Skip to content

Skip to table of contents

ਨੌਜਵਾਨੋ ਆਪਣੇ ਮਾਪਿਆਂ ਦਾ ਦਿਲ ਖ਼ੁਸ਼ ਕਰੋ!

ਨੌਜਵਾਨੋ ਆਪਣੇ ਮਾਪਿਆਂ ਦਾ ਦਿਲ ਖ਼ੁਸ਼ ਕਰੋ!

ਨੌਜਵਾਨੋ ਆਪਣੇ ਮਾਪਿਆਂ ਦਾ ਦਿਲ ਖ਼ੁਸ਼ ਕਰੋ!

ਬਿਰਧ ਯੂਹੰਨਾ ਰਸੂਲ ਨੇ ਲਿਖਿਆ ਸੀ ਕਿ “ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।” (3 ਯੂਹੰਨਾ 4) ਭਾਵੇਂ ਇਸ ਆਇਤ ਵਿਚ ਯੂਹੰਨਾ ਯਿਸੂ ਮਸੀਹ ਦੇ ਚੇਲਿਆਂ ਦੀ ਗੱਲ ਕਰ ਰਿਹਾ ਸੀ, ਪਰ ਯਹੋਵਾਹ ਦੀ ਭਗਤੀ ਕਰਨ ਵਾਲੇ ਮਾਪੇ ਉਸ ਦੇ ਜਜ਼ਬਾਤਾਂ ਨੂੰ ਸੌਖਿਆਂ ਹੀ ਸਮਝ ਸਕਦੇ ਹਨ। ਜਿਸ ਤਰ੍ਹਾਂ ਮਾਂ-ਬਾਪ ਦਾ ਆਪਣੇ ਬੱਚਿਆਂ ਦੀ ਜ਼ਿੰਦਗੀ ਤੇ ਅਸਰ ਪੈਂਦਾ ਹੈ, ਉਸੇ ਤਰ੍ਹਾਂ ਬੱਚੇ ਵੀ ਆਪਣੇ ਮਾਪਿਆਂ ਨੂੰ ਕਿਸੇ-ਨ-ਕਿਸੇ ਤਰ੍ਹਾਂ ਪ੍ਰਭਾਵਿਤ ਕਰਦੇ ਹਨ।

ਪ੍ਰਾਚੀਨ ਇਸਰਾਏਲ ਦੇ ਬਾਦਸ਼ਾਹ ਸੁਲੇਮਾਨ ਨੇ ਵੀ ਇਹੋ ਗੱਲ ਕਹੀ ਸੀ ਜਦੋਂ ਉਸ ਨੇ ਲਿਖਿਆ: “ਬੁੱਧਵਾਨ ਪੁੱਤ੍ਰ ਆਪਣੇ ਪਿਉ ਨੂੰ ਅਨੰਦ ਕਰਦਾ ਹੈ, ਪਰ ਮੂਰਖ ਪੁੱਤ੍ਰ ਆਪਣੀ ਮਾਂ ਦੇ ਲਈ ਦੁਖ ਹੈ।” (ਕਹਾਉਤਾਂ 10:1) ਸੋ ਬੱਚੇ ਭਾਵੇਂ ਛੋਟੇ ਹੋਣ ਜਾਂ ਵੱਡੇ, ਉਨ੍ਹਾਂ ਨੂੰ ਧਿਆਨ ਨਾਲ ਸੋਚਣਾ-ਵਿਚਾਰਨਾ ਚਾਹੀਦਾ ਹੈ ਕਿ ਉਹ ਜੋ ਵੀ ਕਰਨ ਜਾ ਰਹੇ ਹਨ, ਉਸ ਦਾ ਉਨ੍ਹਾਂ ਦੇ ਮਾਤਾ-ਪਿਤਾ ਤੇ ਕੀ ਅਸਰ ਪਵੇਗਾ। ਇੱਦਾਂ ਵਿਚਾਰ ਕਰਨਾ ਕਿਉਂ ਅਕਲਮੰਦੀ ਹੋਵੇਗੀ?

