Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਯਿਰਮਿਯਾਹ ਦੇ ਕਹਿਣ ਦਾ ਕੀ ਮਤਲਬ ਸੀ ਕਿ ਰਾਕੇਲ ਆਪਣੇ ਬੱਚਿਆਂ ਲਈ ਰੋਈ?

ਯਿਰਮਿਯਾਹ 31:15 ਵਿਚ ਲਿਖਿਆ ਹੈ: “ਯਹੋਵਾਹ ਐਉਂ ਫ਼ਰਮਾਉਂਦਾ ਹੈ, — ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ, ਰਾਖੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ, ਅਤੇ ਤਸੱਲੀ ਨਹੀਂ ਚਾਹੁੰਦੀ, ਏਸ ਲਈ ਜੋ ਓਹ ਨਹੀਂ ਹਨ।”

ਰਾਖੇਲ (ਰਾਕੇਲ) ਦੇ ਦੋਵੇਂ ਮੁੰਡਿਆਂ ਦੀ ਮੌਤ ਉਸ ਤੋਂ ਪਹਿਲਾਂ ਨਹੀਂ ਹੋਈ ਸੀ। ਇਸ ਲਈ ਰਾਕੇਲ ਦੀ ਮੌਤ ਤੋਂ 1,000 ਸਾਲ ਬਾਅਦ ਲਿਖੀ ਯਿਰਮਿਯਾਹ ਦੀ ਇਹ ਗੱਲ ਸ਼ਾਇਦ ਗ਼ਲਤ ਲੱਗੇ।

ਰਾਕੇਲ ਦੇ ਪਹਿਲੇ ਮੁੰਡੇ ਦਾ ਨਾਂ ਸੀ ਯੂਸੁਫ਼। (ਉਤ. 30:22-24) ਬਾਅਦ ਵਿਚ ਉਸ ਦੇ ਇਕ ਹੋਰ ਮੁੰਡਾ ਹੋਇਆ ਜਿਸ ਦਾ ਨਾਂ ਬਿਨਯਾਮੀਨ ਸੀ। ਪਰ ਉਸ ਨੂੰ ਜਨਮ ਦਿੰਦਿਆਂ ਰਾਕੇਲ ਚੱਲ ਵੱਸੀ। ਇਸ ਲਈ ਸਵਾਲ ਉੱਠਦਾ ਹੈ: ਯਿਰਮਿਯਾਹ 31:15 ਵਿਚ ਕਿਉਂ ਲਿਖਿਆ ਹੈ ਕਿ ਰਾਕੇਲ ਆਪਣੇ ਬੱਚਿਆਂ ਲਈ ਰੋਂਦੀ ਸੀ ਕਿਉਂਕਿ “ਓਹ ਨਹੀਂ” ਸਨ?

ਇਸ ਗੱਲ ’ਤੇ ਧਿਆਨ ਦਿਓ ਕਿ ਸਮੇਂ ਦੇ ਬੀਤਣ ਨਾਲ ਯੂਸੁਫ਼ ਦੇ ਦੋ ਮੁੰਡੇ ਹੋਏ। ਇਕ ਦਾ ਨਾਂ ਸੀ ਮਨੱਸ਼ਹ ਅਤੇ ਦੂਜੇ ਦਾ ਨਾਂ ਸੀ ਇਫ਼ਰਾਈਮ। (ਉਤ. 41:50-52; 48:13-20) ਬਾਅਦ ਵਿਚ ਇਫ਼ਰਾਈਮ ਇਜ਼ਰਾਈਲ ਦੇ ਉੱਤਰੀ ਰਾਜ ਦਾ ਸਭ ਤੋਂ ਤਾਕਤਵਰ ਗੋਤ ਅਤੇ 10 ਗੋਤਾਂ ਦਾ ਆਗੂ ਬਣ ਗਿਆ। ਦੂਜੇ ਪਾਸੇ, ਰਾਕੇਲ ਦੇ ਦੂਸਰੇ ਮੁੰਡੇ ਬਿਨਯਾਮੀਨ ਤੋਂ ਬਣਿਆ ਗੋਤ ਇਜ਼ਰਾਈਲ ਦੇ ਦੱਖਣੀ ਰਾਜ ਦਾ ਹਿੱਸਾ ਬਣ ਗਿਆ ਜਿਸ ਵਿਚ ਯਹੂਦਾਹ ਦਾ ਗੋਤ ਵੀ ਸੀ। ਤਾਂ ਫਿਰ ਕਿਹਾ ਜਾ ਸਕਦਾ ਹੈ ਕਿ ਰਾਕੇਲ ਇਜ਼ਰਾਈਲ ਯਾਨੀ ਉੱਤਰੀ ਅਤੇ ਦੱਖਣੀ ਰਾਜ ਦੀਆਂ ਸਾਰੀਆਂ ਮਾਵਾਂ ਨੂੰ ਦਰਸਾਉਂਦੀ ਸੀ।

