Skip to content

Skip to table of contents

ਕੀ ਤੁਹਾਨੂੰ ਆਪਣਾ ਮਨ ਬਦਲਣਾ ਚਾਹੀਦਾ ਹੈ?

ਕੀ ਤੁਹਾਨੂੰ ਆਪਣਾ ਮਨ ਬਦਲਣਾ ਚਾਹੀਦਾ ਹੈ?

ਕੁਝ ਨੌਜਵਾਨ ਮਸੀਹੀ ਭੈਣ-ਭਰਾ ਇਕ ਫ਼ਿਲਮ ਦੇਖਣ ਜਾਂਦੇ ਹਨ। ਉਨ੍ਹਾਂ ਨੇ ਸੁਣਿਆ ਕਿ ਸਕੂਲ ਵਿਚ ਹੋਰ ਮੁੰਡੇ-ਕੁੜੀਆਂ ਨੂੰ ਉਹ ਫ਼ਿਲਮ ਬਹੁਤ ਪਸੰਦ ਆਈ ਸੀ। ਜਦੋਂ ਉਹ ਸਿਨਮਾ ਹਾਲ ਪਹੁੰਚੇ, ਤਾਂ ਉੱਥੇ ਉਨ੍ਹਾਂ ਨੇ ਹਥਿਆਰਾਂ ਨਾਲ ਲੈਸ ਬੰਦਿਆਂ ਅਤੇ ਨੰਗੀਆਂ-ਧੜੰਗੀਆਂ ਤੀਵੀਆਂ ਦੇ ਪੋਸਟਰ ਦੇਖੇ। ਉਹ ਕੀ ਕਰਨਗੇ? ਕੀ ਉਹ ਅੰਦਰ ਜਾ ਕੇ ਫ਼ਿਲਮ ਦੇਖਣਗੇ?

ਇਸ ਉਦਾਹਰਣ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਅਜਿਹੇ ਕਈ ਫ਼ੈਸਲੇ ਕਰਨੇ ਪੈਂਦੇ ਹਨ ਜਿਨ੍ਹਾਂ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਜਾਂ ਤਾਂ ਮਜ਼ਬੂਤ ਜਾਂ ਕਮਜ਼ੋਰ ਹੋ ਸਕਦਾ ਹੈ। ਕਈ ਵਾਰ ਤੁਸੀਂ ਕੁਝ ਕਰਨ ਦਾ ਇਰਾਦਾ ਕਰਦੇ ਹੋ, ਪਰ ਫਿਰ ਹਾਲਾਤਾਂ ਬਾਰੇ ਦੁਬਾਰਾ ਸੋਚ ਕੇ ਤੁਸੀਂ ਆਪਣਾ ਮਨ ਬਦਲ ਲੈਂਦੇ ਹੋ। ਕੀ ਇਸ ਦਾ ਇਹ ਮਤਲਬ ਹੈ ਕਿ ਤੁਹਾਨੂੰ ਫ਼ੈਸਲੇ ਕਰਨੇ ਨਹੀਂ ਆਉਂਦੇ ਜਾਂ ਫਿਰ ਆਪਣਾ ਮਨ ਬਦਲਣਾ ਸਹੀ ਸੀ?

ਜਦੋਂ ਮਨ ਬਦਲਣਾ ਸਹੀ ਨਹੀਂ ਹੁੰਦਾ

ਯਹੋਵਾਹ ਨਾਲ ਪਿਆਰ ਹੋਣ ਕਰਕੇ ਅਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲਿਆ ਸੀ। ਅਸੀਂ ਦਿਲੋਂ ਚਾਹੁੰਦੇ ਹਾਂ ਕਿ ਅਸੀਂ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹੀਏ। ਪਰ ਸਾਡਾ ਦੁਸ਼ਮਣ ਸ਼ੈਤਾਨ ਸਾਡੀ ਵਫ਼ਾਦਾਰੀ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। (ਪ੍ਰਕਾ. 12:17) ਅਸੀਂ ਯਹੋਵਾਹ ਦੀ ਸੇਵਾ ਕਰਨ ਅਤੇ ਉਸ ਦੇ ਹੁਕਮਾਂ ’ਤੇ ਚੱਲਣ ਦਾ ਫ਼ੈਸਲਾ ਕੀਤਾ ਹੈ। ਪਰ ਜੇ ਅਸੀਂ ਆਪਣੇ ਸਮਰਪਣ ਦੇ ਵਾਅਦੇ ਨੂੰ ਤੋੜ ਦਿੰਦੇ ਹਾਂ, ਤਾਂ ਇਹ ਕਿੰਨੇ ਦੁੱਖ ਦੀ ਗੱਲ ਹੋਵੇਗੀ! ਇਸ ਨਾਲ ਸਾਡੀ ਜਾਨ ਜਾ ਸਕਦੀ ਹੈ।

