Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਯਹੋਵਾਹ ਦੇ ਗਵਾਹਾਂ ਲਈ ਕਿਸੇ ਅਜਿਹੇ ਰਿਸ਼ਤੇਦਾਰ ਜਾਂ ਦੋਸਤ ਦੇ ਵਿਆਹ ਵਿਚ ਜਾਣਾ ਠੀਕ ਹੋਵੇਗਾ ਜੋ ਯਹੋਵਾਹ ਦਾ ਗਵਾਹ ਨਹੀਂ ਹੈ?

ਯਹੋਵਾਹ ਦੇ ਹਰੇਕ ਗਵਾਹ ਨੂੰ ਇਸ ਸਵਾਲ ਬਾਰੇ ਆਪ ਫ਼ੈਸਲਾ ਕਰਨਾ ਪਵੇਗਾ। ਵਿਆਹ ਖ਼ੁਸ਼ੀ ਦਾ ਸਮਾਂ ਹੁੰਦਾ ਹੈ ਤੇ ਅਸੀਂ ਸਾਰੇ ਉਸ ਖ਼ੁਸ਼ੀ ਵਿਚ ਸ਼ਾਮਲ ਹੋਣਾ ਚਾਹੁੰਦੇ ਹਾਂ। ਜੋ ਨੌਜਵਾਨਾਂ ਨੂੰ ਵਿਆਹ-ਸ਼ਾਦੀ ਤੇ ਆਉਣ ਦਾ ਸੱਦਾ ਮਿਲਿਆ ਹੋਵੇ, ਤਾਂ ਵਿਆਹ ਤੇ ਜਾਣ ਬਾਰੇ ਉਨ੍ਹਾਂ ਨੂੰ ਪਹਿਲਾਂ ਆਪਣੇ ਮਾਪਿਆਂ ਨਾਲ ਗੱਲ ਕਰ ਲੈਣੀ ਚਾਹੀਦੀ ਹੈ। (ਅਫ਼ਸੀਆਂ 6:1-3) ਪਰ ਫ਼ਰਜ਼ ਕਰੋ ਕਿ ਸਾਡੀ ਇਕ ਭੈਣ ਦਾ ਪਤੀ ਯਹੋਵਾਹ ਦਾ ਗਵਾਹ ਨਹੀਂ ਹੈ। ਮੰਨ ਲਓ ਕਿ ਉਸ ਦਾ ਪਤੀ ਚਾਹੁੰਦਾ ਹੈ ਕਿ ਉਹ ਉਸ ਦੇ ਨਾਲ ਚਰਚ ਵਿਚ ਹੋ ਰਹੇ ਵਿਆਹ ਤੇ ਜਾਵੇ। ਸਾਡੀ ਭੈਣ ਸ਼ਾਇਦ ਜਾਣ ਬਾਰੇ ਸੋਚੇ ਜੇ ਉਸ ਨੂੰ ਕਿਸੇ ਵੀ ਧਾਰਮਿਕ ਰੀਤ ਵਿਚ ਹਿੱਸਾ ਨਾ ਲੈਣਾ ਪਵੇ।

ਕੋਈ ਕਿਸੇ ਹੋਰ ਗਵਾਹ ਲਈ ਇਹ ਫ਼ੈਸਲਾ ਨਹੀਂ ਕਰ ਸਕਦਾ ਕਿ ਉਹ ਅਜਿਹੇ ਕਿਸੇ ਵਿਆਹ ਵਿਚ ਜਾਵੇਗਾ ਕਿ ਨਹੀਂ। ਸਾਨੂੰ ਸਾਰਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਸਾਰਿਆਂ ਨੇ ਯਹੋਵਾਹ ਨੂੰ ਆਪਣੇ ਫ਼ੈਸਲਿਆਂ ਦਾ ਲੇਖਾ ਦੇਣਾ ਹੈ। ਇਸ ਮਾਮਲੇ ਦੇ ਸੰਬੰਧ ਵਿਚ ਸਾਨੂੰ ਬਾਈਬਲ ਦੇ ਕਈ ਅਸੂਲ ਵੀ ਯਾਦ ਰੱਖਣੇ ਚਾਹੀਦੇ ਹਨ।

ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਯਿਸੂ ਨੇ ਕਿਹਾ ਸੀ: “ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ।” (ਯੂਹੰਨਾ 4:24) ਇਸ ਲਈ ਯਹੋਵਾਹ ਦੇ ਗਵਾਹ ਹੋਰਨਾਂ ਧਰਮਾਂ ਦੇ ਲੋਕਾਂ ਨਾਲ ਭਗਤੀ ਨਹੀਂ ਕਰਦੇ ਤੇ ਨਾ ਹੀ ਉਨ੍ਹਾਂ ਦੀਆਂ ਰੀਤਾਂ-ਰਸਮਾਂ ਨਿਭਾਉਂਦੇ ਹਨ ਜੋ ਬਾਈਬਲ ਦੀ ਸਿੱਖਿਆ ਦੇ ਉਲਟ ਹਨ।—2 ਕੁਰਿੰਥੀਆਂ 6:14-17.

