Skip to content

Skip to table of contents

ਕੀ ਸੁੰਨਤ ਕਰਾਉਣੀ ਮਰਦਾਨਗੀ ਦਾ ਸਬੂਤ ਹੈ?

ਕੀ ਸੁੰਨਤ ਕਰਾਉਣੀ ਮਰਦਾਨਗੀ ਦਾ ਸਬੂਤ ਹੈ?

ਕੀ ਸੁੰਨਤ ਕਰਾਉਣੀ ਮਰਦਾਨਗੀ ਦਾ ਸਬੂਤ ਹੈ?

ਦੁਨੀਆਂ ਦੇ ਕਈਆਂ ਦੇਸ਼ਾਂ ਵਿਚ ਸਹਿਤ-ਸੰਬੰਧੀ ਕਾਰਨਾਂ ਕਰਕੇ ਛੋਟੇ-ਛੋਟੇ ਮੁੰਡਿਆਂ ਦੀ ਸੁੰਨਤ ਕੀਤੀ ਜਾਂਦੀ ਹੈ। ਪਰ ਕਈ ਲੋਕ ਜਿਵੇਂ ਕਿ ਯਹੂਦੀ ਤੇ ਮੁਸਲਮਾਨ ਸਿਹਤ ਕਰਕੇ ਨਹੀਂ, ਸਗੋਂ ਧਾਰਮਿਕ ਕਾਰਨਾਂ ਕਰਕੇ ਮੁੰਡਿਆਂ ਦੀ ਸੁੰਨਤ ਕਰਵਾਉਂਦੇ ਹਨ। ਹੋਰਨਾਂ ਦੇਸ਼ਾਂ ਵਿਚ ਮਰਦਾਂ ਦੀ ਸੁੰਨਤ ਕਰਾਉਣ ਦੀ ਕੋਈ ਵੀ ਰੀਤ ਨਹੀਂ ਹੈ।

ਲੇਕਿਨ ਕੁਝ ਦੇਸ਼ਾਂ ਵਿਚ ਛੋਟ ਮੁੰਡਿਆਂ ਦੀ ਨਹੀਂ, ਸਗੋਂ ਜਵਾਨ ਮੁੰਡਿਆਂ ਦੀ ਸੁੰਨਤ ਕੀਤੀ ਜਾਂਦੀ ਹੈ। ਅਕਸਰ ਮੁੰਡਿਆਂ ਨੂੰ ਅਜਿਹੇ ਸਕੂਲਾਂ ਵਿਚ ਭੇਜਿਆ ਜਾਂਦਾ ਹੈ ਜਿੱਥੇ ਉਨ੍ਹਾਂ ਦੀ ਸੁੰਨਤ ਹੀ ਨਹੀਂ ਹੁੰਦੀ, ਸਗੋਂ ਉਨ੍ਹਾਂ ਨੂੰ ਆਪਣੇ ਸਭਿਆਚਾਰ ਬਾਰੇ ਵੀ ਸਿਖਾਇਆ ਜਾਂਦਾ ਹੈ। ਉਨ੍ਹਾਂ ਨੂੰ ਉੱਨਾ ਚਿਰ ਦੂਸਰਿਆਂ ਤੋਂ ਅਲੱਗ ਰੱਖਿਆ ਜਾਂਦਾ ਹੈ ਜਿੰਨਾ ਚਿਰ ਉਹ ਓਪਰੇਸ਼ਨ ਤੋਂ ਠੀਕ ਨਹੀਂ ਹੁੰਦੇ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਖ਼ਾਸ ਰਸਮਾਂ ਨਿਭਾਉਣੀਆਂ ਪੈਂਦੀਆਂ ਹਨ ਅਤੇ ਉਨ੍ਹਾਂ ਨੂੰ ਮਰਦ ਬਣਨਾ ਸਿਖਾਇਆ ਜਾਂਦਾ ਹੈ। ਪਰ ਕੀ ਮਰਦਾਨਗੀ ਦੇ ਸਬੂਤ ਵਜੋਂ ਇਹ ਸਭ ਕੁਝ ਕਰਨਾ ਜ਼ਰੂਰੀ ਹੈ? ਆਓ ਆਪਾਂ ਦੇਖੀਏ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ।—ਕਹਾਉਤਾਂ 3:5, 6.