ਲਗਭਗ 2,600 ਸਾਲ ਪਹਿਲਾਂ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਸੋਨੇ ਦੀ ਇਕ ਵੱਡੀ ਸਾਰੀ ਮੂਰਤ ਬਣਵਾਈ ਸੀ। ਉਸ ਨੇ ਹੁਕਮ ਦਿੱਤਾ ਕਿ ਸਾਰੇ ਲੋਕ ਝੁਕ ਕੇ ਉਸ ਮੂਰਤ ਨੂੰ ਮੱਥਾ ਟੇਕਣ ਅਤੇ ਇਸ ਤਰ੍ਹਾਂ ਨਾ ਕਰਨ ਵਾਲੇ ਨੂੰ ਅੱਗ ਦੀ ਭੱਠੀ ਵਿਚ ਸੁੱਟ ਦਿੱਤਾ ਜਾਵੇਗਾ। ਯਹੋਵਾਹ ਤੋਂ ਡਰਨ ਵਾਲੇ ਤਿੰਨ ਆਦਮੀਆਂ, ਸ਼ਦਰਕ, ਮੇਸ਼ਕ ਤੇ ਅਬਦ-ਨਗੋ ਨੇ ਉਸ ਦਾ ਹੁਕਮ ਨਹੀਂ ਮੰਨਿਆ ਅਤੇ ਮੱਥਾ ਨਾ ਟੇਕਣ ਕਰਕੇ ਉਨ੍ਹਾਂ ਨੂੰ ਅੱਗ ਦੀ ਭੱਠੀ ਵਿਚ ਸੁੱਟ ਦਿੱਤਾ ਗਿਆ। ਪਰ ਯਹੋਵਾਹ ਨੇ ਚਮਤਕਾਰ ਕਰ ਕੇ ਉਨ੍ਹਾਂ ਨੂੰ ਬਚਾ ਲਿਆ। ਜੀ ਹਾਂ, ਉਨ੍ਹਾਂ ਨੇ ਪਰਮੇਸ਼ੁਰ ਦਾ ਹੁਕਮ ਨਾ ਤੋੜਨ ਦਾ ਪੱਕਾ ਮਨ ਬਣਾਇਆ ਹੋਇਆ ਸੀ, ਭਾਵੇਂ ਇਸ ਦੇ ਲਈ ਉਨ੍ਹਾਂ ਨੂੰ ਆਪਣੀ ਜਾਨ ਹੀ ਕਿਉਂ ਨਾ ਦੇਣੀ ਪੈਂਦੀ।ਦਾਨੀ. 3:1-27.

 ਕਈ ਸਾਲਾਂ ਬਾਅਦ ਪਰਮੇਸ਼ੁਰ ਦੇ ਇਕ ਹੋਰ ਭਗਤ ਦਾਨੀਏਲ ਨੇ ਆਪਣਾ ਮਨ ਨਹੀਂ ਬਦਲਿਆ। ਦਾਨੀਏਲ ਨੂੰ ਪਤਾ ਸੀ ਕਿ ਜੇ ਕਿਸੇ ਨੇ ਉਸ ਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਦਿਆਂ ਦੇਖ ਲਿਆ, ਤਾਂ ਉਸ ਨੂੰ ਸ਼ੇਰਾਂ ਦੇ ਘੁਰਨੇ ਵਿਚ ਸੁੱਟ ਦਿੱਤਾ ਜਾਵੇਗਾ। ਫਿਰ ਵੀ ਉਹ ਆਪਣੀ ਆਦਤ ਮੁਤਾਬਕ ਯਹੋਵਾਹ ਨੂੰ ਦਿਨ ਵਿਚ ਤਿੰਨ ਵਾਰ ਪ੍ਰਾਰਥਨਾ ਕਰਦਾ ਰਿਹਾ। ਦਾਨੀਏਲ ਨੇ ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਦਾ ਆਪਣਾ ਇਰਾਦਾ ਨਹੀਂ ਬਦਲਿਆ। ਇਸ ਕਰਕੇ ਪਰਮੇਸ਼ੁਰ ਨੇ ਉਸ ਨੂੰ “ਸ਼ੇਰਾਂ ਦੇ ਪੰਜਿਆਂ ਤੋਂ ਛੁਡਾਇਆ।”ਦਾਨੀ. 6:1-27.