ਜ਼ਰਾ ਸੋਚੋ ਕਿ ਤੁਹਾਡੇ ਮਾਤਾ-ਪਿਤਾ ਨੇ ਕਿੰਨੇ ਲਾਡ-ਪਿਆਰ ਨਾਲ ਤੁਹਾਨੂੰ ਪਾਲ-ਪੋਸ ਕੇ ਵੱਡਾ ਕੀਤਾ ਹੈ! ਤੁਹਾਡੇ ਪੈਦਾ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਤੁਹਾਡੇ ਭਵਿੱਖ ਦੀ ਚਿੰਤਾ ਲੱਗ ਗਈ ਸੀ। ਉਨ੍ਹਾਂ ਦੀ ਇਹੋ ਦੁਆ ਸੀ ਕਿ ਉਹ ਤੁਹਾਡੀ ਚੰਗੀ ਤਰ੍ਹਾਂ ਪਰਵਰਿਸ਼ ਕਰ ਸਕਣ। ਫਿਰ ਜਦੋਂ ਤੁਸੀਂ ਪੈਦਾ ਹੋਏ, ਤਾਂ ਉਹ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਏ ਅਤੇ ਉਨ੍ਹਾਂ ਨੇ ਰੱਬ ਦਾ ਲੱਖ ਸ਼ੁਕਰ ਕੀਤਾ। ਪਰ ਖ਼ੁਸ਼ੀ ਦੇ ਨਾਲ-ਨਾਲ ਉਨ੍ਹਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਮਾਪੇ ਬਣਨਾ ਇਕ ਵੱਡੀ ਜ਼ਿੰਮੇਵਾਰੀ ਹੈ। ਪਰਮੇਸ਼ੁਰ ਨੇ ਉਨ੍ਹਾਂ ਨੂੰ ਤੁਹਾਡੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ ਜਿਸ ਨੂੰ ਉਹ ਬਾਖੂਬੀ ਨਿਭਾਉਣਾ ਚਾਹੁੰਦੇ ਸਨ।

ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਤੁਹਾਡੇ ਮਾਤਾ-ਪਿਤਾ ਨੇ ਤੁਹਾਡੀ ਚੰਗੀ ਤਰ੍ਹਾਂ ਪਰਵਰਿਸ਼ ਕਰਨ ਲਈ ਬਾਈਬਲ ਦੇ ਨਾਲ-ਨਾਲ ਬਾਈਬਲ-ਆਧਾਰਿਤ ਕਿਤਾਬਾਂ ਅਤੇ ਰਸਾਲਿਆਂ ਨੂੰ ਵੀ ਗਹੁ ਨਾਲ ਪੜ੍ਹਿਆ ਅਤੇ ਉਨ੍ਹਾਂ ਵਿਚ ਦਿੱਤੀ ਸਲਾਹ ਤੇ ਚੱਲਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦੂਸਰੇ ਮਾਪਿਆਂ ਤੋਂ ਵੀ ਮਸ਼ਵਰੇ ਮੰਗੇ ਅਤੇ ਪਰਮੇਸ਼ੁਰ ਨੂੰ ਲਗਾਤਾਰ ਪ੍ਰਾਰਥਨਾ ਕੀਤੀ। (ਨਿਆਈਆਂ 13:8) ਜਿਉਂ-ਜਿਉਂ ਤੁਸੀਂ ਵੱਡੇ ਹੁੰਦੇ ਗਏ, ਤਿਉਂ-ਤਿਉਂ ਤੁਹਾਡੇ ਮਾਪਿਆਂ ਨੇ ਤੁਹਾਡੇ ਵਿਚ ਨਾ ਕੇਵਲ ਚੰਗੇ ਗੁਣ ਦੇਖੇ, ਸਗੋਂ ਉਹ ਤੁਹਾਡੀਆਂ ਕਮੀਆਂ-ਕਮਜ਼ੋਰੀਆਂ ਤੋਂ ਵੀ ਵਾਕਫ਼ ਸਨ। (ਅੱਯੂਬ 1:5) ਜਵਾਨੀ ਵਿਚ ਕਦਮ ਰੱਖਦਿਆਂ ਹੀ ਤੁਹਾਡੇ ਵਿਚ ਕਈ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਤੁਹਾਡੀ ਅਤੇ ਤੁਹਾਡੇ ਮਾਪਿਆਂ ਦੀ ਸੋਚ ਵਿਚ ਫ਼ਰਕ ਆਉਣ ਲੱਗ ਪਿਆ। ਕਈ ਵਾਰ ਤਾਂ ਤੁਸੀਂ ਸ਼ਾਇਦ ਆਪਣੇ ਮਾਪਿਆਂ ਦੀ ਗੱਲ ਦਾ ਵਿਰੋਧ ਵੀ ਕੀਤਾ ਹੋਵੇਗਾ। ਤੁਹਾਡੇ ਵਿਚ ਆਈ ਇਸ ਤਬਦੀਲੀ ਨੂੰ ਦੇਖ ਕੇ ਤੁਹਾਡੇ ਮਾਤਾ-ਪਿਤਾ ਬਹੁਤ ਹੀ ਪਰੇਸ਼ਾਨ ਹੋਏ। ਉਨ੍ਹਾਂ ਨੂੰ ਚਿੰਤਾ ਲੱਗ ਗਈ ਕਿ ਕਿਤੇ ਤੁਸੀਂ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨੀ ਹੀ ਨਾ ਛੱਡ ਦਿਓ। ਸੋ ਉਨ੍ਹਾਂ ਨੇ ਤੁਹਾਡੇ ਲਈ ਯਹੋਵਾਹ ਅੱਗੇ ਤਰਲੇ ਕੀਤੇ ਅਤੇ ਕਿਤਾਬਾਂ-ਰਸਾਲਿਆਂ ਨੂੰ ਹੋਰ ਧਿਆਨ ਨਾਲ ਪੜ੍ਹਿਆ ਤਾਂਕਿ ਉਹ ਤੁਹਾਨੂੰ ਕੁਰਾਹੇ ਪੈਣ ਤੋਂ ਬਚਾ ਸਕਣ।

ਹੁਣ ਭਾਵੇਂ ਤੁਸੀਂ ਜਵਾਨ ਹੋ ਗਏ ਹੋ, ਪਰ ਫਿਰ ਵੀ ਤੁਹਾਡੇ ਮਾਤਾ-ਪਿਤਾ ਤੁਹਾਡਾ ਫ਼ਿਕਰ ਕਰਨਾ ਨਹੀਂ ਛੱਡਦੇ। ਉਹ ਇਹੋ ਚਾਹੁੰਦੇ ਹਨ ਕਿ ਤੁਸੀਂ ਹਰ ਪੱਖੋਂ ਇਕ ਸਮਝਦਾਰ ਇਨਸਾਨ ਬਣੋ, ਤੁਸੀਂ ਰਿਸ਼ਟ-ਪੁਸ਼ਟ ਰਹੋ ਅਤੇ ਯਹੋਵਾਹ ਉੱਤੇ ਤੁਹਾਡੀ ਨਿਹਚਾ ਪੱਕੀ ਰਹੇ। ਪਰ ਉਹ ਇਹ ਵੀ ਚੇਤੇ ਰੱਖਦੇ ਹਨ ਕਿ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋ। ਸੋ ਤੁਸੀਂ ਆਪ ਇਹ ਫ਼ੈਸਲਾ ਕਰੋਗੇ ਕਿ ਤੁਸੀਂ ਯਹੋਵਾਹ ਦੀ ਸੇਵਾ ਕਰਦੇ ਰਹੋਗੇ ਜਾਂ ਨਹੀਂ।

