Skip to content

ਪਰਿਵਾਰ ਦੀ ਮਦਦ ਲਈ | ਵਿਆਹੁਤਾ ਜ਼ਿੰਦਗੀ

ਤਕਨਾਲੋਜੀ ਦੀ ਸਹੀ ਵਰਤੋਂ ਕਿਵੇਂ ਕਰੀਏ?

ਤਕਨਾਲੋਜੀ ਦੀ ਸਹੀ ਵਰਤੋਂ ਕਿਵੇਂ ਕਰੀਏ?

 ਤਕਨਾਲੋਜੀ ਦੀ ਸਹੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੇ ਵਿਆਹੁਤਾ ਰਿਸ਼ਤੇ ʼਤੇ ਇਸ ਦਾ ਕਾਫ਼ੀ ਅਸਰ ਪੈ ਸਕਦਾ ਹੈ। ਤਕਨਾਲੋਜੀ ਦੀ ਵਰਤੋਂ ਨਾਲ ਪਤੀ-ਪਤਨੀ ਦਾ ਰਿਸ਼ਤਾ ਜਾਂ ਤਾਂ ਮਜ਼ਬੂਤ ਹੋਵੇਗਾ ਜਾਂ ਕਮਜ਼ੋਰ। ਤੁਹਾਡੇ ਵਿਆਹੁਤਾ ਰਿਸ਼ਤੇ ʼਤੇ ਇਸ ਦਾ ਕੀ ਅਸਰ ਪੈ ਰਿਹਾ ਹੈ?

 ਤੁਹਾਨੂੰ ਕੀ ਪਤਾ ਹੋਣਾ ਚਾਹੀਦਾ?

  •   ਜੇ ਮੋਬਾਇਲ ਜਾਂ ਟੈਬਲੇਟ ਦੀ ਸਹੀ ਵਰਤੋਂ ਕੀਤੀ ਜਾਵੇ, ਤਾਂ ਇਸ ਨਾਲ ਪਤੀ-ਪਤਨੀ ਨੂੰ ਕਾਫ਼ੀ ਫ਼ਾਇਦਾ ਹੋ ਸਕਦਾ ਹੈ, ਜਿਵੇਂ ਕਿ ਜਦੋਂ ਪਤੀ-ਪਤਨੀ ਪੂਰਾ ਦਿਨ ਇਕ-ਦੂਸਰੇ ਤੋਂ ਦੂਰ ਰਹਿੰਦੇ ਹਨ, ਤਾਂ ਉਹ ਫ਼ੋਨ ʼਤੇ ਗੱਲ ਕਰ ਸਕਦੇ ਹਨ।

     “ਇਕ ਛੋਟੇ ਜਿਹੇ ਮੈਸਿਜ ਨਾਲ ਵੀ ਬਹੁਤ ਫ਼ਰਕ ਪੈਂਦਾ ਹੈ, ਜਿਵੇਂ ‘ਆਈ ਲਵ ਯੂ ਜਾਂ ਮੈਨੂੰ ਤੇਰੀ ਯਾਦ ਆ ਰਹੀ ਹੈ।’”—ਜੋਨਾਥਨ।

  •   ਜੇ ਮੋਬਾਇਲ ਜਾਂ ਟੈਬਲੇਟ ਦੀ ਸਹੀ ਵਰਤੋਂ ਨਾ ਕੀਤੀ ਜਾਵੇ, ਤਾਂ ਇਸ ਨਾਲ ਪਤੀ-ਪਤਨੀ ਦਾ ਰਿਸ਼ਤਾ ਕਮਜ਼ੋਰ ਪੈ ਸਕਦਾ ਹੈ। ਮਿਸਾਲ ਲਈ, ਕੁਝ ਲੋਕ ਦਿਨ-ਰਾਤ ਮੋਬਾਇਲ ʼਤੇ ਲੱਗੇ ਰਹਿੰਦੇ ਹਨ ਜਿਸ ਕਾਰਨ ਉਹ ਆਪਣੇ ਸਾਥੀ ਨੂੰ ਸਮਾਂ ਨਹੀਂ ਦੇ ਪਾਉਂਦੇ।

     “ਕਈ ਵਾਰ ਇੱਦਾਂ ਹੁੰਦਾ ਹੈ ਕਿ ਮੇਰੇ ਪਤੀ ਮੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ, ਪਰ ਕਰ ਨਹੀਂ ਪਾਉਂਦੇ ਕਿਉਂਕਿ ਮੈਂ ਫ਼ੋਨ ʼਤੇ ਲੱਗੀ ਰਹਿੰਦੀ ਹਾਂ।”—ਜੂਲਿਸਾ।