ਅੱਜ ਵੀ ਪਰਮੇਸ਼ੁਰ ਦੇ ਸੇਵਕ ਆਪਣਾ ਸਮਰਪਣ ਦਾ ਵਾਅਦਾ ਨਿਭਾਉਂਦੇ ਹਨ। ਅਫ਼ਰੀਕਾ ਦੇ ਇਕ ਸਕੂਲ ਵਿਚ ਕੁਝ ਵਿਦਿਆਰਥੀਆਂ ਨੇ, ਜੋ ਯਹੋਵਾਹ ਦੇ ਗਵਾਹ ਹਨ, ਆਪਣੇ ਦੇਸ਼ ਦੇ ਕੌਮੀ ਪ੍ਰਤੀਕ ਦੀ ਭਗਤੀ ਕਰਨ ਤੋਂ ਇਨਕਾਰ ਕੀਤਾ। ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਜੇ ਉਨ੍ਹਾਂ ਨੇ ਹੋਰ ਵਿਦਿਆਰਥੀਆਂ ਵਾਂਗ ਭਗਤੀ ਨਹੀਂ ਕੀਤੀ, ਤਾਂ ਉਨ੍ਹਾਂ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਜਾਵੇਗਾ। ਕੁਝ ਸਮੇਂ ਬਾਅਦ ਸਿੱਖਿਆ ਮੰਤਰੀ ਉਸ ਸ਼ਹਿਰ ਵਿਚ ਆਇਆ ਅਤੇ ਉਸ ਨੇ ਉਨ੍ਹਾਂ ਵਿੱਚੋਂ ਕੁਝ ਗਵਾਹ ਬੱਚਿਆਂ ਨਾਲ ਗੱਲ ਕੀਤੀ। ਬੱਚਿਆਂ ਨੇ ਆਦਰ ਨਾਲ ਅਤੇ ਬਿਨਾਂ ਡਰੇ ਉਸ ਨੂੰ ਸਮਝਾਇਆ ਕਿ ਉਹ ਕੌਮੀ ਪ੍ਰਤੀਕ ਦੀ ਭਗਤੀ ਕਿਉਂ ਨਹੀਂ ਕਰ ਸਕਦੇ। ਉਦੋਂ ਤੋਂ ਸਕੂਲ ਵਿਚ ਇਹ ਮਸਲਾ ਦੁਬਾਰਾ ਖੜ੍ਹਾ ਨਹੀਂ ਹੋਇਆ ਹੈ। ਇਨ੍ਹਾਂ ਨੌਜਵਾਨ ਭੈਣਾਂ-ਭਰਾਵਾਂ ਨੂੰ ਹੁਣ ਇਸ ਗੱਲ ਦਾ ਡਰ ਨਹੀਂ ਹੈ ਕਿ ਸਕੂਲ ਵਿਚ ਉਨ੍ਹਾਂ ਉੱਤੇ ਯਹੋਵਾਹ ਦੇ ਖ਼ਿਲਾਫ਼ ਜਾਣ ਦਾ ਦਬਾਅ ਪਾਇਆ ਜਾਵੇਗਾ।

ਜੋਸਫ਼ ਦੀ ਮਿਸਾਲ ਉੱਤੇ ਵੀ ਗੌਰ ਕਰੋ ਜਿਸ ਦੀ ਪਤਨੀ ਨੂੰ ਕੈਂਸਰ ਸੀ ਅਤੇ ਅਚਾਨਕ ਉਸ ਦੀ ਮੌਤ ਹੋ ਗਈ। ਉਹ ਜਿਸ ਤਰ੍ਹਾਂ ਆਪਣੀ ਪਤਨੀ ਦਾ ਅੰਤਿਮ-ਸੰਸਕਾਰ ਕਰਨਾ ਚਾਹੁੰਦਾ ਸੀ, ਉਸ ਦਾ ਪਰਿਵਾਰ ਉਸ ਨਾਲ ਸਹਿਮਤ ਸੀ। ਪਰ ਜੋਸਫ਼ ਦੀ ਪਤਨੀ ਦਾ ਪਰਿਵਾਰ ਸੱਚਾਈ ਵਿਚ ਨਾ ਹੋਣ ਕਰਕੇ ਕੁਝ ਰਸਮਾਂ ਕਰਨੀਆਂ ਚਾਹੁੰਦਾ ਸੀ ਜਿਨ੍ਹਾਂ ਵਿੱਚੋਂ ਕੁਝ ਪਰਮੇਸ਼ੁਰ ਨੂੰ ਪਸੰਦ ਨਹੀਂ ਹਨ। ਜੋਸਫ਼ ਦੱਸਦਾ ਹੈ: “ਮੈਂ ਉਨ੍ਹਾਂ ਰਸਮਾਂ ਸੰਬੰਧੀ ਉਨ੍ਹਾਂ ਨਾਲ ਸਹਿਮਤ ਨਹੀਂ ਹੋਇਆ। ਇਸ ਲਈ ਉਨ੍ਹਾਂ ਨੇ ਮੇਰੇ ਬੱਚਿਆਂ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਪੱਕੇ ਰਹੇ।” ਉਸ ਨੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਜੇ ਉਹ ਰਸਮਾਂ ਮਨਾਉਣੀਆਂ ਚਾਹੁੰਦੇ ਸਨ, ਤਾਂ ਉਹ ਉਸ ਦੇ ਘਰ ਵਿਚ ਨਹੀਂ ਮਨਾ ਸਕਦੇ। ਉਹ ਜਾਣਦੇ ਸਨ ਕਿ ਜੋਸਫ਼ ਅਤੇ ਉਸ ਦੀ ਪਤਨੀ ਨੂੰ ਉਨ੍ਹਾਂ ਰਸਮਾਂ ਵਿਚ ਕੋਈ ਵਿਸ਼ਵਾਸ ਨਹੀਂ ਸੀ। ਇਸ ਲਈ ਕਾਫ਼ੀ ਗੱਲਬਾਤ ਤੋਂ ਬਾਅਦ ਉਨ੍ਹਾਂ ਨੇ ਉਹ ਰਸਮਾਂ ਕਿਸੇ ਹੋਰ ਜਗ੍ਹਾ ਮਨਾਈਆਂ।

