Skip to content

Skip to table of contents

ਸਬਰ ਨਾਲ ਦੌੜ ਦੌੜੋ

ਸਬਰ ਨਾਲ ਦੌੜ ਦੌੜੋ

ਸਬਰ ਨਾਲ ਦੌੜ ਦੌੜੋ

‘ਆਓ ਅਸੀਂ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ।’—ਇਬ. 12:1.

1, 2. ਪੌਲੁਸ ਰਸੂਲ ਨੇ ਮਸੀਹੀਆਂ ਦੀ ਜ਼ਿੰਦਗੀ ਦੀ ਤੁਲਨਾ ਕਿਸ ਚੀਜ਼ ਨਾਲ ਕੀਤੀ?

ਪੂਰੀ ਦੁਨੀਆਂ ਵਿਚ ਹਰ ਸਾਲ ਲੋਕ ਮੈਰਾਥਨ ਦੀ ਦੌੜ ਵਿਚ ਹਿੱਸਾ ਲੈਂਦੇ ਹਨ। ਕਈ ਬਹੁਤ ਵਧੀਆ ਦੌੜਾਕ ਹੁੰਦੇ ਹਨ ਅਤੇ ਦੌੜ ਨੂੰ ਜਿੱਤਣਾ ਚਾਹੁੰਦੇ ਹਨ, ਪਰ ਕਈਆਂ ਨੂੰ ਪਤਾ ਹੁੰਦਾ ਹੈ ਕਿ ਉਹ ਦੌੜ ਨੂੰ ਜਿੱਤ ਨਹੀਂ ਸਕਦੇ। ਫਿਰ ਵੀ ਉਨ੍ਹਾਂ ਲਈ ਸਭ ਤੋਂ ਜ਼ਰੂਰੀ ਗੱਲ ਹੁੰਦੀ ਹੈ ਕਿ ਉਹ ਕਿਸੇ ਤਰੀਕੇ ਨਾਲ ਦੌੜ ਨੂੰ ਪੂਰਾ ਕਰ ਲੈਣ।

2 ਬਾਈਬਲ ਵਿਚ ਮਸੀਹੀਆਂ ਦੀ ਜ਼ਿੰਦਗੀ ਦੀ ਤੁਲਨਾ ਇਕ ਦੌੜ ਨਾਲ ਕੀਤੀ ਗਈ ਹੈ। ਪੌਲੁਸ ਰਸੂਲ ਨੇ ਕੁਰਿੰਥੀ ਮਸੀਹੀਆਂ ਨੂੰ ਲਿਖੀ ਆਪਣੀ ਪਹਿਲੀ ਚਿੱਠੀ ਵਿਚ ਇਸ ਦੌੜ ਦਾ ਜ਼ਿਕਰ ਕੀਤਾ। ਉਸ ਨੇ ਲਿਖਿਆ: “ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸੱਭੇ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ? ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ।”—1 ਕੁਰਿੰ. 9:24.

3. ਪੌਲੁਸ ਨੇ ਕਿਉਂ ਕਿਹਾ ਕਿ ਸਿਰਫ਼ ਇੱਕੋ ਜਣਾ ਹੀ ਇਨਾਮ ਨੂੰ ਜਿੱਤੇਗਾ?

3 ਜਦੋਂ ਪੌਲੁਸ ਨੇ ਕਿਹਾ ਕਿ ਸਿਰਫ਼ ਇਕ ਜਣਾ ਹੀ ਇਨਾਮ ਜਿੱਤੇਗਾ, ਤਾਂ ਕੀ ਇਸ ਦਾ ਮਤਲਬ ਇਹ ਸੀ ਕਿ ਸਿਰਫ਼ ਇਕ ਹੀ ਮਸੀਹੀ ਨੂੰ ਜ਼ਿੰਦਗੀ ਦਾ ਇਨਾਮ ਮਿਲੇਗਾ? ਬਿਲਕੁਲ ਨਹੀਂ। ਇੱਥੇ ਉਹ ਉਨ੍ਹਾਂ ਕਾਰਨਾਂ ਬਾਰੇ ਦੱਸ ਰਿਹਾ ਸੀ ਜਿਸ ਕਰਕੇ ਦੌੜਾਕ ਦੌੜਦੇ ਹਨ। ਕੁਰਿੰਥੁਸ ਦੇ ਮਸੀਹੀਆਂ ਨੂੰ ਪਤਾ ਸੀ ਕਿ ਭਾਵੇਂ ਇਨਾਮ ਸਿਰਫ਼ ਇਕ ਨੂੰ ਮਿਲਣਾ ਸੀ, ਪਰ ਫਿਰ ਵੀ ਸਾਰੇ ਦੌੜਾਕ ਜਿੱਤਣ ਦੇ ਇਰਾਦੇ ਨਾਲ ਦੌੜਦੇ ਸਨ। ਇਸੇ ਲਈ ਸਾਰੇ ਜਣੇ ਚੰਗੀ ਤਰ੍ਹਾਂ ਤਿਆਰੀ ਕਰਦੇ ਸਨ ਅਤੇ ਆਪਣੇ ਵੱਲੋਂ ਪੂਰੀ ਵਾਹ ਲਾਉਂਦੇ ਸਨ। ਪੌਲੁਸ ਚਾਹੁੰਦਾ ਸੀ ਕਿ ਉਸ ਦੇ ਭੈਣ-ਭਰਾ ਵੀ ਪੂਰੀ ਵਾਹ ਲਾਹ ਕੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਅਤੇ ਆਪਣੀ ਦੌੜ ਨੂੰ ਪੂਰਾ ਕਰਨ। ਜੇ ਅਸੀਂ ਸਾਰੇ ਉਸ ਦੀ ਸਲਾਹ ’ਤੇ ਚੱਲਾਂਗੇ, ਤਾਂ ਅਸੀਂ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਪਾ ਸਕਾਂਗੇ।

4. ਸਾਨੂੰ ਮਸੀਹੀ ਦੌੜ ਬਾਰੇ ਕੀ ਜਾਣਨ ਦੀ ਲੋੜ ਹੈ?

