Skip to content

Skip to table of contents

ਬੀਮਾਰੀਆਂ ਨੂੰ ਜੜ੍ਹੋਂ ਉਖਾੜਨ ਵਿਚ ਕਾਮਯਾਬੀਆਂ ਤੇ ਨਾਕਾਮਯਾਬੀਆਂ

ਬੀਮਾਰੀਆਂ ਨੂੰ ਜੜ੍ਹੋਂ ਉਖਾੜਨ ਵਿਚ ਕਾਮਯਾਬੀਆਂ ਤੇ ਨਾਕਾਮਯਾਬੀਆਂ

ਬੀਮਾਰੀਆਂ ਨੂੰ ਜੜ੍ਹੋਂ ਉਖਾੜਨ ਵਿਚ ਕਾਮਯਾਬੀਆਂ ਤੇ ਨਾਕਾਮਯਾਬੀਆਂ

ਅਗਸਤ 5, 1942 ਦੇ ਦਿਨ ਡਾ. ਐਲੇਗਜ਼ੈਂਡਰ ਫਲੇਮਿੰਗ ਨੂੰ ਪਤਾ ਚੱਲਿਆ ਕਿ ਉਸ ਦਾ ਇਕ ਮਰੀਜ਼ ਮਰ ਰਿਹਾ ਸੀ। ਅਸਲ ਵਿਚ ਇਹ ਮਰੀਜ਼ ਉਸ ਦਾ ਆਪਣਾ ਦੋਸਤ ਸੀ। ਇਸ 52 ਸਾਲਾਂ ਦੇ ਬੰਦੇ ਦੀ ਰੀੜ੍ਹ ਦੀ ਹੱਡੀ ਦੀਆਂ ਝਿੱਲੀਆਂ ਨੂੰ ਸੋਜ (spinal meningitis) ਪੈ ਚੁੱਕੀ ਸੀ। ਫਲੇਮਿੰਗ ਨੇ ਆਪਣੇ ਦੋਸਤ ਦਾ ਇਲਾਜ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਪਰ ਮਰੀਜ਼ ਦੀ ਸਿਹਤ ਵਿਗੜਦੀ ਗਈ ਤੇ ਉਹ ਬੇਸੁਰਤੀ (coma) ਦੀ ਹਾਲਤ ਵਿਚ ਚਲਾ ਗਿਆ।

ਪੰਦਰਾਂ ਸਾਲ ਪਹਿਲਾਂ ਅਚਾਨਕ ਹੀ ਫਲੇਮਿੰਗ ਨੇ ਨੀਲੀ-ਹਰੀ ਉੱਲੀ ਤੋਂ ਬਣੇ ਇਕ ਪਦਾਰਥ ਦੀ ਕਾਢ ਕੱਢੀ ਜਿਸ ਨੂੰ ਉਸ ਨੇ ਪੈਨਸਲੀਨ ਨਾਂ ਦਿੱਤਾ ਸੀ। ਉਸ ਨੇ ਦੇਖਿਆ ਕਿ ਪੈਨਸਲੀਨ ਬੈਕਟੀਰੀਆ ਨੂੰ ਖ਼ਤਮ ਕਰ ਸਕਦੀ ਸੀ। ਪਰ ਉਸ ਨੂੰ ਇਸ ਉੱਲੀ ਤੋਂ ਸੁਧੀ ਪੈਨਸਲੀਨ ਨਹੀਂ ਕੱਢਣੀ ਆਉਂਦੀ ਸੀ ਅਤੇ ਉਸ ਨੇ ਇਸ ਨੂੰ ਸਿਰਫ਼ ਐਂਟੀਸੈਪਟਿਕ ਦਵਾਈ ਦੇ ਤੌਰ ਤੇ ਹੀ ਅਜ਼ਮਾ ਕੇ ਦੇਖਿਆ ਸੀ। ਉਨੀਂ ਦਿਨੀਂ 1938 ਵਿਚ ਆਕਸਫੋਰਡ ਯੂਨੀਵਰਸਿਟੀ ਦੇ ਹਾਵਰਡ ਫ਼ਲੌਰੀ ਤੇ ਉਸ ਦੀ ਟੀਮ ਵੱਡੀ ਮਾਤਰਾ ਵਿਚ ਪੈਨਸਲੀਨ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂਕਿ ਉਹ ਮਰੀਜ਼ਾਂ ਉੱਤੇ ਇਸ ਦਵਾਈ ਨੂੰ ਅਜ਼ਮਾ ਕੇ ਦੇਖ ਸਕਣ। ਫਲੇਮਿੰਗ ਨੇ ਫ਼ਲੌਰੀ ਨੂੰ ਟੈਲੀਫ਼ੋਨ ਕਰ ਕੇ ਉਸ ਕੋਲ ਜਿੰਨੀ ਵੀ ਪੈਨਸਲੀਨ ਸੀ ਮੰਗਵਾ ਲਈ ਕਿਉਂਕਿ ਉਹ ਜਾਣਦਾ ਸੀ ਕਿ ਇਹ ਉਸ ਦੇ ਦੋਸਤ ਨੂੰ ਬਚਾਉਣ ਦੀ ਆਖ਼ਰੀ ਉਮੀਦ ਸੀ।

ਜਦੋਂ ਉਸ ਦੇ ਦੋਸਤ ਦੇ ਪੱਠਿਆਂ ਵਿਚ ਪੈਨਸਲੀਨ ਦਾ ਟੀਕਾ ਲਾਉਣ ਨਾਲ ਕੋਈ ਅਸਰ ਨਹੀਂ ਪਿਆ, ਤਾਂ ਫਲੇਮਿੰਗ ਨੇ ਉਸ ਦੀ ਰੀੜ੍ਹ ਦੀ ਹੱਡੀ ਵਿਚ ਟੀਕਾ ਲਗਾ ਦਿੱਤਾ। ਪੈਨਸਲੀਨ ਨਾਲ ਰੋਗਾਣੂ ਫਟਾਫਟ ਖ਼ਤਮ ਹੋਣ ਲੱਗ ਪਏ ਅਤੇ ਇਕ ਹੀ ਹਫ਼ਤੇ ਵਿਚ ਫਲੇਮਿੰਗ ਦਾ ਦੋਸਤ ਬਿਲਕੁਲ ਠੀਕ ਹੋ ਕੇ ਘਰ ਚਲਾ ਗਿਆ। ਇਸ ਘਟਨਾ ਨਾਲ ਐਂਟੀਬਾਇਓਟਿਕਸ ਦਾ ਯੁਗ ਸ਼ੁਰੂ ਹੋ ਗਿਆ। ਜੀ ਹਾਂ, ਛੂਤ ਦੀਆਂ ਬੀਮਾਰੀਆਂ ਦਾ ਇਕ ਨਵਾਂ ਇਲਾਜ ਲੱਭਣ ਵਿਚ ਕਾਮਯਾਬੀ ਮਿਲੀ!