“ਉਸ ਦੁੱਖ ਦੀ ਘੜੀ ਵਿਚ ਮੈਂ ਯਹੋਵਾਹ ਨੂੰ ਮਿੰਨਤਾਂ ਕੀਤੀਆਂ ਕਿ ਉਸ ਦੇ ਹੁਕਮਾਂ ’ਤੇ ਚੱਲਦੇ ਰਹਿਣ ਲਈ ਉਹ ਸਾਡੇ ਪਰਿਵਾਰ ਨੂੰ ਹਿੰਮਤ ਦੇਵੇ। ਉਸ ਨੇ ਮੇਰੀਆਂ ਫ਼ਰਿਆਦਾਂ ਸੁਣੀਆਂ ਤੇ ਰਿਸ਼ਤੇਦਾਰਾਂ ਦੇ ਦਬਾਅ ਦੇ ਬਾਵਜੂਦ ਆਪਣੇ ਫ਼ੈਸਲੇ ’ਤੇ ਪੱਕੇ ਰਹਿਣ ਵਿਚ ਸਾਡੀ ਮਦਦ ਕੀਤੀ।” ਜੋਸਫ਼ ਤੇ ਉਸ ਦੇ ਬੱਚਿਆਂ ਦੇ ਮਨ ਵਿਚ ਕਦੀ ਨਹੀਂ ਆਇਆ ਸੀ ਕਿ ਉਹ ਯਹੋਵਾਹ ਦੇ ਖ਼ਿਲਾਫ਼ ਜਾਣਗੇ।

