ਮੱਤੀ ਮੁਤਾਬਕ ਖ਼ੁਸ਼ ਖ਼ਬਰੀ 2:1-23

  • ਜੋਤਸ਼ੀ ਆਏ (1-12)

  • ਮਿਸਰ ਨੂੰ ਭੱਜਣਾ (13-15)

  • ਹੇਰੋਦੇਸ ਨੇ ਛੋਟੇ ਮੁੰਡੇ ਮਰਵਾ ਦਿੱਤੇ (16-18)

  • ਨਾਸਰਤ ਨੂੰ ਮੁੜਨਾ (19-23)

2  ਰਾਜਾ ਹੇਰੋਦੇਸ*+ ਦੇ ਦਿਨਾਂ ਵਿਚ ਯਹੂਦਿਯਾ ਦੇ ਬੈਤਲਹਮ+ ਸ਼ਹਿਰ ਵਿਚ ਯਿਸੂ ਦਾ ਜਨਮ ਹੋਣ ਤੋਂ ਬਾਅਦ, ਦੇਖੋ! ਪੂਰਬ ਵੱਲੋਂ ਜੋਤਸ਼ੀ ਯਰੂਸ਼ਲਮ ਆਏ ਅਤੇ  ਉਨ੍ਹਾਂ ਨੇ ਪੁੱਛਿਆ: “ਉਹ ਬੱਚਾ ਕਿੱਥੇ ਹੈ ਜਿਹੜਾ ਯਹੂਦੀਆਂ ਦਾ ਰਾਜਾ ਬਣੇਗਾ?+ ਜਦੋਂ ਅਸੀਂ ਪੂਰਬ ਵਿਚ ਸਾਂ, ਤਾਂ ਅਸੀਂ ਉਸ ਦਾ ਤਾਰਾ ਦੇਖਿਆ ਸੀ ਅਤੇ ਅਸੀਂ ਬੱਚੇ ਨੂੰ ਨਮਸਕਾਰ ਕਰਨ* ਆਏ ਹਾਂ।”  ਇਹ ਸੁਣ ਕੇ ਰਾਜਾ ਹੇਰੋਦੇਸ ਅਤੇ ਯਰੂਸ਼ਲਮ ਦੇ ਸਾਰੇ ਲੋਕ ਘਬਰਾ ਗਏ।  ਰਾਜੇ ਨੇ ਸਾਰੇ ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ ਇਕੱਠਾ ਕਰ ਕੇ ਪੁੱਛਿਆ ਕਿ ਮਸੀਹ* ਦਾ ਜਨਮ ਕਿੱਥੇ ਹੋਣਾ ਸੀ।  ਉਨ੍ਹਾਂ ਨੇ ਉਸ ਨੂੰ ਦੱਸਿਆ: “ਯਹੂਦਿਯਾ ਦੇ ਬੈਤਲਹਮ+ ਵਿਚ, ਕਿਉਂਕਿ ਨਬੀ ਰਾਹੀਂ ਇਹ ਲਿਖਵਾਇਆ ਗਿਆ ਹੈ:  ‘ਹੇ ਯਹੂਦਾਹ ਦੇ ਬੈਤਲਹਮ, ਤੂੰ ਯਹੂਦਾਹ ਦੇ ਹਾਕਮਾਂ ਦੀਆਂ ਨਜ਼ਰਾਂ ਵਿਚ ਕੋਈ ਛੋਟਾ-ਮੋਟਾ ਸ਼ਹਿਰ ਨਹੀਂ ਹੈਂ ਕਿਉਂਕਿ ਤੇਰੇ ਵਿੱਚੋਂ ਇਕ ਹਾਕਮ ਖੜ੍ਹਾ ਹੋਵੇਗਾ ਜੋ ਮੇਰੀ ਪਰਜਾ ਇਜ਼ਰਾਈਲ ਦੀ ਅਗਵਾਈ ਕਰੇਗਾ।’”