ਤਕਨਾਲੋਜੀ ਦਾ ਕੀ ਅਸਰ ਪੈਂਦਾ ਹੈ—ਤੁਹਾਡੀ ਦੋਸਤੀ ʼਤੇ

ਤਕਨਾਲੋਜੀ ਦਾ ਕੀ ਅਸਰ ਪੈਂਦਾ ਹੈ—ਤੁਹਾਡੀ ਦੋਸਤੀ ʼਤੇ

ਅੱਜ ਫ਼ੋਨ, ਕੰਪਿਊਟਰ ਕਰਕੇ ਆਪਣੇ ਦੋਸਤਾਂ ਨਾਲ ਗੱਲ ਕਰਨੀ ਬਹੁਤ ਸੌਖੀ ਹੋ ਗਈ ਹੈ। ਭਾਵੇਂ ਸਾਡੇ ਦੋਸਤ ਸੱਤ ਸਮੁੰਦਰੋਂ ਪਾਰ ਹੀ ਕਿਉਂ ਨਾ ਬੈਠੇ ਹੋਣ, ਪਰ ਫਿਰ ਵੀ ਅਸੀਂ ਉਨ੍ਹਾਂ ਨੂੰ ਮੈਸਿਜ, ਈ-ਮੇਲ ਜਾਂ ਵੀਡੀਓ ਕਾਲ ਕਰ ਸਕਦੇ ਹਾਂ ਤੇ ਸੋਸ਼ਲ ਮੀਡੀਆ ʼਤੇ ਲਿਖ ਸਕਦੇ ਹਾਂ ਜਾਂ ਵੀਡੀਓ, ਫੋਟੋਆਂ ਵਗੈਰਾ ਭੇਜ ਸਕਦੇ ਹਾਂ।

ਪਰ ਜਿਹੜੇ ਲੋਕ ਸਿਰਫ਼ ਫ਼ੋਨ ਜਾਂ ਕੰਪਿਊਟਰ ਰਾਹੀਂ ਹੀ ਦੋਸਤਾਂ ਨਾਲ ਜੁੜੇ ਰਹਿੰਦੇ ਹਨ, ਉਨ੍ਹਾਂ ਵਿੱਚੋਂ ਕੁਝ ਲੋਕ . . .

  • ਆਪਣੇ ਦੋਸਤਾਂ ਨਾਲ ਹਮਦਰਦੀ ਨਹੀਂ ਰੱਖਦੇ।

  • ਇਕੱਲੇ ਮਹਿਸੂਸ ਕਰਦੇ ਹਨ।

  • ਸੁਆਰਥੀ ਹੁੰਦੇ ਹਨ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?

ਹਮਦਰਦੀ

ਜੇ ਅਸੀਂ ਆਪਣੇ ਦੋਸਤ ਲਈ ਸਮਾਂ ਕੱਢਾਂਗੇ ਅਤੇ ਉਸ ਬਾਰੇ ਸੋਚਾਂਗੇ, ਤਾਂ ਹੀ ਅਸੀਂ ਉਸ ਨਾਲ ਹਮਦਰਦੀ ਦਿਖਾ ਸਕਾਂਗੇ। ਪਰ ਜੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਮੈਸਿਜ ਤੇ ਮੈਸਿਜ ਭੇਜਦੇ ਰਹਿੰਦੇ ਹਾਂ ਅਤੇ ਸੋਸ਼ਲ ਮੀਡੀਆ ʼਤੇ ਘੰਟਿਆਂ ਬੱਧੀ ਸਮਾਂ ਬਿਤਾਉਂਦੇ ਹਾਂ, ਤਾਂ ਸਾਡੇ ਕੋਲ ਆਪਣੇ ਦੋਸਤ ਬਾਰੇ ਸੋਚਣ ਲਈ ਸਮਾਂ ਹੀ ਨਹੀਂ ਬਚੇਗਾ।

ਜੇ ਸਾਨੂੰ ਬਹੁਤ ਜ਼ਿਆਦਾ ਮੈਸਿਜ ਆਉਂਦੇ ਹਨ, ਤਾਂ ਸਾਡਾ ਧਿਆਨ ਸਿਰਫ਼ ਇਸ ਗੱਲ ʼਤੇ ਰਹੇਗਾ ਕਿ ਅਸੀਂ ਸਾਰੇ ਮੈਸਿਜਾਂ ਦਾ ਜਵਾਬ ਫਟਾਫਟ ਦੇ ਦੇਈਏ। ਇਸ ਕਰਕੇ ਸ਼ਾਇਦ ਅਸੀਂ ਆਪਣੇ ਅਜਿਹੇ ਦੋਸਤ ਦੇ ਮੈਸਿਜ ਵੱਲ ਧਿਆਨ ਹੀ ਨਾ ਦੇਈਏ ਜੋ ਪਰੇਸ਼ਾਨ ਹੈ ਤੇ ਜਿਸ ਨੂੰ ਸਾਡੀ ਮਦਦ ਦੀ ਲੋੜ ਹੈ।