4 ਉੱਪਰਲੇ ਸ਼ਬਦ ਸਾਨੂੰ ਹੌਸਲਾ ਦਿੰਦੇ ਹਨ ਅਤੇ ਸੋਚਣ ਲਈ ਮਜਬੂਰ ਕਰਦੇ ਹਨ ਕਿ ਅੱਜ ਅਸੀਂ ਆਪਣੀ ਜ਼ਿੰਦਗੀ ਕਿਵੇਂ ਜੀ ਰਹੇ ਹਾਂ। ਜੇ ਅਸੀਂ ਯਹੋਵਾਹ ਦੀ ਮਰਜ਼ੀ ਮੁਤਾਬਕ ਜ਼ਿੰਦਗੀ ਜੀਵਾਂਗੇ, ਤਾਂ ਸਾਡੇ ਕੋਲ ਧਰਤੀ ’ਤੇ ਜਾਂ ਸਵਰਗ ਵਿਚ ਹਮੇਸ਼ਾ ਦੀ ਜ਼ਿੰਦਗੀ ਜੀਣ ਦਾ ਸ਼ਾਨਦਾਰ ਮੌਕਾ ਹੈ। ਪਰ ਮਸੀਹੀਆਂ ਦੀ ਜ਼ਿੰਦਗੀ ਇਕ ਲੰਬੀ ਦੌੜ ਵਰਗੀ ਹੈ ਜਿਸ ਵਿਚ ਬਹੁਤ ਸਾਰੇ ਖ਼ਤਰੇ ਹਨ। ਅੱਜ ਵੀ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਯਹੋਵਾਹ ਦੀ ਸੇਵਾ ਕਰਨ ਵਿਚ ਢਿੱਲੇ ਪਾ ਸਕਦੀਆਂ ਹਨ ਜਾਂ ਰੋਕ ਸਕਦੀਆਂ ਹਨ। (ਮੱਤੀ 7:13, 14) ਯਹੋਵਾਹ ਦੇ ਕਈ ਸੇਵਕਾ ਨਾਲ ਕੁਝ ਇੱਦਾਂ ਹੀ ਵਾਪਰਿਆ ਹੈ। ਆਓ ਆਪਾਂ ਇਨ੍ਹਾਂ ਸਵਾਲਾਂ ਉੱਤੇ ਗੌਰ ਕਰੀਏ: ਜ਼ਿੰਦਗੀ ਦੀ ਦੌੜ ਵਿਚ ਕਿਹੜੇ ਫੰਦੇ ਅਤੇ ਖ਼ਤਰੇ ਹਨ? ਤੁਸੀਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹੋ? ਤੁਸੀਂ ਆਪਣੀ ਦੌੜ ਨੂੰ ਪੂਰਾ ਕਰ ਕੇ ਕਿਵੇਂ ਜਿੱਤ ਸਕਦੇ ਹੋ?

ਜਿੱਤਣ ਲਈ ਸਬਰ ਦੀ ਲੋੜ ਹੈ

5. ਪੌਲੁਸ ਨੇ ਇਬਰਾਨੀਆਂ 12:1 ਵਿਚ ਕੀ ਸਮਝਾਇਆ?

5 ਕੁਝ ਸਮੇਂ ਬਾਅਦ ਪੌਲੁਸ ਨੇ ਯਰੂਸ਼ਲਮ ਅਤੇ ਯਹੂਦਾ ਦੇ ਮਸੀਹੀਆਂ ਨੂੰ ਚਿੱਠੀ ਲਿਖੀ ਜਿਸ ਵਿਚ ਉਸ ਨੇ ਦੁਬਾਰਾ ਤੋਂ ਇਸ ਦੌੜ ਦਾ ਜ਼ਿਕਰ ਕੀਤਾ। (ਇਬਰਾਨੀਆਂ 12:1 ਪੜ੍ਹੋ।) ਉਸ ਨੇ ਸਮਝਾਇਆ ਕਿ ਮਸੀਹੀਆਂ ਨੂੰ ਲਗਾਤਾਰ ਦੌੜ ਕਿਉਂ ਦੌੜਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਆਪਣੀ ਦੌੜ ਪੂਰੀ ਕਰਨ ਲਈ ਕੀ ਕਰਨਾ ਚਾਹੀਦਾ ਹੈ। ਪਹਿਲਾਂ ਅਸੀਂ ਦੇਖਾਂਗੇ ਕਿ ਪੌਲੁਸ ਨੇ ਇਬਰਾਨੀਆਂ ਨੂੰ ਇਹ ਚਿੱਠੀ ਕਿਉਂ ਲਿਖੀ ਅਤੇ ਉਹ ਅਸਲ ਵਿਚ ਉਨ੍ਹਾਂ ਨੂੰ ਕੀ ਕਹਿਣਾ ਚਾਹੁੰਦਾ ਸੀ। ਫਿਰ ਅਸੀਂ ਦੇਖਾਂਗੇ ਕਿ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ।

6. ਧਾਰਮਿਕ ਆਗੂਆਂ ਨੇ ਮਸੀਹੀਆਂ ਨਾਲ ਕੀ ਸਲੂਕ ਕੀਤਾ?

6 ਪਹਿਲੀ ਸਦੀ ਵਿਚ ਖ਼ਾਸਕਰ ਯਰੂਸ਼ਲਮ ਅਤੇ ਯਹੂਦਾ ਵਿਚ ਰਹਿੰਦੇ ਮਸੀਹੀਆਂ ਨੂੰ ਕਈ ਸਤਾਹਟਾਂ ਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਕਿਉਂਕਿ ਯਹੂਦੀ ਧਾਰਮਿਕ ਆਗੂ, ਲੋਕਾਂ ਨੂੰ ਆਪਣੀ ਮੁੱਠੀ ਵਿਚ ਰੱਖਣਾ ਚਾਹੁੰਦੇ ਸਨ। 30 ਕੁ ਸਾਲ ਪਹਿਲਾਂ ਉਨ੍ਹਾਂ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਯਿਸੂ ਮਸੀਹ ਸਰਕਾਰ ਦੇ ਖ਼ਿਲਾਫ਼ ਸੀ ਤੇ ਇਕ ਅਪਰਾਧੀ ਵਜੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਯਿਸੂ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਉਹ ਰੋਕ ਰਹੇ ਸਨ। ਰਸੂਲਾਂ ਦੇ ਕਰਤੱਬ ਨਾਂ ਦੀ ਕਿਤਾਬ ਸਾਨੂੰ ਦੱਸਦੀ ਹੈ ਕਿ ਪੰਤੇਕੁਸਤ 33 ਈਸਵੀ ਤੋਂ ਬਾਅਦ ਮਸੀਹੀਆਂ ਨਾਲ ਕੀ ਕੁਝ ਵਾਪਰਿਆ। ਇਨ੍ਹਾਂ ਆਗੂਆਂ ਨੇ ਮਸੀਹੀਆਂ ਨੂੰ ਪ੍ਰਚਾਰ ਕਰਨ ਤੋਂ ਰੋਕਣ ਲਈ ਉਨ੍ਹਾਂ ’ਤੇ ਕਈ ਵਾਰ ਹਮਲੇ ਕੀਤੇ। ਇਸ ਕਰਕੇ ਵਫ਼ਾਦਾਰ ਮਸੀਹੀਆਂ ਦੀ ਜ਼ਿੰਦਗੀ ਬੜੀ ਔਖੀ ਸੀ।—ਰਸੂ. 4:1-3; 5:17, 18; 6:8-12; 7:59; 8:1, 3.