ਜਦੋਂ ਮਨ ਬਦਲਿਆ ਜਾ ਸਕਦਾ ਹੈ

32 ਈਸਵੀ ਵਿਚ ਪਸਾਹ ਤੋਂ ਕੁਝ ਸਮੇਂ ਬਾਅਦ ਸੀਦੋਨ ਦੇ ਇਲਾਕੇ ਵਿਚ ਇਕ ਗ਼ੈਰ-ਯਹੂਦੀ ਤੀਵੀਂ ਯਿਸੂ ਕੋਲ ਆਈ। ਉਸ ਨੇ ਵਾਰ-ਵਾਰ ਯਿਸੂ ਨੂੰ ਮਿੰਨਤਾਂ ਕੀਤੀਆਂ ਕਿ ਉਹ ਉਸ ਦੀ ਧੀ ਵਿੱਚੋਂ ਦੁਸ਼ਟ ਦੂਤ ਕੱਢ ਦੇਵੇ। ਪਰ ਯਿਸੂ ਨੇ ਉਸ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਨੂੰ ਸਿਰਫ਼ ਇਜ਼ਰਾਈਲ ਦੇ ਘਰਾਣੇ ਦੇ ਲੋਕਾਂ ਕੋਲ ਭੇਜਿਆ ਗਿਆ ਹੈ, ਜੋ ਭਟਕੀਆਂ ਹੋਈਆਂ ਭੇਡਾਂ ਵਾਂਗ ਹਨ।” ਜਦੋਂ ਉਹ ਤੀਵੀਂ ਮਿੰਨਤਾਂ ਕਰਦੀ ਰਹੀ, ਤਾਂ ਯਿਸੂ ਨੇ ਉਸ ਨੂੰ ਕਿਹਾ: “ਨਿਆਣਿਆਂ ਤੋਂ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਠੀਕ ਨਹੀਂ।” ਤੀਵੀਂ ਨੇ ਆਪਣੀ ਨਿਹਚਾ ਦਾ ਸਬੂਤ ਦਿੰਦੇ ਹੋਏ ਕਿਹਾ: “ਤੂੰ ਠੀਕ ਕਹਿੰਦਾ ਹੈਂ ਪ੍ਰਭੂ, ਪਰ ਕਤੂਰੇ ਆਪਣੇ ਮਾਲਕਾਂ ਦੇ ਮੇਜ਼ ਤੋਂ ਡਿਗਿਆ ਚੂਰਾ-ਭੂਰਾ ਹੀ ਖਾਂਦੇ ਹਨ।” ਉਸ ਦੀ ਨਿਹਚਾ ਦੇਖ ਕੇ ਯਿਸੂ ਨੇ ਉਸ ਦੀ ਧੀ ਦਾ ਦੁਸ਼ਟ ਦੂਤ ਤੋਂ ਖਹਿੜਾ ਛੁਡਾ ਦਿੱਤਾ।ਮੱਤੀ 15:21-28.

ਯਿਸੂ ਨੇ ਹਾਲਾਤ ਅਨੁਸਾਰ ਆਪਣਾ ਮਨ ਬਦਲ ਕੇ ਯਹੋਵਾਹ ਦੀ ਰੀਸ ਕੀਤੀ। ਉਦਾਹਰਣ ਲਈ, ਜਦੋਂ ਇਜ਼ਰਾਈਲੀਆਂ ਨੇ ਸੋਨੇ ਦਾ ਵੱਛਾ ਬਣਾਇਆ ਸੀ, ਤਾਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਸੀ। ਪਰ ਮੂਸਾ ਦੀਆਂ ਮਿੰਨਤਾਂ ਸੁਣ ਕੇ ਉਸ ਨੇ ਆਪਣਾ ਫ਼ੈਸਲਾ ਬਦਲ ਲਿਆ ਸੀ।ਕੂਚ 32:7-14.

ਪੌਲੁਸ ਰਸੂਲ ਨੇ ਵੀ ਯਹੋਵਾਹ ਅਤੇ ਯਿਸੂ ਦੀ ਰੀਸ ਕੀਤੀ ਸੀ। ਕੁਝ ਸਮੇਂ ਲਈ ਪੌਲੁਸ ਨੂੰ ਮਹਿਸੂਸ ਹੋਇਆ ਕਿ ਯੂਹੰਨਾ ਮਰਕੁਸ ਨੂੰ ਆਪਣੇ ਨਾਲ ਮਿਸ਼ਨਰੀ ਦੌਰਿਆਂ ’ਤੇ ਲਿਜਾਣਾ ਠੀਕ ਨਹੀਂ ਕਿਉਂਕਿ ਮਰਕੁਸ ਪਹਿਲੇ ਦੌਰੇ ਦੌਰਾਨ ਉਸ ਨੂੰ ਤੇ ਬਰਨਬਾਸ ਨੂੰ ਛੱਡ ਕੇ ਚਲਾ ਗਿਆ ਸੀ। ਪਰ ਬਾਅਦ ਵਿਚ ਪੌਲੁਸ ਨੇ ਦੇਖਿਆ ਕਿ ਮਰਕੁਸ ਨੇ ਆਪਣਾ ਰਵੱਈਆ ਬਦਲ ਲਿਆ ਸੀ ਤੇ ਉਹ ਪਰਮੇਸ਼ੁਰ ਦੀ ਸੇਵਾ ਵਿਚ ਕੋਈ ਵੀ ਕੰਮ ਕਰਨ ਲਈ ਤਿਆਰ ਸੀ। ਇਸ ਲਈ ਉਸ ਨੇ ਤਿਮੋਥਿਉਸ ਨੂੰ ਕਿਹਾ: “ਮਰਕੁਸ ਨੂੰ ਆਪਣੇ ਨਾਲ ਲੈਂਦਾ ਆਵੀਂ ਕਿਉਂਕਿ ਸੇਵਾ ਦੇ ਕੰਮ ਵਿਚ ਮੈਨੂੰ ਉਸ ਤੋਂ ਬਹੁਤ ਮਦਦ ਮਿਲਦੀ ਹੈ।”2 ਤਿਮੋ. 4:11.

