ਸਬਕ 5
ਵੱਡਿਆਂ ਦੀ ਸੇਧ ਲੈਣ ਦੇ ਫ਼ਾਇਦੇ
ਬੱਚਿਆਂ ਨੂੰ ਕਿਨ੍ਹਾਂ ਤੋਂ ਸੇਧ ਮਿਲਣੀ ਚਾਹੀਦੀ ਹੈ?
ਬੱਚਿਆਂ ਨੂੰ ਜ਼ਿੰਦਗੀ ਵਿਚ ਸਲਾਹ ਅਤੇ ਸੇਧ ਲਈ ਵੱਡਿਆਂ ਦੀ ਲੋੜ ਹੁੰਦੀ ਹੈ। ਮਾਪਿਆਂ ਵਜੋਂ ਤੁਹਾਡਾ ਫ਼ਰਜ਼ ਬਣਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਸੇਧ ਅਤੇ ਸਲਾਹ ਦਿਓ। ਪਰ ਤੁਹਾਡੇ ਤੋਂ ਇਲਾਵਾ ਦੂਸਰੇ ਲੋਕ ਵੀ ਤੁਹਾਡੇ ਬੱਚਿਆਂ ਦੀ ਮਦਦ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਸੇਧ ਦੇ ਸਕਦੇ ਹਨ।
ਬੱਚਿਆਂ ਨੂੰ ਵੱਡਿਆਂ ਦੀ ਸੇਧ ਕਿਉਂ ਨਹੀਂ ਮਿਲਦੀ?
ਕਈ ਦੇਸ਼ਾਂ ਵਿਚ ਬੱਚੇ ਵੱਡਿਆਂ ਨਾਲ ਬਹੁਤ ਘੱਟ ਸਮਾਂ ਬਿਤਾਉਂਦੇ ਹਨ। ਜ਼ਰਾ ਗੌਰ ਕਰੋ:
-
ਬੱਚੇ ਆਪਣਾ ਜ਼ਿਆਦਾਤਰ ਸਮਾਂ ਸਕੂਲ ਵਿਚ ਬਿਤਾਉਂਦੇ ਹਨ ਜਿੱਥੇ ਅਧਿਆਪਕ ਅਤੇ ਹੋਰ ਵੱਡੇ ਲੋਕ ਘੱਟ ਹੁੰਦੇ ਹਨ।
-
ਸਕੂਲ ਤੋਂ ਬਾਅਦ ਕੁਝ ਬੱਚੇ ਜਦੋਂ ਘਰ ਆਉਂਦੇ ਹਨ, ਤਾਂ ਉਹ ਇਕੱਲੇ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਮਾਤਾ-ਪਿਤਾ ਦੋਵੇਂ ਕੰਮ ʼਤੇ ਜਾਂਦੇ ਹਨ।
-
ਅਮਰੀਕਾ ਦੇ ਇਕ ਅਧਿਐਨ ਮੁਤਾਬਕ ਉੱਥੇ ਦੇ 8 ਤੋਂ 12 ਸਾਲ ਦੇ ਬੱਚੇ ਹਰ ਰੋਜ਼ ਔਸਤਨ ਛੇ ਘੰਟੇ ਮਨੋਰੰਜਨ ਵਗੈਰਾ ਕਰਦੇ ਹਨ। a
ਇਕ ਕਿਤਾਬ ਕਹਿੰਦੀ ਹੈ: “ਬੱਚੇ ਹਿਦਾਇਤਾਂ ਲੈਣ ਲਈ, ਖ਼ੁਦ ਵਿਚ ਬਦਲਾਅ ਕਰਨ ਲਈ ਅਤੇ ਸੇਧ ਲੈਣ ਲਈ ਆਪਣੇ ਮਾਤਾ-ਪਿਤਾ, ਅਧਿਆਪਕਾਂ ਜਾਂ ਹੋਰ ਜ਼ਿੰਮੇਵਾਰ ਵਿਅਕਤੀਆਂ ਕੋਲ ਜਾਣ ਦੀ ਬਜਾਇ . . . ਆਪਣੇ ਦੋਸਤਾਂ ਕੋਲ ਜਾਂਦੇ ਹਨ।”—Hold On to Your Kids.
ਬੱਚਿਆਂ ਨੂੰ ਸੇਧ ਕਿਵੇਂ ਦੇਈਏ?