7. ਮਸੀਹੀਆਂ ਉੱਤੇ ਕਿਹੜੇ ਬੁਰੇ ਸਮੇਂ ਆਉਣ ਵਾਲੇ ਸਨ ਜਿਨ੍ਹਾਂ ਨੂੰ ਪੌਲੁਸ ਨੇ ਚਿੱਠੀ ਲਿਖੀ ਸੀ?

7 ਮਸੀਹੀਆਂ ਦੀ ਜ਼ਿੰਦਗੀ ਇਸ ਕਰਕੇ ਵੀ ਔਖੀ ਸੀ ਕਿਉਂਕਿ ਯਰੂਸ਼ਲਮ ਦੀ ਤਬਾਹੀ ਦਾ ਸਮਾਂ ਨੇੜੇ ਸੀ। ਯਿਸੂ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਪਰਮੇਸ਼ੁਰ ਯਰੂਸ਼ਲਮ ਨੂੰ ਤਬਾਹ ਕਰਨ ਜਾ ਰਿਹਾ ਸੀ। ਇਸ ਦੇ ਨਾਲ-ਨਾਲ ਉਸ ਨੇ ਇਹ ਵੀ ਦੱਸਿਆ ਕਿ ਤਬਾਹੀ ਤੋਂ ਪਹਿਲਾਂ ਕੀ-ਕੀ ਹੋਵੇਗਾ ਅਤੇ ਉਨ੍ਹਾਂ ਨੂੰ ਬਚਣ ਲਈ ਕੀ ਕੁਝ ਕਰਨ ਦੀ ਲੋੜ ਸੀ। (ਲੂਕਾ 21:20-22 ਪੜ੍ਹੋ।) ਯਿਸੂ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ!”—ਲੂਕਾ 21:34.

8. ਕਿਸ ਗੱਲ ਕਰਕੇ ਕੁਝ ਮਸੀਹੀ ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈ ਗਏ ਜਾਂ ਉਸ ਦੀ ਸੇਵਾ ਕਰਨੀ ਬੰਦ ਕਰ ਦਿੱਤੀ?

8 ਯਿਸੂ ਦੀ ਇਸ ਚੇਤਾਵਨੀ ਨੂੰ ਤਕਰੀਬਨ 30 ਸਾਲ ਹੋ ਚੁੱਕੇ ਸਨ ਜਦੋਂ ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਇਹ ਚਿੱਠੀ ਲਿਖੀ। ਪਰ ਇਨ੍ਹਾਂ 30 ਸਾਲਾਂ ਦੌਰਾਨ ਮਸੀਹੀਆਂ ਨਾਲ ਕੀ ਵਾਪਰਿਆ? ਜ਼ਿੰਦਗੀ ਦੀਆਂ ਚਿੰਤਾਵਾਂ ਕਰਕੇ ਕਈਆਂ ਨੇ ਸਿੱਖਣਾ ਬੰਦ ਕਰ ਦਿੱਤਾ ਅਤੇ ਆਪਣਾ ਰਿਸ਼ਤਾ ਯਹੋਵਾਹ ਨਾਲੋਂ ਤੋੜ ਲਿਆ। (ਇਬ. 5:11-14) ਦੂਜੇ ਪਾਸੇ ਕਈ ਮਸੀਹੀਆਂ ਨੇ ਸ਼ਾਇਦ ਸੋਚਿਆ ਹੋਣਾ ਕਿ ਯਹੂਦੀ ਲੋਕਾਂ ਵਾਂਗ ਜ਼ਿੰਦਗੀ ਜੀ ਕੇ ਉਹ ਵੀ ਸੁਖੀ ਰਹਿਣਗੇ। ਉਨ੍ਹਾਂ ਨੇ ਸੋਚਿਆ ਹੋਣਾ ਕਿ ਇੱਦਾਂ ਕਰਨਾ ਗ਼ਲਤ ਨਹੀਂ ਸੀ ਕਿਉਂਕਿ ਯਹੂਦੀ ਅਜੇ ਵੀ ਪਰਮੇਸ਼ੁਰ ਅਤੇ ਮੂਸਾ ਦੇ ਹੁਕਮਾਂ ਨੂੰ ਮੰਨਦੇ ਸਨ। ਨਾਲੇ ਕਲੀਸਿਯਾਵਾਂ ਵਿਚ ਅਜਿਹੇ ਲੋਕ ਸਨ ਜੋ ਮੂਸਾ ਦੇ ਹੁਕਮ ਅਤੇ ਯਹੂਦੀ ਰੀਤੀ-ਰਿਵਾਜਾਂ ਨੂੰ ਮੰਨਣ ਲਈ ਦੂਜਿਆਂ ਨੂੰ ਮਜਬੂਰ ਕਰ ਰਹੇ ਸਨ। ਕਈ ਮਸੀਹੀ ਡਰ ਦੇ ਮਾਰੇ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਏ। ਪੌਲੁਸ ਨੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਅਤੇ ਮਸੀਹ ਵਰਗੀ ਜ਼ਿੰਦਗੀ ਜੀਣ ਲਈ ਕਿਵੇਂ ਹੱਲਾਸ਼ੇਰੀ ਦਿੱਤੀ?

9, 10. (ੳ) ਇਬਰਾਨੀਆਂ ਦੇ 10ਵੇਂ ਅਧਿਆਇ ਦੇ ਅਖ਼ੀਰ ਵਿਚ ਪੌਲੁਸ ਨੇ ਕਿਹੜੀ ਗੱਲ ਕਹੀ? (ਅ) ਪੌਲੁਸ ਨੇ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਸੇਵਕਾਂ ਦੀ ਮਿਸਾਲ ਕਿਉਂ ਦਿੱਤੀ?

9 ਗੌਰ ਕਰੋ ਕਿ ਯਹੋਵਾਹ ਨੇ ਪੌਲੁਸ ਦੀ ਮਦਦ ਕੀਤੀ ਕਿ ਉਹ ਇਬਰਾਨੀ ਮਸੀਹੀਆਂ ਦਾ ਹੌਸਲਾ ਵਧਾ ਸਕੇ। 10ਵੇਂ ਅਧਿਆਇ ਵਿਚ ਪਹਿਲਾਂ ਪੌਲੁਸ ਨੇ ਇਹ ਸਮਝਾਇਆ ਕਿ ਸ਼ਰਾ ‘ਚੰਗੀਆਂ ਵਸਤਾਂ ਦਾ ਪਰਛਾਵਾਂ ਹੈ’ ਅਤੇ ਫਿਰ ਉਸ ਨੇ ਸਮਝਾਇਆ ਕਿ ਸਿਰਫ਼ ਯਿਸੂ ਦੀ ਕੁਰਬਾਨੀ ਦੇ ਜ਼ਰੀਏ ਹੀ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾ ਸਕਦੇ ਸਨ। ਅਧਿਆਇ ਦੇ ਅਖ਼ੀਰ ਵਿਚ ਪੌਲੁਸ ਨੇ ਸਲਾਹ ਦਿੱਤੀ: ‘ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਭਈ ਤੁਸੀਂ ਪਰਮੇਸ਼ੁਰ ਦੀ ਇੱਛਿਆ ਨੂੰ ਪੂਰਿਆਂ ਕਰ ਕੇ ਵਾਇਦੇ ਨੂੰ ਪਰਾਪਤ ਕਰੋ। ਇਹ ਲਿਖਿਆ ਹੈ: ਹੁਣ ਥੋੜਾ ਜਿਹਾ ਚਿਰ ਹੈ, ਜੋ ਆਉਣ ਵਾਲਾ ਆਵੇਗਾ, ਅਤੇ ਚਿਰ ਨਾ ਲਾਵੇਗਾ।’—ਇਬ. 10:1, 36, 37.

