ਰਸੂਲਾਂ ਦੇ ਕੰਮ 6:1-15
6 ਹੁਣ ਉਨ੍ਹਾਂ ਦਿਨਾਂ ਵਿਚ, ਜਦੋਂ ਚੇਲਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ, ਯੂਨਾਨੀ ਬੋਲਣ ਵਾਲੇ ਯਹੂਦੀ ਚੇਲੇ, ਇਬਰਾਨੀ ਬੋਲਣ ਵਾਲੇ ਯਹੂਦੀ ਚੇਲਿਆਂ ਦੇ ਖ਼ਿਲਾਫ਼ ਸ਼ਿਕਾਇਤ ਲਾਉਣ ਲੱਗੇ ਕਿਉਂਕਿ ਰੋਜ਼ ਭੋਜਨ ਵੰਡਣ ਵੇਲੇ ਯੂਨਾਨੀ ਬੋਲਣ ਵਾਲੀਆਂ ਵਿਧਵਾਵਾਂ ਨੂੰ ਉਨ੍ਹਾਂ ਦਾ ਹਿੱਸਾ ਨਹੀਂ ਦਿੱਤਾ ਜਾਂਦਾ ਸੀ।+
2 ਇਸ ਲਈ 12 ਰਸੂਲਾਂ ਨੇ ਸਾਰੇ ਚੇਲਿਆਂ ਨੂੰ ਇਕੱਠਾ ਕਰ ਕੇ ਕਿਹਾ: “ਇਹ ਠੀਕ ਨਹੀਂ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣੀ ਛੱਡ ਕੇ ਭੋਜਨ ਵੰਡਣ ਦਾ ਕੰਮ ਕਰੀਏ।+
3 ਇਸ ਲਈ ਭਰਾਵੋ, ਤੁਸੀਂ ਆਪਣੇ ਵਿੱਚੋਂ ਸੱਤ ਨੇਕਨਾਮ ਆਦਮੀ ਚੁਣ ਲਓ+ ਜਿਹੜੇ ਪਵਿੱਤਰ ਸ਼ਕਤੀ ਅਤੇ ਬੁੱਧ ਨਾਲ ਭਰਪੂਰ ਹੋਣ+ ਅਤੇ ਅਸੀਂ ਉਨ੍ਹਾਂ ਨੂੰ ਇਸ ਜ਼ਰੂਰੀ ਕੰਮ ਦੀ ਜ਼ਿੰਮੇਵਾਰੀ ਸੌਂਪ ਦਿਆਂਗੇ;+
4 ਪਰ ਅਸੀਂ ਆਪਣਾ ਪੂਰਾ ਧਿਆਨ ਪ੍ਰਾਰਥਨਾ ਕਰਨ ਅਤੇ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣ ਵਿਚ ਲਾਵਾਂਗੇ।”
5 ਸਾਰੇ ਚੇਲਿਆਂ ਨੂੰ ਉਨ੍ਹਾਂ ਦੀ ਇਹ ਗੱਲ ਚੰਗੀ ਲੱਗੀ ਅਤੇ ਉਨ੍ਹਾਂ ਨੇ ਇਨ੍ਹਾਂ ਨੂੰ ਚੁਣਿਆ: ਇਸਤੀਫ਼ਾਨ, ਜਿਹੜਾ ਨਿਹਚਾ ਤੇ ਪਵਿੱਤਰ ਸ਼ਕਤੀ ਨਾਲ ਭਰਪੂਰ ਸੀ ਅਤੇ ਫ਼ਿਲਿੱਪੁਸ,+ ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਤੇ ਅੰਤਾਕੀਆ ਦਾ ਨਿਕਲਾਉਸ ਜਿਸ ਨੇ ਯਹੂਦੀ ਧਰਮ ਅਪਣਾਇਆ ਸੀ।
6 ਉਨ੍ਹਾਂ ਨੇ ਸੱਤਾਂ ਨੂੰ ਰਸੂਲਾਂ ਕੋਲ ਲਿਆਂਦਾ ਅਤੇ ਰਸੂਲਾਂ ਨੇ ਪ੍ਰਾਰਥਨਾ ਕਰਨ ਤੋਂ ਬਾਅਦ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ।+
7 ਇਸ ਕਰਕੇ ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਫੈਲਦਾ ਗਿਆ+ ਅਤੇ ਯਰੂਸ਼ਲਮ ਵਿਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਗਈ;+ ਬਹੁਤ ਸਾਰੇ ਪੁਜਾਰੀ ਵੀ ਨਿਹਚਾ ਕਰਨ ਲੱਗ ਪਏ।+