ਆਪਣੇ ਬੱਚਿਆਂ ਨਾਲ ਸਮਾਂ ਬਿਤਾਓ।
ਬਾਈਬਲ ਦਾ ਅਸੂਲ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।”—ਕਹਾਉਤਾਂ 22:6.
ਬੱਚੇ ਕੁਦਰਤੀ ਹੀ ਆਪਣੇ ਮਾਪਿਆਂ ਤੋਂ ਮਦਦ ਭਾਲਦੇ ਹਨ। ਕੁਝ ਮਾਹਰ ਤਾਂ ਇਹ ਵੀ ਕਹਿੰਦੇ ਹਨ ਕਿ ਜਦੋਂ ਬੱਚੇ ਅੱਲ੍ਹੜ ਉਮਰ ਵਿਚ ਪੈਰ ਰੱਖਦੇ ਹਨ, ਤਾਂ ਉਹ ਉਦੋਂ ਵੀ ਆਪਣੇ ਦੋਸਤਾਂ ਦੀ ਬਜਾਇ ਆਪਣੇ ਮਾਪਿਆਂ ਦੀ ਸਲਾਹ ਲੈਣੀ ਪਸੰਦ ਕਰਦੇ ਹਨ। ਇਕ ਕਿਤਾਬ ਵਿਚ ਡਾ. ਲੋਰੈਂਸ ਸਟੀਨਬਰਗ ਲਿਖਦਾ ਹੈ: “ਅੱਲ੍ਹੜ ਉਮਰ ਤੋਂ ਜਵਾਨੀ ਦੇ ਸਾਲਾਂ ਦੌਰਾਨ ਬੱਚਿਆਂ ਦੇ ਰਵੱਈਏ ਅਤੇ ਸੁਭਾਅ ʼਤੇ ਮਾਤਾ-ਪਿਤਾ ਦਾ ਬਹੁਤ ਪ੍ਰਭਾਵ ਹੁੰਦਾ ਹੈ।” ਉਹ ਅੱਗੇ ਕਹਿੰਦਾ ਹੈ: “ਭਾਵੇਂ ਅੱਲ੍ਹੜ ਉਮਰ ਦੇ ਬੱਚੇ ਦਿਖਾਉਂਦੇ ਨਹੀਂ ਕਿ ਉਨ੍ਹਾਂ ਨੂੰ ਤੁਹਾਡੀ ਰਾਇ ਦੀ ਲੋੜ ਹੈ ਜਾਂ ਉਹ ਹਮੇਸ਼ਾ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹੁੰਦੇ, ਪਰ ਉਹ ਤੁਹਾਡੀ ਰਾਇ ਲੈਣੀ ਚਾਹੁੰਦੇ ਹਨ ਤੇ ਤੁਹਾਡੀ ਗੱਲ ਸੁਣਦੇ ਹਨ।”
ਯਾਦ ਰੱਖੋ ਕਿ ਬੱਚੇ ਕੁਦਰਤੀ ਹੀ ਤੁਹਾਡੇ ਤੋਂ ਮਦਦ ਭਾਲਣੀ ਚਾਹੁੰਦੇ ਹਨ। ਕਿਉਂ ਨਾ ਇਸ ਗੱਲ ਦਾ ਫ਼ਾਇਦਾ ਲਵੋ। ਆਪਣੇ ਬੱਚਿਆਂ ਨਾਲ ਸਮਾਂ ਗੁਜ਼ਾਰੋ ਅਤੇ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ, ਤੁਹਾਡੇ ਲਈ ਕਿਹੜੀਆਂ ਚੀਜ਼ਾਂ ਮਾਅਨੇ ਰੱਖਦੀਆਂ ਅਤੇ ਤੁਸੀਂ ਆਪਣੀ ਜ਼ਿੰਦਗੀ ਦੇ ਤਜਰਬਿਆਂ ਤੋਂ ਕੀ ਕੁਝ ਸਿੱਖਿਆ ਹੈ।
ਇਕ ਸਲਾਹਕਾਰ ਮੁਹੱਈਆ ਕਰਾਓ।
ਬਾਈਬਲ ਦਾ ਅਸੂਲ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।”—ਕਹਾਉਤਾਂ 13:20.
ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਬਾਰੇ ਸੋਚ ਸਕਦੇ ਹੋ ਜਿਸ ਤੋਂ ਤੁਹਾਡੇ ਬੱਚੇ ਨੂੰ ਖ਼ਤਰਾ ਨਾ ਹੋਵੇ ਅਤੇ ਜੋ ਤੁਹਾਡੇ ਬੱਚੇ ਨੂੰ ਸੇਧ ਦੇ ਸਕੇ? ਜੇ ਹਾਂ, ਤਾਂ ਕੀ ਤੁਸੀਂ ਕੁਝ ਇੰਤਜ਼ਾਮ ਕਰ ਸਕਦੇ ਹੋ ਤਾਂਕਿ ਤੁਹਾਡਾ ਬੱਚਾ ਉਸ ਵਿਅਕਤੀ ਨਾਲ ਸਮਾਂ ਬਿਤਾਏ। ਇਸ ਦਾ ਮਤਲਬ ਇਹ ਨਹੀਂ ਹੈ ਕਿ ਹੁਣ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਏ। ਪਰ ਤੁਹਾਡੇ ਬੱਚੇ ਨੂੰ ਤੁਹਾਡੀਆਂ ਹਿਦਾਇਤਾਂ ਦੇ ਨਾਲ-ਨਾਲ ਭਰੋਸੇਯੋਗ ਵਿਅਕਤੀ ਦੀ ਸੇਧ ਤੋਂ ਵੀ ਫ਼ਾਇਦਾ ਹੋਵੇਗਾ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਤਿਮੋਥਿਉਸ ਨੇ ਵੱਡੇ ਹੋ ਕੇ ਵੀ ਪੌਲੁਸ ਦੀ ਸੰਗਤੀ ਤੋਂ ਫ਼ਾਇਦਾ ਲਿਆ ਅਤੇ ਪੌਲੁਸ ਨੂੰ ਤਿਮੋਥਿਉਸ ਦੀ ਸੰਗਤ ਤੋਂ ਫ਼ਾਇਦਾ ਹੋਇਆ।—ਫ਼ਿਲਿੱਪੀਆਂ 2:20, 22.
ਪਿਛਲੀ ਇਕ ਸਦੀ ਤੋਂ ਬਹੁਤ ਸਾਰੇ ਪਰਿਵਾਰਾਂ ਦੇ ਮੈਂਬਰ ਅਕਸਰ ਹੋਰ ਦੇਸ਼ਾਂ ਵਿਚ ਵੱਸ ਜਾਂਦੇ ਹਨ ਅਤੇ ਦਾਦਾ-ਦਾਦੀ, ਤਾਏ-ਚਾਚੇ ਤੇ ਹੋਰ ਰਿਸ਼ਤੇਦਾਰ ਇਕੱਠੇ ਨਹੀਂ ਰਹਿੰਦੇ। ਜੇ ਤੁਹਾਡੇ ਹਾਲਾਤ ਵੀ ਇਹੋ ਜਿਹੇ ਹਨ, ਤਾਂ ਕਿਉਂ ਨਾ ਇਹੋ ਜਿਹੇ ਮੌਕੇ ਪੈਦਾ ਕਰੋ ਜਿਨ੍ਹਾਂ ਨਾਲ ਤੁਹਾਡੇ ਬੱਚੇ ਸਮਝਦਾਰ ਲੋਕਾਂ ਤੋਂ ਸਿੱਖ ਸਕਣ ਤੇ ਉਨ੍ਹਾਂ ਵਰਗੇ ਗੁਣ ਪੈਦਾ ਕਰ ਸਕਣ।
a ਇਸ ਅਧਿਐਨ ਮੁਤਾਬਕ ਅੱਲ੍ਹੜ ਉਮਰ ਦੇ ਬੱਚੇ ਹਰ ਰੋਜ਼ ਇਕ ਦਿਨ ਵਿਚ ਔਸਤਨ ਨੌਂ ਘੰਟੇ ਮਨੋਰੰਜਨ ਵਗੈਰਾ ਕਰਦੇ ਹਨ। ਬੱਚਿਆਂ ਅਤੇ ਨੌਜਵਾਨਾਂ ਦੇ ਇਨ੍ਹਾਂ ਅੰਕੜਿਆਂ ਵਿਚ ਉਹ ਸਮਾਂ ਸ਼ਾਮਲ ਨਹੀਂ ਹੈ ਜੋ ਉਹ ਸਕੂਲ ਵਿਚ ਇੰਟਰਨੈੱਟ ʼਤੇ ਜਾਂ ਘਰੇ ਸਕੂਲ ਦਾ ਕੰਮ ਕਰਨ ਲਈ ਬਿਤਾਉਂਦੇ ਹਨ।