+  ਫਿਰ ਹੇਰੋਦੇਸ ਨੇ ਚੁੱਪ-ਚੁਪੀਤੇ ਜੋਤਸ਼ੀਆਂ ਨੂੰ ਬੁਲਾਇਆ ਅਤੇ ਚੰਗੀ ਤਰ੍ਹਾਂ ਪੁੱਛ-ਗਿੱਛ ਕਰ ਕੇ ਪਤਾ ਲਾਇਆ ਕਿ ਉਨ੍ਹਾਂ ਨੇ ਤਾਰਾ ਕਦੋਂ ਦੇਖਿਆ ਸੀ।  ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਬੈਤਲਹਮ ਘੱਲਿਆ: “ਜਾ ਕੇ ਚੰਗੀ ਤਰ੍ਹਾਂ ਬੱਚੇ ਦੀ ਤਲਾਸ਼ ਕਰੋ ਅਤੇ ਜਦੋਂ ਤੁਸੀਂ ਉਸ ਨੂੰ ਲੱਭ ਲਵੋਗੇ, ਤਾਂ ਆ ਕੇ ਮੈਨੂੰ ਦੱਸੋ ਤਾਂਕਿ ਮੈਂ ਵੀ ਜਾ ਕੇ ਉਸ ਨੂੰ ਨਮਸਕਾਰ ਕਰਾਂ।”  ਰਾਜੇ ਦੀ ਗੱਲ ਸੁਣ ਕੇ ਜੋਤਸ਼ੀ ਤੁਰ ਪਏ ਅਤੇ ਦੇਖੋ! ਜਿਹੜਾ ਤਾਰਾ ਉਨ੍ਹਾਂ ਨੇ ਪੂਰਬ ਵਿਚ ਦੇਖਿਆ ਸੀ,+ ਉਹੀ ਉਨ੍ਹਾਂ ਦੇ ਅੱਗੇ-ਅੱਗੇ ਚੱਲਣ ਲੱਗ ਪਿਆ ਅਤੇ ਉਸ ਜਗ੍ਹਾ ਜਾ ਕੇ ਰੁਕ ਗਿਆ ਜਿੱਥੇ ਬੱਚਾ ਸੀ। 10  ਤਾਰੇ ਨੂੰ ਰੁਕਦਿਆਂ ਦੇਖ ਕੇ ਉਹ ਬੇਹੱਦ ਖ਼ੁਸ਼ ਹੋਏ। 11  ਜਦ ਉਨ੍ਹਾਂ ਨੇ ਘਰ ਦੇ ਅੰਦਰ ਜਾ ਕੇ ਬੱਚੇ ਅਤੇ ਉਸ ਦੀ ਮਾਂ ਮਰੀਅਮ ਨੂੰ ਦੇਖਿਆ, ਤਾਂ ਉਨ੍ਹਾਂ ਨੇ ਜ਼ਮੀਨ ’ਤੇ ਗੋਡੇ ਟੇਕ ਕੇ ਬੱਚੇ ਨੂੰ ਨਮਸਕਾਰ ਕੀਤਾ।* ਨਾਲੇ ਉਨ੍ਹਾਂ ਨੇ ਆਪਣੇ ਖ਼ਜ਼ਾਨੇ ਖੋਲ੍ਹ ਕੇ ਬੱਚੇ ਨੂੰ ਤੋਹਫ਼ੇ ਵਿਚ ਸੋਨਾ, ਲੋਬਾਨ ਤੇ ਗੰਧਰਸ ਦਿੱਤਾ। 12  ਪਰ ਪਰਮੇਸ਼ੁਰ ਨੇ ਸੁਪਨੇ ਵਿਚ ਉਨ੍ਹਾਂ ਨੂੰ ਹੇਰੋਦੇਸ ਕੋਲ ਵਾਪਸ ਜਾਣ ਤੋਂ ਵਰਜਿਆ,+ ਇਸ ਕਰਕੇ ਉਹ ਹੋਰ ਰਸਤਿਓਂ ਆਪਣੇ ਦੇਸ਼ ਨੂੰ ਵਾਪਸ ਚਲੇ ਗਏ। 