10ਇਬਰਾਨੀਆਂ ਦੇ 11ਵੇਂ ਅਧਿਆਇ ਵਿਚ ਪੌਲੁਸ ਨੇ ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ ਕਿ ਪਰਮੇਸ਼ੁਰ ਉੱਤੇ ਸੱਚੀ ਨਿਹਚਾ ਰੱਖਣ ਦਾ ਕੀ ਮਤਲਬ ਹੈ। ਇਸ ਦੇ ਲਈ ਉਸ ਨੇ ਪੁਰਾਣੇ ਜ਼ਮਾਨੇ ਦੇ ਕਈ ਵਫ਼ਾਦਾਰ ਸੇਵਕਾਂ ਦੀ ਮਿਸਾਲ ਦਿੱਤੀ। ਉਸ ਨੇ ਸਬਰ ਦੇ ਗੁਣ ਬਾਰੇ ਦੱਸਣ ਤੋਂ ਪਹਿਲਾਂ ਉਨ੍ਹਾਂ ਦੀ ਮਿਸਾਲ ਕਿਉਂ ਦਿੱਤੀ? ਕਿਉਂਕਿ ਉਹ ਜਾਣਦਾ ਸੀ ਕਿ ਭੈਣਾਂ-ਭਰਾਵਾਂ ਨੂੰ ਯਹੋਵਾਹ ਉੱਤੇ ਨਿਹਚਾ ਦਿਖਾਉਣ ਲਈ ਸਬਰ ਰੱਖਣ ਅਤੇ ਦਲੇਰ ਬਣਨ ਦੀ ਲੋੜ ਸੀ। ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ’ਤੇ ਗੌਰ ਕਰ ਕੇ ਇਬਰਾਨੀ ਮਸੀਹੀ ਅਜ਼ਮਾਇਸ਼ਾਂ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਹਿੰਮਤ ਨਾਲ ਕਰ ਸਕਦੇ ਸਨ। ਇਸ ਲਈ ਇਨ੍ਹਾਂ ਸੇਵਕਾਂ ਬਾਰੇ ਪੌਲੁਸ ਕਹਿ ਸਕਿਆ: “ਉਪਰੰਤ ਜਦੋਂ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ।”—ਇਬ. 12:1.

‘ਗਵਾਹਾਂ ਦਾ ਬੱਦਲ’

11. ਜਦੋਂ ਅਸੀਂ ਗਵਾਹਾਂ ਦੇ ਵੱਡੇ ਬੱਦਲ ਬਾਰੇ ਸੋਚਦੇ ਹਾਂ, ਤਾਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

11 ਪੌਲੁਸ ਨੇ ਕਿਹਾ ਕਿ ਮਸੀਹੀਆਂ ਦੇ ਜ਼ਮਾਨੇ ਤੋਂ ਪਹਿਲਾਂ ਯਹੋਵਾਹ ਦੀ ਸੇਵਾ ਕਰਨ ਵਾਲੇ ਸੇਵਕ, ਗਵਾਹਾਂ ਦਾ ਉਹ ਵੱਡਾ ਬੱਦਲ ਸਨ ਜਿਸ ਨੇ ਸਾਨੂੰ ਘੇਰਿਆ ਹੋਇਆ ਹੈ। ਉਹ ਮੌਤ ਤਕ ਯਹੋਵਾਹ ਦੇ ਵਫ਼ਾਦਾਰ ਰਹੇ ਅਤੇ ਉਨ੍ਹਾਂ ਦੀ ਮਿਸਾਲ ਦਿਖਾਉਂਦੀ ਹੈ ਕਿ ਅੱਜ ਵੀ ਮਸੀਹੀ ਮੁਸ਼ਕਲ ਹਾਲਾਤਾਂ ਵਿਚ ਯਹੋਵਾਹ ਦੇ ਵਫ਼ਾਦਾਰ ਰਹਿ ਸਕਦੇ ਹਨ। ਇਹ ਗਵਾਹ ਉਨ੍ਹਾਂ ਦੌੜਾਕਾਂ ਵਰਗੇ ਸਨ ਜਿਨ੍ਹਾਂ ਨੇ ਆਪਣੀ ਦੌੜ ਪੂਰੀ ਕਰ ਲਈ ਸੀ। ਉਨ੍ਹਾਂ ਦੀ ਵਧੀਆ ਮਿਸਾਲ ਹੋਰਨਾਂ ਨੂੰ ਦੌੜ ਦੌੜਦੇ ਰਹਿਣ ਲਈ ਉਤਸ਼ਾਹ ਦਿੰਦੀ ਹੈ। ਜ਼ਰਾ ਸੋਚੋ ਕਿ ਜੇ ਤੁਸੀਂ ਸੱਚ-ਮੁੱਚ ਦੀ ਦੌੜ ਵਿਚ ਸ਼ਾਮਲ ਹੁੰਦੇ ਅਤੇ ਚੰਗੇ ਦੌੜਾਕ ਭੀੜ ਵਿਚ ਬੈਠ ਕੇ ਤੁਹਾਡਾ ਹੌਸਲਾ ਵਧਾ ਰਹੇ ਹੁੰਦੇ, ਤਾਂ ਕੀ ਤੁਸੀਂ ਦੌੜ ਪੂਰੀ ਕਰਨ ਲਈ ਆਪਣੀ ਪੂਰੀ ਵਾਹ ਨਹੀਂ ਲਾਉਂਦੇ? ਸੋ ਇਬਰਾਨੀ ਮਸੀਹੀਆਂ ਨੂੰ ਪੁਰਾਣੇ ਜ਼ਮਾਨੇ ਦੇ ਸੇਵਕਾਂ ਦੀ ਮਿਸਾਲ ਬਾਰੇ ਲਗਾਤਾਰ ਸੋਚਦੇ ਰਹਿਣ ਦੀ ਲੋੜ ਸੀ। ਉਨ੍ਹਾਂ ਦੀ ਮਿਸਾਲ ਨਾ ਸਿਰਫ਼ ਮਸੀਹੀਆਂ ਨੂੰ ਉਤਸ਼ਾਹ ਦੇ ਸਕਦੀ ਸੀ, ਪਰ ਇਹ ਵੀ ਯਾਦ ਦਿਲਾ ਸਕਦੀ ਸੀ ਕਿ ਉਹ ਵੀ ਆਪਣੀ ‘ਦੌੜ ਨੂੰ ਸਬਰ ਨਾਲ ਦੌੜ’ ਕੇ ਪੂਰੀ ਕਰ ਸਕਦੇ ਸਨ। ਅਸੀਂ ਵੀ ਇੱਦਾਂ ਕਰ ਸਕਦੇ ਹਾਂ।

