Skip to content

Skip to table of contents

ਭਵਿੱਖ ਬਾਰੇ ਸੱਚਾਈ

ਭਵਿੱਖ ਬਾਰੇ ਸੱਚਾਈ

ਕੀ ਤੁਸੀਂ ਕਦੇ ਸੋਚਿਆ ਕਿ ਭਵਿੱਖ ਵਿਚ ਕੀ ਹੋਵੇਗਾ? ਬਾਈਬਲ ਉਨ੍ਹਾਂ ਅਹਿਮ ਘਟਨਾਵਾਂ ਬਾਰੇ ਦੱਸਦੀ ਹੈ ਜੋ ਜਲਦੀ ਹੀ ਭਵਿੱਖ ਵਿਚ ਵਾਪਰਨਗੀਆਂ ਤੇ ਇਨ੍ਹਾਂ ਦਾ ਅਸਰ ਸਾਰੇ ਲੋਕਾਂ ʼਤੇ ਪਵੇਗਾ।

ਯਿਸੂ ਨੇ ਦੱਸਿਆ ਕਿ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ “ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ।” (ਲੂਕਾ 21:31) ਯਿਸੂ ਨੇ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚ ਯੁੱਧ ਹੋਣੇ, ਵੱਡੇ-ਵੱਡੇ ਭੁਚਾਲ਼ ਆਉਣੇ, ਖਾਣੇ ਦੀ ਕਮੀ ਹੋਣੀ ਅਤੇ ਮਹਾਂਮਾਰੀਆਂ ਫੈਲਣੀਆਂ ਸ਼ਾਮਲ ਸਨ। ਇਹ ਸਭ ਕੁਝ ਅੱਜ ਅਸੀਂ ਆਪਣੀ ਅੱਖੀਂ ਦੇਖ ਸਕਦੇ ਹਾਂ।—ਲੂਕਾ 21:10-17.

ਬਾਈਬਲ ਦੱਸਦੀ ਹੈ ਕਿ ਇਨਸਾਨੀ ਸਰਕਾਰਾਂ ਦੇ ‘ਆਖ਼ਰੀ ਦਿਨਾਂ’ ਦੌਰਾਨ ਲੋਕ ਅੱਤ ਦੇ ਬੁਰੇ ਕੰਮ ਕਰਨਗੇ। ਇਨ੍ਹਾਂ ਬੁਰੇ ਕੰਮਾਂ ਬਾਰੇ ਤੁਸੀਂ 2 ਤਿਮੋਥਿਉਸ 3:1-5 ਵਿਚ ਪੜ੍ਹ ਸਕਦੇ ਹੋ। ਜਦੋਂ ਤੁਸੀਂ ਅੱਜ ਲੋਕਾਂ ਦਾ ਸੁਭਾਅ ਤੇ ਕੰਮ ਦੇਖਦੇ ਹੋ, ਤਾਂ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਬਾਈਬਲ ਦੀ ਇਹ ਭਵਿੱਖਬਾਣੀ ਸਾਡੇ ਸਮੇਂ ਵਿਚ ਪੂਰੀ ਹੋ ਰਹੀ ਹੈ।

ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਉਹ ਸਮਾਂ ਬਹੁਤ ਨੇੜੇ ਹੈ ਜਦੋਂ ਪਰਮੇਸ਼ੁਰ ਦਾ ਰਾਜ ਵੱਡੇ-ਵੱਡੇ ਬਦਲਾਅ ਕਰੇਗਾ ਜਿਸ ਕਰਕੇ ਲੋਕਾਂ ਦੀ ਜ਼ਿੰਦਗੀ ਅੱਜ ਨਾਲੋਂ ਬਿਲਕੁਲ ਵੱਖਰੀ ਹੋਵੇਗੀ। (ਲੂਕਾ 21:36) ਪਰਮੇਸ਼ੁਰ ਨੇ ਬਾਈਬਲ ਵਿਚ ਧਰਤੀ ਅਤੇ ਇਨਸਾਨਾਂ ਲਈ ਬਹੁਤ ਸ਼ਾਨਦਾਰ ਵਾਅਦੇ ਕੀਤੇ ਹਨ। ਆਓ ਆਪਾਂ ਕੁਝ ਮਿਸਾਲਾਂ ਦੇਖੀਏ।

ਚੰਗੀ ਹਕੂਮਤ

“ਪਾਤਸ਼ਾਹੀ ਅਰ ਪਰਤਾਪ ਅਰ ਰਾਜ [ਯਿਸੂ] ਨੂੰ ਦਿੱਤਾ ਗਿਆ, ਭਈ ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ ਉਹ ਦੀ ਟਹਿਲ ਕਰਨ। ਉਹ ਦਾ ਰਾਜ ਸਦਾ ਦਾ ਰਾਜ ਹੈ, ਜਿਹੜਾ ਮਿਟੇਗਾ ਨਾ, ਅਤੇ ਉਹ ਦਾ ਰਾਜ ਅਜਿਹਾ ਹੈ ਜੋ ਟਲੇਗਾ ਨਾ।”ਦਾਨੀਏਲ 7:14.

