Skip to content

Skip to table of contents

ਕੀ ਤੁਸੀਂ ਲਿਖੀਆਂ ਗੱਲਾਂ ’ਤੇ ਦਿਲੋਂ ਚੱਲਦੇ ਹੋ?

ਕੀ ਤੁਸੀਂ ਲਿਖੀਆਂ ਗੱਲਾਂ ’ਤੇ ਦਿਲੋਂ ਚੱਲਦੇ ਹੋ?

“ਇਹ ਗੱਲਾਂ ਸਾਨੂੰ ਚੇਤਾਵਨੀ ਦੇਣ ਲਈ ਲਿਖੀਆਂ ਗਈਆਂ ਸਨ ਜਿਨ੍ਹਾਂ ਉੱਤੇ ਯੁਗਾਂ ਦੇ ਅੰਤ ਆ ਗਏ ਹਨ।”1 ਕੁਰਿੰ. 10:11.

ਗੀਤ: 11, 29

1, 2. ਅਸੀਂ ਯਹੂਦਾਹ ਦੇ ਚਾਰ ਰਾਜਿਆਂ ਦੀਆਂ ਮਿਸਾਲਾਂ ’ਤੇ ਗੌਰ ਕਿਉਂ ਕਰਾਂਗੇ?

ਜੇ ਤੁਸੀਂ ਦੇਖਦੇ ਹੋ ਕਿ ਕੋਈ ਜਣਾ ਤਿਲਕ ਕੇ ਡਿਗ ਗਿਆ ਹੈ, ਤਾਂ ਕੀ ਤੁਸੀਂ ਉਸ ਰਾਹ ’ਤੇ ਧਿਆਨ ਨਾਲ ਨਹੀਂ ਚੱਲੋਗੇ? ਦੂਜਿਆਂ ਦੀਆਂ ਗ਼ਲਤੀਆਂ ’ਤੇ ਗੌਰ ਕਰ ਕੇ ਅਸੀਂ ਸ਼ਾਇਦ ਉਹੀ ਗ਼ਲਤੀਆਂ ਕਰਨ ਤੋਂ ਬਚ ਸਕਦੇ ਹਾਂ। ਮਿਸਾਲ ਲਈ, ਅਸੀਂ ਬਾਈਬਲ ਵਿਚ ਦੱਸੀਆਂ ਲੋਕਾਂ ਦੀਆਂ ਗ਼ਲਤੀਆਂ ਤੋਂ ਸਿੱਖ ਸਕਦੇ ਹਾਂ।

2 ਪਿਛਲੇ ਲੇਖ ਵਿਚ ਅਸੀਂ ਜਿਨ੍ਹਾਂ ਚਾਰ ਰਾਜਿਆਂ ਬਾਰੇ ਪੜ੍ਹਿਆ ਸੀ, ਉਨ੍ਹਾਂ ਨੇ ਦਿਲੋਂ ਯਹੋਵਾਹ ਦੀ ਸੇਵਾ ਕੀਤੀ ਸੀ। ਪਰ ਉਨ੍ਹਾਂ ਨੇ ਗੰਭੀਰ ਗ਼ਲਤੀਆਂ ਵੀ ਕੀਤੀਆਂ ਸਨ। ਉਨ੍ਹਾਂ ਬਾਰੇ ਬਾਈਬਲ ਵਿਚ ਇਸ ਕਰਕੇ ਲਿਖਿਆ ਗਿਆ ਹੈ ਤਾਂਕਿ ਅਸੀਂ ਉਨ੍ਹਾਂ ’ਤੇ ਸੋਚ-ਵਿਚਾਰ ਕਰ ਕੇ ਉਨ੍ਹਾਂ ਤੋਂ ਅਹਿਮ ਸਬਕ ਸਿੱਖ ਸਕੀਏ। ਉਨ੍ਹਾਂ ਨਾਲ ਜੋ ਹੋਇਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਨਾਲੇ ਉਨ੍ਹਾਂ ਵਰਗੀਆਂ ਗ਼ਲਤੀਆਂ ਕਰਨ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ?ਰੋਮੀਆਂ 15:4 ਪੜ੍ਹੋ।

ਇਨਸਾਨਾਂ ਦੀ ਬੁੱਧ ’ਤੇ ਭਰੋਸਾ ਰੱਖਣ ਦੇ ਬੁਰੇ ਨਤੀਜੇ

3-5. (ੳ) ਭਾਵੇਂ ਕਿ ਆਸਾ ਨੇ ਦਿਲੋਂ ਯਹੋਵਾਹ ਦੀ ਸੇਵਾ ਕੀਤੀ, ਪਰ ਉਸ ਨੇ ਕਿਹੜੀ ਗ਼ਲਤੀ ਕੀਤੀ? (ਅ) ਜਦੋਂ ਬਆਸ਼ਾ ਨੇ ਯਹੂਦਾਹ ’ਤੇ ਹਮਲਾ ਕੀਤਾ, ਤਾਂ ਆਸਾ ਨੇ ਸ਼ਾਇਦ ਇਨਸਾਨਾਂ ’ਤੇ ਭਰੋਸਾ ਕਿਉਂ ਰੱਖਿਆ?

3 ਆਓ ਆਪਾਂ ਪਹਿਲਾਂ ਆਸਾ ਦੀ ਮਿਸਾਲ ’ਤੇ ਗੌਰ ਕਰੀਏ। ਜਦੋਂ ਕੂਸ਼ੀਆਂ ਦੇ ਦਸ ਲੱਖ ਫ਼ੌਜੀਆਂ ਨੇ ਯਹੂਦਾਹ ’ਤੇ ਹਮਲਾ ਕੀਤਾ, ਤਾਂ ਆਸਾ ਨੇ ਯਹੋਵਾਹ ’ਤੇ ਭਰੋਸਾ ਰੱਖਿਆ। ਪਰ ਜਦੋਂ ਇਜ਼ਰਾਈਲ ਦਾ ਰਾਜਾ ਬਆਸ਼ਾ ਉਸ ਖ਼ਿਲਾਫ਼ ਲੜਨ ਆਇਆ, ਤਾਂ ਉਦੋਂ ਉਸ ਨੇ ਯਹੋਵਾਹ ’ਤੇ ਭਰੋਸਾ ਨਹੀਂ ਰੱਖਿਆ। ਉਹ ਬਆਸ਼ਾ ਨੂੰ ਰਾਮਾਹ ਸ਼ਹਿਰ ਨੂੰ ਤਕੜਾ ਕਰਨ ਤੋਂ ਰੋਕਣਾ ਚਾਹੁੰਦਾ ਸੀ। ਇਹ ਇਜ਼ਰਾਈਲ ਦਾ ਇਕ ਅਹਿਮ ਸ਼ਹਿਰ ਸੀ ਜੋ ਯਹੂਦਾਹ ਰਾਜ ਦੀ ਸਰਹੱਦ ਨੇੜੇ ਸੀ। (2 ਇਤ. 16:1-3) ਆਸਾ ਨੇ ਸੀਰੀਆ ਦੇ ਰਾਜੇ ਤੋਂ ਮਦਦ ਲੈਣ ਲਈ ਉਸ ਨੂੰ ਰਿਸ਼ਵਤ ਦਿੱਤੀ। ਜਦੋਂ ਸੀਰੀਆ ਨੇ ਇਜ਼ਰਾਈਲ ਦੇ ਸ਼ਹਿਰਾਂ ’ਤੇ ਹਮਲਾ ਕਰ ਦਿੱਤਾ, ਤਾਂ ਬਆਸ਼ਾ ਨੇ “ਰਾਮਾਹ ਦਾ ਬਣਾਉਣਾ ਛੱਡ ਕੇ ਆਪਣਾ ਕੰਮ ਬੰਦ ਕਰ ਦਿੱਤਾ।” (2 ਇਤ. 16:5) ਪਹਿਲਾਂ-ਪਹਿਲ ਸ਼ਾਇਦ ਆਸਾ ਨੇ ਸੋਚਿਆ ਹੋਣਾ ਕਿ ਉਸ ਨੇ ਸਹੀ ਫ਼ੈਸਲਾ ਲਿਆ ਸੀ।

