Skip to content

Skip to table of contents

ਜਲਦੀ ਹੀ ਬਾਲ ਸ਼ੋਸ਼ਣ ਦਾ ਅੰਤ!

ਜਲਦੀ ਹੀ ਬਾਲ ਸ਼ੋਸ਼ਣ ਦਾ ਅੰਤ!

ਜਲਦੀ ਹੀ ਬਾਲ ਸ਼ੋਸ਼ਣ ਦਾ ਅੰਤ!

“ਮਨੁੱਖੀ ਅਧਿਕਾਰਾਂ ਦੇ ਵਿਸ਼ਵ ਘੋਸ਼ਣਾ-ਪੱਤਰ ਵਿਚ ਸੰਯੁਕਤ ਰਾਸ਼ਟਰ ਸੰਘ ਨੇ ਕਿਹਾ ਕਿ ਬੱਚੇ ਖ਼ਾਸ ਦੇਖ-ਭਾਲ ਅਤੇ ਮਦਦ ਦੇ ਹੱਕਦਾਰ ਹਨ।” ਇਹ ਗੱਲ ਬਾਲ ਅਧਿਕਾਰਾਂ ਦੇ ਅਹਿਦਨਾਮੇ ਦੀ ਭੂਮਿਕਾ ਵਿਚ ਲਿਖੀ ਗਈ ਹੈ। ਇਸ ਨੇ ਪਰਿਵਾਰ ਦੀ ਮਹੱਤਤਾ ਬਾਰੇ ਅੱਗੇ ਕਿਹਾ: “ਬੱਚਿਆਂ ਦੀ ਸ਼ਖ਼ਸੀਅਤ ਦਾ ਸੰਪੂਰਣ ਵਿਕਾਸ ਪਰਿਵਾਰ ਵਿਚ ਹੋਣਾ ਚਾਹੀਦਾ ਹੈ ਜਿੱਥੇ ਖ਼ੁਸ਼ੀ, ਪਿਆਰ ਅਤੇ ਹਮਦਰਦੀ ਭਰਿਆ ਮਾਹੌਲ ਹੋਵੇ।” ਪਰ ਇਹ ਕਹਿਣਾ ਕਰਨ ਨਾਲੋਂ ਜ਼ਿਆਦਾ ਆਸਾਨ ਹੈ।

ਬੱਚਿਆਂ ਲਈ ਬਿਹਤਰ ਦੁਨੀਆਂ ਬਣਾਉਣ ਬਾਰੇ ਗੱਲਬਾਤ ਕਰਨੀ ਕਾਫ਼ੀ ਨਹੀਂ ਹੈ। ਅਸੀਂ ਹਰ ਪਾਸੇ ਨੈਤਿਕ ਪਤਨ ਦੇਖਦੇ ਹਾਂ ਜਿਸ ਨੂੰ ਕਈ ਲੋਕ ਆਮ ਗੱਲ ਸਮਝਦੇ ਹਨ। ਕਾਨੂੰਨ ਨੂੰ ਅਮਲ ਵਿਚ ਲਿਆਉਣ ਵਾਲੇ ਲੋਕ ਵੀ ਇਸ ਨੈਤਿਕ ਪਤਨ ਅਤੇ ਲਾਲਚ ਨੂੰ ਰੋਕ ਨਹੀਂ ਸਕਦੇ। ਅੱਜ-ਕੱਲ੍ਹ ਤਾਂ ਮਾਪੇ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਨ ਅਤੇ ਉਨ੍ਹਾਂ ਦੀ ਰਾਖੀ ਕਰਨ ਦੀ ਬਜਾਇ ਉਨ੍ਹਾਂ ਨੂੰ ਗ਼ਲਤ ਕੰਮ ਕਰਨ ਦੀ ਖੁੱਲ੍ਹ ਦਿੰਦੇ ਹਨ। ਤਾਂ ਫਿਰ ਕੀ ਅਸੀਂ ਬਾਲ ਵੇਸਵਾ-ਗਮਨ ਦੇ ਖ਼ਤਮ ਹੋਣ ਦੀ ਕੋਈ ਉਮੀਦ ਰੱਖ ਸਕਦੇ ਹਾਂ?

