ਸਬਕ 1

ਸੰਜਮ ਰੱਖਣ ਦੇ ਫ਼ਾਇਦੇ

ਸੰਜਮ ਰੱਖਣ ਦੇ ਫ਼ਾਇਦੇ

ਸੰਜਮ ਕੀ ਹੈ?

ਸੰਜਮ ਰੱਖਣ ਵਿਚ ਸ਼ਾਮਲ ਹੈ:

  • ਹਰ ਚੀਜ਼ ਨੂੰ ਉਸੇ ਵੇਲੇ ਪਾਉਣ ਦੀ ਜ਼ਿੱਦ ਨਾ ਕਰਨੀ

  • ਇੱਛਾਵਾਂ ’ਤੇ ਕਾਬੂ ਰੱਖਣਾ

  • ਨਾ-ਪਸੰਦ ਕੰਮ ਵੀ ਕਰਨੇ

  • ਆਪਣੇ ਤੋਂ ਪਹਿਲਾਂ ਦੂਜਿਆਂ ਬਾਰੇ ਸੋਚਣਾ

ਸੰਜਮ ਰੱਖਣਾ ਜ਼ਰੂਰੀ ਕਿਉਂ ਹੈ?

ਜਿਹੜੇ ਬੱਚੇ ਸੰਜਮ ਰੱਖਦੇ ਹਨ, ਉਹ ਗ਼ਲਤ ਕੰਮ ਕਰਨ ਤੋਂ ਬਚੇ ਰਹਿੰਦੇ ਹਨ, ਭਾਵੇਂ ਉਹ ਕੰਮ ਦੇਖਣ ਨੂੰ ਮਜ਼ੇਦਾਰ ਹੀ ਕਿਉਂ ਨਾ ਲੱਗਣ। ਇਸ ਦੇ ਉਲਟ ਜਿਨ੍ਹਾਂ ਬੱਚਿਆਂ ਵਿਚ ਸੰਜਮ ਦੀ ਘਾਟ ਹੁੰਦੀ ਹੈ:

  • ਉਹ ਗੁੱਸੇਖ਼ੋਰ ਬਣ ਸਕਦੇ ਹਨ

  • ਉਹ ਡਿਪਰੈਸ਼ਨ ਦੇ ਸ਼ਿਕਾਰ ਹੋ ਸਕਦੇ ਹਨ

  • ਉਹ ਸਿਗਰਟ ਜਾਂ ਸ਼ਰਾਬ ਅਤੇ ਨਸ਼ੇ ਦੇ ਆਦੀ ਹੋ ਸਕਦੇ ਹਨ

  • ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵਿਗੜ ਸਕਦੀਆਂ ਹਨ

ਇਕ ਅਧਿਐਨ ਮੁਤਾਬਕ ਜਿਨ੍ਹਾਂ ਬੱਚਿਆਂ ਵਿਚ ਜ਼ਿਆਦਾ ਸੰਜਮ ਹੁੰਦਾ ਹੈ, ਉਨ੍ਹਾਂ ਨੂੰ ਵੱਡੇ ਹੋ ਕੇ ਘੱਟ ਬੀਮਾਰੀਆਂ ਲੱਗਦੀਆਂ ਹਨ, ਉਹ ਪੈਸੇ ਦੀ ਸਹੀ ਵਰਤੋਂ ਕਰਦੇ ਹਨ ਅਤੇ ਕਾਨੂੰਨਾਂ ਦੀ ਪਾਲਣਾ ਕਰਦੇ ਹਨ। ਇਸ ਅਧਿਐਨ ਤੋਂ ਬਾਅਦ ਪੈਨਸਿਲਵੇਨੀਆ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਐਂਜਲਾ ਡੱਕਵਰਥ ਨੇ ਇਹ ਸਿੱਟਾ ਕੱਢਿਆ: “ਸੰਜਮ ਰੱਖਣ ਨਾਲ ਤੁਹਾਡਾ ਕਦੇ ਵੀ ਨੁਕਸਾਨ ਨਹੀਂ ਹੋਵੇਗਾ।”

ਸੰਜਮ ਰੱਖਣਾ ਕਿਵੇਂ ਸਿਖਾਈਏ?

ਨਾਂਹ ਕਹਿਣੀ ਸਿੱਖੋ ਅਤੇ ਇਸ ’ਤੇ ਡਟੇ ਰਹੋ।

ਬਾਈਬਲ ਦਾ ਅਸੂਲ: “ਤੁਹਾਡੀ ਹਾਂ ਦੀ ਹਾਂ ਅਤੇ ਤੁਹਾਡੀ ਨਾਂਹ ਦੀ ਨਾਂਹ ਹੋਵੇ।”​—ਮੱਤੀ 5:37.