4 ਪਰ ਯਹੋਵਾਹ ਨੂੰ ਕਿੱਦਾਂ ਲੱਗਾ ਸੀ? ਯਹੋਵਾਹ ਆਸਾ ਤੋਂ ਖ਼ੁਸ਼ ਨਹੀਂ ਸੀ ਕਿਉਂਕਿ ਆਸਾ ਨੇ ਉਸ ’ਤੇ ਭਰੋਸਾ ਨਹੀਂ ਰੱਖਿਆ। ਇਸ ਕਰਕੇ ਉਸ ਨੇ ਆਸਾ ਨੂੰ ਤਾੜਨਾ ਦੇਣ ਲਈ ਹਨਾਨੀ ਨਬੀ ਨੂੰ ਭੇਜਿਆ। (2 ਇਤਹਾਸ 16:7-9 ਪੜ੍ਹੋ।) ਹਨਾਨੀ ਨੇ ਆਸਾ ਨੂੰ ਕਿਹਾ: “ਹੁਣ ਤੇਰੇ ਲਈ ਲੜਾਈ ਹੀ ਲੜਾਈ ਹੈ!” (2 ਇਤ. 16:7-9) ਆਸਾ ਨੇ ਰਾਮਾਹ ’ਤੇ ਕਬਜ਼ਾ ਕਰ ਲਿਆ, ਪਰ ਉਹ ਅਤੇ ਉਸ ਦੇ ਲੋਕ ਸਾਰੀ ਉਮਰ ਲੜਾਈਆਂ ਹੀ ਲੜਦੇ ਰਹੇ।

5 ਪਿਛਲੇ ਲੇਖ ਵਿਚ ਅਸੀਂ ਸਿੱਖਿਆ ਕਿ ਯਹੋਵਾਹ ਰਾਜਾ ਆਸਾ ਤੋਂ ਖ਼ੁਸ਼ ਸੀ। ਭਾਵੇਂ ਕਿ ਆਸਾ ਨਾਮੁਕੰਮਲ ਸੀ, ਪਰ ਪਰਮੇਸ਼ੁਰ ਨੇ ਦੇਖਿਆ ਕਿ ਉਹ ਦਿਲੋਂ ਉਸ ਦੀ ਸੇਵਾ ਕਰਦਾ ਸੀ। (1 ਰਾਜ. 15:14) ਪਰ ਆਸਾ ਨੂੰ ਆਪਣੀਆਂ ਗ਼ਲਤੀਆਂ ਦੇ ਨਤੀਜੇ ਭੁਗਤਣੇ ਪਏ। ਉਸ ਨੇ ਯਹੋਵਾਹ ਦੀ ਬਜਾਇ ਆਪਣੇ ਆਪ ’ਤੇ ਅਤੇ ਇਨਸਾਨਾਂ ’ਤੇ ਭਰੋਸਾ ਕਿਉਂ ਰੱਖਿਆ? ਸ਼ਾਇਦ ਆਸਾ ਨੇ ਸੋਚਿਆ ਹੋਣਾ ਕਿ ਫ਼ੌਜੀ ਤਾਕਤ ਨਾਲ ਉਹ ਯੁੱਧ ਜਿੱਤ ਸਕਦਾ ਸੀ। ਜਾਂ ਸ਼ਾਇਦ ਉਸ ਨੇ ਦੂਜਿਆਂ ਦੀ ਗ਼ਲਤ ਸਲਾਹ ਮੰਨੀ।

