Skip to content

ਬਾਈਬਲ ਦੂਜਿਆਂ ਦੀ ਮਦਦ ਕਰਨ ਬਾਰੇ ਕੀ ਕਹਿੰਦੀ ਹੈ?

ਬਾਈਬਲ ਦੂਜਿਆਂ ਦੀ ਮਦਦ ਕਰਨ ਬਾਰੇ ਕੀ ਕਹਿੰਦੀ ਹੈ?

ਬਾਈਬਲ ਕਹਿੰਦੀ ਹੈ

 ਸਾਨੂੰ ਦੂਜਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਪਰ ਸਾਨੂੰ ਇੱਦਾਂ ਖ਼ੁਸ਼ੀ-ਖ਼ੁਸ਼ੀ ਅਤੇ ਸਹੀ ਇਰਾਦੇ ਨਾਲ ਕਰਨਾ ਚਾਹੀਦਾ ਹੈ। ਇਸ ਨਾਲ ਲੈਣ ਵਾਲੇ ਅਤੇ ਦੇਣ ਵਾਲੇ ਦੋਹਾਂ ਨੂੰ ਖ਼ੁਸ਼ੀ ਹੁੰਦੀ ਹੈ। (ਕਹਾਉਤਾਂ 11:25; ਲੂਕਾ 6:38) ਯਿਸੂ ਨੇ ਕਿਹਾ ਸੀ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”—ਰਸੂਲਾਂ ਦੇ ਕੰਮ 20:35.

 ਰੱਬ ਕਿਸ ਤਰ੍ਹਾਂ ਦੀ ਮਦਦ ਤੋਂ ਖ਼ੁਸ਼ ਹੁੰਦਾ ਹੈ?

 ਜਦੋਂ ਅਸੀਂ ਦੂਜਿਆਂ ਦੀ ਮਦਦ ਕਰਨ ਲਈ ਆਪਣੀ ਇੱਛਾ ਨਾਲ ਉਨ੍ਹਾਂ ਨੂੰ ਕੁਝ ਦਿੰਦੇ ਹਾਂ, ਤਾਂ ਇਸ ਤੋਂ ਰੱਬ ਖ਼ੁਸ਼ ਹੁੰਦਾ ਹੈ। ਬਾਈਬਲ ਕਹਿੰਦੀ ਹੈ, “ਹਰੇਕ ਜਣਾ ਉਹੀ ਕਰੇ ਜੋ ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ, ਨਾ ਕਿ ਬੇਦਿਲੀ ਨਾਲ ਜਾਂ ਮਜਬੂਰੀ ਨਾਲ ਕਿਉਂਕਿ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।”—2 ਕੁਰਿੰਥੀਆਂ 9:7.

 ਜਦੋਂ ਅਸੀਂ ਸਹੀ ਇਰਾਦੇ ਨਾਲ ਲੋੜਵੰਦਾਂ ਦੀ ਮਦਦ ਕਰਦੇ ਹਾਂ, ਤਾਂ ਰੱਬ ਸਾਡੀ “ਭਗਤੀ” ਮਨਜ਼ੂਰ ਕਰਦਾ ਹੈ। (ਯਾਕੂਬ 1:27) ਰੱਬ ਉਸ ਇਨਸਾਨ ਤੋਂ ਖ਼ੁਸ਼ ਹੁੰਦਾ ਹੈ ਜੋ ਦੂਜਿਆਂ ਦੀ ਮਦਦ ਕਰਦਾ ਹੈ ਅਤੇ ਖੁੱਲ੍ਹ-ਦਿਲੀ ਨਾਲ ਦਿੰਦਾ ਹੈ। ਉਸ ਦੀਆਂ ਨਜ਼ਰਾਂ ਵਿਚ ਉਹ ਇਨਸਾਨ ਉਸ ਨੂੰ ਉਧਾਰ ਦੇ ਰਿਹਾ ਹੁੰਦਾ ਹੈ। (ਕਹਾਉਤਾਂ 19:17) ਬਾਈਬਲ ਕਹਿੰਦੀ ਹੈ ਕਿ ਰੱਬ ਖ਼ੁਦ ਉਸ ਨੂੰ ਇਨਾਮ ਦੇਵੇਗਾ।—ਲੂਕਾ 14:12-14.

 ਰੱਬ ਕਿਸ ਤਰ੍ਹਾਂ ਦੀ ਮਦਦ ਤੋਂ ਖ਼ੁਸ਼ ਨਹੀਂ ਹੁੰਦਾ?

