Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ

ਸਾਡੇ ਇਤਿਹਾਸ ਦਾ ਸਫ਼ਰ

ਸਾਡੇ ਇਤਿਹਾਸ ਦਾ ਸਫ਼ਰ

ਅਕਤੂਬਰ 2012 ਤੋਂ ਨਿਊਯਾਰਕ ਵਿਚ ਸਾਡੇ ਵਰਲਡ ਹੈੱਡ-ਕੁਆਰਟਰ ਵਿਚ ਯਹੋਵਾਹ ਦੇ ਗਵਾਹਾਂ ਦੇ ਇਤਿਹਾਸ ਬਾਰੇ ਇਕ ਪ੍ਰਦਰਸ਼ਨੀ ਲਾਈ ਗਈ ਹੈ। * ਇਸ ਪ੍ਰਦਰਸ਼ਨੀ ਵਿਚ ਮਸੀਹੀ ਧਰਮ ਉੱਤੇ ਚੱਲਣ ਵਾਲੇ ਲੋਕਾਂ ਦੇ ਸੰਘਰਸ਼, ਖ਼ਤਰਿਆਂ ਤੇ ਜਿੱਤਾਂ ਦੀ ਦਾਸਤਾਨ ਬਿਆਨ ਕੀਤੀ ਗਈ ਹੈ।

ਟੂਰ ਕਰਨ ਵਾਲੇ ਲੋਕ ਸੰਨ 33 ਈਸਵੀ ਵਿਚ ਮਸੀਹੀ ਜ਼ਮਾਨੇ ਤੋਂ ਆਪਣਾ ਸਫ਼ਰ ਸ਼ੁਰੂ ਕਰਦੇ ਹਨ। ਇਹ ਪ੍ਰਦਰਸ਼ਨੀ ਚਾਰ ਭਾਗਾਂ ਵਿਚ ਲਗਾਈ ਗਈ ਹੈ ਤੇ ਸਮਾਂ-ਰੇਖਾ ਦੀ ਮਦਦ ਨਾਲ ਦੇਖਿਆ ਜਾ ਸਕਦਾ ਹੈ ਕਿ ਕਦੋਂ ਕਿਹੜੀ ਘਟਨਾ ਵਾਪਰੀ ਸੀ। ਬਾਈਬਲ ਦੇ ਸ਼ਬਦਾਂ ਦੇ ਆਧਾਰ ’ਤੇ ਹਰ ਭਾਗ ਦਾ ਇਕ ਵਿਸ਼ਾ ਰੱਖਿਆ ਗਿਆ ਹੈ। ਟੂਰ ਦੇ ਸ਼ੁਰੂ ਵਿਚ ਜਾਣਕਾਰੀ ਲਈ ਅੰਗ੍ਰੇਜ਼ੀ ਵਿਚ ਇਕ ਵੀਡੀਓ ਦੇਖਿਆ ਜਾ ਸਕਦਾ ਹੈ ਅਤੇ ਇਤਾਲਵੀ, ਸਪੇਨੀ, ਕੋਰੀਆਈ, ਜਪਾਨੀ, ਪੁਰਤਗਾਲੀ ਤੇ ਫਰਾਂਸੀਸੀ ਭਾਸ਼ਾਵਾਂ ਵਿਚ ਸਬ-ਟਾਇਟਲ ਪੜ੍ਹੇ ਜਾ ਸਕਦੇ ਹਨ।

ਪ੍ਰਦਰਸ਼ਨੀ ਦੇ ਮੁੱਖ ਭਾਗ

ਪਹਿਲੇ ਭਾਗ ਦਾ ਵਿਸ਼ਾ “ਲੋਕਾਂ ਨੇ ਹਨੇਰੇ ਨਾਲ ਪਿਆਰ ਕੀਤਾ” ਯੂਹੰਨਾ 3:19 ਵਿਚ ਦਰਜ ਯਿਸੂ ਦੇ ਸ਼ਬਦਾਂ ਤੋਂ ਲਿਆ ਗਿਆ ਹੈ। ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਸੀ ਕਿ ਦੁਸ਼ਟ ਆਦਮੀ ‘ਉੱਠ ਖੜ੍ਹੇ ਹੋਣਗੇ ਅਤੇ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਨਗੇ।’ (ਰਸੂ. 20:30) ਸਮਾਂ-ਰੇਖਾ ’ਤੇ ਦਿਖਾਇਆ ਗਿਆ ਹੈ ਕਿ ਅਜਿਹੇ ਆਦਮੀਆਂ ਦੀਆਂ ਸਿੱਖਿਆਵਾਂ ਦੇ ਕਿੰਨੇ ਗੰਭੀਰ ਨਤੀਜੇ ਨਿਕਲੇ ਹਨ।