6. ਅਸੀਂ ਆਸਾ ਦੀ ਗ਼ਲਤੀ ਤੋਂ ਕੀ ਸਿੱਖ ਸਕਦੇ ਹਾਂ? ਇਕ ਮਿਸਾਲ ਦਿਓ।

6 ਅਸੀਂ ਆਸਾ ਦੀਆਂ ਗ਼ਲਤੀਆਂ ਤੋਂ ਕੀ ਸਿੱਖ ਸਕਦੇ ਹਾਂ? ਸਾਨੂੰ ਹਰ ਹਾਲਾਤ ਵਿਚ ਯਹੋਵਾਹ ’ਤੇ ਭਰੋਸਾ ਰੱਖਣਾ ਚਾਹੀਦਾ ਹੈ, ਨਾ ਕਿ ਆਪਣੇ ਆਪ ’ਤੇ। ਮੁਸ਼ਕਲ ਚਾਹੇ ਛੋਟੀ ਹੋਵੇ ਜਾਂ ਵੱਡੀ, ਪਰ ਸਾਨੂੰ ਹਮੇਸ਼ਾ ਪਰਮੇਸ਼ੁਰ ਤੋਂ ਮਦਦ ਮੰਗਣੀ ਚਾਹੀਦੀ ਹੈ। ਸਾਨੂੰ ਇਨ੍ਹਾਂ ਸਵਾਲਾਂ ’ਤੇ ਸੋਚ-ਵਿਚਾਰ ਕਰਨ ਦੀ ਲੋੜ ਹੈ: ਕੀ ਅਸੀਂ ਕਦੀ-ਕਦੀ ਆਪਣੇ ’ਤੇ ਭਰੋਸਾ ਰੱਖਦਿਆਂ ਆਪਣੇ ਤਰੀਕੇ ਨਾਲ ਮੁਸ਼ਕਲ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਹਾਂ? ਜਾਂ ਅਸੀਂ ਹਮੇਸ਼ਾ ਬਾਈਬਲ ਮੁਤਾਬਕ ਮੁਸ਼ਕਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਮੰਨ ਲਓ, ਤੁਹਾਡਾ ਪਰਿਵਾਰ ਤੁਹਾਨੂੰ ਸਭਾਵਾਂ ਜਾਂ ਸੰਮੇਲਨਾਂ ’ਤੇ ਜਾਣ ਤੋਂ ਰੋਕਦਾ ਹੈ। ਕੀ ਤੁਸੀਂ ਯਹੋਵਾਹ ਤੋਂ ਮਦਦ ਮੰਗੋਗੇ ਕਿ ਉਹ ਤੁਹਾਨੂੰ ਦੱਸੇ ਕਿ ਇਸ ਹਾਲਾਤ ਵਿਚ ਕੀ ਕਰਨਾ ਹੈ? ਜਾਂ ਸ਼ਾਇਦ ਤੁਸੀਂ ਕਾਫ਼ੀ ਸਮੇਂ ਤੋਂ ਬੇਰੋਜ਼ਗਾਰ ਹੋ, ਪਰ ਅਖ਼ੀਰ ਤੁਹਾਨੂੰ ਕੰਮ ਮਿਲ ਜਾਂਦਾ ਹੈ। ਕੀ ਤੁਸੀਂ ਮਾਲਕ ਨੂੰ ਦੱਸੋਗੇ ਕਿ ਤੁਸੀਂ ਹਰ ਹਫ਼ਤੇ ਸਭਾਵਾਂ ’ਤੇ ਜਾਣਾ ਹੈ, ਭਾਵੇਂ ਕਿ ਇਹ ਦੱਸਣ ਨਾਲ ਸ਼ਾਇਦ ਉਹ ਤੁਹਾਨੂੰ ਕੰਮ ਤੋਂ ਕੱਢ ਦੇਵੇ? ਮੁਸ਼ਕਲ ਚਾਹੇ ਕੋਈ ਵੀ ਹੋਵੋ, ਪਰ ਸਾਨੂੰ ਜ਼ਬੂਰਾਂ ਦੇ ਲਿਖਾਰੀ ਦੀ ਸਲਾਹ ਯਾਦ ਰੱਖਣੀ ਚਾਹੀਦੀ ਹੈ: “ਆਪਣਾ ਰਾਹ ਯਹੋਵਾਹ ਦੇ ਗੋਚਰਾ ਕਰ, ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਿਆਂ ਕਰੇਗਾ।”ਜ਼ਬੂ. 37:5.

ਗ਼ਲਤ ਲੋਕਾਂ ਨਾਲ ਦੋਸਤੀ ਕਰਨ ਦੇ ਬੁਰੇ ਨਤੀਜੇ

7, 8. ਯਹੋਸ਼ਾਫਾਟ ਨੇ ਕਿਹੜੀਆਂ ਗ਼ਲਤੀਆਂ ਕੀਤੀਆਂ ਅਤੇ ਇਸ ਦੇ ਕੀ ਨਤੀਜੇ ਨਿਕਲੇ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

7 ਆਸਾ ਦੇ ਪੁੱਤਰ ਯਹੋਸ਼ਾਫਾਟ ਬਾਰੇ ਕੀ? ਉਸ ਵਿਚ ਬਹੁਤ ਚੰਗੇ ਗੁਣ ਸਨ। ਪਰਮੇਸ਼ੁਰ ’ਤੇ ਭਰੋਸਾ ਰੱਖ ਕੇ ਯਹੋਸ਼ਾਫਾਟ ਨੇ ਕਾਫ਼ੀ ਚੰਗੇ ਕੰਮ ਕੀਤੇ। ਪਰ ਉਸ ਨੇ ਕਈ ਗ਼ਲਤ ਫ਼ੈਸਲੇ ਵੀ ਕੀਤੇ। ਮਿਸਾਲ ਲਈ, ਉਸ ਨੇ ਆਪਣੇ ਪੁੱਤਰ ਦਾ ਵਿਆਹ ਦੁਸ਼ਟ ਰਾਜੇ ਅਹਾਬ ਦੀ ਧੀ ਨਾਲ ਕਰ ਦਿੱਤਾ। ਬਾਅਦ ਵਿਚ ਯਹੋਸ਼ਾਫਾਟ ਨੇ ਸੀਰੀਆ ਖ਼ਿਲਾਫ਼ ਲੜਾਈ ਵਿਚ ਅਹਾਬ ਦਾ ਸਾਥ ਦਿੱਤਾ, ਚਾਹੇ ਕਿ ਮੀਕਾਯਾਹ ਨਬੀ ਨੇ ਉਸ ਨੂੰ ਲੜਾਈ ਲੜਨ ਤੋਂ ਵਰਜਿਆ ਸੀ। ਯੁੱਧ ਵਿਚ ਸੀਰੀਆ ਦੇ ਫ਼ੌਜੀਆਂ ਨੇ ਯਹੋਸ਼ਾਫਾਟ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। (2 ਇਤ. 18:1-32) ਜਦੋਂ ਯਹੋਸ਼ਾਫਾਟ ਯਰੂਸ਼ਲਮ ਵਾਪਸ ਆਇਆ, ਤਾਂ ਯੇਹੂ ਨਬੀ ਨੇ ਉਸ ਨੂੰ ਪੁੱਛਿਆ: “ਕੀ ਤੂੰ ਦੁਸ਼ਟਾਂ ਦੀ ਸਹਾਇਤਾ ਅਤੇ ਯਹੋਵਾਹ ਤੋਂ ਘਿਣ ਕਰਨ ਵਾਲਿਆਂ ਦੇ ਨਾਲ ਪਿਆਰ ਕਰੇਂ?”2 ਇਤਹਾਸ 19:1-3 ਪੜ੍ਹੋ।

8 ਯਹੋਸ਼ਾਫਾਟ ਨਾਲ ਜੋ ਹੋਇਆ ਅਤੇ ਨਬੀ ਨੇ ਉਸ ਨੂੰ ਜੋ ਚੇਤਾਵਨੀ ਦਿੱਤੀ, ਕੀ ਉਸ ਨੇ ਉਸ ਤੋਂ ਕੁਝ ਸਿੱਖਿਆ? ਅਫ਼ਸੋਸ ਦੀ ਗੱਲ ਹੈ ਕਿ ਉਸ ਨੇ ਕੁਝ ਨਹੀਂ ਸਿੱਖਿਆ। ਭਾਵੇਂ ਕਿ ਯਹੋਸ਼ਾਫਾਟ ਅਜੇ ਵੀ ਯਹੋਵਾਹ ਨੂੰ ਪਿਆਰ ਕਰਦਾ ਸੀ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ, ਪਰ ਉਸ ਨੇ ਫਿਰ ਤੋਂ ਇਕ ਅਜਿਹੇ ਆਦਮੀ ਨਾਲ ਦੋਸਤੀ ਕੀਤੀ ਜੋ ਯਹੋਵਾਹ ਦੀ ਸੇਵਾ ਨਹੀਂ ਕਰਦਾ ਸੀ। ਇਹ ਆਦਮੀ ਅਹਾਬ ਦਾ ਪੁੱਤਰ ਰਾਜਾ ਅਹਜ਼ਯਾਹ ਸੀ। ਯਹੋਸ਼ਾਫਾਟ ਅਤੇ ਅਹਜ਼ਯਾਹ ਨੇ ਮਿਲ ਕੇ ਜਹਾਜ਼ ਬਣਾਏ। ਪਰ ਜਹਾਜ਼ ਚਲਾਉਣ ਤੋਂ ਪਹਿਲਾਂ ਹੀ ਟੁੱਟ ਗਏ।2 ਇਤ. 20:35-37.