13  ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ, ਦੇਖੋ! ਯਹੋਵਾਹ* ਦਾ ਦੂਤ ਯੂਸੁਫ਼ ਦੇ ਸੁਪਨੇ ਵਿਚ ਆਇਆ+ ਅਤੇ ਉਸ ਨੂੰ ਕਿਹਾ: “ਉੱਠ, ਬੱਚੇ ਤੇ ਉਸ ਦੀ ਮਾਂ ਨੂੰ ਲੈ ਕੇ ਮਿਸਰ ਨੂੰ ਭੱਜ ਜਾਹ ਅਤੇ ਉੱਨਾ ਚਿਰ ਉੱਥੇ ਰਹੀਂ ਜਿੰਨਾ ਚਿਰ ਮੈਂ ਤੈਨੂੰ ਵਾਪਸ ਆਉਣ ਲਈ ਨਾ ਕਹਾਂ, ਕਿਉਂਕਿ ਹੇਰੋਦੇਸ ਬੱਚੇ ਨੂੰ ਜਾਨੋਂ ਮਾਰਨ ਲਈ ਉਸ ਦੀ ਭਾਲ ਕਰਨ ਹੀ ਵਾਲਾ ਹੈ।” 14  ਇਸ ਲਈ ਯੂਸੁਫ਼ ਉੱਠਿਆ ਅਤੇ ਬੱਚੇ ਤੇ ਉਸ ਦੀ ਮਾਂ ਨੂੰ ਲੈ ਕੇ ਰਾਤੋ-ਰਾਤ ਮਿਸਰ ਚਲਾ ਗਿਆ। 15  ਉਹ ਹੇਰੋਦੇਸ ਦੇ ਮਰਨ ਤਕ ਉੱਥੇ ਹੀ ਰਿਹਾ। ਇਸ ਤਰ੍ਹਾਂ ਯਹੋਵਾਹ* ਦੀ ਇਹ ਗੱਲ ਪੂਰੀ ਹੋਈ ਜੋ ਉਸ ਨੇ ਆਪਣੇ ਨਬੀ ਦੁਆਰਾ ਕਹੀ ਸੀ: “ਮੈਂ ਆਪਣੇ ਪੁੱਤਰ ਨੂੰ ਮਿਸਰ ਤੋਂ ਸੱਦਿਆ।”+ 16  ਫਿਰ ਜਦ ਹੇਰੋਦੇਸ ਨੇ ਦੇਖਿਆ ਕਿ ਜੋਤਸ਼ੀਆਂ ਨੇ ਉਸ ਨਾਲ ਚਲਾਕੀ ਕੀਤੀ ਸੀ, ਤਾਂ ਉਹ ਗੁੱਸੇ ਵਿਚ ਭੜਕ ਉੱਠਿਆ ਅਤੇ ਉਸ ਨੇ ਆਪਣੇ ਸੇਵਕਾਂ ਨੂੰ ਭੇਜ ਕੇ ਬੈਤਲਹਮ ਅਤੇ ਉਸ ਦੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿਚ ਸਾਰੇ ਮੁੰਡਿਆਂ ਨੂੰ ਮਰਵਾ ਦਿੱਤਾ ਜਿਹੜੇ ਦੋ ਸਾਲ ਦੇ ਜਾਂ ਇਸ ਤੋਂ ਛੋਟੇ ਸਨ। ਉਸ ਨੇ ਜੋਤਸ਼ੀਆਂ ਤੋਂ ਸਮੇਂ ਦਾ ਜੋ ਠੀਕ-ਠੀਕ ਪਤਾ ਲਗਾਇਆ ਸੀ,+ ਉਸ ਮੁਤਾਬਕ ਇਸ ਤਰ੍ਹਾਂ ਕੀਤਾ। 