  •   ਕੁਝ ਲੋਕ ਕਹਿੰਦੇ ਹਨ ਕਿ ਉਹ ਆਪਣੀ ਪਤਨੀ ਜਾਂ ਪਤੀ ਨਾਲ ਗੱਲ ਕਰਨ ਦੇ ਨਾਲ-ਨਾਲ ਮੋਬਾਇਲ ਦੀ ਵਰਤੋਂ ਵੀ ਕਰ ਸਕਦੇ ਹਨ। ਸਮਾਜ ਬਾਰੇ ਖੋਜਬੀਨ ਕਰਨ ਵਾਲੀ ਸ਼ੈਰੀ ਟਰਕਲ ਕਹਿੰਦੀ ਹੈ, ‘ਲੋਕਾਂ ਨੂੰ ਲੱਗਦਾ ਹੈ ਕਿ ਉਹ ਇੱਕੋ ਸਮੇਂ ਤੇ ਕਈ ਕੰਮ ਕਰ ਸਕਦੇ ਹਨ। ਪਰ ਇਹ ਸੱਚ ਨਹੀਂ ਹੈ ਕਿਉਂਕਿ ਇੱਕੋ ਵਾਰ ਬਹੁਤ ਸਾਰੇ ਕੰਮ ਕਰਨ ਨਾਲ ਕੰਮ ਬਣਦੇ ਨਹੀਂ, ਸਗੋਂ ਵਿਗੜ ਜਾਂਦੇ ਹਨ।’ a

     “ਜਦੋਂ ਮੈਂ ਆਪਣੇ ਪਤੀ ਨਾਲ ਗੱਲ ਕਰਦੀ ਹਾਂ, ਤਾਂ ਮੈਨੂੰ ਖ਼ੁਸ਼ੀ ਹੁੰਦੀ ਹੈ। ਪਰ ਜਦੋਂ ਉਹ ਗੱਲ ਕਰਦੇ-ਕਰਦੇ ਕੋਈ ਹੋਰ ਕੰਮ ਕਰਨ ਲੱਗ ਪੈਂਦੇ ਹਨ, ਤਾਂ ਮੈਨੂੰ ਚੰਗਾ ਨਹੀਂ ਲੱਗਦਾ। ਮੈਨੂੰ ਇੱਦਾਂ ਲੱਗਦਾ ਹੈ ਜਿਵੇਂ ਮੇਰੇ ਉੱਥੇ ਹੋਣ ਜਾਂ ਨਾ ਹੋਣ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਹੀ ਨਹੀਂ ਪੈਂਦਾ।”—ਸਾਰਾ।

 ਮੁੱਖ ਗੱਲ: ਤੁਸੀਂ ਜਿਸ ਤਰੀਕੇ ਨਾਲ ਤਕਨਾਲੋਜੀ ਦੀ ਵਰਤੋਂ ਕਰਦੇ ਹੋ, ਉਸ ਨਾਲ ਤੁਹਾਡਾ ਵਿਆਹੁਤਾ ਰਿਸ਼ਤਾ ਜਾਂ ਤਾਂ ਮਜ਼ਬੂਤ ਹੋ ਸਕਦਾ ਜਾਂ ਕਮਜ਼ੋਰ।

 ਤੁਸੀਂ ਕੀ ਕਰ ਸਕਦੇ ਹੋ?

 ਸੋਚੋ ਕਿ ਤੁਹਾਡੇ ਲਈ ਸਭ ਤੋਂ ਜ਼ਰੂਰੀ ਕੀ ਹੈ। ਬਾਈਬਲ ਦੱਸਦੀ ਹੈ: “ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।” (ਫ਼ਿਲਿੱਪੀਆਂ 1:10) ਆਪਣੇ ਆਪ ਤੋਂ ਪੁੱਛੋ, ‘ਕੀ ਮੈਂ ਜਾਂ ਮੇਰਾ ਸਾਥੀ ਆਪਣਾ ਜ਼ਿਆਦਾਤਰ ਸਮਾਂ ਅਤੇ ਧਿਆਨ ਮੋਬਾਇਲ ਜਾਂ ਟੈਬਲੇਟ ʼਤੇ ਗੁਜ਼ਾਰਦੇ ਹਾਂ ਜਾਂ ਇਕ-ਦੂਸਰੇ ਨਾਲ?’