ਐਂਟੀਬਾਇਓਟਿਕਸ ਦਾ ਯੁਗ

ਪਹਿਲਾਂ-ਪਹਿਲਾਂ ਇਸ ਤਰ੍ਹਾਂ ਲੱਗਿਆ ਕਿ ਐਂਟੀਬਾਇਓਟਿਕਸ ਜਾਦੂ ਵਾਂਗ ਅਸਰ ਕਰਨ ਵਾਲੀਆਂ ਦਵਾਈਆਂ ਹਨ। ਹੁਣ ਬੈਕਟੀਰੀਆ, ਉੱਲੀ ਜਾਂ ਹੋਰ ਸੂਖਮ-ਜੀਵਾਂ ਤੋਂ ਲੱਗਣ ਵਾਲੀਆਂ ਛੂਤ ਦੀਆਂ ਬੀਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਸੀ। ਇਨ੍ਹਾਂ ਨਵੀਆਂ ਦਵਾਈਆਂ ਸਦਕਾ ਹੁਣ ਮੇਨਿਨਜਾਈਟਸ ਯਾਨੀ ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਬੀਮਾਰੀਆਂ, ਨਮੂਨੀਆ ਤੇ ਲਾਲ ਬੁਖ਼ਾਰ ਵਰਗੀਆਂ ਬੀਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਗਈ ਹੈ। ਪਹਿਲਾਂ-ਪਹਿਲਾਂ ਲੋਕ ਜਦੋਂ ਇਲਾਜ ਕਰਾਉਣ ਲਈ ਹਸਪਤਾਲਾਂ ਵਿਚ ਦਾਖ਼ਲ ਹੁੰਦੇ ਸਨ, ਤਾਂ ਉਨ੍ਹਾਂ ਨੂੰ ਹਸਪਤਾਲਾਂ ਵਿੱਚੋਂ ਹੀ ਕੋਈ-ਨ-ਕੋਈ ਛੂਤ ਲੱਗ ਜਾਂਦੀ ਸੀ ਤੇ ਉਹ ਮਰ ਜਾਂਦੇ ਸਨ, ਪਰ ਹੁਣ ਇਨ੍ਹਾਂ ਛੂਤਾਂ ਤੇ ਕੁਝ ਹੀ ਦਿਨਾਂ ਵਿਚ ਠੱਲ੍ਹ ਪਾਈ ਜਾਂਦੀ ਹੈ।

ਫਲੇਮਿੰਗ ਦੇ ਜ਼ਮਾਨੇ ਤੋਂ ਲੈ ਕੇ ਹੁਣ ਤਕ ਖੋਜਕਾਰਾਂ ਨੇ ਤਰ੍ਹਾਂ-ਤਰ੍ਹਾਂ ਦੇ ਐਂਟੀਬਾਇਓਟਿਕਸ ਬਣਾ ਲਏ ਹਨ ਅਤੇ ਉਹ ਹੋਰ ਨਵੀਆਂ ਤੋਂ ਨਵੀਆਂ ਦਵਾਈਆਂ ਦੀ ਖੋਜ ਕੱਢ ਰਹੇ ਹਨ। ਪਿਛਲੇ 60 ਸਾਲਾਂ ਤੋਂ ਐਂਟੀਬਾਇਓਟਿਕਸ ਦੀ ਦਵਾਈ ਇਕ ਬਹੁਤ ਅਹਿਮ ਦਵਾਈ ਬਣ ਗਈ ਹੈ। ਜੇ ਜੋਰਜ ਵਾਸ਼ਿੰਗਟਨ ਅੱਜ ਜ਼ਿੰਦਾ ਹੁੰਦਾ, ਤਾਂ ਬਿਨਾਂ ਸ਼ੱਕ ਡਾਕਟਰ ਉਸ ਦਾ ਇਲਾਜ ਐਂਟੀਬਾਇਓਟਿਕਸ ਨਾਲ ਹੀ ਕਰਦੇ ਤੇ ਸੰਭਵ ਹੈ ਕਿ ਉਹ ਇਕ-ਦੋ ਹਫ਼ਤਿਆਂ ਵਿਚ ਠੀਕ ਹੋ ਜਾਂਦਾ। ਹੋ ਸਕਦਾ ਹੈ ਕਿ ਅਸੀਂ ਸਾਰਿਆਂ ਨੇ ਕਿਸੇ-ਨ-ਕਿਸੇ ਤਰ੍ਹਾਂ ਦੀ ਛੂਤ ਦੇ ਇਲਾਜ ਵਾਸਤੇ ਐਂਟੀਬਾਇਓਟਿਕਸ ਦਵਾਈ ਲਈ ਹੋਵੇਗੀ। ਪਰ ਦੇਖਿਆ ਗਿਆ ਹੈ ਕਿ ਐਂਟੀਬਾਇਓਟਿਕਸ ਹਰ ਮਰਜ਼ ਦੀ ਦਵਾਈ ਨਹੀਂ ਹਨ।

ਵਾਇਰਸਾਂ ਤੋਂ ਹੋਣ ਵਾਲੀਆਂ ਏਡਜ਼ ਜਾਂ ਇਨਫਲੂਐਂਜ਼ਾ ਵਰਗੀਆਂ ਬੀਮਾਰੀਆਂ ਉੱਤੇ ਐਂਟੀਬਾਇਓਟਿਕਸ ਕੰਮ ਨਹੀਂ ਕਰਦੇ। ਇਸ ਤੋਂ ਇਲਾਵਾ, ਕਈਆਂ ਲੋਕਾਂ ਨੂੰ ਐਂਟੀਬਾਇਓਟਿਕਸ ਤੋਂ ਅਲਰਜੀ ਹੋ ਜਾਂਦੀ ਹੈ। ਨਾਲੇ ਬਹੁਤ ਸਾਰੇ ਐਂਟੀਬਾਇਓਟਿਕਸ ਜੋ ਅਨੇਕ ਬੀਮਾਰੀਆਂ ਲਈ ਵਰਤੇ ਜਾਂਦੇ ਹਨ, ਸਾਡੇ ਸਰੀਰਾਂ ਵਿਚਲੇ ਫ਼ਾਇਦੇਮੰਦ ਸੂਖਮ-ਜੀਵਾਂ ਨੂੰ ਵੀ ਮਾਰ ਦਿੰਦੇ ਹਨ। ਪਰ ਐਂਟੀਬਾਇਓਟਿਕਸ ਲੈਣ ਦੀ ਸਭ ਤੋਂ ਵੱਡੀ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਇਨ੍ਹਾਂ ਨੂੰ ਲੋੜ ਤੋਂ ਵੱਧ ਜਾਂ ਘੱਟ ਵਰਤਦੇ ਹਾਂ।

ਜਦੋਂ ਮਰੀਜ਼ ਥੋੜ੍ਹਾ ਜਿਹਾ ਠੀਕ ਮਹਿਸੂਸ ਕਰਨ ਲੱਗ ਪੈਂਦੇ ਹਨ ਜਾਂ ਉਹ ਸੋਚਦੇ ਹਨ ਕਿ ਦਵਾਈ ਇੰਨੇ ਚਿਰ ਲਈ ਖਾਣ ਦੀ ਕੋਈ ਜ਼ਰੂਰਤ ਨਹੀਂ, ਤਾਂ ਉਹ ਪੂਰੀ ਤਰ੍ਹਾਂ ਠੀਕ ਹੋਣ ਤੋਂ ਪਹਿਲਾਂ ਹੀ ਐਂਟੀਬਾਇਓਟਿਕਸ ਦਵਾਈਆਂ ਲੈਣੀਆਂ ਬੰਦ ਕਰ ਦਿੰਦੇ ਹਨ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਐਂਟੀਬਾਇਓਟਿਕਸ ਸਾਰੇ ਬੈਕਟੀਰੀਆ ਨੂੰ ਨਹੀਂ ਖ਼ਤਮ ਕਰਦੇ ਤੇ ਛੂਤ ਠੀਕ ਹੋਣ ਦੀ ਬਜਾਇ ਵਧ ਜਾਂਦੀ ਹੈ। ਟੀ. ਬੀ. ਦੇ ਕਈ ਮਰੀਜ਼ਾਂ ਨਾਲ ਇਸੇ ਤਰ੍ਹਾਂ ਹੋਇਆ ਹੈ।