ਸੁੰਨਤ ਕਰਵਾਉਣ ਬਾਰੇ ਪਰਮੇਸ਼ੁਰ ਦਾ ਨਜ਼ਰੀਆ

ਪੁਰਾਣੇ ਜ਼ਮਾਨੇ ਵਿਚ ਕੁਝ ਲੋਕ ਜਿਵੇਂ ਕਿ ਮਿਸਰੀ ਲੋਕ ਮੁੰਡਿਆਂ ਦੀ ਸੁੰਨਤ ਕਰਵਾਉਂਦੇ ਸਨ ਯਾਨੀ ਮੁੰਡੇ ਦੇ ਗੁਪਤ ਅੰਗ ਦੀ ਮੋਹਰਲੀ ਖੱਲੜੀ ਲਾਹ ਦਿੰਦੇ ਸਨ। ਲੇਕਿਨ ਅਬਰਾਹਾਮ ਅਜਿਹੇ ਸਮਾਜ ਵਿਚ ਪੈਦਾ ਨਹੀਂ ਹੋਇਆ ਸੀ ਜਿਸ ਵਿਚ ਮੁੰਡਿਆਂ ਦੀ ਸੁੰਨਤ ਕੀਤੀ ਜਾਂਦੀ ਸੀ। ਉਹ ਲਗਭਗ ਆਪਣੀ ਪੂਰੀ ਜ਼ਿੰਦਗੀ ਬੇਸੁੰਨਤਾ ਰਿਹਾ। ਬੇਸੁੰਨਤ ਹੋਣ ਦੇ ਬਾਵਜੂਦ ਉਸ ਨੇ ਸਾਬਤ ਕੀਤਾ ਕਿ ਉਹ ਇਕ ਮਰਦ ਸੀ। ਇਸ ਤੋਂ ਵੱਧ ਉਹ ਇਕ ਬਹਾਦਰ ਬੰਦਾ ਸੀ। ਉਸ ਨੇ ਆਪਣੇ ਆਦਮੀਆਂ ਨਾਲ ਉਨ੍ਹਾਂ ਚਾਰ ਰਾਜਿਆਂ ਦੀਆਂ ਫ਼ੌਜਾਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਹਰਾ ਦਿੱਤਾ ਜੋ ਉਸ ਦੇ ਭਤੀਜੇ ਲੂਤ ਨੂੰ ਫੜ ਕੇ ਲੈ ਗਏ ਸਨ। (ਉਤਪਤ 14:8-16) ਇਸ ਘਟਨਾ ਤੋਂ ਲਗਭਗ 14 ਸਾਲ ਬਾਅਦ ਪਰਮੇਸ਼ੁਰ ਨੇ ਅਬਰਾਹਾਮ ਨੂੰ ਹੁਕਮ ਦਿੱਤਾ ਸੀ ਕਿ ਉਹ ਅਤੇ ਉਸ ਦੇ ਘਰਾਣੇ ਦੇ ਸਾਰੇ ਮਰਦ ਸੁੰਨਤ ਕਰਵਾਉਣ। ਪਰਮੇਸ਼ੁਰ ਨੇ ਇਹ ਹੁਕਮ ਕਿਉਂ ਦਿੱਤਾ ਸੀ?