ਜ਼ਰਾ ਸੋਚੋ: ਤੁਸੀਂ ਆਪਣੇ ਦੋਸਤਾਂ ਨੂੰ ਮੈਸਿਜ ਵਿਚ ਕੀ ਲਿਖ ਸਕਦੇ ਹੋ ਤਾਂਕਿ ਉਨ੍ਹਾਂ ਨੂੰ ਅਹਿਸਾਸ ਹੋਵੇ ਕਿ ਤੁਸੀਂ ਉਨ੍ਹਾਂ ਬਾਰੇ ਸੋਚਦੇ ਹੋ ਅਤੇ ਉਨ੍ਹਾਂ ਦੇ “ਦੁੱਖਾਂ” ਨੂੰ ਸਮਝਦੇ ਹੋ?—1 ਪਤਰਸ 3:8.

ਇਕੱਲਾਪਣ

ਕੁਝ ਲੋਕ ਆਪਣਾ ਇਕੱਲਾਪਣ ਤੇ ਖਾਲੀਪਣ ਦੂਰ ਕਰਨ ਲਈ ਫ਼ੋਨ, ਇੰਟਰਨੈੱਟ ʼਤੇ ਲੱਗੇ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ ʼਤੇ ਦੂਜਿਆਂ ਦੀਆਂ ਨਵੀਆਂ-ਨਵੀਆਂ ਫੋਟੋਆਂ ਤੇ ਵੀਡੀਓ ਦੇਖਦੇ ਰਹਿੰਦੇ ਹਨ। ਪਰ ਇਕ ਖੋਜ ਤੋਂ ਪਤਾ ਲੱਗਾ ਹੈ ਕਿ ਇੱਦਾਂ ਦੇ ਲੋਕ ਹੋਰ ਵੀ ਇਕੱਲਾਪਣ ਤੇ ਖਾਲੀਪਣ ਮਹਿਸੂਸ ਕਰਦੇ ਹਨ। ਉਹ ਪਛਤਾਉਂਦੇ ਹਨ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕੁਝ ਵੀ ਨਹੀਂ ਕੀਤਾ।

ਦੂਜਿਆਂ ਦੀਆਂ ਫੋਟੋਆਂ ਦੇਖਦੇ ਰਹਿਣ ਕਰਕੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਬੇਕਾਰ ਲੱਗਦੀ ਹੈ। ਉਹ ਸੋਚਦੇ ਹਨ, ‘ਉਹ ਕਿੰਨੇ ਮਜ਼ੇ ਕਰ ਰਹੇ ਹਨ ਤੇ ਮੈਂ ਬਸ ਆਪਣੀ ਜ਼ਿੰਦਗੀ ਘਸੀਟ ਰਿਹਾ ਹਾਂ।’

ਜ਼ਰਾ ਸੋਚੋ: ਤੁਸੀਂ ਕਿਸ ਗੱਲ ਦਾ ਧਿਆਨ ਰੱਖ ਸਕਦੇ ਹੋ ਤਾਂਕਿ ਸੋਸ਼ਲ ਮੀਡੀਆ ʼਤੇ ਦੂਜਿਆਂ ਦੀ ਫੋਟੋਆਂ ਵਗੈਰਾ ਦੇਖਦਿਆਂ ਤੁਸੀਂ ਆਪਣੇ ਆਪ ਨੂੰ ਐਵੇਂ ਨਾ ਸਮਝੋ?—ਗਲਾਤੀਆਂ 6:4.

ਸੁਆਰਥੀ

ਇਕ ਅਧਿਆਪਕ ਨੇ ਕਿਹਾ ਕਿ ਉਸ ਦੀ ਕਲਾਸ ਵਿਚ ਕੁਝ ਵਿਦਿਆਰਥੀ ਸੁਆਰਥੀ ਹਨ। ਉਹ ਸਿਰਫ਼ ਇਸ ਕਰਕੇ ਦੋਸਤੀ ਕਰਦੇ ਹਨ ਤਾਂਕਿ ਉਹ ਆਪਣਾ ਉੱਲੂ ਸਿੱਧਾ ਕਰ ਸਕਣ। ਉਹ ਆਪਣੇ ਦੋਸਤਾਂ ਨੂੰ ਕੰਪਿਊਟਰ ਜਾਂ ਫ਼ੋਨ ਦੀ ਐਪ ਵਾਂਗ ਸਮਝਦੇ ਹਨ, ਜਦੋਂ ਦਿਲ ਕੀਤਾ ਵਰਤ ਲਿਆ ਤੇ ਜਦੋਂ ਦਿਲ ਕੀਤਾ ਬੰਦ ਕਰ ਦਿੱਤਾ।