 ਸਾਡੇ ਬਾਰੇ ਕੀ? ਆਪਣੇ ਰਹਿਮਦਿਲ, ਧੀਰਜਵਾਨ ਤੇ ਪਿਆਰੇ ਪਿਤਾ ਦੀ ਰੀਸ ਕਰਦੇ ਹੋਏ ਸਾਨੂੰ ਵੀ ਕਈ ਵਾਰ ਆਪਣਾ ਮਨ ਬਦਲਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਦਾਹਰਣ ਲਈ, ਸਾਨੂੰ ਸ਼ਾਇਦ ਦੂਸਰਿਆਂ ਬਾਰੇ ਆਪਣੀ ਰਾਇ ਬਦਲਣੀ ਪਵੇ। ਅਸੀਂ ਯਹੋਵਾਹ ਤੇ ਯਿਸੂ ਵਾਂਗ ਮੁਕੰਮਲ ਨਹੀਂ ਹਾਂ। ਜੇ ਉਹ ਆਪਣਾ ਮਨ ਬਦਲਣ ਲਈ ਤਿਆਰ ਸਨ, ਤਾਂ ਕੀ ਸਾਨੂੰ ਵੀ ਦੂਸਰਿਆਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਬਾਰੇ ਆਪਣੇ ਵਿਚਾਰ ਨਹੀਂ ਬਦਲਣੇ ਚਾਹੀਦੇ?

ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖਣ ਦੇ ਮਾਮਲੇ ਵਿਚ ਸਾਨੂੰ ਆਪਣਾ ਮਨ ਬਦਲਣ ਲਈ ਤਿਆਰ ਰਹਿਣਾ ਚਾਹੀਦਾ ਹੈ। ਕੁਝ ਲੋਕ ਜੋ ਸਾਡੇ ਨਾਲ ਬਾਈਬਲ ਸਟੱਡੀ ਕਰ ਰਹੇ ਹਨ ਤੇ ਕਾਫ਼ੀ ਸਮੇਂ ਤੋਂ ਮੀਟਿੰਗਾਂ ਵਿਚ ਆ ਰਹੇ ਹਨ, ਸ਼ਾਇਦ ਬਪਤਿਸਮਾ ਲੈਣ ਦੇ ਫ਼ੈਸਲੇ ਨੂੰ ਟਾਲ ਰਹੇ ਹੋਣ। ਜਾਂ ਕੁਝ ਭੈਣ-ਭਰਾ ਪਾਇਨੀਅਰਿੰਗ ਕਰਨ ਤੋਂ ਹਿਚਕਿਚਾ ਰਹੇ ਹੋਣ, ਭਾਵੇਂ ਕਿ ਉਨ੍ਹਾਂ ਦੇ ਹਾਲਾਤ ਉਨ੍ਹਾਂ ਨੂੰ ਪਾਇਨੀਅਰਿੰਗ ਕਰਨ ਦੀ ਇਜਾਜ਼ਤ ਦਿੰਦੇ ਹਨ। ਕੁਝ ਭਰਾਵਾਂ ਵਿਚ ਸ਼ਾਇਦ ਮੰਡਲੀ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਇੱਛਾ ਨਾ ਹੋਵੇ। (1 ਤਿਮੋ. 3:1) ਕੀ ਤੁਸੀਂ ਇਨ੍ਹਾਂ ਵਿੱਚੋਂ ਇਕ ਹੋ? ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਆਪਣਾ ਮਨ ਬਦਲਣ ਦੀ ਲੋੜ ਹੈ? ਯਹੋਵਾਹ ਪਿਆਰ ਨਾਲ ਤੁਹਾਨੂੰ ਸੱਦਾ ਦਿੰਦਾ ਹੈ ਕਿ ਤੁਸੀਂ ਇਹ ਸਨਮਾਨ ਸਵੀਕਾਰ ਕਰੋ ਅਤੇ ਉਸ ਦੀ ਤੇ ਦੂਸਰਿਆਂ ਦੀ ਸੇਵਾ ਕਰ ਕੇ ਖ਼ੁਸ਼ੀ ਪਾਓ।