9. ਗ਼ਲਤ ਲੋਕਾਂ ਨਾਲ ਦੋਸਤੀ ਕਰ ਕੇ ਕੀ ਹੋ ਸਕਦਾ ਹੈ?

9 ਅਸੀਂ ਯਹੋਸ਼ਾਫ਼ਾਟ ਦੀਆਂ ਗ਼ਲਤੀਆਂ ਤੋਂ ਕੀ ਸਿੱਖ ਸਕਦੇ ਹਾਂ? ਉਸ ਨੇ ਸਹੀ ਕੰਮ ਕੀਤੇ ਅਤੇ “ਆਪਣੇ ਸਾਰੇ ਦਿਲ ਨਾਲ ਯਹੋਵਾਹ” ਦੀ ਸੇਵਾ ਕੀਤੀ। (2 ਇਤ. 22:9) ਪਰ ਉਸ ਨੇ ਉਨ੍ਹਾਂ ਲੋਕਾਂ ਨਾਲ ਦੋਸਤੀ ਕੀਤੀ ਜੋ ਯਹੋਵਾਹ ਦੀ ਸੇਵਾ ਨਹੀਂ ਕਰਦੇ ਸਨ। ਇਸ ਕਰਕੇ ਉਸ ਨੂੰ ਜ਼ਿੰਦਗੀ ਵਿਚ ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਦਰਅਸਲ ਉਹ ਮਸਾਂ-ਮਸਾਂ ਮਰਨੋਂ ਬਚਿਆ। ਬਾਈਬਲ ਦੀ ਕਹਾਵਤ ਯਾਦ ਕਰੋ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾ. 13:20) ਅਸੀਂ ਦੂਜਿਆਂ ਨੂੰ ਯਹੋਵਾਹ ਬਾਰੇ ਦੱਸਣਾ ਚਾਹੁੰਦੇ ਹਾਂ। ਪਰ ਇਨ੍ਹਾਂ ਨਾਲ ਹੱਦੋਂ ਵੱਧ ਦੋਸਤੀ ਰੱਖਣੀ ਖ਼ਤਰਨਾਕ ਹੋ ਸਕਦੀ ਹੈ।

10. (ੳ) ਜੇ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਯਹੋਸ਼ਾਫਾਟ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ? (ਅ) ਤੁਹਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

10 ਮਿਸਾਲ ਲਈ, ਜੇ ਅਸੀਂ ਵਿਆਹ ਕਰਾਉਣਾ ਚਾਹੁੰਦੇ ਹਾਂ, ਤਾਂ ਅਸੀਂ ਯਹੋਸ਼ਾਫਾਟ ਤੋਂ ਕੀ ਸਿੱਖ ਸਕਦੇ ਹਾਂ? ਸ਼ਾਇਦ ਸਾਨੂੰ ਉਹ ਵਿਅਕਤੀ ਚੰਗਾ ਲੱਗਣ ਲੱਗ ਪਵੇ ਜੋ ਯਹੋਵਾਹ ਨੂੰ ਪਿਆਰ ਨਹੀਂ ਕਰਦਾ। ਅਸੀਂ ਸ਼ਾਇਦ ਸੋਚੀਏ ਕਿ ਪਰਮੇਸ਼ੁਰ ਦੇ ਲੋਕਾਂ ਵਿਚ ਸਾਨੂੰ ਜੀਵਨ ਸਾਥੀ ਨਹੀਂ ਮਿਲੇਗਾ। ਜਾਂ ਸਾਡੇ ਕੁਝ ਰਿਸ਼ਤੇਦਾਰ ਸਾਡੇ ’ਤੇ ਦਬਾਅ ਪਾਉਂਦੇ ਰਹਿਣ ਕਿ ਉਮਰ ਲੰਘਣ ਤੋਂ ਪਹਿਲਾਂ ਸਾਨੂੰ ਵਿਆਹ ਕਰਾ ਲੈਣਾ ਚਾਹੀਦਾ ਹੈ। ਇਹ ਸੱਚ ਹੈ ਕਿ ਯਹੋਵਾਹ ਨੇ ਸਾਡੇ ਵਿਚ ਪਿਆਰ ਕਰਨ ਤੇ ਪਿਆਰ ਪਾਉਣ ਦੀ ਇੱਛਾ ਪਾਈ ਹੈ। ਪਰ ਜੇ ਸਾਨੂੰ ਵਿਆਹ ਲਈ ਸਹੀ ਵਿਅਕਤੀ ਨਹੀਂ ਮਿਲਦਾ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਯਹੋਸ਼ਾਫਾਟ ਨਾਲ ਜੋ ਹੋਇਆ, ਉਸ ’ਤੇ ਸੋਚ-ਵਿਚਾਰ ਕਰ ਕੇ ਸਾਡੀ ਮਦਦ ਹੋ ਸਕਦੀ ਹੈ। ਉਹ ਅਕਸਰ ਯਹੋਵਾਹ ਤੋਂ ਸੇਧ ਮੰਗਦਾ ਸੀ। (2 ਇਤ. 18:4-6) ਪਰ ਯਹੋਵਾਹ ਨੂੰ ਪਿਆਰ ਨਾ ਕਰਨ ਵਾਲੇ ਅਹਾਬ ਨਾਲ ਦੋਸਤੀ ਕਰਨ ਤੋਂ ਬਾਅਦ ਯਹੋਸ਼ਾਫਾਟ ਨੇ ਯਹੋਵਾਹ ਦੀ ਚੇਤਾਵਨੀ ਨਜ਼ਰਅੰਦਾਜ਼ ਕੀਤੀ। ਯਹੋਸ਼ਾਫਾਟ ਨੂੰ ਯਾਦ ਰੱਖਣਾ ਚਾਹੀਦਾ ਸੀ ਕਿ “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” (2 ਇਤ. 16:9) ਸਾਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਡੀ ਮਦਦ ਕਰਨੀ ਚਾਹੁੰਦਾ ਹੈ। ਉਹ ਸਾਡੇ ਹਾਲਾਤ ਸਮਝਦਾ ਹੈ ਅਤੇ ਸਾਨੂੰ ਪਿਆਰ ਕਰਦਾ ਹੈ। ਜੇ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ, ਤਾਂ ਕੀ ਤੁਸੀਂ ਭਰੋਸਾ ਰੱਖਦੇ ਹੋ ਕਿ ਯਹੋਵਾਹ ਨੂੰ ਤੁਹਾਡੀ ਪਰਵਾਹ ਹੈ ਅਤੇ ਉਹ ਚੰਗਾ ਜੀਵਨ ਸਾਥੀ ਲੱਭਣ ਵਿਚ ਤੁਹਾਡੀ ਮਦਦ ਕਰੇਗਾ? ਪੱਕਾ ਭਰੋਸਾ ਰੱਖੋ ਕਿ ਇਕ ਸਮੇਂ ’ਤੇ ਉਹ ਤੁਹਾਡੀ ਇੱਛਾ ਜ਼ਰੂਰ ਪੂਰੀ ਕਰੇਗਾ।