ਡਾਕਟਰ ਤੇ ਕਿਸਾਨ ਦੋਵੇਂ ਇਨ੍ਹਾਂ ਨਵੀਆਂ ਦਵਾਈਆਂ ਦੀ ਕੁਵਰਤੋਂ ਕਰਦੇ ਆਏ ਹਨ। ਅੰਗ੍ਰੇਜ਼ੀ ਵਿਚ ਇਨਸਾਨ ਅਤੇ ਰੋਗਾਣੂ ਨਾਂ ਦੀ ਕਿਤਾਬ ਕਹਿੰਦੀ ਹੈ ਕਿ “ਅਮਰੀਕਾ ਤੇ ਹੋਰਨਾਂ ਦੇਸ਼ਾਂ ਵਿਚ ਵੀ ਐਂਟੀਬਾਇਓਟਿਕਸ ਬੇਲੋੜੇ ਵਰਤੇ ਜਾਂਦੇ ਹਨ। ਪਸ਼ੂਆਂ ਦੇ ਖਾਣੇ ਵਿਚ ਇਨ੍ਹਾਂ ਦੀ ਕਾਫ਼ੀ ਮਿਲਾਵਟ ਕੀਤੀ ਜਾਂਦੀ ਹੈ। ਇਹ ਇਲਾਜ ਦੇ ਤੌਰ ਤੇ ਨਹੀਂ, ਸਗੋਂ ਪਸ਼ੂਆਂ ਨੂੰ ਮੋਟਾ ਕਰਨ ਲਈ ਵਰਤੇ ਜਾਂਦੇ ਹਨ। ਇਸ ਕਰਕੇ ਰੋਗਾਣੂਆਂ ਉੱਤੇ ਇਨ੍ਹਾਂ ਦਾ ਅਸਰ ਘੱਟ ਜਾਂਦਾ ਹੈ।” ਨਤੀਜੇ ਵਜੋਂ ਕਿਤਾਬ ਦੱਸਦੀ ਹੈ ਕਿ “ਹੁਣ ਸਾਡੇ ਕੋਲ ਬਹੁਤ ਘੱਟ ਨਵੇਂ ਐਂਟੀਬਾਇਓਟਿਕਸ ਹਨ।”

ਭਾਵੇਂ ਕਿ ਐਂਟੀਬਾਇਓਟਿਕਸ ਦੇ ਘੱਟ ਰਹੇ ਅਸਰ ਇਕ ਵੱਡੀ ਸਮੱਸਿਆ ਹੈ, ਫਿਰ ਵੀ ਵੀਹਵੀਂ ਸਦੀ ਦੇ ਆਖ਼ਰੀ 50 ਸਾਲਾਂ ਵਿਚ ਡਾਕਟਰੀ ਖੇਤਰ ਵਿਚ ਕਾਫ਼ੀ ਤਰੱਕੀ ਕੀਤੀ ਗਈ ਸੀ। ਇਸ ਸਮੇਂ ਦੌਰਾਨ ਲੱਗਦਾ ਸੀ ਕਿ ਤਕਰੀਬਨ ਹਰੇਕ ਬੀਮਾਰੀ ਦੇ ਇਲਾਜ ਲਈ ਵਿਗਿਆਨੀ ਕੋਈ-ਨ-ਕੋਈ ਦਵਾ-ਦਾਰੂ ਜ਼ਰੂਰ ਲੱਭ ਲੈਣਗੇ। ਬੀਮਾਰੀਆਂ ਦੇ ਰੋਕਥਾਮ ਲਈ ਕਈ ਪ੍ਰਕਾਰ ਦੇ ਟੀਕੇ ਤਿਆਰ ਕੀਤੇ ਜਾ ਰਹੇ ਸਨ।

ਬੀਮਾਰੀਆਂ ਨੂੰ ਜੜ੍ਹੋਂ ਉਖਾੜਨ ਵਿਚ ਕਾਮਯਾਬੀਆਂ

ਵਿਸ਼ਵ ਸਿਹਤ ਰਿਪੋਰਟ 1999 ਦੇ ਅਨੁਸਾਰ “ਟੀਕਿਆਂ ਕਰਕੇ ਹੁਣ ਲੋਕਾਂ ਨੂੰ ਪਹਿਲਾਂ ਨਾਲੋਂ ਬਹੁਤ ਘੱਟ ਬੀਮਾਰੀਆਂ ਲੱਗਦੀਆਂ ਹਨ।” ਦੁਨੀਆਂ ਭਰ ਵਿਚ ਟੀਕਿਆਂ ਦੁਆਰਾ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਗਈਆਂ ਹਨ। ਚੇਚਕ ਦੀ ਮਾਰੂ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਦੁਨੀਆਂ ਭਰ ਵਿਚ ਲੋਕਾਂ ਨੂੰ ਟੀਕੇ ਲਾਏ ਗਏ ਸਨ ਜਿਸ ਕਰਕੇ ਇਹ ਬੀਮਾਰੀ ਹੁਣ ਖ਼ਤਮ ਹੋ ਚੁੱਕੀ ਹੈ। ਇਸ ਬੀਮਾਰੀ ਨੇ 20 ਵੀਂ ਸਦੀ ਦੀਆਂ ਸਾਰੀਆਂ ਲੜਾਈਆਂ ਵਿਚ ਮਰੇ ਲੋਕਾਂ ਨਾਲੋਂ ਜ਼ਿਆਦਾ ਜਾਨਾਂ ਲਈਆਂ। ਇਸੇ ਤਰ੍ਹਾਂ ਪੋਲੀਓ ਦੀ ਬੀਮਾਰੀ ਵੀ ਹੁਣ ਤਕਰੀਬਨ ਖ਼ਤਮ ਹੋ ਹੀ ਚੁੱਕੀ ਹੈ। (“ਚੇਚਕ ਤੇ ਪੋਲੀਓ ਉੱਤੇ ਕਾਬੂ” ਨਾਮਕ ਡੱਬੀ ਦੇਖੋ।) ਬੱਚਿਆਂ ਨੂੰ ਟੀਕੇ ਲਗਾਏ ਜਾਂਦੇ ਹਨ ਤਾਂਕਿ ਉਹ ਆਮ ਜਾਨਲੇਵਾ ਬੀਮਾਰੀਆਂ ਤੋਂ ਬਚ ਸਕਣ।