8 ਇਸਤੀਫ਼ਾਨ ਲੋਕਾਂ ਵਿਚ ਵੱਡੇ-ਵੱਡੇ ਚਮਤਕਾਰ ਕਰਦਾ ਸੀ ਅਤੇ ਨਿਸ਼ਾਨੀਆਂ ਦਿਖਾਉਂਦਾ ਸੀ ਕਿਉਂਕਿ ਉਸ ਉੱਤੇ ਪਰਮੇਸ਼ੁਰ ਦੀ ਮਿਹਰ ਸੀ ਅਤੇ ਉਹ ਉਸ ਦੀ ਤਾਕਤ ਨਾਲ ਭਰਪੂਰ ਸੀ।
9 ਪਰ “ਆਜ਼ਾਦ ਲੋਕਾਂ ਦੇ ਸਭਾ ਘਰ”* ਦੇ ਕੁਝ ਆਦਮੀ ਅਤੇ ਕੁਰੇਨੇ, ਸਿਕੰਦਰੀਆ, ਕਿਲਿਕੀਆ ਤੇ ਏਸ਼ੀਆ ਦੇ ਕੁਝ ਆਦਮੀ ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ।
10 ਪਰ ਉਹ ਇਸਤੀਫ਼ਾਨ ਦਾ ਮੁਕਾਬਲਾ ਨਾ ਕਰ ਸਕੇ ਕਿਉਂਕਿ ਉਸ ਨੇ ਬੁੱਧ ਅਤੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਗੱਲ ਕੀਤੀ।+
11 ਫਿਰ ਉਨ੍ਹਾਂ ਨੇ ਚੋਰੀ-ਛਿਪੇ ਕੁਝ ਆਦਮੀਆਂ ਨੂੰ ਇਹ ਕਹਿਣ ਲਈ ਉਕਸਾਇਆ: “ਅਸੀਂ ਇਸ ਨੂੰ ਮੂਸਾ ਅਤੇ ਪਰਮੇਸ਼ੁਰ ਦੀ ਨਿੰਦਿਆ ਕਰਦੇ ਸੁਣਿਆ ਹੈ।”
12 ਉਨ੍ਹਾਂ ਨੇ ਲੋਕਾਂ ਨੂੰ, ਬਜ਼ੁਰਗਾਂ ਅਤੇ ਗ੍ਰੰਥੀਆਂ ਨੂੰ ਭੜਕਾਇਆ ਅਤੇ ਉਨ੍ਹਾਂ ਸਾਰਿਆਂ ਨੇ ਅਚਾਨਕ ਉਸ ਉੱਤੇ ਹਮਲਾ ਕੀਤਾ ਅਤੇ ਉਸ ਨੂੰ ਜ਼ਬਰਦਸਤੀ ਮਹਾਸਭਾ ਕੋਲ ਲੈ ਗਏ।
13 ਅਤੇ ਉਨ੍ਹਾਂ ਨੇ ਝੂਠੇ ਗਵਾਹ ਲਿਆਂਦੇ ਜਿਨ੍ਹਾਂ ਨੇ ਕਿਹਾ: “ਇਹ ਆਦਮੀ ਇਸ ਪਵਿੱਤਰ ਜਗ੍ਹਾ ਅਤੇ ਮੂਸਾ ਦੇ ਕਾਨੂੰਨ ਦੇ ਖ਼ਿਲਾਫ਼ ਬੋਲਣੋਂ ਨਹੀਂ ਹਟਦਾ।
14 ਮਿਸਾਲ ਲਈ, ਅਸੀਂ ਇਸ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਯਿਸੂ ਨਾਸਰੀ ਆ ਕੇ ਇਸ ਪਵਿੱਤਰ ਜਗ੍ਹਾ ਨੂੰ ਢਾਹ ਦੇਵੇਗਾ ਅਤੇ ਉਨ੍ਹਾਂ ਸਾਰੀਆਂ ਰੀਤਾਂ ਨੂੰ ਬਦਲ ਦੇਵੇਗਾ ਜੋ ਮੂਸਾ ਨੇ ਸਾਨੂੰ ਦਿੱਤੀਆਂ ਹਨ।”
15 ਮਹਾਸਭਾ ਵਿਚ ਬੈਠੇ ਸਾਰੇ ਲੋਕਾਂ ਨੇ ਇਸਤੀਫ਼ਾਨ ਨੂੰ ਟਿਕਟਿਕੀ ਲਾ ਕੇ ਦੇਖਿਆ ਅਤੇ ਉਨ੍ਹਾਂ ਨੂੰ ਉਸ ਦਾ ਚਿਹਰਾ ਦੂਤ ਦੇ ਚਿਹਰੇ ਵਰਗਾ ਦਿਖਾਈ ਦਿੱਤਾ।
ਫੁਟਨੋਟ
^ ਸ਼ਾਇਦ ਉਨ੍ਹਾਂ ਯਹੂਦੀਆਂ ਜਾਂ ਯਹੂਦੀ ਧਰਮ ਅਪਣਾਉਣ ਵਾਲੇ ਲੋਕਾਂ ਦਾ ਸਭਾ ਘਰ ਜੋ ਪਹਿਲਾਂ ਕੈਦੀ ਜਾਂ ਗ਼ੁਲਾਮ ਹੁੰਦੇ ਸਨ, ਪਰ ਇਨ੍ਹਾਂ ਨੂੰ ਆਜ਼ਾਦ ਕਰ ਦਿੱਤਾ ਗਿਆ ਸੀ।