ਛੋਟੇ ਬੱਚੇ ਸ਼ਾਇਦ ਆਪਣੇ ਮਾਪਿਆਂ ਤੋਂ ਆਪਣੀ ਗੱਲ ਮਨਵਾਉਣ ਲਈ ਚੀਕ-ਚਿਹਾੜਾ ਪਾਉਣ। ਜੇ ਮਾਪੇ ਬੱਚਿਆਂ ਦੀ ਜ਼ਿੱਦ ਅੱਗੇ ਝੁੱਕ ਜਾਂਦੇ ਹਨ, ਤਾਂ ਬੱਚਿਆਂ ਨੂੰ ਪਤਾ ਲੱਗ ਜਾਵੇਗਾ ਕਿ ਉਹ ਜ਼ਿੱਦ ਕਰ ਕੇ ਕਦੇ ਵੀ ਆਪਣੀ ਗੱਲ ਮਨਵਾ ਸਕਦੇ ਹਨ।

ਦੂਜੇ ਪਾਸੇ ਜੇ ਮਾਪੇ ਆਪਣੀ ਨਾਂਹ ’ਤੇ ਡਟੇ ਰਹਿੰਦੇ ਹਨ, ਤਾਂ ਬੱਚਿਆਂ ਨੂੰ ਜ਼ਿੰਦਗੀ ਦੀ ਇਹ ਸੱਚਾਈ ਪਤਾ ਲੱਗੇਗੀ ਕਿ ਸਾਨੂੰ ਹਮੇਸ਼ਾ ਉਹ ਨਹੀਂ ਮਿਲ ਸਕਦਾ ਜੋ ਅਸੀਂ ਚਾਹੁੰਦੇ ਹਾਂ। ਡਾਕਟਰ ਡੇਵਿਡ ਵੌਲਸ਼ ਲਿਖਦਾ ਹੈ: “ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਲੋਕ ਇਹ ਸੱਚਾਈ ਸਿੱਖ ਲੈਂਦੇ ਹਨ, ਉਹ ਜ਼ਿਆਦਾ ਖ਼ੁਸ਼ ਰਹਿੰਦੇ ਹਨ। ਜੇ ਅਸੀਂ ਆਪਣੇ ਬੱਚਿਆਂ ਦੀ ਇਸ ਸੋਚ ਨੂੰ ਵਧਣ ਦਿੰਦੇ ਹਾਂ ਕਿ ਜ਼ਿੰਦਗੀ ਵਿਚ ਉਨ੍ਹਾਂ ਦੀ ਹਰ ਇੱਛਾ ਪੂਰੀ ਹੋਵੇਗੀ, ਤਾਂ ਅਸੀਂ ਉਨ੍ਹਾਂ ਦਾ ਭਲਾ ਨਹੀਂ ਕਰ ਰਹੇ ਹੁੰਦੇ।” *

ਜੇ ਤੁਸੀਂ ਬੱਚੇ ਨੂੰ ਅੱਜ ਨਾਂਹ ਕਹੋਗੇ, ਤਾਂ ਅੱਗੇ ਚੱਲ ਕੇ ਉਹ ਜ਼ਿੰਦਗੀ ਵਿਚ ਖ਼ੁਦ ਨੂੰ ਨਾਂਹ ਕਹਿਣੀ ਸਿੱਖੇਗਾ। ਮਿਸਾਲ ਲਈ, ਜੇ ਉਹ ਨਸ਼ੇ ਕਰਨ, ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣ ਜਾਂ ਹੋਰ ਕੋਈ ਗ਼ਲਤ ਕੰਮ ਕਰਨ ਲਈ ਲੁਭਾਇਆ ਜਾਂਦਾ ਹੈ, ਤਾਂ ਉਹ ਨਾਂਹ ਕਹਿ ਸਕੇਗਾ।

ਚੰਗੇ-ਮਾੜੇ ਨਤੀਜੇ ਦੇਖਣ ਵਿਚ ਬੱਚਿਆਂ ਦੀ ਮਦਦ ਕਰੋ।

ਬਾਈਬਲ ਦਾ ਅਸੂਲ: “ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ।”​—ਗਲਾਤੀਆਂ 6:7.

ਤੁਹਾਡੇ ਬੱਚੇ ਨੂੰ ਇਹ ਸਮਝਣ ਦੀ ਲੋੜ ਹੈ ਕਿ ਹਰ ਕੰਮ ਦੇ ਚੰਗੇ-ਮਾੜੇ ਨਤੀਜੇ ਨਿਕਲਦੇ ਹਨ। ਜੇ ਉਸ ਵਿਚ ਸੰਜਮ ਦੀ ਘਾਟ ਹੈ, ਤਾਂ ਉਸ ਨੂੰ ਮਾੜੇ ਨਤੀਜੇ ਭੁਗਤਣੇ ਪੈਣਗੇ। ਮਿਸਾਲ ਲਈ, ਜੇ ਤੁਹਾਡਾ ਮੁੰਡਾ ਛੇਤੀ ਹੀ ਗੁੱਸੇ ਹੋ ਜਾਂਦਾ ਹੈ, ਤਾਂ ਲੋਕ ਉਸ ਤੋਂ ਦੂਰੀ ਬਣਾ ਕੇ ਰੱਖਣਗੇ। ਇਸ ਦੇ ਉਲਟ ਜੇ ਕਿਸੇ ਦੇ ਖਿਝਾਉਣ ’ਤੇ ਉਹ ਆਪਣੇ ’ਤੇ ਕਾਬੂ ਕਰਨਾ ਸਿੱਖ ਲੈਂਦਾ ਹੈ ਜਾਂ ਕਿਸੇ ਦੀ ਗੱਲ ਟੋਕਣ ਦੀ ਬਜਾਇ ਉਹ ਧੀਰਜ ਨਾਲ ਸੁਣਨਾ ਸਿੱਖਦਾ ਹੈ, ਤਾਂ ਦੂਸਰੇ ਉਸ ਨੂੰ ਪਸੰਦ ਕਰਨਗੇ। ਆਪਣੇ ਬੱਚਿਆਂ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਜੇ ਉਹ ਆਪਣੇ ’ਤੇ ਕਾਬੂ ਰੱਖੇਗਾ, ਤਾਂ ਇਸ ਦੇ ਚੰਗੇ ਨਤੀਜੇ ਨਿਕਲਣਗੇ।