ਦੂਸਰੀਆਂ ਬੀਮਾਰੀਆਂ ਉੱਤੇ ਕਾਬੂ ਪਾਉਣ ਲਈ ਇੰਨਾ ਕੁਝ ਨਹੀਂ ਕਰਨਾ ਪਿਆ। ਜਿਨ੍ਹਾਂ ਇਲਾਕਿਆਂ ਵਿਚ ਮਲ-ਮੂਤਰ ਨੂੰ ਸਹੀ ਢੰਗ ਨਾਲ ਟਿਕਾਣੇ ਲਗਾਉਣ ਦੇ ਪ੍ਰਬੰਧ ਹਨ ਅਤੇ ਸਾਫ਼ ਪਾਣੀ ਉਪਲਬਧ ਹੈ, ਉੱਥੇ ਹੈਜ਼ਾ ਵਰਗੀਆਂ ਬੀਮਾਰੀਆਂ ਘੱਟ ਹੀ ਫੈਲਦੀਆਂ ਹਨ। ਹੈਜ਼ਾ ਦੀ ਬੀਮਾਰੀ ਗੰਦੇ ਪਾਣੀ ਤੋਂ ਫੈਲਦੀ ਹੈ। ਅੱਜ-ਕੱਲ੍ਹ ਬਹੁਤ ਸਾਰਿਆਂ ਦੇਸ਼ਾਂ ਵਿਚ ਲੋਕ ਆਸਾਨੀ ਨਾਲ ਡਾਕਟਰ ਕੋਲ ਜਾਂ ਹਸਪਤਾਲ ਵੀ ਜਾ ਸਕਦੇ ਹਨ ਤੇ ਜ਼ਿਆਦਾਤਰ ਬੀਮਾਰੀਆਂ ਦੀ ਜਲਦੀ ਪਛਾਣ ਕਰ ਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਚੰਗੀ ਖ਼ੁਰਾਕ ਤੇ ਘਰਾਂ ਵਿਚ ਸਫ਼ਾਈ ਨੇ ਵੀ ਲੋਕਾਂ ਦੀ ਸਿਹਤ ਉੱਤੇ ਅਸਰ ਪਾਇਆ ਹੈ। ਨਾਲੇ ਜਿਨ੍ਹਾਂ ਇਲਾਕਿਆਂ ਵਿਚ ਸਰਕਾਰੀ ਅਧਿਕਾਰੀ ਮੰਗ ਕਰਦੇ ਹਨ ਕਿ ਭੋਜਨ ਪਕਾਉਂਦੇ ਸਮੇਂ ਹਰ ਤਰ੍ਹਾਂ ਦੀ ਸਫ਼ਾਈ ਹੋਣੀ ਚਾਹੀਦੀ ਹੈ ਤੇ ਭੋਜਨ ਨੂੰ ਰੈਫ੍ਰਿਜਰੇਟਰਾਂ ਜਾਂ ਸਾਫ਼ ਜਗ੍ਹਾ ਤੇ ਰੱਖਿਆ ਜਾਣਾ ਚਾਹੀਦਾ ਹੈ, ਉੱਥੇ ਵੀ ਪਬਲਿਕ ਦੀ ਸਿਹਤ ਵਿਚ ਫ਼ਰਕ ਪੈਣ ਲੱਗ ਪਿਆ ਹੈ।

ਜੇ ਵਿਗਿਆਨੀਆਂ ਨੂੰ ਛੂਤ ਦੀ ਬੀਮਾਰੀ ਦਾ ਕਾਰਨ ਪਤਾ ਚੱਲ ਜਾਵੇ, ਤਾਂ ਸਿਹਤ ਅਧਿਕਾਰੀ ਇਸ ਦੀ ਰੋਕਥਾਮ ਲਈ ਕੁਝ-ਨ-ਕੁਝ ਕਰ ਸਕਦੇ ਹਨ। ਮਿਸਾਲ ਲਈ, ਸੰਨ 1907 ਵਿਚ ਜਦੋਂ ਸਾਨ ਫ਼ਰਾਂਸਿਸਕੋ ਵਿਚ ਬਿਊਬੋਨਿਕ ਪਲੇਗ ਫੈਲ ਗਈ ਸੀ, ਤਾਂ ਇਸ ਸ਼ਹਿਰ ਵਿਚ ਬਹੁਤ ਹੀ ਥੋੜ੍ਹੇ ਲੋਕ ਮਰੇ ਕਿਉਂਕਿ ਸਿਹਤ ਅਧਿਕਾਰੀਆਂ ਨੇ ਫਟਾਫਟ ਉਨ੍ਹਾਂ ਚੂਹਿਆਂ ਨੂੰ ਮਾਰਨ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਸਨ ਜਿਨ੍ਹਾਂ ਦੇ ਸਰੀਰਾਂ ਤੇ ਬੀਮਾਰੀ ਫੈਲਾਉਣ ਵਾਲੇ ਪਿੱਸੂ ਸਨ। ਦੂਜੇ ਪਾਸੇ, ਭਾਰਤ ਵਿਚ ਸੰਨ 1896 ਤੋਂ ਸ਼ੁਰੂ ਹੋ ਕੇ ਅਗਲੇ 12 ਸਾਲਾਂ ਦੇ ਅੰਦਰ-ਅੰਦਰ ਇਸੇ ਬੀਮਾਰੀ ਦੇ ਕਾਰਨ ਇਕ ਕਰੋੜ ਲੋਕ ਮਰ ਗਏ ਕਿਉਂਕਿ ਉੱਥੇ ਕਿਸੇ ਨੂੰ ਵੀ ਇਸ ਬੀਮਾਰੀ ਦਾ ਕਾਰਨ ਨਹੀਂ ਸੀ ਪਤਾ।

ਬੀਮਾਰੀਆਂ ਤੇ ਕਾਬੂ ਪਾਉਣ ਵਿਚ ਨਾਕਾਮਯਾਬੀਆਂ

ਇਸ ਵਿਚ ਕੋਈ ਸ਼ੱਕ ਨਹੀਂ ਕਿ ਬੀਮਾਰੀਆਂ ਨੂੰ ਕਾਬੂ ਕਰਨ ਵਿਚ ਸਾਇੰਸ ਨੇ ਕਾਫ਼ੀ ਕਾਮਯਾਬੀ ਹਾਸਲ ਕੀਤੀ ਹੈ। ਪਰ ਕੁਝ ਕਾਮਯਾਬੀਆਂ ਸਿਰਫ਼ ਅਮੀਰ ਦੇਸ਼ਾਂ ਵਿਚ ਹੀ ਦੇਖੀਆਂ ਗਈਆਂ ਹਨ। ਗ਼ਰੀਬ ਦੇਸ਼ਾਂ ਵਿਚ ਹਾਲੇ ਵੀ ਕਰੋੜਾਂ ਹੀ ਲੋਕ ਉਨ੍ਹਾਂ ਬੀਮਾਰੀਆਂ ਦੇ ਕਾਰਨ ਮਰ ਜਾਂਦੇ ਹਨ ਜਿਨ੍ਹਾਂ ਦਾ ਹੁਣ ਇਲਾਜ ਕੀਤਾ ਜਾ ਸਕਦਾ ਹੈ। ਗ਼ਰੀਬ ਦੇਸ਼ਾਂ ਵਿਚ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਸਾਫ਼ ਪਾਣੀ, ਡਾਕਟਰੀ ਸੇਵਾਵਾਂ ਅਤੇ ਮਲ-ਮੂਤਰ ਨੂੰ ਸਹੀ ਢੰਗ ਨਾਲ ਟਿਕਾਣੇ ਲਗਾਉਣ ਦੀਆਂ ਸਹੂਲਤਾਂ ਉਪਲਬਧ ਨਹੀਂ ਹਨ। ਇਨ੍ਹਾਂ ਸਾਧਾਰਣ ਲੋੜਾਂ ਨੂੰ ਪੂਰਾ ਕਰਨਾ ਇਸ ਕਰਕੇ ਵੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਗ਼ਰੀਬ ਦੇਸ਼ਾਂ ਦੇ ਲੋਕ ਆਪਣੇ ਪਿੰਡ ਛੱਡ ਕੇ ਹੁਣ ਅਮੀਰ ਦੇਸ਼ਾਂ ਦੇ ਵੱਡੇ-ਵੱਡੇ ਸ਼ਹਿਰਾਂ ਵਿਚ ਰਹਿਣ ਲੱਗ ਪਏ ਹਨ। ਇਸ ਕਰਕੇ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਅਮੀਰ ਦੇਸ਼ਾਂ ਨਾਲੋਂ ਗ਼ਰੀਬ ਦੇਸ਼ਾਂ ਵਿਚ ਜ਼ਿਆਦਾ ਬੀਮਾਰੀਆਂ ਦੇਖੀਆਂ ਜਾਂਦੀਆਂ ਹਨ।