ਅਬਰਾਹਾਮ ਵਾਸਤੇ ਇਹ ਮਰਦ ਬਣਨ ਦੀ ਕੋਈ ਨਿਸ਼ਾਨੀ ਨਹੀਂ ਸੀ। ਜ਼ਰਾ ਸੋਚੋ, ਉਸ ਵੇਲੇ ਅਬਰਾਹਾਮ 99 ਸਾਲਾਂ ਦਾ ਸੀ! (ਉਤਪਤ 17:1, 26, 27) ਪਰਮੇਸ਼ੁਰ ਨੇ ਇਹ ਹੁਕਮ ਦੇਣ ਦੀ ਵਜ੍ਹਾ ਦੱਸਦੇ ਹੋਏ ਕਿਹਾ: “ਤੁਸੀਂ ਆਪਣੇ ਬਦਨ ਦੀ ਖੱਲੜੀ ਦੀ ਸੁੰਨਤ ਕਰਾਓ ਅਤੇ ਇਹ ਮੇਰੇ ਅਰ ਤੁਹਾਡੇ ਵਿੱਚ ਉਸ ਨੇਮ ਦਾ ਨਿਸ਼ਾਨ ਹੋਵੇਗਾ।” (ਉਤਪਤ 17:11) ਅਬਰਾਹਾਮ ਨਾਲ ਕੀਤੇ ਗਏ ਇਸ ਨੇਮ ਵਿਚ ਇਹ ਗੱਲ ਵੀ ਸ਼ਾਮਲ ਸੀ ਕਿ ਅਬਰਾਹਾਮ ਰਾਹੀਂ ‘ਸਰਿਸ਼ਟੀ ਦੇ ਸਾਰੇ ਘਰਾਣਿਆਂ’ ਨੇ ਬਰਕਤਾਂ ਪਾਉਣੀਆਂ ਸਨ। (ਉਤਪਤ 12:2, 3) ਇਸ ਲਈ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸੁੰਨਤ ਕਰਵਾਉਣ ਦੀ ਰੀਤ ਦਾ ਮਰਦਾਨਗੀ ਨਾਲ ਕੋਈ ਤਅੱਲਕ ਨਹੀਂ ਸੀ। ਸੁੰਨਤ ਕਰਵਾਉਣ ਨਾਲ ਆਦਮੀ ਇਹ ਦਿਖਾਉਂਦੇ ਸਨ ਕਿ ਉਹ ਅਬਰਾਹਾਮ ਦੀ ਸੰਤਾਨ ਵਿੱਚੋਂ ਸਨ ਜਿਨ੍ਹਾਂ ਨੂੰ ‘ਪਰਮੇਸ਼ੁਰ ਦੀਆਂ ਬਾਣੀਆਂ ਸੌਂਪੀਆਂ ਗਈਆਂ’ ਸਨ।—ਰੋਮੀਆਂ 3:1, 2.

ਪਰ ਸਮੇਂ ਦੇ ਬੀਤਣ ਨਾਲ ਇਸਰਾਏਲ ਦੀ ਕੌਮ ਨੇ ਦਿਖਾਇਆ ਕਿ ਉਹ ਇਸ ਸਨਮਾਨ ਦੇ ਹੱਕਦਾਰ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਅਬਰਾਹਾਮ ਦੀ ਅਸਲੀ ਅੰਸ ਯਿਸੂ ਮਸੀਹ ਨੂੰ ਠੁਕਰਾਇਆ ਸੀ। ਇਸ ਲਈ ਪਰਮੇਸ਼ੁਰ ਨੇ ਵੀ ਉਨ੍ਹਾਂ ਨੂੰ ਠੁਕਰਾ ਦਿੱਤਾ। ਭਾਵੇਂ ਉਨ੍ਹਾਂ ਸੁੰਨਤ ਕਰਵਾਈ ਹੋਈ ਸੀ, ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਇਸ ਦਾ ਕੋਈ ਮਤਲਬ ਨਹੀਂ ਰਿਹਾ ਸੀ। ਪਰ ਪਹਿਲੀ ਸਦੀ ਦੇ ਕੁਝ ਮਸੀਹੀਆਂ ਨੇ ਇਸ ਗੱਲ ਤੇ ਜ਼ੋਰ ਪਾਇਆ ਕਿ ਸੁੰਨਤ ਕਰਾਉਣੀ ਹਾਲੇ ਵੀ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਜ਼ਰੂਰੀ ਸੀ। (ਰਸੂਲਾਂ ਦੇ ਕਰਤੱਬ 11:2, 3; 15:5) ਇਸੇ ਲਈ ਪੌਲੁਸ ਰਸੂਲ ਨੇ ਤੀਤੁਸ ਨਾਂ ਦੇ ਮਸੀਹੀ ਨੂੰ ਕੁਝ ਕਲੀਸਿਯਾਵਾਂ ਨੂੰ ਭੇਜਿਆ ਸੀ ਤਾਂਕਿ ਉਹ ਉਨ੍ਹਾਂ ਵਿਚ ਹੋ ਰਹੀਆਂ ਕੁਝ ‘ਗੱਲਾਂ ਨੂੰ ਸੁਆਰ’ ਸਕੇ। ਪੌਲੁਸ ਨੇ ਤੀਤੁਸ ਨੂੰ ਇਕ ਗੱਲ ਬਾਰੇ ਦੱਸਦੇ ਹੋਏ ਕਿਹਾ: “ਬਾਹਲੇ ਢੀਠ, ਬਕਵਾਦੀ ਅਤੇ ਛਲੀਏ ਹਨ ਖਾਸ ਕਰਕੇ ਸੁੰਨਤੀਆਂ ਵਿੱਚੋਂ ਜਿਨ੍ਹਾਂ ਦਾ ਮੂੰਹ ਬੰਦ ਕਰਨਾ ਚਾਹੀਦਾ ਹੈ। ਓਹ ਝੂਠੇ ਨਫ਼ੇ ਦੇ ਨਮਿੱਤ ਅਜੇਹੀ ਸਿੱਖਿਆ ਦੇ ਕੇ ਘਰਾਂ ਦੇ ਘਰ ਉਲਦ ਸੁੱਟਦੇ ਹਨ।”—ਤੀਤੁਸ 1:5, 10, 11.