ਭਾਵੇਂ ਕਿ ਇਸ ਭ੍ਰਿਸ਼ਟ ਸੰਸਾਰ ਵਿਚ ਸਾਰੇ ਬੱਚਿਆਂ ਨੂੰ ਘਰ ਵਿਚ ਪਿਆਰ-ਭਰਿਆ ਮਾਹੌਲ ਅਤੇ ਸੋਹਣਾ ਭਵਿੱਖ ਨਹੀਂ ਮਿਲਦਾ, ਪਰ ਸਾਡਾ ਸਿਰਜਣਹਾਰ ਜਲਦੀ ਹੀ ਬਾਲ ਵੇਸਵਾ-ਗਮਨ ਵਰਗੀਆਂ ਸਾਰੀਆਂ ਨੈਤਿਕ ਬੁਰਾਈਆਂ ਨੂੰ ਖ਼ਤਮ ਕਰ ਦੇਵੇਗਾ। ਜਲਦੀ ਹੀ ਯਹੋਵਾਹ ਪਰਮੇਸ਼ੁਰ ਆਪਣੇ ਰਾਜ ਦੁਆਰਾ ਇਨਸਾਨੀ ਮਾਮਲਿਆਂ ਵਿਚ ਦਖ਼ਲ ਦੇ ਕੇ ਦੁਨੀਆਂ ਨੂੰ ਹੈਰਾਨ ਕਰ ਦੇਵੇਗਾ। ਦੂਸਰਿਆਂ ਦਾ ਸ਼ੋਸ਼ਣ ਕਰਨ ਵਾਲੇ ਅਤੇ ਭ੍ਰਿਸ਼ਟਾਚਾਰੀ ਲੋਕ ਉਸ ਦੇ ਕੋਪ ਤੋਂ ਬਚ ਨਹੀਂ ਸਕਣਗੇ। ਸਿਰਫ਼ ਇਕ ਦੂਸਰੇ ਨਾਲ ਪਿਆਰ ਕਰਨ ਵਾਲੇ ਲੋਕ ਹੀ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਕਦਮ ਰੱਖਣਗੇ। “ਸਚਿਆਰ ਹੀ ਧਰਤੀ ਉੱਤੇ ਵੱਸਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।”​—ਕਹਾਉਤਾਂ 2:21, 22.

ਜ਼ਰਾ ਉਸ ਸਮੇਂ ਦੀ ਕਲਪਨਾ ਕਰੋ ਜਦੋਂ ਬੱਚੇ ਤੇ ਵੱਡੇ ਸਾਰਿਆਂ ਨੂੰ ਬੇਇੱਜ਼ਤ ਹੋਣ ਜਾਂ ਜਿਨਸੀ ਅਪਰਾਧ ਦੇ ਸ਼ਿਕਾਰ ਬਣਨ ਦਾ ਡਰ ਨਹੀਂ ਰਹੇਗਾ! ਸ਼ੋਸ਼ਣ ਅਤੇ ਹਿੰਸਾ ਤੋਂ ਪੈਦਾ ਹੋਣ ਵਾਲੇ ਭਾਵਾਤਮਕ ਤੇ ਸਰੀਰਕ ਜ਼ਖ਼ਮ ਵੀ ਭਰ ਜਾਣਗੇ। ਜਿਨਸੀ ਸ਼ੋਸ਼ਣ ਦੇ ਸ਼ਿਕਾਰ ਬਣੇ ਵਿਅਕਤੀਆਂ ਨੂੰ ਭੈੜੀਆਂ ਯਾਦਾਂ ਨਹੀਂ ਸਤਾਉਣਗੀਆਂ। “ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।”​—ਯਸਾਯਾਹ 65:17.