12. ਪੌਲੁਸ ਨੇ ਜਿਹੜੀਆਂ ਮਿਸਾਲਾਂ ਦਿੱਤੀਆਂ, ਉਨ੍ਹਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

12 ਪੌਲੁਸ ਨੇ ਜਿਨ੍ਹਾਂ ਸੇਵਕਾਂ ਦੀ ਨਿਹਚਾ ਦੀ ਗੱਲ ਕੀਤੀ, ਅਸੀਂ ਉਨ੍ਹਾਂ ਤੋਂ ਸਿੱਖ ਸਕਦੇ ਹਾਂ ਕਿਉਂਕਿ ਉਹ ਵੀ ਸਾਡੇ ਵਰਗੇ ਸਨ। ਮਿਸਾਲ ਲਈ, ਨੂਹ ਉਸ ਜ਼ਮਾਨੇ ਵਿਚ ਰਹਿ ਰਿਹਾ ਸੀ ਜਦੋਂ ਯਹੋਵਾਹ ਪਾਪੀ ਲੋਕਾਂ ਨੂੰ ਜਲ-ਪਰਲੋ ਨਾਲ ਖ਼ਤਮ ਕਰਨ ਵਾਲਾ ਸੀ। ਅੱਜ ਅਸੀਂ ਵੀ ਉਸ ਸਮੇਂ ਵਿਚ ਜੀ ਰਹੇ ਹਾਂ ਜਦੋਂ ਯਹੋਵਾਹ, ਸ਼ਤਾਨ ਦੀ ਇਸ ਪਾਪੀ ਦੁਨੀਆਂ ਨੂੰ ਖ਼ਤਮ ਕਰਨ ਵਾਲਾ ਹੈ। ਯਹੋਵਾਹ ਨੇ ਅਬਰਾਹਾਮ ਅਤੇ ਸਾਰਾਹ ਨੂੰ ਉਸ ਦੀ ਸੇਵਾ ਕਰਨ ਲਈ ਆਪਣਾ ਘਰ-ਬਾਰ ਛੱਡਣ ਲਈ ਕਿਹਾ। ਹੁਣ ਉਨ੍ਹਾਂ ਨੇ ਯਹੋਵਾਹ ਦੇ ਵਾਅਦਿਆਂ ਦੇ ਪੂਰਾ ਹੋਣ ਦੀ ਉਡੀਕ ਕਰਨੀ ਸੀ। ਇਸੇ ਤਰ੍ਹਾਂ ਯਹੋਵਾਹ ਸਾਨੂੰ ਕਹਿੰਦਾ ਹੈ ਕਿ ਸਾਨੂੰ ਆਪਣੇ ਲਈ ਨਹੀਂ, ਸਗੋਂ ਉਸ ਲਈ ਜੀਣਾ ਚਾਹੀਦਾ ਹੈ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਯਹੋਵਾਹ ਸਾਡੇ ਨਾਲ ਵਾਅਦਾ ਕਰਦਾ ਹੈ ਕਿ ਉਹ ਸਾਡਾ ਦੋਸਤ ਬਣਿਆ ਰਹੇਗਾ ਤੇ ਸਾਡੀ ਝੋਲੀ ਬਰਕਤਾਂ ਨਾਲ ਭਰ ਦੇਵੇਗਾ। ਮੂਸਾ ਨੂੰ ਵਾਅਦਾ ਕੀਤੇ ਹੋਏ ਦੇਸ਼ ਤਕ ਪਹੁੰਚਣ ਲਈ ਕਈ ਮੁਸ਼ਕਲਾਂ ਵਿੱਚੋਂ ਦੀ ਲੰਘਣਾ ਪਿਆ। ਇਸ ਬੁਰੀ ਦੁਨੀਆਂ ਵਿਚ ਰਹਿੰਦੇ ਹੋਏ ਅੱਜ ਅਸੀਂ ਵੀ ਯਹੋਵਾਹ ਦੁਆਰਾ ਵਾਅਦਾ ਕੀਤੀ ਹੋਈ ਨਵੀਂ ਦੁਨੀਆਂ ਦੀ ਉਡੀਕ ਕਰ ਰਹੇ ਹਾਂ। ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਵਫ਼ਾਦਾਰ ਸੇਵਕਾਂ ਦੀ ਜ਼ਿੰਦਗੀ ਬਾਰੇ ਸੋਚ-ਵਿਚਾਰ ਕਰੀਏ ਕਿ ਉਹ ਕਿਨ੍ਹਾਂ ਹਾਲਾਤਾਂ ਵਿੱਚੋਂ ਗੁਜ਼ਰੇ, ਉਨ੍ਹਾਂ ਨੂੰ ਕਿਹੜੀਆਂ ਕਾਮਯਾਬੀਆਂ ਤੇ ਨਾਕਾਮਯਾਬੀਆਂ ਮਿਲੀਆਂ, ਉਨ੍ਹਾਂ ਵਿਚ ਕਿਹੜੀਆਂ ਖੂਬੀਆਂ ਤੇ ਕਮਜ਼ੋਰੀਆਂ ਸਨ।—ਰੋਮੀ. 15:4; 1 ਕੁਰਿੰ. 10:11.

ਉਹ ਮੰਜ਼ਲ ਤਕ ਪਹੁੰਚੇ—ਕਿਵੇਂ?

13. ਨੂਹ ਦੇ ਹਾਲਾਤ ਔਖੇ ਕਿਉਂ ਸਨ ਅਤੇ ਕਿਸ ਗੱਲ ਨੇ ਉਸ ਦੀ ਇਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕੀਤੀ?