ਮਾਪਿਆਂ ਲਈ ਵਾਕਈ ਇਸ ਨਾਲੋਂ “ਵੱਡਾ ਅਨੰਦ ਕੋਈ ਨਹੀਂ” ਕਿ ਉਹ ਸੁਣਨ ਕਿ ਉਨ੍ਹਾਂ ਦੇ ਬੱਚੇ “ਸਚਿਆਈ ਉੱਤੇ ਚੱਲਦੇ ਹਨ।” ਪਰ ਕਦੇ-ਕਦੇ ਬੱਚੇ ਗ਼ਲਤ ਕੰਮ ਕਰ ਕੇ ਆਪਣੇ ਮਾਪਿਆਂ ਨੂੰ ਬਹੁਤ ਦੁੱਖ ਪਹੁੰਚਾਉਂਦੇ ਹਨ। ਇਸ ਬਾਰੇ ਬਾਦਸ਼ਾਹ ਸੁਲੇਮਾਨ ਨੇ ਲਿਖਿਆ: “ਮੂਰਖ ਪੁੱਤ੍ਰ ਆਪਣੇ ਪਿਉ ਲਈ ਗ਼ਮ, ਅਤੇ ਆਪਣੀ ਮਾਂ ਲਈ ਕੁੜੱਤਨ ਹੈ।” (ਕਹਾਉਤਾਂ 17:25) ਜੀ ਹਾਂ, ਮਾਪਿਆਂ ਦਾ ਸੀਨਾ ਚੀਰਿਆ ਜਾਂਦਾ ਹੈ ਜਦੋਂ ਉਨ੍ਹਾਂ ਦੇ ਲਾਲ ਸੱਚੇ ਪਰਮੇਸ਼ੁਰ ਤੋਂ ਮੂੰਹ ਮੋੜ ਲੈਂਦੇ ਹਨ!

ਸੋ ਬੱਚਿਓ, ਹਮੇਸ਼ਾ ਯਾਦ ਰੱਖੋ ਕਿ ਤੁਸੀਂ ਜੋ ਕੁਝ ਕਰਦੇ ਹੋ, ਉਸ ਦਾ ਤੁਹਾਡੇ ਘਰਦਿਆਂ ਅਤੇ ਦੂਸਰਿਆਂ ਤੇ ਗਹਿਰਾ ਅਸਰ ਪੈਂਦਾ ਹੈ। ਤੁਸੀਂ ਜਾਂ ਤਾਂ ਉਨ੍ਹਾਂ ਦੇ ਦਿਲਾਂ ਨੂੰ ਸਕੂਨ ਪਹੁੰਚਾ ਸਕਦੇ ਹੋ ਜਾਂ ਦੁੱਖ। ਪਰਮੇਸ਼ੁਰ ਅਤੇ ਉਸ ਦੇ ਮਿਆਰਾਂ ਨੂੰ ਛੱਡ ਕੇ ਤੁਸੀਂ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਾਓਗੇ। ਪਰ ਜੇ ਤੁਸੀਂ ਸੱਚੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕਰੋਗੇ, ਤਾਂ ਉਹ ਖ਼ੁਸ਼ੀ ਨਾਲ ਬਾਗ਼-ਬਾਗ਼ ਹੋ ਉੱਠਣਗੇ। ਸੋ ਆਪਣੇ ਮਾਤਾ-ਪਿਤਾ ਦੇ ਜੀਅ ਨੂੰ ਖ਼ੁਸ਼ ਕਰਨ ਦੀ ਠਾਣ ਲਓ! ਇੱਦਾਂ ਕਰ ਕੇ ਭਾਵੇਂ ਤੁਸੀਂ ਉਨ੍ਹਾਂ ਦੇ ਪਿਆਰ ਦਾ ਕਰਜ਼ ਤਾਂ ਨਹੀਂ ਚੁਕਾ ਪਾਓਗੇ, ਪਰ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਜ਼ਰੂਰ ਹੋਵੇਗੀ ਕਿ ਉਨ੍ਹਾਂ ਦੀ ਮਿਹਨਤ ਤੇ ਕੁਰਬਾਨੀ ਜ਼ਾਇਆ ਨਹੀਂ ਗਈ।