ਇਸ ਦਾ ਕੀ ਮਤਲਬ ਹੈ? ਰੱਬ ਪੂਰੀ ਧਰਤੀ ʼਤੇ ਇਕ ਉੱਤਮ ਸਰਕਾਰ ਸਥਾਪਿਤ ਕਰੇਗਾ ਜਿਸ ਦਾ ਰਾਜਾ ਉਸ ਦਾ ਪੁੱਤਰ ਹੋਵੇਗਾ। ਇਸ ਸਰਕਾਰ ਅਧੀਨ ਤੁਸੀਂ ਖ਼ੁਸ਼ੀਆਂ ਭਰੀ ਜ਼ਿੰਦਗੀ ਜੀ ਸਕੋਗੇ।

ਚੰਗੀ ਸਿਹਤ

“ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”ਯਸਾਯਾਹ 33:24.

ਇਸ ਦਾ ਕੀ ਮਤਲਬ ਹੈ? ਕੋਈ ਵੀ ਬੀਮਾਰ ਜਾਂ ਅਪਾਹਜ ਨਹੀਂ ਹੋਵੇਗਾ। ਅਸੀਂ ਹਮੇਸ਼ਾ ਲਈ ਜੀ ਸਕਾਂਗੇ ਤੇ ਮੌਤ ਦਾ ਨਾਮੋ-ਨਿਸ਼ਾਨ ਨਹੀਂ ਹੋਵੇਗਾ।

ਸਾਰੇ ਪਾਸੇ ਸ਼ਾਂਤੀ

“ਉਹ ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ।”ਜ਼ਬੂਰਾਂ ਦੀ ਪੋਥੀ 46:9.

ਇਸ ਦਾ ਕੀ ਮਤਲਬ ਹੈ? ਲੜਾਈਆਂ ਦਾ ਕਦੇ ਕੋਈ ਡਰ ਨਹੀਂ ਹੋਵੇਗਾ ਅਤੇ ਨਾ ਹੀ ਕਿਸੇ ਨੂੰ ਇਨ੍ਹਾਂ ਦੇ ਅੰਜਾਮ ਭੁਗਤਣੇ ਪੈਣਗੇ।

ਧਰਤੀ ʼਤੇ ਚੰਗੇ ਲੋਕ

‘ਦੁਸ਼ਟ ਨਹੀਂ ਹੋਵੇਗਾ। ਪਰ ਅਧੀਨ ਧਰਤੀ ਦੇ ਵਾਰਸ ਹੋਣਗੇ।’ਜ਼ਬੂਰਾਂ ਦੀ ਪੋਥੀ 37:10, 11.

ਇਸ ਦਾ ਕੀ ਮਤਲਬ ਹੈ? ਕੋਈ ਵੀ ਦੁਸ਼ਟ ਇਨਸਾਨ ਨਹੀਂ ਹੋਵੇਗਾ। ਸਿਰਫ਼ ਉਹੀ ਲੋਕ ਹੋਣਗੇ ਜੋ ਰੱਬ ਦਾ ਕਹਿਣਾ ਮੰਨਣਾ ਚਾਹੁਣਗੇ।

ਬਾਗ਼ ਵਰਗੀ ਧਰਤੀ

“ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।”ਯਸਾਯਾਹ 65:21, 22.

ਇਸ ਦਾ ਕੀ ਮਤਲਬ ਹੈ? ਪੂਰੀ ਧਰਤੀ ਨੂੰ ਖ਼ੂਬਸੂਰਤ ਬਣਾਇਆ ਜਾਵੇਗਾ। ਰੱਬ ਸਾਡੀ ਪ੍ਰਾਰਥਨਾ ਦਾ ਜਵਾਬ ਦੇਵੇਗਾ ਕਿ ਉਸ ਦੀ ਇੱਛਾ “ਧਰਤੀ ਉੱਤੇ” ਪੂਰੀ ਹੋਵੇ।—ਮੱਤੀ 6:10.