13 ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਦੌੜ ਵਿਚ ਸਬਰ ਰੱਖਣ ਅਤੇ ਇਸ ਨੂੰ ਪੂਰੀ ਕਰਨ ਵਿਚ ਕਿਸ ਗੱਲ ਨੇ ਮਦਦ ਕੀਤੀ? ਧਿਆਨ ਦਿਓ ਕਿ ਪੌਲੁਸ ਨੇ ਨੂਹ ਬਾਰੇ ਕੀ ਲਿਖਿਆ। (ਇਬਰਾਨੀਆਂ 11:7 ਪੜ੍ਹੋ।) ਨੂਹ ਨੇ ਕਦੀ ਵੀ ਮੀਂਹ ਪੈਂਦੇ ਹੋਏ ਨਹੀਂ ਦੇਖਿਆ ਸੀ ਅਤੇ ਨਾ ਹੀ ਕਦੀ ਜਲ-ਪਰਲੋ ਦੇਖੀ ਸੀ। (ਉਤ. 6:17) ਫਿਰ ਵੀ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਜਲ-ਪਰਲੋ ਨਹੀਂ ਆ ਸਕਦੀ। ਕਿਉਂ? ਕਿਉਂਕਿ ਉਸ ਨੂੰ ਯਹੋਵਾਹ ਦੀ ਕਹੀ ਹਰ ਗੱਲ ’ਤੇ ਵਿਸ਼ਵਾਸ ਸੀ। ਸੋ ਉਸ ਲਈ ਯਹੋਵਾਹ ਦੇ ਹੁਕਮ ਦੀ ਪਾਲਣਾ ਕਰਨੀ ਇੰਨੀ ਔਖੀ ਨਹੀਂ ਸੀ। ਬਾਈਬਲ ਕਹਿੰਦੀ ਹੈ: “ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਤਿਵੇਂ ਉਸ ਨੇ ਕੀਤਾ।” (ਉਤ. 6:22) ਨੂਹ ਨੇ ਕਈ ਕੰਮ ਕਰਨੇ ਸਨ ਜਿਵੇਂ ਕਿ ਕਿਸ਼ਤੀ ਬਣਾਉਣੀ, ਜਾਨਵਰਾਂ ਨੂੰ ਇਕੱਠੇ ਕਰਨਾ, ਆਪਣੇ ਪਰਿਵਾਰ ਅਤੇ ਜਾਨਵਰਾਂ ਲਈ ਭੋਜਨ ਇਕੱਠਾ ਕਰਨਾ, ਲੋਕਾਂ ਨੂੰ ਜਲ-ਪਰਲੋ ਬਾਰੇ ਚੇਤਾਵਨੀ ਦੇਣੀ ਤੇ ਆਪਣੇ ਪਰਿਵਾਰ ਦੀ ਨਿਹਚਾ ਨੂੰ ਮਜ਼ਬੂਤ ਕਰਨਾ। ਇਹ ਸਾਰੇ ਕੰਮ ਕਰਨੇ ਨੂਹ ਵਾਸਤੇ ਕੋਈ ਸੌਖੀ ਗੱਲ ਨਹੀਂ ਸੀ। ਪਰ ਫਿਰ ਵੀ ਉਹ ਯਹੋਵਾਹ ਦੇ ਕੰਮਾਂ ਵਿਚ ਲੱਗਾ ਰਿਹਾ। ਅਖ਼ੀਰ ਵਿਚ ਯਹੋਵਾਹ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬਚਾ ਕੇ ਬੇਸ਼ੁਮਾਰ ਬਰਕਤਾਂ ਦਿੱਤੀਆਂ।

14. ਕਿਨ੍ਹਾਂ ਹਾਲਾਤਾਂ ਵਿਚ ਅਬਰਾਹਾਮ ਅਤੇ ਸਾਰਾਹ ਨੇ ਨਿਹਚਾ ਦਿਖਾਈ? ਅਸੀਂ ਉਨ੍ਹਾਂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

14 ਪੌਲੁਸ ਨੇ ਅਬਰਾਹਾਮ ਅਤੇ ਸਾਰਾਹ ਦਾ ਜ਼ਿਕਰ ਕੀਤਾ ਜੋ ‘ਗਵਾਹਾਂ ਦੇ ਬੱਦਲ’ ਦਾ ਹਿੱਸਾ ਹਨ। ਇਹ ਦੋਵੇਂ ਊਰ ਨਾਂ ਦੇ ਦੇਸ਼ ਵਿਚ ਰਹਿੰਦੇ ਹੁੰਦੇ ਸਨ। ਉਨ੍ਹਾਂ ਦੀ ਜ਼ਿੰਦਗੀ ਉਸ ਸਮੇਂ ਬਦਲ ਗਈ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣਾ ਘਰ-ਬਾਰ ਛੱਡਣ ਲਈ ਕਿਹਾ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਅੱਗੇ ਉਨ੍ਹਾਂ ਨਾਲ ਕੀ ਹੋਵੇਗਾ, ਪਰ ਯਹੋਵਾਹ ਉੱਤੇ ਪੱਕੀ ਨਿਹਚਾ ਹੋਣ ਕਰਕੇ ਉਨ੍ਹਾਂ ਨੇ ਮੁਸ਼ਕਲਾਂ ਭਰੇ ਹਾਲਾਤਾਂ ਵਿਚ ਵੀ ਪਰਮੇਸ਼ੁਰ ਦੇ ਹੁਕਮ ਨੂੰ ਮੰਨਿਆ। ਬਾਈਬਲ ਦੱਸਦੀ ਹੈ ਕਿ ਅਬਰਾਹਾਮ ‘ਸਭਨਾਂ ਨਿਹਚਾ ਕਰਨ ਵਾਲਿਆਂ ਦਾ ਪਿਤਾ ਹੈ’ ਕਿਉਂਕਿ ਉਸ ਨੇ ਯਹੋਵਾਹ ਨੂੰ ਖ਼ੁਸ਼ ਕਰਨ ਲਈ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ। (ਰੋਮੀ. 4:11) ਇਬਰਾਨੀ ਮਸੀਹੀ ਅਬਰਾਹਾਮ ਅਤੇ ਸਾਰਾਹ ਦੀ ਜ਼ਿੰਦਗੀ ਬਾਰੇ ਕਾਫ਼ੀ ਕੁਝ ਪਹਿਲਾਂ ਤੋਂ ਹੀ ਜਾਣਦੇ ਸਨ, ਇਸ ਲਈ ਪੌਲੁਸ ਨੇ ਉਨ੍ਹਾਂ ਦੇ ਕੁਝ ਹੀ ਕੰਮਾਂ ਦਾ ਜ਼ਿਕਰ ਕੀਤਾ। ਇਨ੍ਹਾਂ ਥੋੜ੍ਹੀਆਂ ਜਿਹੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਨਿਹਚਾ ਕਿੰਨੀ ਜ਼ਿਆਦਾ ਮਜ਼ਬੂਤ ਸੀ। ਪੌਲੁਸ ਨੇ ਉਨ੍ਹਾਂ ਬਾਰੇ ਕਿਹਾ: “ਏਹ ਸੱਭੇ ਨਿਹਚਾ ਵਿੱਚ ਮਰ ਗਏ ਅਤੇ ਉਨ੍ਹਾਂ ਨੂੰ ਦਿੱਤੇ ਹੋਏ ਬਚਨ ਪਰਾਪਤ ਨਾ ਹੋਏ ਪਰ ਓਹ ਦੂਰੋਂ ਉਨ੍ਹਾਂ ਨੂੰ ਵੇਖ ਕੇ ਜੀ ਆਇਆਂ ਨੂੰ ਆਖਿਆ ਅਤੇ ਮੰਨ ਲਿਆ ਭਈ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ।” (ਇਬ. 11:13) ਪਰਮੇਸ਼ੁਰ ਉੱਤੇ ਉਨ੍ਹਾਂ ਦੀ ਨਿਹਚਾ ਅਤੇ ਦੋਸਤੀ ਨੇ ਸਬਰ ਨਾਲ ਦੌੜ ਦੌੜਨ ਵਿਚ ਉਨ੍ਹਾਂ ਦੀ ਮਦਦ ਕੀਤੀ।