ਜ਼ਰਾ ਸੋਚੋ: ਤੁਸੀਂ ਇੰਟਰਨੈੱਟ ʼਤੇ ਕਿਹੋ ਜਿਹੀਆਂ ਫੋਟੋਆਂ ਪਾਉਂਦੇ ਹੋ? ਕੀ ਉਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਲੱਗਦਾ ਹੈ ਕਿ ਤੁਸੀਂ ਹਮੇਸ਼ਾ ਦੂਜਿਆਂ ਤੋਂ ਅੱਗੇ ਰਹਿਣਾ ਚਾਹੁੰਦੇ ਹੋ ਜਾਂ ਚਾਹੁੰਦੇ ਹੋ ਕਿ ਸਾਰਿਆਂ ਦਾ ਧਿਆਨ ਤੁਹਾਡੇ ʼਤੇ ਹੋਵੇ?—ਗਲਾਤੀਆਂ 5:26.

ਤੁਸੀਂ ਕੀ ਕਰ ਸਕਦੇ ਹੋ?

ਸੋਚੋ ਕਿ ਤੁਸੀਂ ਫ਼ੋਨ, ਕੰਪਿਊਟਰ ਵਗੈਰਾ ਦੀ ਵਰਤੋ ਕਿਵੇਂ ਕਰਦੇ ਹੋ

ਜੇ ਤੁਸੀਂ ਹੱਦ ਵਿਚ ਰਹਿ ਕੇ ਫ਼ੋਨ, ਕੰਪਿਊਟਰ ਵਗੈਰਾ ਦੀ ਵਰਤੋਂ ਕਰੋਗੇ, ਤਾਂ ਤੁਸੀਂ ਆਪਣੇ ਦੋਸਤਾਂ ਨਾਲ ਜੁੜੇ ਰਹੋਗੇ ਤੇ ਤੁਹਾਡੀ ਦੋਸਤੀ ਹੋਰ ਗੂੜ੍ਹੀ ਹੋਵੇਗੀ।

ਬਾਈਬਲ ਦਾ ਅਸੂਲ: “ਪਿਆਰ . . . ਆਪਣੇ ਬਾਰੇ ਹੀ ਨਹੀਂ ਸੋਚਦਾ।”​—1 ਕੁਰਿੰਥੀਆਂ 13:4, 5.

ਉਨ੍ਹਾਂ ਗੱਲਾਂ ʼਤੇ ਨਿਸ਼ਾਨ ਲਗਾਓ ਜੋ ਤੁਸੀਂ ਕਰਨੀਆਂ ਚਾਹੁੰਦੇ ਹੋ ਜਾਂ ਫਿਰ ਖ਼ੁਦ ਲਿਖੋ ਕਿ ਤੁਸੀਂ ਕੀ ਕਰੋਗੇ।

  • ਹਰ ਵਾਰ ਮੈਸਿਜ ਜਾਂ ਈ-ਮੇਲ ਭੇਜਣ ਦੀ ਬਜਾਇ ਮੈਂ ਲੋਕਾਂ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਾਂਗਾ

  • ਦੂਜਿਆਂ ਨਾਲ ਗੱਲ ਕਰਦੇ ਸਮੇਂ ਮੈਂ ਆਪਣਾ ਫ਼ੋਨ ਇਕ ਪਾਸੇ ਰੱਖ ਦੇਵਾਂਗਾ

  • ਮੈਂ ਸੋਸ਼ਲ ਮੀਡੀਆ ʼਤੇ ਲੋਕਾਂ ਦੀਆਂ ਫੋਟੋਆਂ ਦੇਖਣ ਤੇ ਉਨ੍ਹਾਂ ਦੀਆਂ ਪੋਸਟਾਂ ਪੜ੍ਹਨ ਵਿਚ ਜ਼ਿਆਦਾ ਸਮਾਂ ਨਹੀਂ ਬਿਤਾਵਾਂਗਾ

  • ਮੈਂ ਦੂਜਿਆਂ ਦੀ ਗੱਲ ਧਿਆਨ ਨਾਲ ਸੁਣਾਂਗਾ

  • ਮੈਂ ਕਿਸੇ ਅਜਿਹੇ ਦੋਸਤ ਨਾਲ ਗੱਲ ਕਰਾਂਗਾ ਜੋ ਪਰੇਸ਼ਾਨ ਹੈ