ਜਦ ਤਕ ਯਿਰਮਿਯਾਹ ਦੀ ਕਿਤਾਬ ਲਿਖੀ ਗਈ ਸੀ, ਉਦੋਂ ਤਕ ਅੱਸ਼ੂਰੀ ਇਜ਼ਰਾਈਲ ਦੇ ਉੱਤਰੀ ਰਾਜ ਨੂੰ ਆਪਣੇ ਕਬਜ਼ੇ ਵਿਚ ਕਰ ਚੁੱਕੇ ਸਨ ਅਤੇ ਜ਼ਿਆਦਾਤਰ ਲੋਕਾਂ ਨੂੰ ਗ਼ੁਲਾਮ ਬਣਾ ਲਿਆ ਸੀ। ਪਰ ਇਫ਼ਰਾਈਮ ਗੋਤ ਦੇ ਕੁਝ ਲੋਕ ਸ਼ਾਇਦ ਯਹੂਦਾਹ ਦੇ ਇਲਾਕੇ ਵੱਲ ਭੱਜ ਗਏ ਸਨ। ਫਿਰ 607 ਈਸਵੀ ਪੂਰਵ ਵਿਚ ਬਾਬਲੀਆਂ ਨੇ ਯਹੂਦਾਹ ਦੇ ਦੱਖਣੀ ਰਾਜ ’ਤੇ ਕਬਜ਼ਾ ਕਰ ਲਿਆ ਅਤੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਲੈ ਗਏ। ਲੱਗਦਾ ਹੈ ਕਿ ਬਹੁਤ ਸਾਰੇ ਗ਼ੁਲਾਮਾਂ ਨੂੰ ਰਾਮਾਹ ਨਾਂ ਦੇ ਸ਼ਹਿਰ ਲਿਜਾਇਆ ਗਿਆ ਜੋ ਯਰੂਸ਼ਲਮ ਤੋਂ 8 ਕਿਲੋਮੀਟਰ (ਲਗਭਗ 5 ਮੀਲ) ਉੱਤਰ ਵੱਲ ਪੈਂਦਾ ਸੀ। (ਯਿਰ. 40:1) ਕਈਆਂ ਨੂੰ ਸ਼ਾਇਦ ਬਿਨਯਾਮੀਨ ਦੇ ਇਲਾਕੇ ਵਿਚ ਮਾਰ ਦਿੱਤਾ ਗਿਆ ਜਿੱਥੇ ਰਾਕੇਲ ਨੂੰ ਦਫ਼ਨਾਇਆ ਗਿਆ ਸੀ। (1 ਸਮੂ. 10:2) ਸੋ ਕਿਹਾ ਜਾ ਸਕਦਾ ਹੈ ਕਿ ਰਾਕੇਲ ਸਾਰੇ ਬਿਨਯਾਮੀਨੀ ਲੋਕਾਂ ਜਾਂ ਰਾਮਾਹ ਦੇ ਬਿਨਯਾਮੀਨੀ ਲੋਕਾਂ ਦੀ ਮੌਤ ਦਾ ਸੋਗ ਮਨਾ ਰਹੀ ਸੀ। ਇਹ ਵੀ ਹੋ ਸਕਦਾ ਹੈ ਕਿ ਯਿਰਮਿਯਾਹ ਨੇ ਇਹ ਸ਼ਬਦ ਇਜ਼ਰਾਈਲ ਦੀਆਂ ਸਾਰੀਆਂ ਮਾਵਾਂ ਲਈ ਲਿਖੇ ਸਨ। ਇਹ ਮਾਵਾਂ ਪਰਮੇਸ਼ੁਰ ਦੇ ਲੋਕਾਂ ਕਰਕੇ ਰੋਂਦੀਆਂ ਸਨ ਜਿਨ੍ਹਾਂ ਨੂੰ ਮਾਰਿਆ ਜਾਂ ਗ਼ੁਲਾਮ ਬਣਾਇਆ ਗਿਆ ਸੀ।