ਪੌਲੁਸ ਦੀ ਇਹ ਸਲਾਹ ਅੱਜ ਵੀ ਲਾਗੂ ਹੁੰਦੀ ਹੈ। ਕਿਸੇ ਵੀ ਮਸੀਹੀ ਨੂੰ ਦੂਸਰਿਆਂ ਭੈਣਾਂ-ਭਰਾਵਾਂ ਨੂੰ ਇਹ ਸਲਾਹ ਨਹੀਂ ਦੇਣੀ ਚਾਹੀਦੀ ਕਿ ਉਹ ਆਪਣੇ ਮੁੰਡੇ ਦੀ ਸੁੰਨਤ ਕਰਾਉਣ ਜਾਂ ਨਾ ਕਰਾਉਣ। ਇਸ ਤਰ੍ਹਾਂ ਕਰਨਾ ਬਾਈਬਲ ਦੀ ਸਲਾਹ ਦੇ ਖ਼ਿਲਾਫ਼ ਹੋਵੇਗਾ। ਬਾਈਬਲ ਕਹਿੰਦੀ ਹੈ ਕਿ ਮਸੀਹੀਆਂ ਨੂੰ ‘ਹੋਰਨਾਂ ਦੇ ਕੰਮ ਵਿੱਚ ਲੱਤ ਅੜਾਉਣ ਵਾਲੇ’ ਨਹੀਂ ਹੋਣਾ ਚਾਹੀਦਾ। (1 ਪਤਰਸ 4:15) ਮਾਪਿਆਂ ਨੂੰ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਕੀ ਕਰਨਗੇ। ਇਸ ਤੋਂ ਇਲਾਵਾ ਮੂਸਾ ਦੀ ਬਿਵਸਥਾ ਨੂੰ ਧਿਆਨ ਵਿਚ ਰੱਖਦੇ ਹੋਏ ਪੌਲੁਸ ਸੁੰਨਤ ਦੇ ਮਾਮਲੇ ਬਾਰੇ ਲਿਖਣ ਲਈ ਪ੍ਰੇਰਿਤ ਹੋਇਆ ਸੀ। ਉਸ ਨੇ ਕਿਹਾ: “ਕੀ ਕੋਈ ਸੁੰਨਤੀ ਸੱਦਿਆ ਗਿਆ? ਤਾਂ ਉਹ ਅਸੁੰਨਤੀ ਨਾ ਬਣੇ। ਕੀ ਕੋਈ ਅਸੁੰਨਤੀ ਸੱਦਿਆ ਗਿਆ? ਤਾਂ ਉਹ ਦੀ ਸੁੰਨਤ ਨਾ ਕੀਤੀ ਜਾਵੇ। ਸੁੰਨਤ ਕੁਝ ਨਹੀਂ ਅਤੇ ਅਸੁੰਨਤ ਕੁਝ ਨਹੀਂ ਪਰੰਤੂ ਪਰਮੇਸ਼ੁਰ ਦੇ ਹੁਕਮ ਦੀ ਪਾਲਨਾ ਕਰਨੀ ਸੱਭੋ ਕੁਝ ਹੈ। ਹਰ ਕੋਈ ਜਿਸ ਹਾਲ ਵਿੱਚ ਸੱਦਿਆ ਗਿਆ ਉਸੇ ਵਿੱਚ ਟਿਕਿਆ ਰਹੇ।”—1 ਕੁਰਿੰਥੀਆਂ 7:18-20.