15. ਮੂਸਾ ਨੇ ਸ਼ਾਨੋ-ਸ਼ੌਕਤ ਦੀ ਜ਼ਿੰਦਗੀ ਕਿਉਂ ਠੁਕਰਾਈ?

15 ਮੂਸਾ ਯਹੋਵਾਹ ਦਾ ਇਕ ਹੋਰ ਸੇਵਕ ਹੈ ਜੋ ‘ਗਵਾਹਾਂ ਦੇ ਬੱਦਲ’ ਦਾ ਹਿੱਸਾ ਹੈ। ਮੂਸਾ ਨੇ ਅਬਰਾਹਾਮ ਵਾਂਗ ਆਪਣਾ ਘਰ-ਬਾਰ ਛੱਡ ਦਿੱਤਾ। ਮੂਸਾ ਨੇ ਰਾਜੇ ਦੇ ਮਹਿਲਾਂ ਦੀ ਸ਼ਾਨੋ-ਸ਼ੌਕਤ ਅਤੇ ਧਨ-ਦੌਲਤ ਨੂੰ ਠੁਕਰਾ ਦਿੱਤਾ। ਉਸ ਨੇ “ਪਰਮੇਸ਼ੁਰ ਦੀ ਪਰਜਾ ਨਾਲ ਜਬਰੀ ਝੱਲਣ ਨੂੰ ਬਾਹਲਾ ਪਸੰਦ ਕੀਤਾ।” ਉਸ ਨੇ ਇੱਦਾਂ ਕਿਉਂ ਕੀਤਾ? ਪੌਲੁਸ ਜਵਾਬ ਦਿੰਦਾ ਹੈ: ‘ਉਹ ਦਾ ਧਿਆਨ ਫਲ ਵੱਲ ਸੀ ਕਿਉਂ ਜੋ ਉਹ ਅਲੱਖ ਨੂੰ ਜਾਣੀਦਾ ਲੱਖ ਕੇ ਤਕੜਾ ਰਿਹਾ।’ (ਇਬਰਾਨੀਆਂ 11:24-27 ਪੜ੍ਹੋ।) ਮੂਸਾ ਨੇ ਆਪਣਾ ਧਿਆਨ ‘ਥੋੜੇ ਚਿਰ ਦੇ ਪਾਪ ਦੇ ਭੋਗ ਬਿਲਾਸ’ ਉੱਤੇ ਨਹੀਂ ਲਾਇਆ। ਉਸ ਨੂੰ ਪਰਮੇਸ਼ੁਰ ਅਤੇ ਉਸ ਦੇ ਵਾਅਦਿਆਂ ਵਿਚ ਇੰਨਾ ਭਰੋਸਾ ਕਿ ਉਸ ਨੇ ਬੜੀ ਦਲੇਰੀ ਨਾਲ ਹਰ ਮੁਸ਼ਕਲ ਦਾ ਸਾਮ੍ਹਣਾ ਕੀਤਾ। ਇਸੇ ਦਲੇਰੀ ਸਦਕਾ ਉਹ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਬਾਹਰ ਕੱਢ ਕੇ ਵਾਅਦਾ ਕੀਤੇ ਹੋਏ ਦੇਸ਼ ਤਕ ਲੈ ਜਾਣ ਲਈ ਅਗਵਾਈ ਕਰ ਸਕਿਆ।

16. ਵਾਅਦਾ ਕੀਤੇ ਹੋਏ ਦੇਸ਼ ਵਿਚ ਨਾ ਜਾ ਸਕਣ ਦੇ ਬਾਵਜੂਦ ਮੂਸਾ ਨੇ ਹੌਸਲਾ ਕਿਉਂ ਨਹੀਂ ਹਾਰਿਆ?

16 ਇਸ ਤੋਂ ਪਹਿਲਾਂ ਕਿ ਪਰਮੇਸ਼ੁਰ ਦੇ ਵਾਅਦੇ ਪੂਰੇ ਹੁੰਦੇ, ਅਬਰਾਹਾਮ ਅਤੇ ਮੂਸਾ ਦੀ ਮੌਤ ਹੋ ਗਈ। ਇਸਰਾਏਲੀਆਂ ਦੇ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਤੋਂ ਪਹਿਲਾਂ ਪਰਮੇਸ਼ੁਰ ਨੇ ਮੂਸਾ ਨੂੰ ਕਿਹਾ: “ਏਸ ਲਈ ਤੂੰ ਉਸ ਦੇਸ ਨੂੰ ਆਪਣੇ ਸਾਹਮਣੇ ਵੇਖੇਂਗਾ ਪਰ ਉੱਥੇ ਉਸ ਦੇਸ ਵਿੱਚ ਜਿਹੜਾ ਮੈਂ ਇਸਰਾਏਲੀਆਂ ਨੂੰ ਦੇਣ ਵਾਲਾ ਹਾਂ ਵੜੇਂਗਾ ਨਾ।” ਮੂਸਾ ਅਤੇ ਹਾਰੂਨ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਜਾ ਸਕੇ ਕਿਉਂਕਿ ਉਨ੍ਹਾਂ ਨੇ ਮਰੀਬਾਹ ਦੇ ਪਾਣੀਆਂ ’ਤੇ ਪਰਮੇਸ਼ੁਰ ਦੇ ਨਾਂ ਦੀ ਮਹਿਮਾ ਨਹੀਂ ਕੀਤੀ ਸੀ। ਉਨ੍ਹਾਂ ਨੂੰ ਬਾਗ਼ੀ ਲੋਕਾਂ ਨੇ ਗੁੱਸਾ ਦਿਵਾਇਆ ਜਿਸ ਕਾਰਨ ਉਨ੍ਹਾਂ ਨੇ ਪਰਮੇਸ਼ੁਰ ਦੀ ਸ਼ਾਨ ਦੇ ਖ਼ਿਲਾਫ਼ ਕੰਮ ਕੀਤਾ। ਹਾਲਾਂਕਿ ਮੂਸਾ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਨਹੀਂ ਹੋਇਆ, ਫਿਰ ਵੀ ਉਸ ਨੇ ਹੌਸਲਾ ਨਹੀਂ ਹਾਰਿਆ। (ਬਿਵ. 32:51, 52) ਉਸ ਨੇ ਇਹ ਨਹੀਂ ਸੋਚਿਆ ਕਿ ਪਰਮੇਸ਼ੁਰ ਨੇ ਉਸ ਨਾਲ ਬੇਇਨਸਾਫ਼ੀ ਕੀਤੀ ਸੀ। ਅਸੀਂ ਇਹ ਇਸ ਲਈ ਕਹਿ ਸਕਦੇ ਹਾਂ ਕਿਉਂਕਿ ਉਸ ਨੇ ਯਹੋਵਾਹ ਨੂੰ ਇਸਰਾਏਲ ਦੇ ਗੋਤਾਂ ਨੂੰ ਬਰਕਤਾਂ ਦੇਣ ਲਈ ਕਿਹਾ ਸੀ। ਮੂਸਾ ਨੇ ਮਰਨ ਤੋਂ ਪਹਿਲਾਂ ਕਿਹਾ: “ਹੇ ਇਸਰਾਏਲ, ਤੂੰ ਧੰਨ ਹੈਂ, ਤੇਰੇ ਵਰਗਾ ਕੌਣ ਹੈ? ਯਹੋਵਾਹ ਦੀ ਬਚਾਈ ਹੋਈ ਪਰਜਾ, ਤੇਰੀ ਸਹਾਇਤਾ ਦੀ ਢਾਲ, ਅਤੇ ਤੇਰੇ ਪਰਤਾਪ ਦੀ ਤੇਗ” ਹੈ।—ਬਿਵ. 33:29.