ਅਮੀਰ-ਗ਼ਰੀਬ ਦੇਸ਼ਾਂ ਵਿਚ ਫ਼ਰਕ ਦੀ ਇਕ ਵਜ੍ਹਾ ਇਹ ਵੀ ਹੈ ਕਿ ਕੁਝ ਲੋਕ ਬਹੁਤ ਹੀ ਸੁਆਰਥੀ ਹਨ। ਇਨਸਾਨ ਅਤੇ ਰੋਗਾਣੂ ਨਾਂ ਦੀ ਕਿਤਾਬ ਕਹਿੰਦੀ ਹੈ: “ਸੰਸਾਰ ਦੀਆਂ ਸਭ ਤੋਂ ਘਾਤਕ ਛੂਤ ਦੀਆਂ ਬੀਮਾਰੀਆਂ ਸਿਰਫ਼ ਗ਼ਰੀਬ ਦੇਸ਼ਾਂ ਵਿਚ ਹੀ ਪਾਈਆਂ ਜਾਂਦੀਆਂ ਹਨ। ਕੁਝ ਬੀਮਾਰੀਆਂ ਸਿਰਫ਼ ਦੁਨੀਆਂ ਦੇ ਗ਼ਰੀਬ ਗਰਮ ਦੇਸ਼ਾਂ ਤਕ ਸੀਮਿਤ ਹਨ।” ਇਹ ਗੱਲ ਵੀ ਧਿਆਨ ਰੱਖਣ ਯੋਗ ਹੈ ਕਿ ਅਮੀਰ ਦੇਸ਼ਾਂ ਵਿਚ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਗ਼ਰੀਬ ਦੇਸ਼ਾਂ ਦੀਆਂ ਬੀਮਾਰੀਆਂ ਦੇ ਇਲਾਜ ਲਈ ਪੈਸਾ ਖ਼ਰਚ ਨਹੀਂ ਕਰਨਾ ਚਾਹੁੰਦੀਆਂ ਕਿਉਂਕਿ ਉਨ੍ਹਾਂ ਨੂੰ ਉੱਥੋਂ ਕੋਈ ਨਫ਼ਾ ਨਹੀਂ ਹੁੰਦਾ।

ਬੀਮਾਰੀਆਂ ਉਦੋਂ ਵੀ ਫੈਲਦੀਆਂ ਹਨ ਜਦੋਂ ਲੋਕ ਆਪਣੇ ਚਾਲ-ਚਲਣ ਪ੍ਰਤੀ ਲਾਪਰਵਾਹ ਹੁੰਦੇ ਹਨ। ਅਸੀਂ ਇਸ ਗੱਲ ਦੀ ਅਸਲੀਅਤ ਏਡਜ਼ ਦੀ ਬੀਮਾਰੀ ਤੋਂ ਦੇਖ ਸਕਦੇ ਹਾਂ ਜੋ ਕਿ ਗ਼ਲਤ ਜਿਨਸੀ ਸੰਬੰਧ ਰੱਖਣ ਨਾਲ ਇਕ-ਦੂਜੇ ਤੋਂ ਲੱਗਦੀ ਹੈ। ਥੋੜ੍ਹੇ ਹੀ ਸਮੇਂ ਵਿਚ ਇਹ ਮਹਾਂਮਾਰੀ ਪੂਰੀ ਧਰਤੀ ਉੱਤੇ ਫੈਲ ਗਈ ਹੈ। (“ਏਡਜ਼—ਸਾਡੇ ਜ਼ਮਾਨੇ ਦੀ ਮਹਾਂਮਾਰੀ” ਨਾਮਕ ਡੱਬੀ ਦੇਖੋ।) ਇਕ ਡਾਕਟਰ ਨੇ ਕਿਹਾ: “ਤੁਸੀਂ ਸ਼ਾਇਦ ਸੋਚੋ ਕਿ ਮੈਂ ਦੂਸਰਿਆਂ ਦੇ ਚਾਲ-ਚਲਣ ਦੀ ਨੁਕਤਾਚੀਨੀ ਕਰ ਰਿਹਾ ਹਾਂ, ਪਰ ਅਸਲੀਅਤ ਤਾਂ ਇਹ ਹੈ ਕਿ ਲੋਕਾਂ ਨੇ ਇਹ ਮੁਸੀਬਤ ਆਪ ਆਪਣੇ ਉੱਤੇ ਲਿਆਂਦੀ ਹੈ।”

ਅਣਜਾਣਪੁਣੇ ਵਿਚ ਲੋਕਾਂ ਨੇ ਏਡਜ਼ ਵਾਇਰਸ ਕਿਸ ਤਰ੍ਹਾਂ ਫੈਲਾਇਆ ਹੈ? ਅੰਗ੍ਰੇਜ਼ੀ ਵਿਚ ਆ ਰਹੀ ਪਲੇਗ ਨਾਂ ਦੀ ਕਿਤਾਬ ਨੇ ਇਹ ਕੁਝ ਕਾਰਨ ਦੱਸੇ: ਬਦਲ ਰਿਹਾ ਸਮਾਜ—ਖ਼ਾਸ ਕਰਕੇ ਇਸ ਗੱਲ ਵਿਚ ਕਿ ਅੱਜ-ਕੱਲ੍ਹ ਲੋਕ ਕਈ-ਕਈ ਆਦਮੀਆਂ ਜਾਂ ਔਰਤਾਂ ਨਾਲ ਸੈਕਸ ਸੰਬੰਧ ਰੱਖਦੇ ਹਨ। ਨਤੀਜੇ ਵਜੋਂ ਇਹ ਵਾਇਰਸ ਇਕ ਜਣੇ ਤੋਂ ਕਈਆਂ ਵਿਚ ਫੈਲ ਜਾਂਦਾ ਹੈ। ਇਕ ਹੋਰ ਕਾਰਨ ਇਹ ਹੈ ਕਿ ਗ਼ਰੀਬ ਦੇਸ਼ਾਂ ਵਿਚ ਡਾਕਟਰ ਅਤੇ ਅਮਲੀ ਗੰਦੀਆਂ ਸੂਈਆਂ ਇਸਤੇਮਾਲ ਕਰਦੇ ਹਨ। ਨਾਲੇ ਅੱਜ-ਕੱਲ੍ਹ ਖ਼ੂਨ ਲੈਣਾ ਜਾਂ ਦੇਣਾ ਇਕ ਵੱਡਾ ਬਿਜ਼ਨਿਸ ਬਣ ਚੁੱਕਾ ਹੈ ਜਿਸ ਤੋਂ ਅਨੇਕ ਮਰੀਜ਼ਾਂ ਵਿਚ ਏਡਜ਼ ਦਾ ਵਾਇਰਸ ਦਾਖ਼ਲ ਹੋ ਜਾਂਦਾ ਹੈ।

ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਜ਼ਿਆਦਾ ਜਾਂ ਘੱਟ ਐਂਟੀਬਾਇਓਟਿਕਸ ਲੈਣ ਨਾਲ ਕਈ ਰੋਗਾਣੂ ਰੋਕੇ ਨਹੀਂ ਜਾ ਸਕਦੇ। ਇਹ ਗੰਭੀਰ ਸਮੱਸਿਆ ਹੈ ਜੋ ਵਧਦੀ ਹੀ ਜਾ ਰਹੀ ਹੈ। ਇਕ ਸਮੇਂ ਪੈਨਸਲੀਨ ਦੀਆਂ ਦਵਾਈਆਂ ਸਟੈਫਿਲੋਕੋਕਾਈ (Staphylococcus) ਨਾਂ ਦੇ ਬੈਕਟੀਰੀਏ ਨੂੰ ਖ਼ਤਮ ਕਰ ਦਿੰਦੀਆਂ ਸਨ। ਇਸ ਬੈਕਟੀਰੀਏ ਕਰਕੇ ਜ਼ਖ਼ਮਾਂ ਵਿਚ ਪੀਕ ਪੈ ਜਾਂਦੀ ਹੈ, ਪਰ ਹੁਣ ਇਸ ਉੱਤੇ ਆਮ ਐਂਟੀਬਾਇਓਟਿਕਸ ਦਾ ਕੋਈ ਅਸਰ ਨਹੀਂ ਹੁੰਦਾ। ਇਸ ਲਈ ਡਾਕਟਰਾਂ ਨੂੰ ਨਵੇਂ ਤੇ ਮਹਿੰਗੇ ਐਂਟੀਬਾਇਓਟਿਕਸ ਵਰਤਣੇ ਪੈਂਦੇ ਹਨ ਜਿਨ੍ਹਾਂ ਲਈ ਗ਼ਰੀਬ ਦੇਸ਼ਾਂ ਦੇ ਹਸਪਤਾਲਾਂ ਕੋਲ ਪੈਸਾ ਨਹੀਂ ਹੁੰਦਾ। ਨਵੇਂ ਤੋਂ ਨਵੇਂ ਐਂਟੀਬਾਇਓਟਿਕਸ ਵੀ ਸ਼ਾਇਦ ਕਈ ਰੋਗਾਣੂਆਂ ਨੂੰ ਨਾ ਮਾਰ ਸਕਣ ਜਿਸ ਕਰਕੇ ਹਸਪਤਾਲ ਵਿੱਚੋਂ ਲੱਗਦੀਆਂ ਛੂਤਾਂ ਹੋਰ ਵੀ ਘਾਤਕ ਸਾਬਤ ਹੋ ਰਹੀਆਂ ਹਨ। ਅਮਰੀਕਾ ਵਿਚ ਅਲਰਜੀ ਤੇ ਛੂਤ ਦੀਆਂ ਬੀਮਾਰੀਆਂ ਉੱਤੇ ਖੋਜ ਕਰਨ ਵਾਲੀ ਇਕ ਸੰਸਥਾ ਦੇ ਸਾਬਕਾ ਡਾਇਰੈਕਟਰ ਨੇ ਸਾਫ਼-ਸਾਫ਼ ਕਿਹਾ ਕਿ ਹੁਣ “ਉਹ ਰੋਗਾਣੂ ਬੇਸ਼ੁਮਾਰ ਹਨ ਜਿਨ੍ਹਾਂ ਉੱਤੇ ਕਿਸੇ ਦਵਾਈ ਦਾ ਅਸਰ ਨਹੀਂ ਹੁੰਦਾ।”

“ਕੀ ਹੁਣ ਦੇ ਹਾਲਾਤ ਪਹਿਲਾਂ ਨਾਲੋਂ ਬਿਹਤਰ ਹਨ?”

ਹੁਣ 21ਵੀਂ ਸਦੀ ਦੇ ਸ਼ੁਰੂ ਵਿਚ ਅਸੀਂ ਦੇਖਦੇ ਹਾਂ ਕਿ ਬੀਮਾਰੀਆਂ ਦਾ ਖ਼ਤਰਾ ਅੱਗੇ ਨਾਲੋਂ ਘਟਿਆ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਏਡਜ਼ ਦੀ ਬੀਮਾਰੀ ਘੱਟ ਨਹੀਂ ਰਹੀ ਸਗੋਂ ਵਧਦੀ ਹੀ ਜਾ ਰਹੀ ਹੈ। ਹੁਣ ਬਹੁਤ ਸਾਰੀਆਂ ਅਜਿਹੀਆਂ ਬੀਮਾਰੀਆਂ ਹਨ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੈ। ਟੀ. ਬੀ. ਤੇ ਮਲੇਰੀਏ ਵਰਗੀਆਂ ਘਾਤਕ ਬੀਮਾਰੀਆਂ ਸਾਬਤ ਕਰਦੀਆਂ ਹਨ ਕਿ ਬੀਮਾਰੀਆਂ ਨੂੰ ਖ਼ਤਮ ਕਰਨ ਦਾ ਸੰਘਰਸ਼ ਹਾਲੇ ਵੀ ਜਾਰੀ ਹੈ।

ਜੌਸ਼ੁਆ ਲੈਡਰਬਰਗ ਨਾਂ ਦੇ ਇਕ ਨੋਬਲ ਪੁਰਸਕਾਰ ਵਿਜੇਤਾ ਨੇ ਇਹ ਸਵਾਲ ਕੀਤਾ: “ਕੀ ਹੁਣ ਦੇ ਹਾਲਾਤ ਇਕ ਸਦੀ ਪਹਿਲਾਂ ਦੇ ਹਾਲਾਤਾਂ ਨਾਲੋਂ ਬਿਹਤਰ ਹਨ?” ਫਿਰ ਉਸ ਨੇ ਜਵਾਬ ਵਿਚ ਅੱਗੇ ਕਿਹਾ: “ਤਕਰੀਬਨ ਸਾਰੀਆਂ ਗੱਲਾਂ ਵਿਚ ਸਾਡੇ ਹਾਲਾਤ ਪਹਿਲਾਂ ਨਾਲੋਂ ਜ਼ਿਆਦਾ ਖ਼ਰਾਬ ਹੋ ਗਏ ਹਨ। ਅਸੀਂ ਰੋਗਾਣੂਆਂ ਬਾਰੇ ਬਹੁਤ ਲਾਪਰਵਾਹੀ ਵਰਤਦੇ ਆਏ ਹਾਂ ਤੇ ਅਸੀਂ ਉਹੀ ਵੱਢ ਰਹੇ ਹਾਂ ਜੋ ਅਸੀਂ ਬੀਜਿਆ ਹੈ।” ਜੇ ਦੁਨੀਆਂ ਦੇ ਸਾਰੇ ਡਾਕਟਰ ਇਕੱਠੇ ਮਿਲ ਕੇ ਕੰਮ ਕਰਨ, ਤਾਂ ਕੀ ਇਸ ਵਿਗਾੜ ਨੂੰ ਸੁਧਾਰਿਆ ਜਾ ਸਕਦਾ ਹੈ? ਕੀ ਦੁਨੀਆਂ ਵਿਚ ਫੈਲੀਆਂ ਮੁੱਖ ਛੂਤ ਦੀਆਂ ਬੀਮਾਰੀਆਂ ਕਦੇ ਖ਼ਤਮ ਕੀਤੀਆਂ ਜਾਣਗੀਆਂ ਜਿਸ ਤਰ੍ਹਾਂ ਚੇਚਕ ਦਾ ਰੋਗ ਖ਼ਤਮ ਕੀਤਾ ਗਿਆ ਸੀ? ਸਾਡਾ ਅਗਲਾ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ। (g04 5/22)