ਸਕੂਲ ਜਿੱਥੇ ਸੁੰਨਤ ਕੀਤੀ ਜਾਂਦੀ ਹੈ

ਉਦੋਂ ਕੀ ਜਦੋਂ ਮਸੀਹੀ ਮਾਪੇ ਆਪਣੇ ਮੁੰਡੇ ਦੀ ਸੁੰਨਤ ਕਰਾਉਣ ਦਾ ਫ਼ੈਸਲਾ ਕਰਦੇ ਹਨ? ਕੀ ਉਨ੍ਹਾਂ ਨੂੰ ਆਪਣੇ ਬੇਟੇ ਨੂੰ ਸੁੰਨਤ ਕਰਨ ਵਾਲੇ ਸਕੂਲ ਵਿਚ ਭੇਜਣਾ ਚਾਹੀਦਾ ਹੈ? ਕੀ ਇਸ ਤਰ੍ਹਾਂ ਕਰਨਾ ਬਾਈਬਲ ਮੁਤਾਬਕ ਠੀਕ ਹੈ? ਇਨ੍ਹਾਂ ਸਕੂਲਾਂ ਵਿਚ ਗੁਪਤ ਅੰਗ ਦੀ ਮੋਹਰਲੀ ਖੱਲੜੀ ਲਾਹੁਣ ਤੋਂ ਇਲਾਵਾ ਹੋਰ ਕਾਫ਼ੀ ਕੁਝ ਹੁੰਦਾ ਹੈ। ਅਜਿਹੇ ਸਕੂਲਾਂ ਵਿਚ ਜਾਂਦੇ ਮੁੰਡਿਆਂ ਨੂੰ ਕਈ ਹਫ਼ਤਿਆਂ ਤਕ ਹੋਰਨਾਂ ਮੁੰਡਿਆਂ ਤੇ ਟੀਚਰਾਂ ਨਾਲ ਮਿਲਣਾ-ਵਰਤਣਾ ਪੈਂਦਾ ਹੈ ਜੋ ਯਹੋਵਾਹ ਦੇ ਭਗਤ ਨਹੀਂ ਹਨ। ਇਨ੍ਹਾਂ ਸਕੂਲਾਂ ਵਿਚ ਅਜਿਹੀਆਂ ਕਈ ਗੱਲਾਂ ਸਿਖਾਇਆ ਜਾਂਦੀਆਂ ਹਨ ਜੋ ਬਾਈਬਲ ਦੇ ਉੱਚੇ ਮਿਆਰਾਂ ਦੇ ਖ਼ਿਲਾਫ਼ ਹਨ। ਬਾਈਬਲ ਚੇਤਾਵਨੀ ਦਿੰਦੀ ਹੈ ਕਿ “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।”—1 ਕੁਰਿੰਥੀਆਂ 15:33.