ਸਾਡੇ ਲਈ ਸਬਕ

17, 18. (ੳ) ਅਸੀਂ ‘ਗਵਾਹਾਂ ਦੇ ਬੱਦਲ’ ਤੋਂ ਕੀ ਸਿੱਖ ਸਕਦੇ ਹਾਂ? (ਅ) ਅਗਲੇ ਲੇਖ ਵਿਚ ਅਸੀਂ ਕਿਸ ਬਾਰੇ ਗੱਲ ਕਰਾਂਗੇ?

17 ਅਸੀਂ ਪਰਮੇਸ਼ੁਰ ਦੇ ਕੁਝ ਸੇਵਕਾਂ ਦੀਆਂ ਜ਼ਿੰਦਗੀਆਂ ਬਾਰੇ ਸਿੱਖਿਆ ਹੈ ਜੋ ‘ਗਵਾਹਾਂ ਦੇ ਬੱਦਲ’ ਦਾ ਹਿੱਸਾ ਹਨ। ਆਪਣੀ ਮਸੀਹੀ ਦੌੜ ਪੂਰੀ ਕਰਨ ਲਈ ਸਾਨੂੰ ਉਨ੍ਹਾਂ ਵਾਂਗ ਪਰਮੇਸ਼ੁਰ ਅਤੇ ਉਸ ਦੇ ਵਾਅਦਿਆਂ ਉੱਤੇ ਪੱਕੀ ਨਿਹਚਾ ਕਰਨ ਦੀ ਲੋੜ ਹੈ। (ਇਬ. 11:6) ਇਸ ਨਿਹਚਾ ਸਦਕਾ ਅਸੀਂ ਆਪਣੀ ਜ਼ਿੰਦਗੀ ਜੀਣ ਦੇ ਤੌਰ-ਤਰੀਕੇ ਬਦਲਾਂਗੇ। ਪਰਮੇਸ਼ੁਰ ਨੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਹੈ ਅਤੇ ਇਸ ਲਈ ਅਸੀਂ ਆਪਣੀਆਂ ਮਨ ਦੀਆਂ ਅੱਖਾਂ ਨਾਲ ‘ਉਸ ਅਦਿੱਖ ਪਰਮੇਸ਼ੁਰ ਨੂੰ ਦੇਖ’ ਸਕਦੇ ਹਾਂ। ਇਸ ਲਈ ਆਓ ਅਸੀਂ ਸਬਰ ਨਾਲ ਦੌੜ ਦੌੜੀਏ।—2 ਕੁਰਿੰ. 5:7.

18 ਮਸੀਹੀ ਦੌੜ ਦੌੜਨੀ ਸੌਖੀ ਨਹੀਂ ਹੈ। ਪਰ ਅਸੀਂ ਆਪਣੀ ਦੌੜ ਪੂਰੀ ਕਰ ਸਕਦੇ ਹਾਂ। ਅਗਲੇ ਲੇਖ ਵਿਚ ਕੁਝ ਅਜਿਹੀਆਂ ਗੱਲਾਂ ’ਤੇ ਗੌਰ ਕਰਾਂਗੇ ਜੋ ਸਾਨੂੰ ਆਪਣੀ ਦੌੜ ਪੂਰੀ ਕਰਨ ਵਿਚ ਮਦਦ ਦੇਣਗੀਆਂ।

ਕੀ ਤੁਸੀਂ ਸਮਝਾ ਸਕਦੇ ਹੋ?

• ਪੌਲੁਸ ਨੇ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਗਵਾਹਾਂ ਦਾ ਜ਼ਿਕਰ ਕਿਉਂ ਕੀਤਾ?

• ‘ਗਵਾਹਾਂ ਦੇ ਬੱਦਲ’ ਦੀ ਮਿਸਾਲ ਉੱਤੇ ਗੌਰ ਕਰ ਕੇ ਅਸੀਂ ਆਪਣੀ ਦੌੜ ਸਬਰ ਨਾਲ ਕਿਵੇਂ ਪੂਰੀ ਕਰ ਸਕਦੇ ਹਾਂ?

• ਨੂਹ, ਅਬਰਾਹਾਮ, ਸਾਰਾਹ ਅਤੇ ਮੂਸਾ ਵਰਗੇ ਵਫ਼ਾਦਾਰ ਗਵਾਹਾਂ ਤੋਂ ਤੁਸੀਂ ਕੀ ਸਿੱਖਿਆ ਹੈ?

[ਸਵਾਲ]

[ਸਫ਼ਾ 19 ਉੱਤੇ ਤਸਵੀਰ]

ਅਬਰਾਹਾਮ ਅਤੇ ਸਾਰਾਹ ਊਰ ਵਿਚ ਆਪਣੀ ਐਸ਼ੋ-ਆਰਾਮ ਦੀ ਜ਼ਿੰਦਗੀ ਛੱਡਣ ਲਈ ਤਿਆਰ ਸਨ