 ਜਦੋਂ ਕੋਈ ਇਨਸਾਨ ਆਪਣੇ ਫ਼ਾਇਦੇ ਲਈ ਦੂਜਿਆਂ ਦੀ ਮਦਦ ਕਰਦਾ ਹੈ। ਜਿਵੇਂ:

  •   ਆਪਣੀ ਵਾਹ-ਵਾਹ ਖੱਟਣ ਦੇ ਇਰਾਦੇ ਨਾਲ।—ਮੱਤੀ 6:2.

  •   ਬਦਲੇ ਵਿਚ ਕੁਝ ਪਾਉਣ ਦੇ ਇਰਾਦੇ ਨਾਲ।—ਲੂਕਾ 14:12-14.

  •   ਪਾਪਾਂ ਤੋਂ ਮੁਕਤੀ ਪਾਉਣ ਦੇ ਇਰਾਦੇ ਨਾਲ।—ਜ਼ਬੂਰ 49:6, 7.

 ਜੇ ਸਾਡੇ ਕੁਝ ਦੇਣ ਨਾਲ ਅਜਿਹੀਆਂ ਆਦਤਾਂ ਜਾਂ ਅਜਿਹੇ ਕੰਮ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ ਜੋ ਰੱਬ ਨੂੰ ਮਨਜ਼ੂਰ ਨਹੀਂ। ਮਿਸਾਲ ਲਈ, ਉਸ ਇਨਸਾਨ ਨੂੰ ਪੈਸੇ ਦੇਣਾ ਗ਼ਲਤ ਹੋਵੇਗਾ ਜੋ ਇਸ ਨਾਲ ਜੂਆ ਖੇਡੇ, ਨਸ਼ਾ ਕਰੇ ਜਾਂ ਸ਼ਰਾਬ ਪੀਵੇ। (1 ਕੁਰਿੰਥੀਆਂ 6:9, 10; 2 ਕੁਰਿੰਥੀਆਂ 7:1) ਇਸੇ ਤਰ੍ਹਾਂ ਉਨ੍ਹਾਂ ਲੋਕਾਂ ਨੂੰ ਪੈਸੇ ਦੇਣਾ ਗ਼ਲਤ ਹੋਵੇਗਾ ਜੋ ਆਪਣਾ ਖ਼ਰਚਾ ਆਪ ਚੁੱਕ ਸਕਦੇ ਹਨ, ਪਰ ਫਿਰ ਵੀ ਇੱਦਾਂ ਨਹੀਂ ਕਰਦੇ।—2 ਥੱਸਲੁਨੀਕੀਆਂ 3:10.

 ਜੇ ਦੂਜਿਆਂ ਦੀ ਮਦਦ ਕਰਨ ਨਾਲ ਅਸੀਂ ਰੱਬ ਦੀਆਂ ਦਿੱਤੀਆਂ ਜ਼ਿੰਮੇਵਾਰੀਆਂ ਪੂਰੀਆਂ ਨਾ ਕਰ ਸਕੀਏ। ਬਾਈਬਲ ਸਿਖਾਉਂਦੀ ਹੈ ਕਿ ਘਰ ਦੇ ਮੁਖੀ ਨੂੰ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। (1 ਤਿਮੋਥਿਉਸ 5:8) ਪਰ ਜੇ ਦੂਜਿਆਂ ਦੀ ਬਹੁਤ ਜ਼ਿਆਦਾ ਮਦਦ ਕਰਨ ਕਰਕੇ ਉਸ ਦਾ ਆਪਣਾ ਪਰਿਵਾਰ ਤੰਗੀ ਝੱਲਦਾ ਹੈ, ਤਾਂ ਇਹ ਸਹੀ ਨਹੀਂ ਹੋਵੇਗਾ। ਜਦ ਯਿਸੂ ਧਰਤੀ ʼਤੇ ਸੀ, ਤਾਂ ਉਸ ਨੇ ਉਨ੍ਹਾਂ ਲੋਕਾਂ ਦੀ ਨਿੰਦਿਆ ਕੀਤੀ ਜੋ ਇਹ ਕਹਿ ਕੇ ਆਪਣੇ ਬੁੱਢੇ ਮਾਂ-ਬਾਪ ਦੀ ਜ਼ਿੰਮੇਵਾਰੀ ਚੁੱਕਣ ਤੋਂ ਇਨਕਾਰ ਕਰਦੇ ਸਨ ਕਿ ਉਨ੍ਹਾਂ ਦੀਆਂ ਸਾਰੀਆਂ ਚੀਜ਼ਾਂ “ਪਰਮੇਸ਼ੁਰ ਦੇ ਨਾਂ ਲੱਗ ਚੁੱਕੀਆਂ ਹਨ।”—ਮਰਕੁਸ 7:9-13.