 “ਜਦੋਂ ਪਤੀ-ਪਤਨੀ ਰੈਸਟੋਰੈਂਟ ਵਿਚ ਖਾਣਾ ਖਾਣ ਜਾਂਦੇ ਹਨ, ਤਾਂ ਉਹ ਇਕ-ਦੂਸਰੇ ਨਾਲ ਸਮਾਂ ਬਿਤਾਉਣ ਦੀ ਬਜਾਇ ਆਪੋ-ਆਪਣੇ ਮੋਬਾਇਲ ʼਤੇ ਲੱਗੇ ਰਹਿੰਦੇ ਹਨ। ਇਹ ਦੇਖ ਕੇ ਬਹੁਤ ਬੁਰਾ ਲੱਗਦਾ ਹੈ। ਸਾਨੂੰ ਮੋਬਾਇਲ ਦੇ ਗ਼ੁਲਾਮ ਨਹੀਂ ਬਣਨਾ ਚਾਹੀਦਾ ਅਤੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਕ-ਦੂਸਰੇ ਨਾਲ ਸਾਡਾ ਰਿਸ਼ਤਾ ਸਭ ਤੋਂ ਜ਼ਰੂਰੀ ਹੈ।”—ਮੈਥਿਉ।

 ਸਮਾਂ ਤੈਅ ਕਰੋ। ਬਾਈਬਲ ਕਹਿੰਦੀ ਹੈ: “ਤੁਸੀਂ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖੋ ਕਿ ਤੁਸੀਂ ਮੂਰਖਾਂ ਵਾਂਗ ਨਹੀਂ, ਸਗੋਂ ਬੁੱਧੀਮਾਨ ਇਨਸਾਨਾਂ ਵਾਂਗ ਚੱਲਦੇ ਹੋ। ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।” (ਅਫ਼ਸੀਆਂ 5:15, 16) ਖ਼ੁਦ ਤੋਂ ਪੁੱਛੋ, ‘ਕੀ ਮੈਂ ਗ਼ੈਰ-ਜ਼ਰੂਰੀ ਮੈਸਿਜਾਂ ਨੂੰ ਉਸੇ ਵੇਲੇ ਪੜ੍ਹਨ ਦੀ ਬਜਾਇ ਬਾਅਦ ਵਿਚ ਪੜ੍ਹ ਸਕਦਾ ਹਾਂ?’

 “ਫ਼ੋਨ ਸਾਇਲੈਂਟ ਮੋਡ ʼਤੇ ਰੱਖਣ ਨਾਲ ਮੈਨੂੰ ਕਾਫ਼ੀ ਫ਼ਾਇਦਾ ਹੁੰਦਾ ਹੈ। ਮੈਂ ਮੈਸਿਜ ਦਾ ਜਵਾਬ ਉਦੋਂ ਦਿੰਦਾ ਹਾਂ ਜਦੋਂ ਮੇਰੇ ਕੋਲ ਸਮਾਂ ਹੁੰਦਾ ਹੈ। ਕਦੇ-ਕਦੇ ਹੀ ਇਸ ਤਰ੍ਹਾਂ ਹੁੰਦਾ ਹੈ ਜਦੋਂ ਮੈਨੂੰ ਬਹੁਤ ਜ਼ਰੂਰੀ ਫ਼ੋਨ, ਮੈਸਿਜ ਜਾਂ ਈ-ਮੇਲ ਆਉਂਦੇ ਹਨ ਜਿਨ੍ਹਾਂ ਦਾ ਜਵਾਬ ਮੈਨੂੰ ਫਟਾਫਟ ਦੇਣਾ ਪੈਂਦਾ ਹੈ।”—ਜੋਨਾਥਨ।

 ਹੋ ਸਕੇ ਤਾਂ ਆਫ਼ਿਸ ਦਾ ਕੰਮ ਘਰ ਨਾ ਕਰੋ। ਬਾਈਬਲ ਕਹਿੰਦੀ ਹੈ: “ਹਰ ਚੀਜ਼ ਦਾ ਇਕ ਸਮਾਂ ਹੈ।” (ਉਪਦੇਸ਼ਕ ਦੀ ਕਿਤਾਬ 3:1) ਖ਼ੁਦ ਤੋਂ ਇਹ ਸਵਾਲ ਪੁੱਛੋ: ‘ਕੀ ਆਫ਼ਿਸ ਦਾ ਕੰਮ ਘਰ ਕਰਨ ਨਾਲ ਮੇਰੇ ਪਰਿਵਾਰ ʼਤੇ ਅਸਰ ਪੈ ਰਿਹਾ ਹੈ? ਜੇ ਹਾਂ, ਤਾਂ ਸੋਚੋ ਕਿ ਕਿਹੜਾ ਅਸਰ ਪੈ ਰਿਹਾ ਹੈ? ਮੇਰੀ ਪਤਨੀ ਇਸ ਬਾਰੇ ਕੀ ਸੋਚਦੀ ਹੈ?’