ਅਵਿਸ਼ਵਾਸੀਆਂ ਨਾਲ ਮੇਲ-ਜੋਲ ਨਾ ਰੱਖੋ (ਪੈਰਾ 10 ਦੇਖੋ)

ਘਮੰਡੀ ਨਾ ਬਣੋ

11, 12. (ੳ) ਹਿਜ਼ਕੀਯਾਹ ਨੇ ਕੀ ਕੀਤਾ ਜਿਸ ਤੋਂ ਪਤਾ ਲੱਗਾ ਕਿ ਉਸ ਦੇ ਦਿਲ ਵਿਚ ਕੀ ਸੀ? (ਅ) ਯਹੋਵਾਹ ਨੇ ਹਿਜ਼ਕੀਯਾਹ ਨੂੰ ਮਾਫ਼ ਕਿਉਂ ਕਰ ਦਿੱਤਾ?

11 ਅਸੀਂ ਹਿਜ਼ਕੀਯਾਹ ਤੋਂ ਕੀ ਸਿੱਖ ਸਕਦੇ ਹਾਂ? ਯਹੋਵਾਹ ਨੇ ਹਿਜ਼ਕੀਯਾਹ ਦੀ ਮਦਦ ਕੀਤੀ ਕਿ ਉਹ ਖ਼ੁਦ ਦੇਖ ਸਕੇ ਕਿ ਉਸ ਦੇ ਦਿਲ ਵਿਚ ਕੀ ਸੀ। (2 ਇਤਹਾਸ 32:31 ਪੜ੍ਹੋ।) ਜਦੋਂ ਹਿਜ਼ਕੀਯਾਹ ਬਹੁਤ ਬੀਮਾਰ ਹੋ ਗਿਆ, ਤਾਂ ਪਰਮੇਸ਼ੁਰ ਨੇ ਪਰਛਾਵੇਂ ਨੂੰ ਦਸ ਕਦਮ ਪਿੱਛੇ ਮੋੜ ਕੇ ਉਸ ਨੂੰ ਦੱਸਿਆ ਕਿ ਉਹ ਠੀਕ ਹੋ ਜਾਵੇਗਾ। ਬਾਅਦ ਵਿਚ, ਲੱਗਦਾ ਹੈ ਕਿ ਬਾਬਲ ਦੇ ਰਾਜੇ ਇਸ ਨਿਸ਼ਾਨ ਬਾਰੇ ਹੋਰ ਜਾਣਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਹਿਜ਼ਕੀਯਾਹ ਕੋਲ ਇਸ ਬਾਰੇ ਪੁੱਛਣ ਲਈ ਆਦਮੀ ਘੱਲੇ। (2 ਰਾਜ. 20:8-13; 2 ਇਤ. 32:24) ਯਹੋਵਾਹ ਨੇ ਹਿਜ਼ਕੀਯਾਹ ਨੂੰ ਨਹੀਂ ਦੱਸਿਆ ਕਿ ਉਹ ਉਨ੍ਹਾਂ ਨਾਲ ਕਿਵੇਂ ਪੇਸ਼ ਆਵੇ। ਬਾਈਬਲ ਦੱਸਦੀ ਹੈ ਕਿ ਯਹੋਵਾਹ ਨੇ ਇਹ ਦੇਖਣ ਲਈ ਉਸ ਨੂੰ ਇਕੱਲਿਆਂ “ਛੱਡ” ਦਿੱਤਾ ਕਿ ਉਹ ਕੀ ਕਰੇਗਾ। ਉਸ ਨੇ ਬਾਬਲ ਤੋਂ ਆਏ ਆਦਮੀਆਂ ਨੂੰ ਆਪਣੇ ਸਾਰੇ ਖ਼ਜ਼ਾਨੇ ਦਿਖਾਏ। ਇਸ ਤੋਂ ਪਤਾ ਲੱਗਾ ਕਿ ਹਿਜ਼ਕੀਯਾਹ ਦੇ ਦਿਲ ਵਿਚ ਕੀ ਸੀ। ਕਿਵੇਂ?

12 ਅਫ਼ਸੋਸ ਦੀ ਗੱਲ ਹੈ ਕਿ ਹਿਜ਼ਕੀਯਾਹ ਵਿਚ ਘਮੰਡ ਆ ਗਿਆ ਸੀ। ਇਸ ਕਰਕੇ ਉਸ ਨੇ “ਉਸ ਤਰਸ ਦੇ ਅਨੁਸਾਰ ਜੋ ਉਸ ਉੱਤੇ ਕੀਤਾ ਗਿਆ ਸੀ ਕੰਮ ਨਾ ਕੀਤਾ।” ਬਾਈਬਲ ਨਹੀਂ ਦੱਸਦੀ ਕਿ ਉਸ ਦਾ ਰਵੱਈਆ ਕਿਉਂ ਬਦਲ ਗਿਆ ਸੀ। ਸ਼ਾਇਦ ਅੱਸ਼ੂਰੀਆਂ ’ਤੇ ਜਿੱਤ ਪ੍ਰਾਪਤ ਕਰਨ ਕਰਕੇ ਜਾਂ ਯਹੋਵਾਹ ਦੇ ਉਸ ਨੂੰ ਠੀਕ ਕਰਨ ਕਰਕੇ। ਜਾਂ ਸ਼ਾਇਦ ਉਹ ਅਮੀਰ ਅਤੇ ਮਸ਼ਹੂਰ ਹੋ ਗਿਆ ਸੀ। ਭਾਵੇਂ ਕਿ ਉਸ ਨੇ ਦਿਲੋਂ ਯਹੋਵਾਹ ਦੀ ਸੇਵਾ ਕੀਤੀ, ਪਰ ਕੁਝ ਸਮੇਂ ਲਈ ਉਹ ਘਮੰਡੀ ਬਣ ਗਿਆ ਅਤੇ ਉਸ ਨੇ ਯਹੋਵਾਹ ਨੂੰ ਖ਼ੁਸ਼ ਨਹੀਂ ਕੀਤਾ। ਪਰ ਬਾਅਦ ਵਿਚ ਹਿਜ਼ਕੀਯਾਹ ਨੇ “ਅਧੀਨਗੀ ਫੜੀ” ਅਤੇ ਪਰਮੇਸ਼ੁਰ ਨੇ ਉਸ ਨੂੰ ਮਾਫ਼ ਕਰ ਦਿੱਤਾ।2 ਇਤ. 32:25-27; ਜ਼ਬੂ. 138:6.