ਉਸ ਸਮੇਂ, ਕਿਸੇ ਵੀ ਬੱਚੇ ਨੂੰ ਮਾਰ-ਕੁਟਾਈ ਜਾਂ ਜਿਨਸੀ ਦੁਰਵਿਵਹਾਰ ਦਾ ਦੁੱਖ ਨਹੀਂ ਸਹਿਣਾ ਪਵੇਗਾ। ਉਹ ਖ਼ੁਸ਼ੀਆਂ, ਪਿਆਰ ਅਤੇ ਹਮਦਰਦੀ ਦਾ ਆਨੰਦ ਮਾਣਨਗੇ। ਪਰਮੇਸ਼ੁਰ ਦੇ ਨਵੇਂ ਸੰਸਾਰ ਦੇ ਵਾਸੀਆਂ ਬਾਰੇ ਯਸਾਯਾਹ 11:9 ਕਹਿੰਦਾ ਹੈ: “ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ।”

ਇਹ ਸੱਚ-ਮੁੱਚ ਕਿੰਨੀ ਖ਼ੁਸ਼ੀ ਦੀ ਗੱਲ ਹੋਵੇਗੀ ਜਦੋਂ ਗ਼ਰੀਬੀ, ਨਸ਼ੇ, ਦੁਖੀ ਪਰਿਵਾਰ ਅਤੇ ਅਨੈਤਿਕ ਕੰਮ ਨਹੀਂ ਰਹਿਣਗੇ! ਉਦੋਂ ਮਾਹੌਲ ਸ਼ਾਂਤ, ਪਵਿੱਤਰ ਅਤੇ ਸੁਰੱਖਿਅਤ ਹੋਵੇਗਾ। “ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ, ਅਮਨ ਦੇ ਵਾਸਾਂ ਵਿੱਚ, ਅਰਾਮ ਤੇ ਚੈਨ ਦੇ ਅਸਥਾਨਾਂ ਵਿੱਚ ਵੱਸੇਗੀ।”​—ਯਸਾਯਾਹ 32:18. (g03 2/08)

[ਸਫ਼ਾ 9 ਉੱਤੇ ਡੱਬੀ/​ਤਸਵੀਰਾਂ]

ਮਾਪਿਆਂ ਦਾ ਪਿਆਰ ਪਰਿਵਾਰ ਨੂੰ ਟੁੱਟਣ ਤੋਂ ਰੋਕ ਸਕਦਾ ਹੈ

● “ਮੇਰੇ ਮੰਮੀ-ਡੈਡੀ ਨੇ ਮੈਨੂੰ ਸਕੂਲ ਵਿਚ ਦਿਲ ਲਾ ਕੇ ਪੜ੍ਹਨ ਅਤੇ ਕੋਈ ਕੰਮ ਸਿੱਖਣ ਦਾ ਉਤਸ਼ਾਹ ਦਿੱਤਾ। ਉਨ੍ਹਾਂ ਨੇ ਆਪਣੀ ਇੱਛਾ ਮੇਰੇ ਉੱਤੇ ਥੋਪਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਮੇਰੀ ਉਹ ਸਕੂਲ ਚੁਣਨ ਵਿਚ ਮਦਦ ਕੀਤੀ ਜਿਸ ਵਿਚ ਮੇਰੇ ਮਨ-ਪਸੰਦ ਦਾ ਕੋਰਸ ਕਰਾਇਆ ਜਾਂਦਾ ਸੀ।”​—ਟੀਨਾ।

● “ਜਦੋਂ ਮੈਂ ਤੇ ਮੇਰੀ ਭੈਣ ਸ਼ਾਪਿੰਗ ਕਰਨ ਜਾਂਦੀਆਂ ਸਾਂ, ਤਾਂ ਮੰਮੀ ਜੀ ਵੀ ਸਾਡੇ ਨਾਲ ਆਉਂਦੇ ਸਨ। ਸਾਨੂੰ ਬਚਤ ਕਰਨੀ ਸਿਖਾਉਣ ਤੋਂ ਇਲਾਵਾ, ਉਨ੍ਹਾਂ ਨੇ ਸਾਨੂੰ ਇਹ ਵੀ ਸਿਖਾਇਆ ਕਿ ਸਾਨੂੰ ਭੜਕੀਲੇ ਤੇ ਬੇਢੰਗੇ ਕੱਪੜੇ ਨਹੀਂ ਖ਼ਰੀਦਣੇ ਚਾਹੀਦੇ।”​—ਬੀਨਾ।