ਯਹੋਵਾਹ ਦੇ ਗਵਾਹ ਇਹ ਵੀ ਯਾਦ ਰੱਖਦੇ ਹਨ ਕਿ ਉਨ੍ਹਾਂ ਦੇ ਫ਼ੈਸਲੇ ਦਾ ਅਸਰ ਹੋਰਨਾਂ ਤੇ ਵੀ ਪੈ ਸਕਦਾ ਹੈ। ਆਪਣੇ ਆਪ ਨੂੰ ਪੁੱਛੋ: ਜੇ ਅਸੀਂ ਵਿਆਹ ਵਿਚ ਜਾਣ ਦਾ ਫੈਸਲਾ ਕੀਤਾ ਹੈ, ਪਰ ਵਿਆਹ ਦੀਆਂ ਰੀਤਾਂ-ਰਸਮਾਂ ਵਿਚ ਹਿੱਸਾ ਨਾ ਲੈਣ ਦੀ ਠਾਣ ਲਈ ਹੈ, ਤਾਂ ਕੀ ਸਾਡੇ ਰਿਸ਼ਤੇਦਾਰ ਨਾਰਾਜ਼ ਹੋਣਗੇ? ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਦੇ ਹੋਰਨਾਂ ਗਵਾਹਾਂ ਤੇ ਵੀ ਸਾਡੇ ਫ਼ੈਸਲੇ ਦਾ ਅਸਰ ਪੈ ਸਕਦਾ ਹੈ। (ਰੋਮੀਆਂ 14:13) ਜੇ ਤੁਹਾਨੂੰ ਜਾਂ ਤੁਹਾਡੇ ਘਰ ਦਿਆਂ ਨੂੰ ਲੱਗਦਾ ਹੈ ਕਿ ਅਜਿਹੇ ਵਿਆਹ ਵਿਚ ਜਾਣਾ ਠੀਕ ਹੈ, ਫਿਰ ਵੀ ਸੋਚੋ ਕਿ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਇਹ ਬੁਰਾ ਤਾਂ ਨਹੀਂ ਲੱਗੇਗਾ? ਕੀ ਤੁਹਾਡੇ ਕਾਰਨ ਕਿਸੇ ਨੂੰ ਠੋਕਰ ਤਾਂ ਨਹੀਂ ਲੱਗੇਗੀ ਜਾਂ ਉਨ੍ਹਾਂ ਦੀ ਨਿਹਚਾ ਕਮਜ਼ੋਰ ਤਾਂ ਨਹੀਂ ਹੋ ਜਾਵੇਗੀ?

ਜੇ ਵਿਆਹ ਕਿਸੇ ਨਜ਼ਦੀਕੀ ਰਿਸ਼ਤੇਦਾਰ ਦਾ ਹੈ, ਤਾਂ ਮਾਮਲਾ ਹੋਰ ਵੀ ਨਾਜ਼ੁਕ ਹੋ ਸਕਦਾ ਹੈ। ਜੇ ਤੁਹਾਨੂੰ ਕਿਸੇ ਰੀਤ-ਰਸਮ ਵਿਚ ਹਿੱਸਾ ਲੈਣ ਲਈ ਕਿਹਾ ਜਾਵੇ, ਤਾਂ ਤੁਸੀਂ ਕੀ ਕਰੋਗੇ? ਉਦੋਂ ਕੀ ਜੇ ਤੁਹਾਡਾ ਪਤੀ ਜਾਂ ਪਤਨੀ ਯਹੋਵਾਹ ਦਾ ਗਵਾਹ ਨਹੀਂ ਹੈ ਤੇ ਉਹ ਹਰ ਗੱਲ ਵਿਚ ਪੂਰੀ ਤਰ੍ਹਾਂ ਸ਼ਾਮਲ ਹੋਣਾ ਚਾਹੁੰਦਾ ਹੈ? ਜੇ ਜੱਜ ਜਾਂ ਸਰਕਾਰੀ ਅਫ਼ਸਰ ਸਾਮ੍ਹਣੇ ਸਿਵਲ ਮੈਰਿਜ ਹੋ ਰਹੀ ਹੈ, ਤਾਂ ਸ਼ਾਇਦ ਜਾਣ ਵਿਚ ਕੋਈ ਮੁਸ਼ਕਲ ਨਾ ਖੜ੍ਹੀ ਹੋਵੇ।