ਦੂਜੇ ਭਾਗ ਦਾ ਵਿਸ਼ਾ “ਹਨੇਰੇ ਵਿੱਚੋਂ ਚਾਨਣ ਚਮਕੇ” ਹੈ ਜੋ ਕਿ 2 ਕੁਰਿੰਥੀਆਂ 4:6 ਵਿਚ ਦਰਜ ਹੈ। ਇਸ ਭਾਗ ਦੀ ਸਮਾਂ-ਰੇਖਾ ’ਤੇ 19ਵੀਂ ਸਦੀ ਦੇ ਅਖ਼ੀਰਲੇ ਕੁਝ ਸਾਲਾਂ ਤੋਂ ਲੈ ਕੇ 20ਵੀਂ ਸਦੀ ਦੇ ਕੁਝ ਸ਼ੁਰੂਆਤੀ ਸਾਲਾਂ ਦਾ ਇਤਿਹਾਸ ਦਿਖਾਇਆ ਗਿਆ ਹੈ। ਇਸ ਭਾਗ ਦੇ ਸ਼ੁਰੂ ਵਿਚ ਉਨ੍ਹਾਂ ਨੇਕਦਿਲ ਆਦਮੀਆਂ ਦੀ ਕਹਾਣੀ ਦੱਸੀ ਗਈ ਹੈ ਜਿਨ੍ਹਾਂ ਨੇ ਦੁਬਾਰਾ ਤੋਂ ਧਿਆਨ ਨਾਲ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ। ਇਹ ਵੀ ਦੱਸਿਆ ਗਿਆ ਹੈ ਕਿ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਬਾਈਬਲ ਬਾਰੇ ਉਨ੍ਹਾਂ ਦੀ ਸਮਝ ਅਤੇ ਗਿਣਤੀ ਕਿਵੇਂ ਵਧੀ।

ਦੂਜੇ ਭਾਗ ਦੇ ਅਗਲੇ ਹਿੱਸੇ ਵਿਚ ਮਸ਼ਹੂਰ ਫ਼ਿਲਮ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਬਾਰੇ ਜਾਣਕਾਰੀ ਦਿੱਤੀ ਗਈ ਹੈ। 1914 ਵਿਚ ਬਾਈਬਲ ਸਟੂਡੈਂਟਸ (ਜਿਨ੍ਹਾਂ ਨੂੰ ਹੁਣ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ) ਨੇ ਇਹ ਅਨੋਖੀ ਫ਼ਿਲਮ ਦਿਖਾਉਣੀ ਸ਼ੁਰੂ ਕੀਤੀ ਜਿਸ ਵਿਚ ਫੋਟੋਆਂ, ਵੀਡੀਓ ਤੇ ਸੰਗੀਤ ਸੀ। ਇਸ ਦੇ ਰੀਲੀਜ਼ ਹੋਣ ਤੋਂ ਕਈ ਸਾਲ ਬਾਅਦ ਵੀ ਲੱਖਾਂ ਲੋਕ ਇਸ ਨੂੰ ਦੇਖਣ ਆਉਂਦੇ ਰਹੇ। ਇਸ ਪ੍ਰਦਰਸ਼ਨੀ ਵਿਚ ਫ਼ਿਲਮ ਦੇ ਸ਼ੁਰੂਆਤੀ ਸੀਨ ਦਾ ਇਕ ਛੋਟਾ ਜਿਹਾ ਵੀਡੀਓ ਦਿਖਾਇਆ ਜਾਂਦਾ ਹੈ ਅਤੇ ਉੱਥੇ 500 ਤੋਂ ਜ਼ਿਆਦਾ ਰੰਗਦਾਰ ਸਲਾਈਡਾਂ ਰੱਖੀਆਂ ਗਈਆਂ ਹਨ।