ਬੱਚਿਆਂ ਨੂੰ ਜ਼ਰੂਰੀ ਕੰਮਾਂ ਨੂੰ ਪਹਿਲ ਦੇਣੀ ਸਿਖਾਓ।

ਬਾਈਬਲ ਦਾ ਅਸੂਲ: “ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।”​—ਫ਼ਿਲਿੱਪੀਆਂ 1:10.

ਸੰਜਮ ਰੱਖਣ ਦਾ ਮਤਲਬ ਸਿਰਫ਼ ਇਹ ਨਹੀਂ ਕਿ ਅਸੀਂ ਗ਼ਲਤ ਕੰਮਾਂ ਤੋਂ ਦੂਰ ਰਹੀਏ, ਸਗੋਂ ਸਾਨੂੰ ਜ਼ਰੂਰੀ ਕੰਮ ਵੀ ਕਰਨੇ ਚਾਹੀਦੇ ਹਨ, ਉਦੋਂ ਵੀ ਜਦੋਂ ਸਾਨੂੰ ਇਹ ਕੰਮ ਕਰਨੇ ਪਸੰਦ ਨਾ ਵੀ ਹੋਣ। ਬੱਚੇ ਲਈ ਇਹ ਜ਼ਰੂਰੀ ਹੈ ਕਿ ਉਹ ਜ਼ਰੂਰੀ ਕੰਮਾਂ ਨੂੰ ਪਹਿਲ ਦੇਣੀ ਸਿੱਖੇ ਤੇ ਫਿਰ ਇਸ ਮੁਤਾਬਕ ਕੰਮ ਵੀ ਕਰੇ। ਮਿਸਾਲ ਲਈ, ਉਸ ਨੂੰ ਮਨੋਰੰਜਨ ਕਰਨ ਤੋਂ ਪਹਿਲਾਂ ਸਕੂਲ ਦਾ ਕੰਮ ਕਰਨਾ ਚਾਹੀਦਾ ਹੈ।

ਚੰਗੀ ਮਿਸਾਲ ਰੱਖੋ।

ਬਾਈਬਲ ਦਾ ਅਸੂਲ: “ਮੈਂ ਤੁਹਾਡੇ ਲਈ ਇਹ ਨਮੂਨਾ ਕਾਇਮ ਕੀਤਾ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਕੀਤਾ, ਤੁਸੀਂ ਵੀ ਇਸੇ ਤਰ੍ਹਾਂ ਕਰੋ।”​—ਯੂਹੰਨਾ 13:15.

ਤੁਹਾਡਾ ਬੱਚਾ ਦੇਖੇਗਾ ਕਿ ਜਦੋਂ ਤੁਹਾਨੂੰ ਕੋਈ ਗੁੱਸਾ ਚੜ੍ਹਾਉਂਦਾ ਹੈ, ਤਾਂ ਤੁਸੀਂ ਕਿਵੇਂ ਪੇਸ਼ ਆਉਂਦੇ ਹੋ। ਬੱਚੇ ਨੂੰ ਆਪਣੀ ਮਿਸਾਲ ਰਾਹੀਂ ਸਿਖਾਓ ਕਿ ਸੰਜਮ ਰੱਖਣ ਦੇ ਚੰਗੇ ਨਤੀਜੇ ਨਿਕਲਦੇ ਹਨ। ਮਿਸਾਲ ਲਈ, ਜਦੋਂ ਤੁਹਾਡਾ ਬੱਚਾ ਕੋਈ ਗ਼ਲਤੀ ਕਰਦਾ ਹੈ, ਤਾਂ ਕੀ ਤੁਸੀਂ ਗੁੱਸੇ ਵਿਚ ਭੜਕ ਜਾਂਦੇ ਹੋ ਜਾਂ ਸ਼ਾਂਤ ਰਹਿੰਦੇ ਹੋ?

^ ਪੈਰਾ 20 No: Why Kids—of All Ages—Need to Hear It and Ways Parents Can Say It ਨਾਂ ਦੀ ਕਿਤਾਬ ਵਿੱਚੋਂ।