ਕਾਰਨ ਜੋ ਵੀ ਸੀ, ਰਾਕੇਲ ਦੇ ਰੋਣ ਬਾਰੇ ਯਿਰਮਿਯਾਹ ਦੀ ਗੱਲ ਅਸਲ ਵਿਚ ਇਕ ਭਵਿੱਖਬਾਣੀ ਸੀ। ਇਹ ਭਵਿੱਖਬਾਣੀ ਸਦੀਆਂ ਬਾਅਦ ਪੂਰੀ ਹੋਈ। ਜਦੋਂ ਯਿਸੂ ਨਿਆਣਾ ਸੀ, ਤਾਂ ਉਸ ਨੂੰ ਮਰਵਾਉਣ ਲਈ ਰਾਜਾ ਹੇਰੋਦੇਸ ਨੇ ਹੁਕਮ ਦਿੱਤਾ ਕਿ ਯਰੂਸ਼ਲਮ ਦੇ ਦੱਖਣ ਵਿਚ ਪੈਂਦੇ ਬੈਤਲਹਮ ਸ਼ਹਿਰ ਵਿਚ ਦੋ ਸਾਲ ਤਕ ਦੇ ਸਾਰੇ ਮੁੰਡਿਆਂ ਨੂੰ ਮਾਰ ਦਿੱਤਾ ਜਾਵੇ। ਉਹ ਮੁੰਡੇ ਨਹੀਂ ਰਹੇ ਯਾਨੀ ਉਹ ਮਾਰ ਦਿੱਤੇ ਗਏ। ਉਨ੍ਹਾਂ ਮਾਵਾਂ ਦੇ ਦਰਦ ਦੀ ਕਲਪਨਾ ਕਰੋ ਜਿਨ੍ਹਾਂ ਦੇ ਮੁੰਡਿਆਂ ਨੂੰ ਮਾਰਿਆ ਗਿਆ ਸੀ! ਉਹ ਉੱਚੀ-ਉੱਚੀ ਰੋਈਆਂ-ਪਿੱਟੀਆਂ ਹੋਣੀਆਂ, ਮਾਨੋ ਉਨ੍ਹਾਂ ਦੀ ਆਵਾਜ਼ ਦੂਰ ਰਾਮਾਹ ਵਿਚ ਸੁਣਾਈ ਦਿੱਤੀ ਹੋਣੀ ਜੋ ਕਿ ਯਰੂਸ਼ਲਮ ਦੇ ਉੱਤਰ ਵਿਚ ਸੀ।ਮੱਤੀ 2:16-18.

ਰਾਕੇਲ ਦਾ ਆਪਣੇ ਬੱਚਿਆਂ ਲਈ ਰੋਣਾ ਯਿਰਮਿਯਾਹ ਅਤੇ ਯਿਸੂ ਦੇ ਜ਼ਮਾਨੇ ਵਿਚ ਉਨ੍ਹਾਂ ਯਹੂਦੀ ਮਾਵਾਂ ਦੇ ਦਰਦ ਨੂੰ ਬਿਆਨ ਕਰਦਾ ਹੈ ਜਿਨ੍ਹਾਂ ਦੇ ਬੱਚੇ ਮਾਰ ਦਿੱਤੇ ਗਏ ਸਨ। ਜਿਹੜੇ ਲੋਕ “ਵੈਰੀ” ਯਾਨੀ ਮੌਤ ਦੇ ਮੂੰਹ ਵਿਚ ਚਲੇ ਗਏ ਸਨ, ਉਨ੍ਹਾਂ ਨੂੰ ਸ਼ਾਇਦ ਦੁਬਾਰਾ ਜੀਉਂਦਾ ਕਰ ਕੇ ਮੌਤ ਦੇ ਪੰਜਿਆਂ ਤੋਂ ਛੁਡਾਇਆ ਜਾਵੇਗਾ।ਯਿਰ. 31:16; 1 ਕੁਰਿੰ. 15:26.