[ਸਫ਼ੇ 8 ਉੱਤੇ ਡੱਬੀ/​ਤਸਵੀਰ]

ਚੇਚਕ ਤੇ ਪੋਲੀਓ ਉੱਤੇ ਕਾਬੂ

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਚੇਚਕ ਦਾ ਅਖ਼ੀਰਲਾ ਕੇਸ ਅਕਤੂਬਰ 1977 ਦੇ ਅੰਤ ਵਿਚ ਦੇਖਿਆ ਗਿਆ ਸੀ। ਇਹ ਸੀ ਸੋਮਾਲੀਆ ਦੇਸ਼ ਵਿਚ ਰਹਿਣ ਵਾਲਾ ਅਲੀ ਮਾਓ ਮਾਲਿਨ ਦਾ ਕੇਸ। ਅਲੀ ਹਸਪਤਾਲ ਵਿਚ ਰਸੋਈਏ ਦੇ ਤੌਰ ਤੇ ਕੰਮ ਕਰਦਾ ਸੀ। ਉਸ ਦੀ ਹਾਲਤ ਇੰਨੀ ਖ਼ਰਾਬ ਨਹੀਂ ਹੋਈ ਸੀ ਅਤੇ ਕੁਝ ਹੀ ਹਫ਼ਤਿਆਂ ਵਿਚ ਉਹ ਠੀਕ ਹੋ ਗਿਆ ਸੀ। ਉਸ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਨੂੰ ਟੀਕੇ ਲਗਾਏ ਗਏ ਸਨ।

ਇਸ ਘਟਨਾ ਤੋਂ ਬਾਅਦ ਦੋ ਸਾਲ ਤਕ ਡਾਕਟਰਾਂ ਨੂੰ ਫ਼ਿਕਰ ਲੱਗਾ ਰਿਹਾ ਕਿ ਸ਼ਾਇਦ ਇਹ ਬੀਮਾਰੀ ਫਿਰ ਤੋਂ ਫੈਲਰ ਜਾਵੇਗੀ। ਸਿਹਤ ਅਧਿਕਾਰੀਆਂ ਨੇ ਉਸ ਵਿਅਕਤੀ ਲਈ ਪੰਜਾਹ ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਜੋ ਉਨ੍ਹਾਂ ਕੋਲ ਚੇਚਕ ਬੀਮਾਰੀ ਦਾ ਇਕ ਨਵਾਂ-ਤਾਜ਼ਾ ਕੇਸ ਪੇਸ਼ ਕਰ ਸਕਦਾ ਸੀ। ਇਸ ਇਨਾਮ ਦਾ ਕੋਈ ਹੱਕਦਾਰ ਨਹੀਂ ਹੋਇਆ ਤੇ 8 ਮਈ 1980 ਨੂੰ ਵਿਸ਼ਵ ਸਿਹਤ ਸੰਗਠਨ ਨੇ ਐਲਾਨ ਕੀਤਾ ਕਿ “ਸੰਸਾਰ ਭਰ ਵਿਚ ਲੋਕਾਂ ਨੂੰ ਚੇਚਕ ਤੋਂ ਹੁਣ ਕੋਈ ਖ਼ਤਰਾ ਨਹੀਂ ਰਿਹਾ।” ਇਸ ਤੋਂ ਕੁਝ ਦਸ ਸਾਲ ਪਹਿਲਾਂ ਚੇਚਕ ਕਰਕੇ ਹਰ ਸਾਲ 20 ਲੱਖ ਲੋਕ ਮਰਦੇ ਸਨ। ਇਤਿਹਾਸ ਵਿਚ ਪਹਿਲੀ ਵਾਰ ਇਕ ਵੱਡੀ ਛੂਤ ਦੀ ਬੀਮਾਰੀ ਖ਼ਤਮ ਕਰ ਦਿੱਤੀ ਗਈ। *

ਇਸ ਤਰ੍ਹਾਂ ਲੱਗਦਾ ਸੀ ਕਿ ਪੋਲੀਓ ਵੀ ਇਸੇ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ। ਇਹ ਬੀਮਾਰੀ ਜ਼ਿਆਦਾਤਰ ਬੱਚਿਆਂ ਨੂੰ ਹੁੰਦੀ ਹੈ। ਸੰਨ 1955 ਵਿਚ ਜੋਨੱਸ ਸੌਲਕ ਨੇ ਪੋਲੀਓ ਟੀਕੇ ਦੀ ਅਸਰਦਾਰ ਕਾਢ ਕੱਢੀ ਤੇ ਇਸ ਤੋਂ ਬਾਅਦ ਅਮਰੀਕਾ ਤੇ ਹੋਰਨਾਂ ਦੇਸ਼ਾਂ ਵਿਚ ਇਸ ਦੀ ਵਰਤੋਂ ਉੱਤੇ ਜ਼ੋਰ ਦਿੱਤਾ ਜਾਣ ਲੱਗਾ। ਬਾਅਦ ਵਿਚ ਇਹ ਦਵਾਈ ਮੂੰਹ ਰਾਹੀਂ ਪਿਲਾਈ ਜਾਣ ਲੱਗੀ। ਸੰਨ 1988 ਵਿਚ ਵਿਸ਼ਵ ਸਿਹਤ ਸੰਗਠਨ ਨੇ ਸੰਸਾਰ ਭਰ ਵਿਚ ਪੋਲੀਓ ਨੂੰ ਖ਼ਤਮ ਕਰਨ ਦੇ ਜਤਨ ਕੀਤੇ।

ਇਸ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਕਿਹਾ: “ਸੰਨ 1988 ਵਿਚ ਜਦੋਂ ਅਸੀਂ ਪੋਲੀਓ ਖ਼ਤਮ ਕਰਨ ਦਾ ਆਪਣਾ ਪ੍ਰੋਗ੍ਰਾਮ ਸ਼ੁਰੂ ਕੀਤਾ ਸੀ, ਤਾਂ ਉਦੋਂ ਰੋਜ਼ਾਨਾ 1,000 ਤੋਂ ਜ਼ਿਆਦਾ ਬੱਚੇ ਇਸ ਬੀਮਾਰੀ ਦੇ ਸ਼ਿਕਾਰ ਬਣਦੇ ਸਨ। ਪਰ ਸਾਲ 2001 ਦੌਰਾਨ 1,000 ਤੋਂ ਘੱਟ ਕੇਸ ਦੇਖੇ ਗਏ ਸਨ।” ਪੋਲੀਓ ਹੁਣ ਸਿਰਫ਼ ਦਸ ਕੁ ਦੇਸ਼ਾਂ ਵਿਚ ਪਾਇਆ ਜਾਂਦਾ ਹੈ। ਇਨ੍ਹਾਂ ਦੇਸ਼ਾਂ ਨੂੰ ਪੋਲੀਓ ਤੋਂ ਬਿਲਕੁਲ ਮੁਕਤ ਕਰਨ ਲਈ ਹੋਰ ਪੈਸੇ ਦੀ ਲੋੜ ਹੈ।

