Skip to content

Skip to table of contents

ਸੱਚ ਦੀ ਖੋਜ

ਸੱਚ ਦੀ ਖੋਜ

ਸੱਚਾਈ ਜਾਣਨ ਜਾਂ ਨਾ ਜਾਣਨ ਨਾਲ ਸਾਡੀ ਜ਼ਿੰਦਗੀ ਬਦਲ ਸਕਦੀ ਹੈ। ਜ਼ਰਾ ਸੋਚੋ ਕਿ ਇਸ ਸਵਾਲ ਦੇ ਜਵਾਬ ਦਾ ਸਾਡੀ ਜ਼ਿੰਦਗੀ ’ਤੇ ਕੀ ਅਸਰ ਪਿਆ ਹੈ: ਛੂਤ ਦੀਆਂ ਬੀਮਾਰੀਆਂ ਕਿੱਦਾਂ ਫੈਲਦੀਆਂ ਹਨ?

ਹਜ਼ਾਰਾਂ ਸਾਲਾਂ ਤੋਂ ਕਿਸੇ ਨੂੰ ਵੀ ਇਸ ਦਾ ਜਵਾਬ ਨਹੀਂ ਸੀ ਪਤਾ। ਇਸ ਸਮੇਂ ਦੌਰਾਨ ਮਹਾਂਮਾਰੀਆਂ ਨੇ ਲੱਖਾਂ ਹੀ ਲੋਕਾਂ ਦੀਆਂ ਜਾਨਾਂ ਲਈਆਂ। ਅਖ਼ੀਰ ਵਿਗਿਆਨੀਆਂ ਨੂੰ ਇਸ ਬਾਰੇ ਸੱਚਾਈ ਪਤਾ ਲੱਗੀ ਕਿ ਬੀਮਾਰੀਆਂ ਅਕਸਰ ਬੈਕਟੀਰੀਆ ਜਾਂ ਵਾਇਰਸ ਵਰਗੇ ਜੀਵਾਣੂਆਂ ਕਰਕੇ ਫੈਲਦੀਆਂ ਹਨ। ਸਿਰਫ਼ ਇਸ ਇਕ ਸੱਚ ਨੂੰ ਜਾਣਨ ਨਾਲ ਲੋਕ ਬੀਮਾਰੀਆਂ ਤੋਂ ਬਚ ਸਕੇ ਹਨ ਅਤੇ ਬਹੁਤ ਸਾਰੀਆਂ ਬੀਮਾਰੀਆਂ ਦਾ ਇਲਾਜ ਮੁਮਕਿਨ ਹੋਇਆ ਹੈ। ਇਸ ਕਰਕੇ ਕਰੋੜਾਂ ਹੀ ਲੋਕਾਂ ਨੂੰ ਤੰਦਰੁਸਤੀ ਅਤੇ ਲੰਬੀ ਜ਼ਿੰਦਗੀ ਮਿਲੀ ਹੈ।

ਤਾਂ ਫਿਰ ਕੀ ਸਾਨੂੰ ਹੋਰ ਜ਼ਰੂਰੀ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ? ਤੁਹਾਨੂੰ ਕੀ ਲੱਗਦਾ ਕਿ ਅੱਗੇ ਦਿੱਤੇ ਸਵਾਲਾਂ ਦੇ ਜਵਾਬਾਂ ਦਾ ਤੁਹਾਡੀ ਜ਼ਿੰਦਗੀ ’ਤੇ ਕੀ ਅਸਰ ਪੈ ਸਕਦਾ ਹੈ?

 • ਰੱਬ ਕੌਣ ਹੈ?

 • ਯਿਸੂ ਮਸੀਹ ਕੌਣ ਹੈ?

 • ਪਰਮੇਸ਼ੁਰ ਦਾ ਰਾਜ ਕੀ ਹੈ?

 • ਭਵਿੱਖ ਵਿਚ ਕੀ ਹੋਵੇਗਾ?

ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਕੇ ਲੱਖਾਂ ਹੀ ਲੋਕਾਂ ਦੀ ਜ਼ਿੰਦਗੀ ਬਿਹਤਰ ਬਣੀ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਕੇ ਤੁਹਾਨੂੰ ਵੀ ਫ਼ਾਇਦਾ ਹੋ ਸਕਦਾ ਹੈ।

 ਕੀ ਸੱਚ ਜਾਣਨਾ ਮੁਮਕਿਨ ਹੈ?

ਤੁਸੀਂ ਸ਼ਾਇਦ ਸੋਚੋ ਕਿ ‘ਅਸੀਂ ਕਿਸੇ ਗੱਲ ਬਾਰੇ ਸੱਚਾਈ ਕਿਵੇਂ ਜਾਣ ਸਕਦੇ ਹਾਂ?’ ਜੇ ਦੇਖਿਆ ਜਾਵੇਂ ਤਾਂ ਅੱਜ ਜ਼ਿਆਦਾਤਰ ਗੱਲਾਂ ਬਾਰੇ ਸੱਚ ਪਤਾ ਕਰਨਾ ਬਹੁਤ ਔਖਾ ਹੋ ਗਿਆ ਹੈ। ਕਿਉਂ?