13, 14. (ੳ) ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ? (ਅ) ਸਾਨੂੰ ਉਦੋਂ ਕਿਵੇਂ ਪੇਸ਼ ਆਉਣਾ ਚਾਹੀਦਾ ਹੈ ਜਦੋਂ ਦੂਜੇ ਸਾਡੀ ਤਾਰੀਫ਼ ਕਰਦੇ ਹਨ?

13 ਅਸੀਂ ਹਿਜ਼ਕੀਯਾਹ ਅਤੇ ਉਸ ਦੀ ਗ਼ਲਤੀ ਤੋਂ ਕੀ ਸਿੱਖ ਸਕਦੇ ਹਾਂ? ਯਾਦ ਕਰੋ ਕਿ ਜਦੋਂ ਯਹੋਵਾਹ ਨੇ ਹਿਜ਼ਕੀਯਾਹ ਨੂੰ ਅੱਸ਼ੂਰੀਆਂ ’ਤੇ ਜਿੱਤ ਦਿਵਾਈ ਅਤੇ ਬੀਮਾਰੀ ਤੋਂ ਚੰਗਾ ਕੀਤਾ, ਉਸ ਤੋਂ ਬਾਅਦ ਉਹ ਘਮੰਡੀ ਬਣ ਗਿਆ। ਸੋ ਜਦੋਂ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਜਾਂ ਕੋਈ ਸਾਡੀ ਤਾਰੀਫ਼ ਕਰਦਾ ਹੈ, ਤਾਂ ਅਸੀਂ ਕੀ ਕਰਦੇ ਹਾਂ? ਅਸੀਂ ਜਿਸ ਤਰੀਕੇ ਨਾਲ ਪੇਸ਼ ਆਉਂਦੇ ਹਾਂ, ਉਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। ਮਿਸਾਲ ਲਈ, ਸ਼ਾਇਦ ਇਕ ਭਰਾ ਸਖ਼ਤ ਮਿਹਨਤ ਕਰ ਕੇ ਭਾਸ਼ਣ ਤਿਆਰ ਕਰਦਾ ਹੈ ਅਤੇ ਬਹੁਤ ਸਾਰੇ ਲੋਕਾਂ ਸਾਮ੍ਹਣੇ ਭਾਸ਼ਣ ਦਿੰਦਾ ਹੈ। ਬਹੁਤ ਸਾਰੇ ਲੋਕ ਉਸ ਦੀ ਤਾਰੀਫ਼ ਕਰਦੇ ਹਨ। ਤਾਰੀਫ਼ ਸੁਣ ਕੇ ਉਹ ਕੀ ਕਰਦਾ?

14 ਸਾਨੂੰ ਹਮੇਸ਼ਾ ਯਿਸੂ ਦੇ ਸ਼ਬਦ ਯਾਦ ਰੱਖਣੇ ਚਾਹੀਦੇ ਹਨ: “ਜਦੋਂ ਤੁਸੀਂ ਆਪਣੇ ਸਾਰੇ ਕੰਮ ਪੂਰੇ ਕਰ ਲਵੋ ਜੋ ਤੁਹਾਨੂੰ ਕਰਨ ਲਈ ਦਿੱਤੇ ਗਏ ਸਨ, ਤਾਂ ਤੁਸੀਂ ਕਹੋ, ‘ਅਸੀਂ ਤਾਂ ਨਿਕੰਮੇ ਜਿਹੇ ਨੌਕਰ ਹੀ ਹਾਂ। ਅਸੀਂ ਤਾਂ ਉਹੀ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ।’” (ਲੂਕਾ 17:10) ਯਾਦ ਰੱਖੋ ਕਿ ਜਦੋਂ ਹਿਜ਼ਕੀਯਾਹ ਘਮੰਡੀ ਬਣ ਗਿਆ ਸੀ, ਤਾਂ ਉਸ ਨੇ ਯਹੋਵਾਹ ਵੱਲੋਂ ਮਿਲੀ ਮਦਦ ਦੀ ਕਦਰ ਨਹੀਂ ਕੀਤੀ। ਸੋ ਜਦੋਂ ਭੈਣ-ਭਰਾ ਸਾਡੇ ਵੱਲੋਂ ਦਿੱਤੇ ਭਾਸ਼ਣ ਦੀ ਤਾਰੀਫ਼ ਕਰਦੇ ਹਨ, ਤਾਂ ਕਿਹੜੀ ਗੱਲ ਸਾਡੀ ਨਿਮਰ ਰਹਿਣ ਵਿਚ ਮਦਦ ਕਰ ਸਕਦੀ ਹੈ? ਯਹੋਵਾਹ ਨੇ ਜੋ ਕੁਝ ਸਾਡੇ ਲਈ ਕੀਤਾ, ਅਸੀਂ ਉਸ ’ਤੇ ਸੋਚ-ਵਿਚਾਰ ਕਰ ਸਕਦੇ ਹਾਂ। ਅਸੀਂ ਪਰਮੇਸ਼ੁਰ ਬਾਰੇ ਗੱਲ ਕਰ ਸਕਦੇ ਹਾਂ। ਨਾਲੇ ਦੱਸ ਸਕਦੇ ਹਾਂ ਕਿ ਉਸ ਨੇ ਕਿਵੇਂ ਸਾਡੀ ਮਦਦ ਕੀਤੀ। ਆਖ਼ਰ ਉਸ ਨੇ ਹੀ ਤਾਂ ਸਾਨੂੰ ਬਾਈਬਲ ਅਤੇ ਪਵਿੱਤਰ ਸ਼ਕਤੀ ਦਿੱਤੀ ਹੈ ਤਾਂਕਿ ਅਸੀਂ ਭਾਸ਼ਣ ਦੇ ਸਕੀਏ।

ਸੋਚ-ਸਮਝ ਕੇ ਫ਼ੈਸਲੇ ਕਰੋ

15, 16. ਯੋਸੀਯਾਹ ਨੂੰ ਮੌਤ ਦਾ ਸਾਮ੍ਹਣਾ ਕਿਉਂ ਕਰਨਾ ਪਿਆ?