● “ਅਸੀਂ ਜਦੋਂ ਪਾਰਟੀਆਂ ਵਿਚ ਜਾਂਦੀਆਂ ਸਾਂ, ਤਾਂ ਮੇਰੇ ਮੰਮੀ-ਡੈਡੀ ਸਾਨੂੰ ਪੁੱਛਦੇ ਸਨ ਕਿ ਉੱਥੇ ਹੋਰ ਕੌਣ-ਕੌਣ ਆਵੇਗਾ, ਕਿਸ ਤਰ੍ਹਾਂ ਦਾ ਸੰਗੀਤ ਹੋਵੇਗਾ ਅਤੇ ਪਾਰਟੀ ਕਦੋਂ ਸ਼ੁਰੂ ਤੇ ਖ਼ਤਮ ਹੋਵੇਗੀ। ਆਮ ਤੌਰ ਤੇ ਸਾਡਾ ਪੂਰਾ ਪਰਿਵਾਰ ਮਿਲ ਕੇ ਪਾਰਟੀਆਂ ਵਿਚ ਜਾਂਦਾ ਸੀ।”​—ਪਿੰਕੀ।

● “ਬਚਪਨ ਵਿਚ ਅਤੇ ਕਿਸ਼ੋਰ ਉਮਰ ਵਿਚ ਵੀ ਮੈਂ ਹਮੇਸ਼ਾ ਆਪਣੇ ਮੰਮੀ-ਡੈਡੀ ਨਾਲ ਖੁੱਲ੍ਹ ਕੇ ਗੱਲ ਕਰਦੀ ਸੀ। ਮੇਰੀ ਇਕ ਸਹੇਲੀ ਨੇ ਸਾਡੇ ਪਰਿਵਾਰ ਵਿਚ ਇਹ ਖੂਬੀ ਦੇਖ ਕੇ ਕਿਹਾ: ‘ਤੂੰ ਕਿੰਨੀ ਖ਼ੁਸ਼ਕਿਸਮਤ ਹੈਂ ਕਿ ਤੂੰ ਆਪਣੇ ਮਾਤਾ-ਪਿਤਾ ਨਾਲ ਕਿਸੇ ਵੀ ਵਿਸ਼ੇ ਉੱਤੇ ਖੁੱਲ੍ਹ ਕੇ ਗੱਲ ਕਰ ਲੈਂਦੀ ਹੈਂ। ਮੈਂ ਤਾਂ ਆਪਣੀ ਮੰਮੀ ਨਾਲ ਵੀ ਗੱਲ ਕਰਨ ਤੋਂ ਝਿਜਕਦੀ ਹਾਂ ਅਤੇ ਮੈਂ ਜੋ ਕੁਝ ਜਾਣਨਾ ਚਾਹੁੰਦੀ ਹਾਂ, ਉਹ ਮੈਂ ਦੂਸਰਿਆਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੀ ਹਾਂ।’”​—ਸਵੀਟੀ।

● “ਮੈਂ ਇਕ ਬਹੁਤ ਹੀ ਖ਼ੁਸ਼ਮਿਜ਼ਾਜ ਵਾਲੀ ਕੁੜੀ ਸੀ। ਮੈਂ ਦੂਸਰਿਆਂ ਵਿਚ ਕੋਈ ਬੁਰਾਈ ਨਹੀਂ ਦੇਖਦੀ ਸੀ ਅਤੇ ਹਰ ਵੇਲੇ ਮੈਂ ਹੱਸਦੀ-ਖੇਡਦੀ ਰਹਿੰਦੀ ਸੀ। ਆਪਣੇ ਦੋਸਤਾਂ ਨਾਲ ਮੈਂ ਬੜੀ ਖੁੱਲ੍ਹ ਕੇ ਗੱਲਾਂ ਕਰਦੀ ਅਤੇ ਉਨ੍ਹਾਂ ਨਾਲ ਮਜ਼ਾਕ ਵੀ ਕਰ ਲੈਂਦੀ ਸੀ। ਮੇਰੇ ਮੰਮੀ-ਡੈਡੀ ਮੇਰੇ ਸੁਭਾਅ ਨੂੰ ਜਾਣਦੇ ਸਨ ਅਤੇ ਉਨ੍ਹਾਂ ਨੇ ਮੈਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਹਾਂ, ਉਨ੍ਹਾਂ ਨੇ ਮੇਰੀ ਇਹ ਸਮਝਣ ਵਿਚ ਜ਼ਰੂਰ ਮਦਦ ਕੀਤੀ ਕਿ ਮੈਨੂੰ ਕਿੱਦਾਂ ਮੁੰਡਿਆਂ ਨਾਲ ਪੇਸ਼ ਆਉਣਾ ਚਾਹੀਦਾ ਸੀ।”​—ਟੀਨਾ।