ਬਹੁਤ ਸਾਰੇ ਲੋਕ ਇਸ ਗੱਲ ’ਤੇ ਭਰੋਸਾ ਨਹੀਂ ਕਰਦੇ ਕਿ ਸਰਕਾਰਾਂ, ਵਪਾਰੀਆਂ ਜਾਂ ਮੀਡੀਆ ਤੋਂ ਉਨ੍ਹਾਂ ਨੂੰ ਸੱਚ ਪਤਾ ਲੱਗੇਗਾ। ਜਾਣਕਾਰੀ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਇਹ ਸੱਚ ਹੋਵੇ ਜਿਸ ਕਰਕੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਦੂਜੇ ਉਨ੍ਹਾਂ ਨੂੰ ਸਹੀ ਜਾਣਕਾਰੀ ਦੇ ਰਹੇ ਹਨ ਜਾਂ ਸਿਰਫ਼ ਆਪਣੇ ਵਿਚਾਰ, ਅੱਧ-ਅਧੂਰਾ ਸੱਚ ਜਾਂ ਸਰਾਸਰ ਝੂਠ ਦੱਸ ਰਹੇ ਹਨ। ਸੋ ਭਰੋਸਾ ਉੱਠ ਜਾਣ ਕਰਕੇ ਅਤੇ ਜ਼ਿਆਦਾਤਰ ਜਾਣਕਾਰੀ ਝੂਠੀ ਹੋਣ ਕਰਕੇ ਲੋਕਾਂ ਨੂੰ ਨਾ ਤਾਂ ਇਹ ਪਤਾ ਲੱਗਦਾ ਕਿ ਸੱਚਾਈ ਹੈ ਕੀ ਤੇ ਨਾ ਹੀ ਇਹ ਕਿ ਸੱਚਾਈ ਉਨ੍ਹਾਂ ਲਈ ਕੀ ਮਾਅਨੇ ਰੱਖਦੀ ਹੈ।

ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਤੁਸੀਂ ਜ਼ਿੰਦਗੀ ਦੇ ਜ਼ਰੂਰੀ ਸਵਾਲਾਂ ਦੇ ਸਹੀ ਜਵਾਬ ਪਾ ਸਕਦੇ ਹੋ। ਕਿਵੇਂ? ਤੁਸੀਂ ਉਹੀ ਤਰੀਕੇ ਵਰਤ ਸਕਦੇ ਹੋ ਜੋ ਤੁਸੀਂ ਹਰ ਰੋਜ਼ ਛੋਟੇ-ਮੋਟੇ ਸਵਾਲਾਂ ਦੇ ਜਵਾਬ ਜਾਣਨ ਲਈ ਵਰਤਦੇ ਹੋ।

ਤੁਸੀਂ ਸੱਚ ਦੀ ਖੋਜ ਕਿਵੇਂ ਕਰ ਸਕਦੇ ਹੋ?

ਅਸੀਂ ਹਰ ਰੋਜ਼ ਕੁਝ ਗੱਲਾਂ ਬਾਰੇ ਸੱਚ ਪਤਾ ਕਰਦੇ ਹਾਂ। ਜੈਸਿਕਾ ਦੇ ਹਾਲਾਤਾਂ ’ਤੇ ਗੌਰ ਕਰੋ। ਉਹ ਦੱਸਦੀ ਹੈ: “ਮੇਰੀ ਕੁੜੀ ਨੂੰ ਮੂੰਗਫਲੀ ਤੋਂ ਇੰਨੀ ਜ਼ਿਆਦਾ ਅਲਰਜੀ ਹੈ ਕਿ ਥੋੜ੍ਹੀ ਜਿਹੀ ਮੂੰਗਫਲੀ ਨਾਲ ਵੀ ਉਸ ਦੀ ਜਾਨ ਜਾ ਸਕਦੀ ਹੈ।” ਜੈਸਿਕਾ ਲਈ ਇਹ ਪਤਾ ਕਰਨਾ ਜ਼ਰੂਰੀ ਹੈ ਕਿ ਜੋ ਖਾਣਾ ਉਹ ਖ਼ਰੀਦਦੀ ਹੈ, ਉਸ ਨਾਲ ਉਸ ਦੀ ਕੁੜੀ ਨੂੰ ਕੋਈ ਨੁਕਸਾਨ ਨਾ ਪਹੁੰਚੇ। ਉਹ ਅੱਗੇ ਕਹਿੰਦੀ ਹੈ: “ਕੋਈ ਵੀ ਖਾਣਾ ਖ਼ਰੀਦਣ ਤੋਂ ਪਹਿਲਾਂ ਮੈਂ ਧਿਆਨ ਨਾਲ ਦੇਖਦੀ ਹਾਂ ਕਿ ਉਸ ਵਿਚ ਕੀ ਕੁਝ ਪਾਇਆ ਗਿਆ ਹੈ। ਮੈਂ ਹੋਰ ਖੋਜਬੀਨ ਕਰਨ ਲਈ ਖਾਣਾ ਬਣਾਉਣ ਵਾਲੀ ਫੈਕਟਰੀ ਨਾਲ ਵੀ ਸੰਪਰਕ ਕਰਦੀ ਹਾਂ ਕਿ ਖਾਣੇ ਵਿਚ ਕਿਤੇ ਗ਼ਲਤੀ ਨਾਲ ਮੂੰਗਫਲੀ ਤਾਂ ਨਹੀਂ ਪੈ ਗਈ। ਇਸ ਤੋਂ ਇਲਾਵਾ ਫੈਕਟਰੀ ਬਾਰੇ ਹੋਰ ਜਾਣਨ ਲਈ ਮੈਂ ਇੰਟਰਨੈੱਟ ਜਾਂ ਹੋਰ ਭਰੋਸੇਯੋਗ ਥਾਵਾਂ ਤੋਂ ਦੇਖਦੀ ਹਾਂ।”