ਲੇਕਿਨ ਜੇ ਵਿਆਹ ਦਾ ਕਾਰਜ ਗੁਰਦੁਆਰੇ, ਮੰਦਰ, ਚਰਚ ਵਿਚ ਜਾਂ ਕਿਸੇ ਪੰਡਿਤ ਜਾਂ ਪਾਦਰੀ ਦੁਆਰਾ ਨਿਭਾਇਆ ਜਾਣਾ ਹੋਵੇ, ਤਾਂ ਸਾਨੂੰ ਹੋਰ ਵੀ ਕਈ ਗੱਲਾਂ ਬਾਰੇ ਸੋਚਣਾ ਪਵੇਗਾ। ਬਾਈਬਲ ਦੇ ਅਸੂਲਾਂ ਅਨੁਸਾਰ ਆਪਣੀ ਢਾਲ਼ੀ ਗਈ ਜ਼ਮੀਰ ਦੀ ਸੁਣ ਕੇ ਅਸੀਂ ਸ਼ਾਇਦ ਨਾ ਜਾਣ ਦਾ ਫ਼ੈਸਲਾ ਕਰੀਏ। ਕਿਉਂ? ਕਿਉਂਕਿ ਭਗਤੀ ਦੇ ਮਾਮਲੇ ਵਿਚ ਅਸੀਂ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਤੇ ਨਾ ਹੀ ਆਪਣੇ ਰਿਸ਼ਤੇਦਾਰਾਂ ਨੂੰ ਸ਼ਰਮਿੰਦਾ ਜਾਂ ਗੁੱਸੇ ਕਰਨਾ ਚਾਹੁੰਦੇ ਹਾਂ। (ਕਹਾਉਤਾਂ 22:3) ਜੇ ਅਸੀਂ ਪਹਿਲਾਂ ਹੀ ਉਨ੍ਹਾਂ ਨੂੰ ਸਮਝਾ ਦੇਈਏ ਕਿ ਅਸੀਂ ਕੀ ਕੁਝ ਮੰਨਦੇ ਹਾਂ ਤੇ ਕੀ ਕਰਾਂਗੇ ਤੇ ਕੀ ਨਹੀਂ ਕਰਾਂਗੇ, ਤਾਂ ਇਹ ਸਾਡੇ ਹੀ ਫ਼ਾਇਦੇ ਲਈ ਹੋਵੇਗਾ।

ਸਾਰੀਆਂ ਗੱਲਾਂ ਵੱਲ ਧਿਆਨ ਦੇਣ ਤੋਂ ਬਾਅਦ ਕੁਝ ਭੈਣ-ਭਰਾ ਸ਼ਾਇਦ ਫ਼ੈਸਲਾ ਕਰਨ ਕਿ ਉਹ ਵਿਆਹ ਤੇ ਤਾਂ ਜਾਣਗੇ, ਪਰ ਕਿਸੇ ਰੀਤ-ਰਸਮ ਵਿਚ ਹਿੱਸਾ ਨਹੀਂ ਲੈਣਗੇ। ਪਰ ਜੇ ਸਾਨੂੰ ਲੱਗੇ ਕਿ ਉੱਥੇ ਜਾਣ ਨਾਲ ਸਾਡੇ ਉੱਤੇ ਪਰਮੇਸ਼ੁਰ ਦੇ ਨਿਯਮ ਤੋੜਨ ਦਾ ਦਬਾਅ ਪਾਇਆ ਜਾਵੇਗਾ, ਤਾਂ ਅਸੀਂ ਸ਼ਾਇਦ ਸੋਚੀਏ ਕਿ ਨਾ ਹੀ ਜਾਣਾ ਬਿਹਤਰ ਹੋਵੇਗਾ। ਜਾਂ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਅਸੀਂ ਵਿਆਹ ਦੀ ਰਸਮ ਪੂਰੀ ਹੋਣ ਤੋਂ ਬਾਅਦ ਪਾਰਟੀ ਵਿਚ ਜਾਣ ਦਾ ਫ਼ੈਸਲਾ ਕਰੀਏ। ਸਾਡਾ ਫ਼ੈਸਲਾ ਜੋ ਵੀ ਹੋਵੇ ਸਾਨੂੰ “ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ” ਕਰਨਾ ਚਾਹੀਦਾ ਹੈ। (1 ਕੁਰਿੰਥੀਆਂ 10:31) ਅਜਿਹੇ ਫ਼ੈਸਲੇ ਕਰਨ ਵਿਚ “ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ।” (ਗਲਾਤੀਆਂ 6:5) ਇਸ ਲਈ ਅਸੀਂ ਜੋ ਮਰਜ਼ੀ ਫ਼ੈਸਲਾ ਕਰੀਏ, ਆਓ ਆਪਾਂ ਯਾਦ ਰੱਖੀਏ ਕਿ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਸਭ ਤੋਂ ਜ਼ਰੂਰੀ ਹੈ।