15 ਆਖ਼ਰ ਵਿਚ ਅਸੀਂ ਯੋਸੀਯਾਹ ਤੋਂ ਕੀ ਸਿੱਖ ਸਕਦੇ ਹਾਂ? ਭਾਵੇਂ ਕਿ ਯੋਸੀਯਾਹ ਚੰਗਾ ਰਾਜਾ ਸੀ, ਪਰ ਉਸ ਨੂੰ ਆਪਣੀ ਗ਼ਲਤੀ ਕਰਕੇ ਮੌਤ ਦਾ ਸਾਮ੍ਹਣਾ ਕਰਨਾ ਪਿਆ। (2 ਇਤਹਾਸ 35:20-22 ਪੜ੍ਹੋ।) ਕੀ ਹੋਇਆ ਸੀ? ਯੋਸੀਯਾਹ ਨੇ ਮਿਸਰ ਦੇ ਰਾਜੇ ਨਕੋ ਨਾਲ ਬਿਨਾਂ ਵਜ੍ਹਾ ਯੁੱਧ ਛੇੜ ਲਿਆ। ਦਰਅਸਲ ਨਕੋ ਨੇ ਖ਼ੁਦ ਯੋਸੀਯਾਹ ਨੂੰ ਦੱਸਿਆ ਸੀ ਕਿ ਉਹ ਉਸ ਨਾਲ ਯੁੱਧ ਨਹੀਂ ਕਰਨਾ ਚਾਹੁੰਦਾ। ਬਾਈਬਲ ਦੱਸਦੀ ਹੈ ਕਿ ਨਕੋ ਦੇ ਸ਼ਬਦ “ਪਰਮੇਸ਼ੁਰ ਦੇ ਮੂਹੋਂ” ਨਿੱਕਲੇ ਸਨ। ਪਰ ਯੋਸੀਯਾਹ ਯੁੱਧ ਕਰਨ ਗਿਆ ਤੇ ਮਾਰਿਆ ਗਿਆ। ਪਰ ਉਸ ਨੇ ਨਕੋ ਨਾਲ ਯੁੱਧ ਕਿਉਂ ਕੀਤਾ? ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ।

16 ਯੋਸੀਯਾਹ ਨੂੰ ਪਤਾ ਕਰਨਾ ਚਾਹੀਦਾ ਸੀ ਕਿ ਨਕੋ ਨੇ ਜੋ ਕਿਹਾ, ਕੀ ਉਹ ਵਾਕਈ ਯਹੋਵਾਹ ਵੱਲੋਂ ਸੀ। ਕਿਵੇਂ? ਉਹ ਯਹੋਵਾਹ ਦੇ ਨਬੀ ਯਿਰਮਿਯਾਹ ਤੋਂ ਇਸ ਬਾਰੇ ਪੁੱਛ ਸਕਦਾ ਸੀ। (2 ਇਤ. 35:23, 25) ਯੋਸੀਯਾਹ ਹੋਰ ਗੱਲਾਂ ’ਤੇ ਵੀ ਗੌਰ ਕਰ ਸਕਦਾ ਸੀ। ਨਕੋ ਯੁੱਧ ਕਰਨ ਲਈ ਕਰਕਮੀਸ਼ ਜਾ ਰਿਹਾ ਸੀ, ਨਾ ਕਿ ਯਰੂਸ਼ਲਮ। ਨਾਲੇ ਨਕੋ ਨੇ ਨਾ ਤਾਂ ਯਹੋਵਾਹ ਦੀ ਤੇ ਨਾ ਹੀ ਉਸ ਦੇ ਲੋਕਾਂ ਦੀ ਬੇਇੱਜ਼ਤੀ ਕੀਤੀ। ਫ਼ੈਸਲਾ ਲੈਣ ਤੋਂ ਪਹਿਲਾਂ ਯੋਸੀਯਾਹ ਨੇ ਧਿਆਨ ਨਾਲ ਇਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਨਹੀਂ ਕੀਤਾ। ਸਾਡੇ ਲਈ ਕੀ ਸਬਕ? ਕੋਈ ਵੀ ਮੁਸ਼ਕਲ ਦਾ ਹੱਲ ਕਰਨ ਤੋਂ ਪਹਿਲਾਂ ਸਾਨੂੰ ਯਹੋਵਾਹ ਦੀ ਮਰਜ਼ੀ ਜਾਣਨੀ ਚਾਹੀਦੀ ਹੈ।

17. ਯੋਸੀਯਾਹ ਤੋਂ ਉਲਟ, ਮੁਸ਼ਕਲਾਂ ਆਉਣ ’ਤੇ ਅਸੀਂ ਗ਼ਲਤੀਆਂ ਕਰਨ ਤੋਂ ਕਿਵੇਂ ਬਚ ਸਕਦੇ ਹਾਂ?