 “ਤਕਨਾਲੋਜੀ ਦੀ ਮਦਦ ਨਾਲ ਅਸੀਂ ਆਫ਼ਿਸ ਦਾ ਕੰਮ ਕਿਤੇ ਵੀ ਅਤੇ ਕਦੀ ਵੀ ਕਰ ਸਕਦੇ ਹਾਂ। ਇਸ ਲਈ ਮੈਂ ਇਸ ਗੱਲ ਦਾ ਖ਼ਾਸ ਧਿਆਨ ਰੱਖਦਾ ਹਾਂ ਕਿ ਜਦੋਂ ਮੇਰੀ ਪਤਨੀ ਮੇਰੇ ਨਾਲ ਹੁੰਦੀ ਹੈ, ਤਾਂ ਮੈਂ ਆਫ਼ਿਸ ਦਾ ਕੋਈ ਵੀ ਕੰਮ ਨਾ ਕਰਾਂ ਅਤੇ ਨਾ ਹੀ ਆਪਣਾ ਫ਼ੋਨ ਵਾਰ-ਵਾਰ ਦੇਖਾਂ।”—ਮੈਥਿਉ।

 ਮੋਬਾਇਲ ਜਾਂ ਟੈਬਲੇਟ ਵਰਤਣ ਬਾਰੇ ਆਪਣੇ ਸਾਥੀ ਨਾਲ ਗੱਲ ਕਰੋ। ਬਾਈਬਲ ਕਹਿੰਦੀ ਹੈ: “ਹਰ ਕੋਈ ਆਪਣਾ ਹੀ ਫ਼ਾਇਦਾ ਨਾ ਸੋਚੇ, ਸਗੋਂ ਹਮੇਸ਼ਾ ਦੂਸਰਿਆਂ ਦੇ ਭਲੇ ਬਾਰੇ ਸੋਚੇ।” (1 ਕੁਰਿੰਥੀਆਂ 10:24) ਆਪਣੇ ਸਾਥੀ ਨਾਲ ਗੱਲ ਕਰੋ ਕਿ ਤੁਸੀਂ ਜਿਸ ਤਰ੍ਹਾਂ ਮੋਬਾਇਲ ਜਾਂ ਟੈਬਲੇਟ ਵਰਤ ਰਹੇ ਹੋ, ਕੀ ਉਸ ਵਿਚ ਕੋਈ ਫੇਰ-ਬਦਲ ਕਰਨ ਦੀ ਲੋੜ ਹੈ? ਤੁਸੀਂ ਇਸ ਲੇਖ ਵਿਚ ਦਿੱਤੇ ਕੁਝ ਸੁਝਾਵਾਂ ʼਤੇ ਗੌਰ ਕਰ ਸਕਦੇ ਹੋ।

 “ਮੈਂ ਤੇ ਮੇਰਾ ਪਤੀ ਇਕ-ਦੂਜੇ ਨੂੰ ਹਰ ਗੱਲ ਦੱਸਦੇ ਹਾਂ। ਜੇ ਸਾਡੇ ਵਿੱਚੋਂ ਇਕ ਜਣੇ ਨੂੰ ਵੀ ਲੱਗਦਾ ਹੈ ਕਿ ਅਸੀਂ ਮੋਬਾਇਲ ਜਾਂ ਟੈਬਲੇਟ ʼਤੇ ਕੁਝ ਜ਼ਿਆਦਾ ਹੀ ਸਮਾਂ ਬਿਤਾ ਰਹੇ ਹਾਂ, ਤਾਂ ਅਸੀਂ ਖੁੱਲ੍ਹ ਕੇ ਦੱਸ ਦਿੰਦੇ ਹਾਂ ਤਾਂਕਿ ਅੱਗੇ ਜਾ ਕੇ ਕੋਈ ਮੁਸ਼ਕਲ ਖੜ੍ਹੀ ਨਾ ਹੋਵੇ। ਅਸੀਂ ਇਕ-ਦੂਜੇ ਦੀ ਰਾਇ ਨੂੰ ਵੀ ਧਿਆਨ ਨਾਲ ਸੁਣਦੇ ਹਾਂ।”—ਡੈਨੀਏਲ।

 ਮੁੱਖ ਗੱਲ: ਤਕਨਾਲੋਜੀ ਕਰਕੇ ਸਾਡਾ ਕੰਮ ਆਸਾਨ ਹੋ ਜਾਂਦਾ ਹੈ, ਪਰ ਉਸ ਦੇ ਗ਼ੁਲਾਮ ਨਾ ਬਣੋ।

a ਇਹ ਜਾਣਕਾਰੀ ਰਿਕਲੇਮਿੰਗ ਕੌਨਵਰਸੇਸ਼ਨ—ਦ ਪਾਵਰ ਆਫ਼ ਟਾਕ ਇਨ ਏ ਡਿਜੀਟਲ ਇਜ਼ ਕਿਤਾਬ ਵਿੱਚੋਂ ਲਈ ਗਈ ਹੈ।