ਤੀਜੇ ਭਾਗ ਦਾ ਵਿਸ਼ਾ ‘ਅਜਗਰ ਨੂੰ ਬੜਾ ਗੁੱਸਾ ਆਇਆ’ ਪ੍ਰਕਾਸ਼ ਦੀ ਕਿਤਾਬ 12:17 ਤੋਂ ਲਿਆ ਗਿਆ ਹੈ। ਇਸ ਵਿਚ 20ਵੀਂ ਸਦੀ ਦੇ ਸ਼ੁਰੂ ਵਿਚ ਮਸੀਹ ਦੇ ਚੇਲਿਆਂ ਉੱਤੇ ਕੀਤੇ ਗਏ ਜ਼ੁਲਮਾਂ ਦੀ ਅਤੇ ਉਨ੍ਹਾਂ ਮਸੀਹੀਆਂ ਦੀਆਂ ਦਿਲ ਨੂੰ ਛੂੰਹਣ ਵਾਲੀਆਂ ਕਹਾਣੀਆਂ ਦੱਸੀਆਂ ਗਈਆਂ ਹਨ ਜਿਨ੍ਹਾਂ ਨੇ ਯੁੱਧ ਵਿਚ ਹਥਿਆਰ ਚੁੱਕਣ ਤੋਂ ਇਨਕਾਰ ਕੀਤਾ ਸੀ। ਇਕ ਵੀਡੀਓ ਕਲਿੱਪ ਵਿਚ ਰੇਮੀਜੋ ਕੂਮੀਨੈਟੀ ਨਾਂ ਦੇ ਗਵਾਹ ਦੀ ਕਹਾਣੀ ਦੱਸੀ ਗਈ ਹੈ ਜਿਸ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਇਟਲੀ ਦੀ ਫ਼ੌਜੀ ਵਰਦੀ ਪਾਉਣ ਤੋਂ ਅਤੇ ਲੜਨ ਤੋਂ ਇਨਕਾਰ ਕੀਤਾ ਸੀ। ਇਕ ਹੋਰ ਵੀਡੀਓ ਵਿਚ ਆਸਟ੍ਰੀਆ ਦੇ ਐਲੋਈਸ ਮੋਜ਼ਰ ਦੀ ਕਹਾਣੀ ਦੱਸੀ ਗਈ ਹੈ। ਉਸ ਨੇ “ਹਾਈਲ ਹਿਟਲਰ!” ਕਹਿਣ ਤੋਂ ਇਨਕਾਰ ਕੀਤਾ ਜਿਸ ਕਰਕੇ ਉਸ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ ਅਤੇ ਫਿਰ ਉਸ ਨੂੰ ਡਾਖਾਓ ਤਸ਼ੱਦਦ ਕੈਂਪ ਵਿਚ ਸੁੱਟ ਦਿੱਤਾ ਗਿਆ।

ਇਕ ਕਮਰੇ ਨੂੰ ਜੇਲ੍ਹ ਦੀ ਕਾਲ਼-ਕੋਠੜੀ ਦਾ ਰੂਪ ਦਿੱਤਾ ਗਿਆ ਹੈ ਜਿਸ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਫੋਟੋਆਂ ਲਾਈਆਂ ਗਈਆਂ ਹਨ ਜਿਨ੍ਹਾਂ ਨੂੰ ਸਰਬੀਆ, ਗ੍ਰੀਸ, ਜਪਾਨ ਅਤੇ ਪੋਲੈਂਡ ਵਰਗੇ ਦੇਸ਼ਾਂ ਵਿਚ ਆਪਣੇ ਧਰਮ ਉੱਤੇ ਚੱਲਣ ਕਰਕੇ ਕੈਦ ਕੀਤਾ ਗਿਆ ਸੀ।