17 ਫ਼ੈਸਲਾ ਲੈਣ ਤੋਂ ਪਹਿਲਾਂ ਸਾਨੂੰ ਇਸ ਗੱਲ ’ਤੇ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿ ਬਾਈਬਲ ਦੇ ਕਿਹੜੇ ਅਸੂਲ ਸਾਡੀ ਮਦਦ ਕਰ ਸਕਦੇ ਹਨ। ਨਾਲੇ ਅਸੀਂ ਇਨ੍ਹਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ। ਕੁਝ ਮਾਮਲਿਆਂ ਵਿਚ ਅਸੀਂ ਸ਼ਾਇਦ ਆਪਣੇ ਪ੍ਰਕਾਸ਼ਨਾਂ ਵਿੱਚੋਂ ਹੋਰ ਖੋਜਬੀਨ ਕਰਨੀ ਚਾਹੀਏ ਜਾਂ ਇੱਥੋਂ ਤਕ ਕਿ ਕਿਸੇ ਬਜ਼ੁਰਗ ਤੋਂ ਵੀ ਸਲਾਹ ਲੈਣੀ ਚਾਹੀਏ। ਉਹ ਸਾਨੂੰ ਹੋਰ ਬਾਈਬਲ ਦੇ ਅਸੂਲ ਦੱਸ ਸਕਦਾ ਹੈ। ਜ਼ਰਾ ਇਸ ਬਾਰੇ ਸੋਚੋ: ਇਕ ਭੈਣ ਦਾ ਪਤੀ ਯਹੋਵਾਹ ਦਾ ਗਵਾਹ ਨਹੀਂ ਹੈ। ਉਹ ਪ੍ਰਚਾਰ ’ਤੇ ਜਾਣ ਦੀ ਯੋਜਨਾ ਬਣਾਉਂਦੀ ਹੈ। (ਰਸੂ. 4:20) ਪਰ ਉਸ ਦਿਨ ਉਸ ਦਾ ਪਤੀ ਨਹੀਂ ਚਾਹੁੰਦਾ ਕਿ ਉਹ ਪ੍ਰਚਾਰ ’ਤੇ ਜਾਵੇ। ਉਹ ਉਸ ਨੂੰ ਕਹਿੰਦਾ ਹੈ ਕਿ ਉਨ੍ਹਾਂ ਨੇ ਕਾਫ਼ੀ ਚਿਰ ਤੋਂ ਇਕੱਠੇ ਸਮਾਂ ਨਹੀਂ ਬਿਤਾਇਆ ਅਤੇ ਉਹ ਉਸ ਨੂੰ ਕਿਤੇ ਬਾਹਰ ਲੈ ਜਾਣਾ ਚਾਹੁੰਦਾ ਹੈ। ਸੋ ਸਹੀ ਫ਼ੈਸਲਾ ਲੈਣ ਲਈ ਭੈਣ ਬਾਈਬਲ ਦੀਆਂ ਆਇਤਾਂ ’ਤੇ ਸੋਚ-ਵਿਚਾਰ ਕਰਦੀ ਹੈ। ਉਹ ਜਾਣਦੀ ਹੈ ਕਿ ਪਰਮੇਸ਼ੁਰ ਦਾ ਕਹਿਣਾ ਮੰਨਣਾ ਅਤੇ ਚੇਲੇ ਬਣਾਉਣ ਦੇ ਹੁਕਮ ਨੂੰ ਵੀ ਮੰਨਣਾ ਜ਼ਰੂਰੀ ਹੈ। (ਮੱਤੀ 28:19, 20; ਰਸੂ. 5:29) ਪਰ ਉਹ ਇਹ ਵੀ ਜਾਣਦੀ ਹੈ ਕਿ ਪਤੀ ਦੇ ਅਧੀਨ ਰਹਿਣਾ ਅਤੇ ਸਮਝਦਾਰੀ ਨਾਲ ਫ਼ੈਸਲਾ ਲੈਣਾ ਵੀ ਜ਼ਰੂਰੀ ਹੈ। (ਅਫ਼. 5:22-24; ਫ਼ਿਲਿ. 4:5) ਕੀ ਉਸ ਦਾ ਪਤੀ ਉਸ ਨੂੰ ਪ੍ਰਚਾਰ ’ਤੇ ਜਾਣ ਤੋਂ ਰੋਕਣਾ ਚਾਹੁੰਦਾ ਹੈ ਜਾਂ ਉਹ ਸਿਰਫ਼ ਉਸ ਦਿਨ ਆਪਣੀ ਪਤਨੀ ਨਾਲ ਸਮਾਂ ਬਿਤਾਉਣਾ ਚਾਹੁੰਦਾ ਹੈ? ਯਹੋਵਾਹ ਦੇ ਸੇਵਕਾਂ ਵਜੋਂ ਅਸੀਂ ਸਮਝਦਾਰੀ ਨਾਲ ਫ਼ੈਸਲੇ ਲੈਣੇ ਚਾਹੁੰਦੇ ਹਾਂ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ।

ਪੂਰੇ ਦਿਲ ਅਤੇ ਖ਼ੁਸ਼ੀ ਨਾਲ ਸੇਵਾ ਕਰੋ

18. ਯਹੂਦਾਹ ਦੇ ਚਾਰ ਰਾਜਿਆਂ ਦੀਆਂ ਮਿਸਾਲਾਂ ’ਤੇ ਸੋਚ-ਵਿਚਾਰ ਕਰ ਕੇ ਤੁਸੀਂ ਕੀ ਸਿੱਖ ਸਕਦੇ ਹੋ?

18 ਅਸੀਂ ਵੀ ਸ਼ਾਇਦ ਕਈ ਵਾਰ ਯਹੂਦਾਹ ਦੇ ਚਾਰ ਰਾਜਿਆਂ ਵਾਂਗ ਕੋਈ ਗ਼ਲਤੀ ਕਰ ਬੈਠੀਏ। ਸ਼ਾਇਦ ਅਸੀਂ (1) ਆਪਣੇ ਆਪ ’ਤੇ ਭਰੋਸਾ ਰੱਖੀਏ, (2) ਗ਼ਲਤ ਲੋਕਾਂ ਨਾਲ ਦੋਸਤੀ ਕਰੀਏ, (3) ਘਮੰਡੀ ਬਣ ਜਾਈਏ ਜਾਂ (4) ਪਰਮੇਸ਼ੁਰ ਦੀ ਮਰਜ਼ੀ ਜਾਣੇ ਬਿਨਾਂ ਫ਼ੈਸਲੇ ਕਰੀਏ। ਪਰ ਜੇ ਇੱਦਾਂ ਹੁੰਦਾ ਹੈ, ਤਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਯਹੋਵਾਹ ਨੂੰ ਕਦੇ ਖ਼ੁਸ਼ ਨਹੀਂ ਕਰ ਸਕਦੇ। ਉਹ ਸਾਡੇ ਵਿਚ ਚੰਗੀਆਂ ਗੱਲਾਂ ਦੇਖਦਾ ਹੈ ਜਿਵੇਂ ਉਸ ਨੇ ਯਹੂਦਾਹ ਦੇ ਚਾਰ ਰਾਜਿਆਂ ਵਿਚ ਦੇਖੀਆਂ ਸਨ। ਨਾਲੇ ਯਹੋਵਾਹ ਇਹ ਵੀ ਦੇਖਦਾ ਹੈ ਕਿ ਅਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹਾਂ ਅਤੇ ਦਿਲੋਂ ਉਸ ਦੀ ਸੇਵਾ ਕਰਨੀ ਚਾਹੁੰਦੇ ਹਾਂ। ਇਸ ਲਈ ਉਸ ਨੇ ਬਾਈਬਲ ਵਿਚ ਕਈ ਲੋਕਾਂ ਦੀਆਂ ਮਿਸਾਲਾਂ ਦਿੱਤੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਗੰਭੀਰ ਗ਼ਲਤੀਆਂ ਕਰਨ ਤੋਂ ਬਚ ਸਕਦੇ ਹਾਂ। ਆਓ ਆਪਾਂ ਇਨ੍ਹਾਂ ਮਿਸਾਲਾਂ ’ਤੇ ਸੋਚ-ਵਿਚਾਰ ਕਰੀਏ ਅਤੇ ਯਹੋਵਾਹ ਦਾ ਸ਼ੁਕਰ ਕਰੀਏ ਕਿ ਉਸ ਨੇ ਇਹ ਸਾਡੇ ਲਈ ਲਿਖਵਾਈਆਂ ਹਨ।