ਆਪਣਾ ਮਨ ਬਦਲਣ ਨਾਲ ਤੁਹਾਡਾ ਭਲਾ ਹੋ ਸਕਦਾ ਹੈ

ਐਲਾ ਅਫ਼ਰੀਕਾ ਵਿਚ ਯਹੋਵਾਹ ਦੇ ਗਵਾਹਾਂ ਦੇ ਇਕ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦੀ ਹੈ। ਉਹ ਦੱਸਦੀ ਹੈ: “ਜਦੋਂ ਮੈਂ ਬੈਥਲ ਆਈ ਸੀ, ਤਾਂ ਮੈਨੂੰ ਪਤਾ ਨਹੀਂ ਸੀ ਕਿ ਮੈਂ ਕਿੰਨਾ ਚਿਰ ਰਹਾਂਗੀ। ਮੈਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨਾ ਚਾਹੁੰਦੀ ਸੀ, ਪਰ ਮੇਰਾ ਆਪਣੇ ਪਰਿਵਾਰ ਨਾਲ ਬਹੁਤ ਲਗਾਅ ਹੈ। ਪਹਿਲਾਂ-ਪਹਿਲਾਂ ਮੈਨੂੰ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਸੀ। ਪਰ ਮੇਰੇ ਨਾਲ ਰਹਿਣ ਵਾਲੀ ਭੈਣ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਜਿਸ ਕਰਕੇ ਮੈਂ ਬੈਥਲ ਵਿਚ ਰਹਿਣ ਦਾ ਫ਼ੈਸਲਾ ਕੀਤਾ। ਬੈਥਲ ਵਿਚ ਦਸ ਸਾਲ ਗੁਜ਼ਾਰਨ ਤੋਂ ਬਾਅਦ ਮੈਨੂੰ ਲੱਗਦਾ ਕਿ ਮੈਂ ਇੱਥੇ ਰਹਿ ਕੇ ਆਪਣੇ ਭੈਣਾਂ-ਭਰਾਵਾਂ ਦੀ ਸੇਵਾ ਕਰਾਂ।”

ਜਦੋਂ ਮਨ ਬਦਲਣਾ ਜ਼ਰੂਰੀ ਹੁੰਦਾ ਹੈ

ਤੁਹਾਨੂੰ ਯਾਦ ਹੋਣਾ ਜਦੋਂ ਕਇਨ ਆਪਣੇ ਭਰਾ ਨਾਲ ਈਰਖਾ ਕਰਨ ਲੱਗ ਪਿਆ ਸੀ ਤੇ ਗੁੱਸੇ ਦੀ ਅੱਗ ਵਿਚ ਮੱਚ  ਰਿਹਾ ਸੀ, ਤਾਂ ਉਸ ਨਾਲ ਕੀ ਹੋਇਆ ਸੀ। ਪਰਮੇਸ਼ੁਰ ਨੇ ਕਇਨ ਨੂੰ ਕਿਹਾ ਸੀ ਕਿ ਜੇ ਉਹ ਸਹੀ ਕੰਮ ਕਰੇ, ਤਾਂ ਉਹ ਉਸ ਉੱਤੇ ਦੁਬਾਰਾ ਮਿਹਰ ਕਰੇਗਾ। ਪਰਮੇਸ਼ੁਰ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਪਾਪ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦੇਵੇ ਜੋ “ਬੂਹੇ ਉੱਤੇ ਛੈਹ ਵਿੱਚ ਬੈਠਾ” ਸੀ। ਕਇਨ ਆਪਣਾ ਰਵੱਈਆ ਅਤੇ ਮਨ ਬਦਲ ਸਕਦਾ ਸੀ, ਪਰ ਉਸ ਨੇ ਪਰਮੇਸ਼ੁਰ ਦੀ ਸਲਾਹ ਨੂੰ ਨਜ਼ਰਅੰਦਾਜ਼ ਕੀਤਾ। ਦੁੱਖ ਦੀ ਗੱਲ ਹੈ ਕਿ ਕਇਨ ਨੇ ਆਪਣੇ ਭਰਾ ਨੂੰ ਮਾਰ ਦਿੱਤਾ ਤੇ ਉਹ ਪਹਿਲਾ ਕਾਤਲ ਬਣਿਆ।ਉਤ. 4:2-8.

ਜੇ ਕਇਨ ਨੇ ਆਪਣਾ ਮਨ ਬਦਲ ਲਿਆ ਹੁੰਦਾ, ਤਾਂ . . .?

