲੂਐਂਜ਼ਾ (2 ਕਰੋੜ ਤੋਂ ਲੈ ਕੇ 3 ਕਰੋੜ ਮੌਤਾਂ) ਕੁਝ ਇਤਿਹਾਸਕਾਰ ਮੰਨਦੇ ਹਨ ਕਿ ਇਸ ਛੂਤ ਦੁਆਰਾ ਹੋਈਆਂ ਮੌਤਾਂ ਦੀ ਗਿਣਤੀ ਇਸ ਤੋਂ ਵੀ ਕਿਤੇ ਵੱਧ ਸੀ। ਸੰਨ 1918 ਤੇ 1919 ਵਿਚ, ਮਤਲਬ ਕਿ ਪਹਿਲੇ ਮਹਾਂ ਯੁੱਧ ਤੋਂ ਜਲਦੀ ਹੀ ਬਾਅਦ ਇਹ ਘਾਤਕ ਮਹਾਂਮਾਰੀ ਸਾਰੇ ਸੰਸਾਰ ਵਿਚ ਫੈਲ ਗਈ ਸੀ। ਅੰਗ੍ਰੇਜ਼ੀ ਵਿਚ ਇਨਸਾਨ ਅਤੇ ਰੋਗਾਣੂ ਨਾਂ ਦੀ ਕਿਤਾਬ ਦੇ ਅਨੁਸਾਰ “ਬਿਊਬੋਨਿਕ ਪਲੇਗ ਨੇ ਵੀ ਇੰਨੇ ਥੋੜ੍ਹੇ ਸਮੇਂ ਵਿਚ ਇੰਨੀਆਂ ਜਾਨਾਂ ਨਹੀਂ ਲਈਆਂ।”

ਟਾਈਫਸ ਪਲੇਗ (ਤਕਰੀਬਨ 2 ਕਰੋੜ ਮੌਤਾਂ) ਆਮ ਤੌਰ ਤੇ ਲੜਾਈਆਂ ਦੇ ਸਮੇਂ ਟਾਈਫਸ ਦੀ ਛੂਤ ਫੈਲਰ ਜਾਂਦੀ ਹੈ ਤੇ ਪਹਿਲੇ ਮਹਾਂ ਯੁੱਧ ਵਿਚ ਇਹ ਬੀਮਾਰੀ ਇੰਨੀ ਫੈਲਰੀ ਕਿ ਪੂਰਬੀ ਯੂਰਪ ਦੇ ਕਈ ਦੇਸ਼ ਭਿਆਨਕ ਰੂਪ ਨਾਲ ਇਸ ਦੀ ਮਾਰ ਹੇਠ ਆ ਗਏ।

ਏਡਜ਼ (2 ਕਰੋੜ ਮੌਤਾਂ) ਇਸ ਮਹਾਂਮਾਰੀ ਕਾਰਨ ਹੁਣ ਹਰ ਸਾਲ 30 ਲੱਖ ਲੋਕ ਮਰਦੇ ਹਨ। ਏਡਜ਼ ਬੀਮਾਰੀ ਸੰਬੰਧੀ ਚਲਾਏ ਸੰਯੁਕਤ ਰਾਸ਼ਟਰ-ਸੰਘ ਦੇ ਇਕ ਪ੍ਰੋਗ੍ਰਾਮ ਅਨੁਸਾਰ “ਜੇ ਹੁਣ ਰੋਕਥਾਮ ਤੇ ਇਲਾਜ ਦੇ ਹੋਰ ਪ੍ਰਬੰਧ ਨਾ ਕੀਤੇ ਗਏ, ਤਾਂ 2000 ਤੇ 2020 ਦੇ ਸਮੇਂ ਦੌਰਾਨ 6.8 ਕਰੋੜ ਲੋਕ ਮਰ ਜਾਣਗੇ।”

[ਸਫ਼ੇ 11 ਉੱਤੇ ਤਸਵੀਰਾਂ]

ਪਰਮੇਸ਼ੁਰ ਦੇ ਰਾਜ ਵਿਚ ਇਸ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਕੋਈ ਖ਼ਤਰਾ ਨਹੀਂ ਹੋਵੇਗਾ

ਏਡਜ਼

ਮਲੇਰੀਆ

ਟੀ. ਬੀ.

[ਕ੍ਰੈਡਿਟ ਲਾਈਨ]

AIDS: CDC; malaria: CDC/Dr. Melvin; TB: © 2003 Dennis Kunkel Microscopy, Inc.

[ਸਫ਼ੇ 13 ਉੱਤੇ ਤਸਵੀਰ]

ਯਿਸੂ ਨੇ ਹਰ ਤਰ੍ਹਾਂ ਦੀ ਬੀਮਾਰੀ ਅਤੇ ਰੋਗ ਨੂੰ ਠੀਕ ਕੀਤਾ ਸੀ