ਹਰ ਰੋਜ਼ ਤੁਸੀਂ ਜਿਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਦੇ ਹੋ, ਉਹ ਸ਼ਾਇਦ ਜੈਸਿਕਾ ਦੇ ਸਵਾਲਾਂ ਜਿੰਨੇ ਜ਼ਰੂਰੀ ਨਾ ਹੋਣ। ਪਰ ਜੈਸਿਕਾ ਵਾਂਗ ਤੁਸੀਂ ਵੀ ਸਵਾਲਾਂ ਦੇ ਜਵਾਬ ਜਾਣਨ ਲਈ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ:

 • ਜਾਣਕਾਰੀ ਲਓ।

 • ਹੋਰ ਖੋਜਬੀਨ ਕਰੋ।

 • ਧਿਆਨ ਰੱਖੋ ਕਿ ਜਾਣਕਾਰੀ ਭਰੋਸੇਯੋਗ ਹੋਵੇ।

ਇਹੀ ਤਰੀਕੇ ਵਰਤ ਕੇ ਤੁਸੀਂ ਜ਼ਿੰਦਗੀ ਦੇ ਜ਼ਰੂਰੀ ਸਵਾਲਾਂ ਦੇ ਸਹੀ ਜਵਾਬ ਜਾਣ ਸਕਦੇ ਹੋ। ਕਿਵੇਂ?

 ਸੱਚ ਦੀ ਖੋਜ ਕਰਨ ਲਈ ਇਕ ਕਿਤਾਬ

ਜੈਸਿਕਾ ਨੇ ਜ਼ਿੰਦਗੀ ਦੇ ਜ਼ਰੂਰੀ ਸਵਾਲਾਂ ਦੇ ਜਵਾਬ ਜਾਣਨ ਲਈ ਉਹੀ ਤਰੀਕਾ ਵਰਤਿਆ ਜੋ ਉਹ ਆਪਣੀ ਕੁੜੀ ਲਈ ਖਾਣਾ ਖ਼ਰੀਦਦੇ ਹੋਏ ਵਰਤਦੀ ਹੈ। ਉਹ ਕਹਿੰਦੀ ਹੈ: “ਬਾਈਬਲ ਨੂੰ ਧਿਆਨ ਨਾਲ ਪੜ੍ਹਨ ਅਤੇ ਚੰਗੀ ਤਰ੍ਹਾਂ ਖੋਜਬੀਨ ਕਰਨ ਨਾਲ ਮੈਂ ਸੱਚਾਈ ਜਾਣ ਸਕੀ ਹਾਂ।” ਜੈਸਿਕਾ ਵਾਂਗ ਲੱਖਾਂ ਹੀ ਲੋਕਾਂ ਨੇ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣੇ ਹਨ:

 • ਅਸੀਂ ਇੱਥੇ ਕਿਉਂ ਹਾਂ?

 • ਮਰਨ ਤੋਂ ਬਾਅਦ ਕੀ ਹੁੰਦਾ ਹੈ?

 • ਇੰਨੇ ਦੁੱਖ ਕਿਉਂ ਹਨ?

 • ਰੱਬ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰਨ ਲਈ ਕੀ ਕਰ ਰਿਹਾ ਹੈ?

 • ਪਰਿਵਾਰ ਨੂੰ ਸੁਖੀ ਕਿਵੇਂ ਬਣਾਇਆ ਜਾ ਸਕਦਾ ਹੈ?

ਤੁਸੀਂ ਇਨ੍ਹਾਂ ਅਤੇ ਹੋਰ ਸਵਾਲਾਂ ਦੇ ਜਵਾਬ ਜਾਣਨ ਲਈ ਬਾਈਬਲ ਪੜ੍ਹ ਸਕਦੇ ਹੋ ਅਤੇ ਆਨ-ਲਾਈਨ ਸਾਡੀ ਵੈੱਬਸਾਈਟ www.jw.org/pa ਤੋਂ ਹੋਰ ਖੋਜਬੀਨ ਕਰ ਸਕਦੇ ਹੋ।