17  ਉਸ ਵੇਲੇ ਯਿਰਮਿਯਾਹ ਨਬੀ ਦੀ ਕਹੀ ਇਹ ਗੱਲ ਪੂਰੀ ਹੋਈ: 18  “ਰਾਮਾਹ ਵਿਚ ਰੋਣ-ਕੁਰਲਾਉਣ ਤੇ ਵੈਣ ਪਾਉਣ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਰਾਕੇਲ+ ਆਪਣੇ ਬੱਚਿਆਂ ਲਈ ਰੋ ਰਹੀ ਹੈ, ਉਸ ਦੇ ਬੱਚੇ ਨਹੀਂ ਰਹੇ, ਇਸ ਲਈ ਉਹ ਨਹੀਂ ਚਾਹੁੰਦੀ ਕਿ ਕੋਈ ਉਸ ਨੂੰ ਦਿਲਾਸਾ ਦੇਵੇ।”+ 19  ਜਦੋਂ ਹੇਰੋਦੇਸ ਮਰ ਗਿਆ, ਤਾਂ ਦੇਖੋ! ਯਹੋਵਾਹ* ਦੇ ਦੂਤ ਨੇ ਮਿਸਰ ਵਿਚ ਯੂਸੁਫ਼ ਦੇ ਸੁਪਨੇ ਵਿਚ ਆ ਕੇ+ 20  ਕਿਹਾ: “ਉੱਠ, ਬੱਚੇ ਅਤੇ ਉਸ ਦੀ ਮਾਂ ਨੂੰ ਲੈ ਕੇ ਇਜ਼ਰਾਈਲ ਨੂੰ ਚਲਾ ਜਾਹ ਕਿਉਂਕਿ ਜੋ ਬੱਚੇ ਦੀ ਜਾਨ ਲੈਣੀ ਚਾਹੁੰਦੇ ਸਨ, ਉਹ ਮਰ ਗਏ ਹਨ।” 21  ਇਸ ਲਈ ਉਹ ਉੱਠਿਆ ਅਤੇ ਬੱਚੇ ਤੇ ਉਸ ਦੀ ਮਾਂ ਨੂੰ ਲੈ ਕੇ ਇਜ਼ਰਾਈਲ ਆ ਗਿਆ। 22  ਪਰ ਜਦੋਂ ਉਸ ਨੇ ਸੁਣਿਆ ਕਿ ਅਰਕਿਲਾਊਸ ਆਪਣੇ ਪਿਤਾ ਹੇਰੋਦੇਸ ਤੋਂ ਬਾਅਦ ਯਹੂਦਿਯਾ ਉੱਤੇ ਰਾਜ ਕਰਨ ਲੱਗ ਪਿਆ ਸੀ, ਤਾਂ ਉਹ ਉੱਥੇ ਜਾਣ ਤੋਂ ਡਰ ਗਿਆ। ਨਾਲੇ ਸੁਪਨੇ ਵਿਚ ਪਰਮੇਸ਼ੁਰ ਵੱਲੋਂ ਚੇਤਾਵਨੀ ਮਿਲਣ ਤੇ+ ਉਹ ਗਲੀਲ+ ਦੇ ਇਲਾਕੇ ਵਿਚ ਚਲਾ ਗਿਆ। 23  ਅਤੇ ਉਹ ਨਾਸਰਤ+ ਨਾਂ ਦੇ ਸ਼ਹਿਰ ਵਿਚ ਆ ਕੇ ਰਹਿਣ ਲੱਗ ਪਿਆ ਤਾਂਕਿ ਨਬੀਆਂ ਦੀ ਕਹੀ ਇਹ ਗੱਲ ਪੂਰੀ ਹੋਵੇ: “ਉਹ* ਨਾਸਰੀ* ਕਹਾਵੇਗਾ।”+

ਫੁਟਨੋਟ

ਜਾਂ, “ਅੱਗੇ ਸਿਰ ਝੁਕਾਉਣ।”
ਜਾਂ, “ਚੁਣੇ ਹੋਏ।”
ਜਾਂ, “ਅੱਗੇ ਸਿਰ ਝੁਕਾਇਆ।”
ਯਾਨੀ, ਮਸੀਹ।
ਇਹ ਸ਼ਬਦ ਸ਼ਾਇਦ “ਟਾਹਣੀ” ਲਈ ਇਸਤੇਮਾਲ ਹੋਣ ਵਾਲੇ ਇਬਰਾਨੀ ਸ਼ਬਦ ਤੋਂ ਨਿਕਲਿਆ ਹੈ।