● “ਆਮ ਕੁੜੀਆਂ ਵਾਂਗ, ਮੈਂ ਵੀ ਮੁੰਡਿਆਂ ਨੂੰ ਪਸੰਦ ਕਰਨ ਲੱਗ ਪਈ ਸੀ। ਮੇਰੇ ਡੈਡੀ ਜੀ ਨੇ ਮੈਨੂੰ ਦੱਸਿਆ ਕਿ ਮੈਨੂੰ ਕਿੰਨੀ ਉਮਰ ਤੇ ਵਿਆਹ ਬਾਰੇ ਸੋਚਣਾ ਚਾਹੀਦਾ ਸੀ। ਮੈਂ ਇਸ ਪਾਬੰਦੀ ਕਰਕੇ ਗੁੱਸੇ ਨਹੀਂ ਹੋਈ। ਸਗੋਂ ਮੈਂ ਇਹ ਦੇਖ ਕੇ ਖ਼ੁਸ਼ ਹੋਈ ਕਿ ਮੇਰੇ ਮੰਮੀ-ਡੈਡੀ ਮੇਰਾ ਕਿੰਨਾ ਫ਼ਿਕਰ ਕਰਦੇ ਸਨ ਅਤੇ ਉਹ ਮੈਨੂੰ ਹਰ ਖ਼ਤਰੇ ਤੋਂ ਬਚਾਉਣਾ ਚਾਹੁੰਦੇ ਸਨ।”​—ਬੀਨਾ।

● “ਖ਼ਾਸ ਕਰਕੇ ਮੇਰੇ ਮੰਮੀ-ਡੈਡੀ ਦੀ ਮਿਸਾਲ ਨੇ ਮੇਰੇ ਮਨ ਵਿਚ ਵਿਆਹ ਬਾਰੇ ਚੰਗੀ ਰਾਇ ਕਾਇਮ ਕੀਤੀ। ਉਨ੍ਹਾਂ ਦੋਨਾਂ ਵਿਚ ਡੂੰਘਾ ਪਿਆਰ ਸੀ ਅਤੇ ਉਨ੍ਹਾਂ ਵਿਚ ਚੰਗੀ ਗੱਲਬਾਤ ਹੁੰਦੀ ਸੀ। ਮੈਨੂੰ ਯਾਦ ਹੈ ਕਿ ਜਦੋਂ ਮੈਂ ਕਿਸੇ ਮੁੰਡੇ ਨਾਲ ਬਾਹਰ ਗਈ ਸੀ, ਤਾਂ ਮੇਰੇ ਮੰਮੀ ਜੀ ਨੇ ਮੈਨੂੰ ਸਮਝਾਇਆ ਕਿ ਕੁਝ ਨਾਜ਼ੁਕ ਹਾਲਾਤਾਂ ਵਿਚ ਮੈਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਮੇਰੀ ਵਿਆਹੁਤਾ ਜ਼ਿੰਦਗੀ ਉੱਤੇ ਮਾੜਾ ਅਸਰ ਨਾ ਪਵੇ।”​—ਪਿੰਕੀ।

[ਸਫ਼ਾ 10 ਉੱਤੇ ਤਸਵੀਰ]

ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਕੋਈ ਵੀ ਬੱਚਾ ਕਦੀ ਵੀ ਦੁਖੀ ਨਹੀਂ ਹੋਵੇਗਾ