ਅਖ਼ੀਰਲੇ ਭਾਗ ਦਾ ਵਿਸ਼ਾ “ਸਾਰੀਆਂ ਕੌਮਾਂ ਲਈ ਖ਼ੁਸ਼ ਖ਼ਬਰੀ” ਮੱਤੀ 24:14 ’ਤੇ ਆਧਾਰਿਤ ਹੈ ਅਤੇ ਇਸ ਵਿਚ 1950 ਤੋਂ ਲੈ ਕੇ ਹੁਣ ਤਕ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਦੀ ਜਾਣਕਾਰੀ ਦਿੱਤੀ ਗਈ ਹੈ। ਫੋਟੋਆਂ ਦੀ ਮਦਦ ਨਾਲ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਹੋਏ ਵਾਧੇ, ਲਗਾਤਾਰ ਹੋ ਰਹੇ ਪ੍ਰਚਾਰ ਦੇ ਕੰਮ ਅਤੇ ਉਨ੍ਹਾਂ ਦੇ ਬੇਮਿਸਾਲ ਪਿਆਰ ਦੀ ਕਹਾਣੀ ਦੱਸੀ ਗਈ ਹੈ।

ਪ੍ਰਦਰਸ਼ਨੀ ਦੇ ਅਖ਼ੀਰ ਵਿਚ ਕੰਪਿਊਟਰ ਦੀ ਮਦਦ ਨਾਲ ਬਾਈਬਲ ਹਾਊਸ ਅਤੇ ਬਰੁਕਲਿਨ ਟੈਬਰਨੈਕਲ ਨਾਂ ਦੀਆਂ ਬਿਲਡਿੰਗਾਂ ਦੇਖੀਆਂ ਜਾ ਸਕਦੀਆਂ ਹਨ ਜੋ ਯਹੋਵਾਹ ਦੇ ਗਵਾਹ 100 ਤੋਂ ਜ਼ਿਆਦਾ ਸਾਲ ਪਹਿਲਾਂ ਇਸਤੇਮਾਲ ਕਰਦੇ ਸਨ।

ਇਹ ਪ੍ਰਦਰਸ਼ਨੀ ਕਿਉਂ ਲਾਈ ਗਈ ਹੈ?

ਇਸ ਪ੍ਰਦਰਸ਼ਨੀ ਦੀ ਤਿਆਰੀ ਕਰਨ ਵਿਚ ਇਕ ਸਾਲ ਅਤੇ ਬਣਾਉਣ ਲਈ ਕਈ ਮਹੀਨੇ ਲੱਗ ਗਏ। ਦੁਨੀਆਂ ਭਰ ਤੋਂ ਯਹੋਵਾਹ ਦੇ ਗਵਾਹਾਂ ਨੇ ਪ੍ਰਦਰਸ਼ਨੀ ਵਾਸਤੇ ਆਪਣੀਆਂ ਕਈ ਅਨਮੋਲ ਜੱਦੀ-ਪੁਸ਼ਤੀ ਚੀਜ਼ਾਂ ਦਾਨ ਕੀਤੀਆਂ।

ਇੰਨਾ ਸਾਰਾ ਕੰਮ ਕਿਉਂ ਕੀਤਾ ਗਿਆ? ਜਦੋਂ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਇਕ ਮੈਂਬਰ ਨੂੰ ਪੁੱਛਿਆ ਗਿਆ ਕਿ ਇਸ ਪ੍ਰਦਰਸ਼ਨੀ ਦਾ ਯਹੋਵਾਹ ਦੇ ਗਵਾਹਾਂ ਨੂੰ ਕੀ ਫ਼ਾਇਦਾ ਹੋਵੇਗਾ, ਤਾਂ ਉਸ ਨੇ ਇਨ੍ਹਾਂ ਜਾਣੇ-ਪਛਾਣੇ ਸ਼ਬਦਾਂ ਵਿਚ ਜਵਾਬ ਦਿੱਤਾ: “ਜੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਅਸੀਂ ਕਿੱਥੇ ਜਾ ਰਹੇ ਹਾਂ, ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿੱਥੋਂ ਆਏ ਹਾਂ।”

^ ਪੈਰਾ 2 ਇਹ ਪ੍ਰਦਰਸ਼ਨੀ 25 Columbia Heights, Brooklyn, New York ਵਿਚ ਸਥਿਤ ਹੈ। ਕੋਈ ਵੀ ਸੋਮਵਾਰ ਤੋਂ ਸ਼ੁੱਕਰਵਾਰ ਤਕ ਸਵੇਰੇ 8 ਵਜੇ ਤੋਂ ਸ਼ਾਮ ਦੇ 5 ਵਜੇ ਤਕ ਆਪ ਇਸ ਦਾ ਮੁਫ਼ਤ ਵਿਚ ਟੂਰ ਕਰ ਸਕਦਾ ਹੈ।