ਰਾਜਾ ਉਜ਼ੀਯਾਹ ਦੀ ਮਿਸਾਲ ’ਤੇ ਵੀ ਗੌਰ ਕਰੋ। ਪਹਿਲਾਂ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਦਾ ਸੀ ਤੇ ਹਮੇਸ਼ਾ ਉਸ ਦਾ ਕਹਿਣਾ ਮੰਨਦਾ ਸੀ। ਪਰ ਅਫ਼ਸੋਸ ਉਜ਼ੀਯਾਹ ਨੇ ਘਮੰਡੀ ਬਣ ਕੇ ਆਪਣੇ ਸਾਰੇ ਚੰਗੇ ਕੰਮਾਂ ’ਤੇ ਪਾਣੀ ਫੇਰ ਦਿੱਤਾ! ਭਾਵੇਂ ਉਹ ਪੁਜਾਰੀ ਨਹੀਂ ਸੀ, ਫਿਰ ਵੀ ਉਹ ਧੂਪ ਧੁਖਾਉਣ ਮੰਦਰ ਵਿਚ ਗਿਆ। ਜਦੋਂ ਪੁਜਾਰੀਆਂ ਨੇ ਉਸ ਨੂੰ ਇਸ ਗੁਸਤਾਖ਼ੀ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਕੀ ਉਸ ਨੇ ਆਪਣਾ ਮਨ ਬਦਲਿਆ? ਨਹੀਂ। ਇਸ ਦੀ ਬਜਾਇ, ਉਹ “ਗੁੱਸੇ ਹੋਇਆ” ਅਤੇ ਪੁਜਾਰੀਆਂ ਦੀ ਚੇਤਾਵਨੀ ਅਣਸੁਣੀ ਕੀਤੀ। ਇਸ ਕਰਕੇ ਯਹੋਵਾਹ ਨੇ ਉਸ ਨੂੰ ਕੋੜ੍ਹ ਲਾ ਦਿੱਤਾ।2 ਇਤ. 26:3-5, 16-20.

ਜੀ ਹਾਂ, ਕਈ ਵਾਰ ਸਾਡੇ ਲਈ ਆਪਣਾ ਮਨ ਬਦਲਣਾ ਬਹੁਤ ਜ਼ਰੂਰੀ ਹੁੰਦਾ ਹੈ। ਜ਼ੋਕੀਮ ਦੀ ਮਿਸਾਲ ’ਤੇ ਗੌਰ ਕਰੋ। ਉਸ ਨੇ 1955 ਵਿਚ ਬਪਤਿਸਮਾ ਲਿਆ ਸੀ, ਪਰ 1978 ਵਿਚ ਉਸ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ। 20 ਸਾਲ ਬਾਅਦ ਉਸ ਨੇ ਤੋਬਾ ਕੀਤੀ ਅਤੇ ਉਸ ਨੂੰ ਯਹੋਵਾਹ ਦੇ ਗਵਾਹ ਦੇ ਤੌਰ ਤੇ ਮੰਡਲੀ ਵਿਚ ਮੁੜ ਬਹਾਲ ਕੀਤਾ ਗਿਆ। ਹਾਲ ਹੀ ਵਿਚ ਇਕ ਬਜ਼ੁਰਗ ਨੇ ਉਸ ਨੂੰ ਪੁੱਛਿਆ ਕਿ ਉਸ ਨੇ ਮੰਡਲੀ ਵਿਚ ਦੁਬਾਰਾ ਆਉਣ ਲਈ ਇੰਨੇ ਸਾਲ ਕਿਉਂ ਲੰਘਾ ਦਿੱਤੇ। ਜ਼ੋਕੀਮ ਕਹਿੰਦਾ ਹੈ: “ਮੇਰੇ ਅੰਦਰ ਗੁੱਸਾ ਤੇ ਘਮੰਡ ਸੀ। ਪਰ ਮੈਨੂੰ ਪਛਤਾਵਾ ਹੈ ਕਿ ਮੈਂ ਇੰਨੇ ਸਾਲ ਲੰਘਾ ਦਿੱਤੇ। ਇਨ੍ਹਾਂ ਸਾਲਾਂ ਦੌਰਾਨ ਮੈਨੂੰ ਪਤਾ ਸੀ ਕਿ ਯਹੋਵਾਹ ਦੇ ਗਵਾਹ ਹੀ ਸੱਚਾਈ ਸਿਖਾਉਂਦੇ ਹਨ।” ਉਸ ਨੂੰ ਆਪਣਾ ਰਵੱਈਆ ਬਦਲ ਕੇ ਤੋਬਾ ਕਰਨ ਦੀ ਲੋੜ ਸੀ।

ਸਾਨੂੰ ਵੀ ਕੁਝ ਹਾਲਾਤਾਂ ਵਿਚ ਆਪਣਾ ਮਨ ਬਦਲਣ ਦੀ ਲੋੜ ਪੈ ਸਕਦੀ ਹੈ। ਆਓ ਆਪਾਂ ਇਸ ਤਰ੍ਹਾਂ ਕਰਨ ਲਈ ਤਿਆਰ ਰਹੀਏ ਅਤੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰੀਏ।ਜ਼ਬੂ. 34:8.