ਇਨ੍ਹਾਂ ਸਕੂਲਾਂ ਵਿਚ ਜਾਣ ਦੇ ਹੋਰ ਵੀ ਖ਼ਤਰੇ ਹਨ। ਸਾਲ 2003 ਵਿਚ ਸਾਊਥ ਅਫ਼ਰੀਕਨ ਮੈਡੀਕਲ ਜਰਨਲ ਵਿਚ ਇਹ ਚੇਤਾਵਨੀ ਦਿੱਤੀ ਗਈ ਸੀ: “ਇਸ ਸਾਲ ਫਿਰ ਸੁੰਨਤ ਕਰਵਾਉਣ ਦੇ ਬਹੁਤ ਬੁਰੇ ਨਤੀਜੇ ਦੇਖੇ ਗਏ ਹਨ। ਇਸ ਦੇ ਸੰਬੰਧ ਵਿਚ ਮੌਤਾਂ ਅਤੇ ਕੱਟ-ਵੱਢ ਕਰਨ ਦੇ ਬੁਰੇ ਨਤੀਜਿਆਂ ਦੀਆਂ ਖ਼ਬਰਾਂ ਦੁਨੀਆਂ ਦੇ ਕੋਣੇ-ਕੋਣੇ ਤਕ ਫੈਲੀਆਂ ਹਨ। . . . ਹਾਂ, ਸੁੰਨਤ ਕਰਨ ਵਾਲੇ ਅੱਜ ਦੇ ਕਈ ਸਕੂਲ ਖ਼ਤਰਨਾਕ ਤੇ ਜਾਨ-ਲੇਵਾ ਹਨ।”

ਓਪਰੇਸ਼ਨ ਦੌਰਾਨ ਕੀਤੀ ਕੱਟ-ਵੱਢ ਦੇ ਖ਼ਤਰੇ ਤੋਂ ਇਲਾਵਾ ਮੁੰਡੇ ਦੀ ਨਿਹਚਾ ਨੂੰ ਵੀ ਖ਼ਤਰਾ ਹੋ ਸਕਦਾ ਹੈ। ਇਨ੍ਹਾਂ ਸਕੂਲਾਂ ਵਿਚ ਦਿੱਤੀ ਜਾਂਦੀ ਸਿੱਖਿਆ ਅਤੇ ਉਨ੍ਹਾਂ ਦੇ ਰੀਤ-ਰਿਵਾਜ ਜਾਦੂ-ਟੂਣੇ ਤੇ ਵੱਡ-ਵਡੇਰਿਆਂ ਦੀ ਪੂਜਾ ਨਾਲ ਤਅੱਲਕ ਰੱਖਦੇ ਹਨ। ਮਿਸਾਲ ਲਈ, ਇਹ ਸਵੀਕਾਰ ਕਰਨ ਦੀ ਬਜਾਇ ਕਿ ਸਰਜਨਾਂ ਦੀ ਲਾਪਰਵਾਹੀ ਅਤੇ ਗੰਦਗੀ ਕਾਰਨ ਮੁੰਡੇ ਬੀਮਾਰ ਹੁੰਦੇ ਹਨ, ਕਈ ਲੋਕ ਮੰਨਦੇ ਹਨ ਕਿ ਇਸ ਦੀ ਵਜ੍ਹਾ ਜਾਦੂ-ਟੂਣੇ ਜਾਂ ਨਾਰਾਜ਼ ਵੱਡ-ਵਡੇਰੇ ਹਨ। ਝੂਠੇ ਧਰਮਾਂ ਨਾਲ ਸੰਬੰਧ ਰੱਖਣ ਬਾਰੇ ਬਾਈਬਲ ਕਹਿੰਦੀ ਹੈ: “ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ? ਯਾ ਚਾਨਣ ਦਾ ਅਨ੍ਹੇਰੇ ਨਾਲ ਕੀ ਮੇਲ ਹੈ? . . . ਇਸ ਲਈ ਉਨ੍ਹਾਂ ਵਿੱਚੋਂ ਨਿੱਕਲ ਆਓ ਅਤੇ ਅੱਡ ਹੋਵੋ, ਪ੍ਰਭੁ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤ ਨੂੰ ਹੱਥ ਨਾ ਲਾਓ, ਮੈਂ ਤੁਹਾਨੂੰ ਕਬੂਲ ਕਰ ਲਵਾਂਗਾ।” (2 ਕੁਰਿੰਥੀਆਂ 6:14-17) ਇਸ ਸਲਾਹ ਨੂੰ ਧਿਆਨ ਵਿਚ ਰੱਖਦੇ ਹੋਏ ਮਸੀਹੀ ਮਾਪਿਆਂ ਲਈ ਆਪਣੇ ਮੁੰਡਿਆਂ ਨੂੰ ਸੁੰਨਤ ਕਰਨ ਵਾਲੇ ਸਕੂਲਾਂ ਵਿਚ ਭੇਜਣਾ ਅਕਲਮੰਦੀ ਦੀ ਗੱਲ ਨਹੀਂ ਹੋਵੇਗੀ।