[ਫੁਟਨੋਟ]

^ ਪੈਰਾ 28 ਸੰਸਾਰ ਭਰ ਵਿਚ ਟੀਕਿਆਂ ਦੇ ਜ਼ਰੀਏ ਚੇਚਕ ਦੀ ਬੀਮਾਰੀ ਖ਼ਤਮ ਕੀਤੀ ਗਈ ਹੈ। ਇਹ ਇਸ ਲਈ ਮੁਮਕਿਨ ਹੋ ਸਕਿਆ ਹੈ ਕਿਉਂਕਿ ਚੇਚਕ ਦਾ ਵਾਇਰਸ ਇਨਸਾਨਾਂ ਵਿਚ ਇਕ-ਦੂਜੇ ਤੋਂ ਫੈਲਦਾ ਹੈ, ਜਦ ਕਿ ਕਈ ਦੂਜੀਆਂ ਬੀਮਾਰੀਆਂ ਚੂਹਿਆਂ ਜਾਂ ਕੀੜੇ-ਮਕੌੜਿਆਂ ਤੋਂ ਲੱਗਦੀਆਂ ਹਨ।

[ਤਸਵੀਰ]

ਇਕ ਇਥੋਪੀਆਈ ਮੁੰਡੇ ਨੂੰ ਪੋਲੀਓ ਦੀ ਦਵਾਈ ਪਿਆਈ ਜਾ ਰਹੀ ਹੈ

[ਕ੍ਰੈਡਿਟ ਲਾਈਨ]

© WHO/P. Virot

[ਸਫ਼ੇ 10 ਉੱਤੇ ਡੱਬੀ/​ਤਸਵੀਰ]

ਏਡਜ਼—ਸਾਡੇ ਜ਼ਮਾਨੇ ਦੀ ਮਹਾਂਮਾਰੀ

ਸੰਸਾਰ ਭਰ ਵਿਚ ਏਡਜ਼ ਦੀ ਬੀਮਾਰੀ ਬਹੁਤ ਵੱਡਾ ਖ਼ਤਰਾ ਪੇਸ਼ ਕਰ ਰਹੀ ਹੈ। ਇਸ ਬੀਮਾਰੀ ਦੀ ਪਛਾਣ ਕੁਝ 20 ਸਾਲ ਪਹਿਲਾਂ ਕੀਤੀ ਗਈ ਸੀ। ਹੁਣ ਤਕ ਇਸ ਦੀ ਛੂਤ ਤਕਰੀਬਨ ਛੇ ਕਰੋੜ ਤੋਂ ਵੱਧ ਲੋਕਾਂ ਨੂੰ ਲੱਗ ਚੁੱਕੀ ਹੈ। ਏਡਜ਼ ਦੇ ਫੈਲਾਅ ਬਾਰੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ “ਅਸੀਂ ਅਜੇ ਕੁਝ ਵੀ ਨਹੀਂ ਦੇਖਿਆ। ਪਹਿਲਾਂ-ਪਹਿਲਾਂ ਕਿਸੇ ਨੂੰ ਵੀ ਕੋਈ ਅੰਦਾਜ਼ਾ ਨਹੀਂ ਸੀ ਕਿ ਦਿਨ-ਬ-ਦਿਨ ਇਹ ਛੂਤ ਕਿੰਨੀ ਜ਼ਿਆਦਾ ਫੈਲਰ ਜਾਵੇਗੀ।” ਇਸ ਦੇ ਅਸਰਾਂ ਕਾਰਨ ਕਈ ਇਲਾਕੇ ਬੁਰੀ ਤਰ੍ਹਾਂ ਇਸ ਬੀਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ।

ਸੰਯੁਕਤ ਰਾਸ਼ਟਰ-ਸੰਘ ਦੀ ਇਕ ਰਿਪੋਰਟ ਦੇ ਅਨੁਸਾਰ, “ਐੱਚ. ਆਈ. ਵੀ./ਏਡਜ਼ ਨਾਲ ਪੀੜਿਤ ਜ਼ਿਆਦਾਤਰ ਲੋਕ ਅਜੇ ਜਵਾਨ ਹਨ।” ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਸ ਦਾ ਨਤੀਜਾ ਇਹ ਹੋਵੇਗਾ ਕਿ 2005 ਤਕ ਦੱਖਣੀ ਅਫ਼ਰੀਕਾ ਦੇ 10 ਤੋਂ ਲੈ ਕੇ 20 ਫੀ ਸਦੀ ਕਾਮੇ ਮਰ ਜਾਣਗੇ। ਇਹ ਰਿਪੋਰਟ ਅੱਗੇ ਕਹਿੰਦੀ ਹੈ: “ਆਮ ਤੌਰ ਤੇ ਏਡਜ਼ ਤੋਂ ਬਿਨਾਂ ਅਫ਼ਰੀਕੀ ਲੋਕਾਂ ਦੀ ਉਮਰ 62 ਸਾਲ ਹੋਣੀ ਸੀ, ਪਰ ਏਡਜ਼ ਕਾਰਨ ਹੁਣ ਉਹ ਸਿਰਫ਼ 47 ਸਾਲ ਦੀ ਉਮਰ ਤਕ ਜੀਉਂਦੇ ਹਨ।”

ਹੁਣ ਤਕ ਇਸ ਬੀਮਾਰੀ ਦਾ ਕੋਈ ਟੀਕਾ ਨਹੀਂ ਮਿਲਿਆ ਅਤੇ ਗ਼ਰੀਬ ਦੇਸ਼ਾਂ ਵਿਚ 60 ਲੱਖ ਪੀੜਿਤ ਲੋਕਾਂ ਵਿੱਚੋਂ ਸਿਰਫ਼ 4 ਫੀ ਸਦੀ ਮਰੀਜ਼ਾਂ ਨੂੰ ਹੀ ਦਵਾਈ ਮਿਲ ਰਹੀ ਹੈ। ਡਾਕਟਰਾਂ ਨੂੰ ਇਹ ਚਿੰਤਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਏਡਜ਼ ਦੀ ਛੂਤ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਇਸ ਬੀਮਾਰੀ ਦੇ ਸ਼ਿਕਾਰ ਬਣ ਜਾਣਗੇ ਕਿਉਂਕਿ ਇਸ ਦਾ ਕੋਈ ਇਲਾਜ ਨਹੀਂ ਹੈ।

[ਤਸਵੀਰ]

ਐੱਚ. ਆਈ. ਵੀ. ਵਾਇਰਸ ਦੀ ਛੂਤ ਵਾਲੇ ਟੀ ਲਿਮਫੋਸਾਈਟ ਸੈੱਲ

[ਕ੍ਰੈਡਿਟ ਲਾਈਨ]

Godo-Foto

[ਸਫ਼ੇ 7 ਉੱਤੇ ਤਸਵੀਰ]

ਖ਼ਤਰਨਾਕ ਵਾਇਰਸ ਦੀ ਜਾਂਚ ਕਰ ਰਿਹਾ ਇਕ ਲੈਬਾਰਟਰੀ ਕਾਮਾ

[ਕ੍ਰੈਡਿਟ ਲਾਈਨ]

CDC/Anthony Sanchez