ਮਰਦਾਨਗੀ ਦਾ ਅਸਲੀ ਸਬੂਤ

ਚਾਹੇ ਯਹੋਵਾਹ ਦੀ ਸੇਵਾ ਕਰਨ ਵਾਲੇ ਮਰਦ ਨੇ ਸੁੰਨਤ ਕਰਵਾਈ ਹੋਵੇ ਜਾਂ ਨਹੀਂ, ਇਸ ਦਾ ਉਸ ਦੀ ਮਰਦਾਨਗੀ ਉੱਤੇ ਕੋਈ ਅਸਰ ਨਹੀਂ ਪੈਂਦਾ। ਯਹੋਵਾਹ ਦੇ ਭਗਤਾਂ ਲਈ ਸਭ ਤੋਂ ਜ਼ਰੂਰੀ ਗੱਲ “ਸਰੀਰ ਵਿੱਚ ਵੱਡਾ ਵਿਖਾਵਾ ਵਿਖਾਉਣਾ” ਨਹੀਂ ਬਲਕਿ ਪਰਮੇਸ਼ੁਰ ਦੀ ਮਨਜ਼ੂਰੀ ਪਾਉਣੀ ਹੈ।—ਗਲਾਤੀਆਂ 6:12.

ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਮਸੀਹੀਆਂ ਨੂੰ “ਦਿਲ ਦੀ ਸੁੰਨਤ” ਕਰਵਾਉਣ ਦੀ ਲੋੜ ਹੈ। (ਬਿਵਸਥਾ ਸਾਰ 10:16; 30:6; ਮੱਤੀ 5:8) ਅਜਿਹੀ ਸੁੰਨਤ ਸਰਜਨ ਦੇ ਚਾਕੂ ਦੀ ਕੱਟ-ਵੱਢ ਨਾਲ ਨਹੀਂ ਹੁੰਦੀ ਬਲਕਿ ਗ਼ਲਤ ਇੱਛਾਵਾਂ ਤੇ ਘਮੰਡੀ ਰਵੱਈਏ ਨੂੰ ਠੁਕਰਾਉਣ ਨਾਲ ਹੁੰਦੀ ਹੈ। ਸਾਨੂੰ ਕਦੀ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਸਰੀਰਕ ਤੌਰ ਤੇ ਸੁੰਨਤ ਕਰਵਾਉਣ ਨਾਲ ਅਸੀਂ ਦੂਸਰਿਆਂ ਨਾਲੋਂ ਵੱਡੇ ਹੋ ਜਾਂਦੇ ਹਨ। ਮਸੀਹੀ ਸੁੰਨਤ ਕਰਵਾ ਕੇ ਮਰਦ ਨਹੀਂ ਬਣਦੇ, ਸਗੋਂ “ਨਿਹਚਾ ਵਿੱਚ ਦ੍ਰਿੜ੍ਹ” ਰਹਿ ਕੇ ਅਤੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਕੇ ਆਪਣੀ ਮਰਦਾਨਗੀ ਸਾਬਤ ਕਰਦੇ ਹਨ।—1 ਕੁਰਿੰਥੀਆਂ 16:13; ਯਾਕੂਬ 1:12.